ਦੋਸਤਾਂ-ਮਿੱਤਰਾਂ ਵੱਲੋਂ ਵਟਸ-ਐਪ ਰਾਹੀਂ ਏਨੀ
ਸਮੱਗਰੀ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ ਕਿ ਬੱਸ ਪੁੱਛੋ ਕੁਝ ਨਾ।
ਇਸ ਜ਼ਰੀਏ ਭੇਜੇ ਹੋਏ ਫੋਟੋ ਜਾਂ ਸਟਿੱਕਰ ਦੇਖਣੇ ਤਾਂ ਆਸਾਨ ਹਨ, ਪਰ ਵੀਡੀਓ
ਦੇਖਣ ਤੋਂ ਪਹਿਲਾਂ ਉਸ ਨੂੰ ਡਾਊਨਲੋਡ ਕਰਨ ਦਾ ਝੰਜਟ ਕਰਨਾ ਪੈਂਦਾ ਹੈ। ਇਸ
ਖਲਜਗਣ ਤੋਂ ਬਚਣ ਲਈ ਮੈਂ ਬਹੁਤੀਆਂ ਵੀਡੀਓ ਆਉਂਦਿਆਂ ਹੀ ਡਿਲੀਟ ਕਰ ਦਿੰਦਾ
ਹਾਂ, ਪਰ ਮੇਰੀ ਫੋਨ ਸੂਚੀ ਵਿੱਚ ਕੁਝ ਗੰਭੀਰ ਦੋਸਤ ਐਸੇ ਵੀ ਹਨ, ਜੋ ਮੈਨੂੰ
ਧੜਾ-ਧੜ ‘ਦੜੇ ਦਾ ਮਾਲ’ ਭੇਜਣ ਦੀ ਬਜਾਏ ਕੋਈ ਅਤਿ ਜ਼ਰੂਰੀ ਚੀਜ਼ ਹੀ ਭੇਜਦੇ
ਹਨ। ਇਨ੍ਹਾਂ ਚੁਨਿੰਦਾ ਮਿੱਤਰਾਂ ਵਿੱਚੋਂ ਇੱਕ ਨੇ ਮੈਨੂੰ ਇੱਕ ਵੀਡੀਓ
ਕਲਿੱਪ ਭੇਜੀ, ਜੋ ਉਸ ਨੇ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਕੀਤੇ ਜਾ
ਰਹੇ ਕੀਰਤਨ ਦੇ ਸਮੇਂ ਟੀ ਵੀ ਮੋਹਰੇ ਬੈਠ ਕੇ ਬਣਾਈ ਹੋਈ ਸੀ। ਇਹ ਓਸ ਦਿਨ
ਦੀ ਰਿਕਾਰਡ ਕੀਤੀ ਹੋਈ ਹੈ, ਜਿਸ ਦਿਨ ਇਸੇ ਦਸੰਬਰ ਦੇ ਪਹਿਲੇ ਹਫ਼ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਦਰਬਾਰ ਸਾਹਿਬ ਨਤ-ਮਸਤਕ ਹੋਣ ਆਏ ਸਨ,
ਜੋ ਅੰਮ੍ਰਿਤਸਰ ਵਿਖੇ ਆਯੋਜਤ ਹੋਈ ‘ਹਾਰਟ ਆਫ਼ ਏਸ਼ੀਆ ਕਾਨਫ਼ਰੰਸ’ ਵਿੱਚ
ਸ਼ਮੂਲੀਅਤ ਵਾਸਤੇ ਉੱਥੇ ਪਹੁੰਚੇ ਸਨ। ਖ਼ਬਰਾਂ ਮੁਤਾਬਕ ਇਸ ਕੌਮਾਂਤਰੀ ਸਮਾਗਮ
ਦੀ ਸਮਾਪਤੀ ’ਤੇ ਉਹ ਮੁੱਖ ਮੰਤਰੀ ਪੰਜਾਬ ਦੇ ਹੋਰ ਅਮਲੇ-ਫੈਲੇ ਸਮੇਤ ਸ੍ਰੀ
ਦਰਬਾਰ ਸਾਹਿਬ ਵੀ ਗਏ।
ਸ੍ਰੀ ਮੋਦੀ ਨੇ ਇਸ ਮੌਕੇ ਕਿਉਂਕਿ ਰਿਵਾਇਤੀ ਟੋਪੀ
ਪਹਿਨੀ ਹੋਈ ਸੀ, ਇਸ ਲਈ ਮੀਡੀਏ ਵਿੱਚ ਕਈ ਦਿਨ ਇਹ ਚਰਚਾ ਚੱਲਦੀ ਰਹੀ ਕਿ
ਉਨ੍ਹਾਂ ਨੇ ਆਮ ਗ਼ੈਰ-ਕੇਸਾਧਾਰੀ ਜਾਂ ਬਿਨਾਂ ਪਗੜੀ ਸ਼ਰਧਾਲੂਆਂ ਵਾਂਗ ਚਿੱਟੇ
ਜਾਂ ਪੀਲੇ ਰੁਮਾਲ ਨਾਲ ਸਿਰ ਨਹੀਂ ਕੱਜਿਆ। ਕੋਈ ਕਹਿ ਰਿਹਾ ਸੀ ਕਿ ਅਜਿਹਾ
ਕਰ ਕੇ ਉਨ੍ਹਾਂ ਨੇ ‘ਧਾਰਮਿਕ ਅਵੱਗਿਆ’ ਕੀਤੀ ਹੈ, ਪਰ ਕਈ ਸੱਜਣ ਕਹਿ ਰਹੇ
ਸਨ ਕਿ ਸਿਰ ਨੰਗਾ ਨਹੀਂ ਹੋਣਾ ਚਾਹੀਦਾ, ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ
ਵਿਖੇ ਹਾਜ਼ਰੀ ਭਰੀ ਜਾ ਸਕਦੀ ਹੈ। ਇਸ ਨੂੰ ਮਰਿਆਦਾ ਦੀ ਉਲੰਘਣਾ ਦੱਸਣ ਵਾਲੇ
ਸ੍ਰੀ ਦਰਬਾਰ ਸਾਹਿਬ ਆ ਚੁੱਕੇ ਕਈ ਦੇਸੀ-ਵਿਦੇਸ਼ੀ ਰਾਜ-ਮੁਖੀਆਂ ਦੀਆਂ ਉਹ
ਤਸਵੀਰਾਂ ਸੋਸ਼ਲ ਸਾਈਟਾਂ ’ਤੇ ਪਾ ਰਹੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਮੱਥਾ
ਟੇਕਣ ਮੌਕੇ ਸਿਰਾਂ ’ਤੇ ਚਿੱਟੇ ਜਾਂ ਬਸੰਤੀ ਰੁਮਾਲ ਬੰਨ੍ਹੇ ਹੋਏ ਸਨ।
ਇਨ੍ਹਾਂ ਵਿਦੇਸ਼ੀ ਆਗੂਆਂ ਵਿੱਚ ਇੰਗਲੈਂਡ ਦੀ ਮਹਾਰਾਣੀ ਅਤੇ ਕੈਨੇਡੀਅਨ
ਪ੍ਰਧਾਨ ਮੰਤਰੀ ਦੀਆਂ ਫੋਟੋ ਵੀ ਸ਼ਾਮਲ ਸਨ, ਪਰ ਹੱਥਲੇ ਲੇਖ ਵਿੱਚ ਮੈਂ ਇਸ
‘ਟੋਪੀ ਵਿਵਾਦ’ ਦੀ ਗੱਲ ਛੇੜਨ ਦੀ ਬਜਾਏ ਇਸ ਮੌਕੇ ਦੀ ਬਣੀ ਅਤੇ ਮੇਰੇ ਪਾਸ
ਪਹੁੰਚੀ ਢਾਈ-ਤਿੰਨ ਕੁ ਮਿੰਟ ਦੀ ਵੀਡੀਓ ਸੰਬੰਧੀ ਚਰਚਾ ਹੀ ਕਰਨੀ ਹੈ।
ਇਸ ਵਚਿੱਤਰ ਵੀਡੀਓ ਦੀ ਵਿਆਖਿਆ ਪੜ੍ਹਨ ਤੋਂ ਪਹਿਲਾਂ
ਸ੍ਰੀ ਦਰਬਾਰ ਸਾਹਿਬ ਵਿਖੇ ਹੀ ਵਾਪਰੀਆਂ ਦੋ ਅਹਿਮ ਘਟਨਾਵਾਂ ਧਿਆਨ ’ਚ
ਰੱਖਣੀਆਂ ਬਿਹਤਰ ਰਹਿਣਗੀਆਂ।
ਵੀਹ ਜਨਵਰੀ 2016 ਨੂੰ ਉੱਪ ਮੁੱਖ ਮੰਤਰੀ
ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਅਤੇ 3 ਜੂਨ 2016 ਵਾਲੇ ਦਿਨ ਮੁੱਖ ਮੰਤਰੀ
ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਅੰਮ੍ਰਿਤਸਰ ਵਿਖੇ ਮੱਥਾ
ਟੇਕਣ ਗਿਆਂ ਹੋਇਆਂ ਨੂੰ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਰੁਟੀਨ ਅਨੁਸਾਰ
ਸਿਰੋਪੇ ਭੇਂਟ ਨਹੀਂ ਸਨ ਕੀਤੇ। ਦੋਹਾਂ ਮੌਕਿਆਂ ’ਤੇ ਹੀ ਉਸ ਨੂੰ ਪ੍ਰਬੰਧਕਾਂ
ਨੇ ਸਿਰੋਪਾ ਦੇਣ ਲਈ ਜ਼ੋਰ ਵੀ ਪਾਇਆ ਸੀ, ਪਰ ਉਸ ਨੇ ਬਰਗਾੜੀ ਕਾਂਡ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਦੀ ਬੇਅਦਬੀ ਦੇ ਦੋਸ਼ੀਆਂ ਨੂੰ
ਪੰਜਾਬ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਨਾ ਕਰ ਸਕਣ ਦੇ ਰੋਸ ਵਜੋਂ ‘ਉਤਲੇ
ਹੁਕਮਾਂ’ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ। ਸੁਖਬੀਰ ਬਾਦਲ ਵੇਲੇ ਤਾਂ ਇਹ
ਵਾਕਿਆ ਦੱਬ-ਘੁੱਟ ਗਿਆ ਸੀ, ਪਰ ਵੱਡੇ ਬਾਦਲ ਮੌਕੇ ਉਨ੍ਹਾਂ ਨੂੰ ਸਿਰੋਪਾ
ਨਾ ਦੇਣ ਦਾ ਮਸਲਾ ਸੋਸ਼ਲ ਮੀਡੀਆ ’ਚ ਕਾਫ਼ੀ ਗਰਮਾਇਆ ਰਿਹਾ। ਅਸਲ ਗੱਲ ਨੂੰ
ਢਕੌਂਸਲਿਆਂ ਤੇ ਚੁਟਕੁਲਿਆਂ ਵਿੱਚ ਦਫ਼ਨਾਉਣ ਦੇ ਮਾਹਰ ਵੱਡੇ ਬਾਦਲ ਜੀ ਨੇ
ਉਦੋਂ ਪੱਤਰਕਾਰਾਂ ਨੂੰ ਇਹ ਜਵਾਬ ਦਿੱਤਾ ਸੀ, ਅਖੇ; ਮੈਂ ਦਰਬਾਰ ਸਾਹਿਬ
ਵਿਖੇ ‘ਸ਼ਰਧਾ ਨਾਲ’ ਮੱਥਾ ਟੇਕਣ ਜਾਂਦਾ ਹੁੰਦਾ ਹਾਂ, ਸਿਰੋਪਾ ਲੈਣ ਨਹੀਂ।
ਵਿਚਾਰ ਅਧੀਨ ਵੀਡੀਓ ਵਿਚਲਾ ਦ੍ਰਿਸ਼ ਸਾਫ਼ ਦੱਸਦਾ ਹੈ
ਕਿ ਇਸ ਵਾਰ ਕਿਸੇ ‘ਨਵੇਂ ਬਲਵੀਰ ਸਿੰਘ’ ਦੇ ਪੈਦਾ ਹੋ ਜਾਣ ਦੇ ਡਰੋਂ
ਸ਼੍ਰੋਮਣੀ ਕਮੇਟੀ ਨੇ ‘ਸਖ਼ਤ ਪ੍ਰਬੰਧ’ ਕੀਤੇ ਹੋਏ ਸਨ। ਸ੍ਰੀ ਦਰਬਾਰ ਸਾਹਿਬ
ਦੇ ਅੰਦਰ
ਪ੍ਰਕਾਸ਼ ਅਸਥਾਨ ਦੇ ਮੋਹਰੇ ਊਨੀ ਟੋਪੀ ਪਹਿਨੀ ਨਰਿੰਦਰ ਮੋਦੀ ਪੰਜ
ਵਾਰ ਮੱਥਾ ਟੇਕਦੇ ਹਨ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਖੜੇ-ਖੜੇ ਹੀ ਕੋਈ ਨੋਟ
ਸੁੱਟ ਰਹੇ ਹਨ ਤੇ ਸੁਨਹਿਰੀ ਜੰਗਲੇ ’ਤੇ ਦੋ ਕੁ ਉਂਗਲਾਂ ਲਾ ਕੇ ਮੱਥੇ ਵੱਲ
ਲਿਜਾਂਦੇ ਹਨ। ਫਿਰ ਸਿਰੋਪਾ ਦੇਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।
ਸੱਜੇ-ਖੱਬੇ ਦੋਹਾਂ ਸਿਰਿਆਂ ’ਤੇ ਸ਼੍ਰੋਮਣੀ ਕਮੇਟੀ ਦੇ ਦੋ ਆਗੂ ਬੜੇ
‘ਅਲਰਟ’ ਦਿਖਾਈ ਦਿੰਦੇ ਹਨ। ਖੱਬੇ ਪਾਸੇ ਵਾਲਾ ਸਿਰੋਪਾ ਚੁੱਕੀ ਖੜੇ
ਅਰਦਾਸੀਏ ਸਿੰਘ ਨੂੰ ਅੱਗੇ ਹੋਣ ਦਾ ਇਸ਼ਾਰਾ ਕਰਦਾ ਹੈ। ਸੱਜੇ ਪਾਸੇ ਵਾਲਾ
ਆਗੂ ਸਿਰ ਝੁਕਾਉਣ ਤੋਂ ਬਾਅਦ ਖੜੇ ਹੋ ਰਹੇ ਪ੍ਰਧਾਨ ਮੰਤਰੀ ਵੱਲ ਲੰਮੀ
ਬਾਂਹ ਕਰ ਕੇ ਅਰਦਾਸੀਏ ਨੂੰ ਉਨ੍ਹਾਂ ਦੇ ਸਿਰੋਪਾ ਗਲ਼ ’ਚ ਪਾਉਣ ਨੂੰ ਕਹਿੰਦਾ
ਹੈ। ਫਿਰ ਵੱਡੇ ਬਾਦਲ ਦੇ ਸਿਰੋਪਾ ‘ਪੁਆਇਆ’ ਜਾਂਦਾ ਹੈ ਤੇ ਮੁੜ ਸ੍ਰੀ
ਸੁਖਬੀਰ ਬਾਦਲ ਦੇ। ਸੱਜੇ ਪਾਸੇ ਵਾਲਾ ਆਗੂ ਹਫ਼ੜਾ-ਦਫ਼ੜੀ ਜਿਹੀ ’ਚ ਵਾਰ-ਵਾਰ
ਬਾਂਹ ਕੱਢ-ਕੱਢ ਕੇ ਅਰਦਾਸੀਏ ਸਿੰਘ ਨੂੰ ‘ਦਿਸ਼ਾ-ਨਿਰਦੇਸ਼’ ਦੇਈ ਜਾ ਰਿਹਾ
ਹੈ। ਇੱਕ ਪਲ ਅਰਦਾਸੀਆ ਸਿੰਘ ਖੱਬੇ ਵਾਲੇ ਆਗੂ ਕੋਲੋਂ ਹੱਥ ਜੋੜ ਕੇ ਕੁਝ
ਪੁੱਛਦਾ ਹੈ ਤੇ ਫਿਰ ਕਾਹਲੀ ਨਾਲ ਬੀਬੀ ਹਰਸਿਮਰਤ ਕੌਰ ਬਾਦਲ ਦੇ ਗਲ਼ ਵਿੱਚ
ਸਿਰੋਪਾ ਪਾਉਂਦਾ ਹੈ। ਇਸੇ ਦੌਰਾਨ ਸ੍ਰੀ ਸੁਖਬੀਰ ਬਾਦਲ ਵੀ ਖੱਬੇ ਖੜੇ ਆਗੂ
ਨੂੰ ਖੜਿਆਂ ’ਚੋਂ ਕਿਸੇ ਹੋਰ ਜਣੇ ਨੂੰ ਵੀ ਸਿਰੋਪਾ ‘ਦਿਵਾਉਣ’ ਦਾ ਹੱਥ
ਨਾਲ ਇਸ਼ਾਰਾ ਕਰਦਾ ਹੈ। ਸੱਜੇ-ਖੱਬੇ ਵਾਲੇ ਉੱਚ ਆਗੂਆਂ ਵੱਲੋਂ ਇਸ਼ਾਰੇ
ਪਾ-ਪਾ ‘ਹੱਥੀਂ ਬੰਨ੍ਹੀ’ ਸਿਰੋਪਾ ਦੇ ਰਹੇ ਅਰਦਾਸੀਏ ਭਾਈ ਵੱਲ ਦੇਖ ਕੇ
ਸਾਬਕਾ ਅਰਦਾਸੀਆ ਭਾਈ ਬਲਵੀਰ ਸਿੰਘ ਵਾਰ-ਵਾਰ ਚੇਤੇ ਆਉਂਦਾ ਹੈ (ਲੇਖ
ਲਿਖਦਿਆਂ ਇਸ ਦੇ ਬਹਾਲ ਹੋਣ ਦੀ ਖ਼ਬਰ ਆ ਗਈ)।
ਸਰਬ ਸਾਂਝੇ ਤੇ ਰੂਹਾਨੀਅਤ ਦੇ ਕੇਂਦਰ ਇਸ ਅਧਿਆਤਮਿਕ
ਮਾਹੌਲ ਵਾਲੇ ਅਸਥਾਨ ਵਿਖੇ ਕੁਝ ਮਿੰਟ ਆਪਾ-ਧਾਪੀ ਜਿਹੀ ਦੌਰਾਨ ਗੁਰੂ
ਮਹਾਰਾਜ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ਚੌਰ ਤਾਂ ਕਰੀ ਜਾ ਰਿਹਾ ਹੈ,
ਪਰ
ਉਸ ਦੀ ਤੇ ਨਾਲ ਬੈਠੇ ਸਹਾਇਕ ਸਿੰਘ ਦੀ ਨਜ਼ਰ ਅਤਿੱਥੀਆਂ ’ਤੇ ਹੀ ਗੱਡੀ
ਰਹਿੰਦੀ ਹੈ। ਇਸੇ ਦੌਰਾਨ ਇੱਕ ਹੋਰ ਅਤਿਅੰਤ ਦੁੱਖਦਾਈ ਦ੍ਰਿਸ਼ ਨਜ਼ਰੀਂ ਪੈਂਦਾ
ਹੈ। ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਅਨੁਸਾਰ ਵੱਡੇ ਤੜਕੇ ਇਸ ਦੇ ਕਿਵਾੜ
ਖੁੱਲਣ ਤੋਂ ਲੈ ਕੇ ਗਈ ਰਾਤ ਕਿਵਾੜ ਬੰਦ ਹੋਣ ਤੱਕ ਕਿਸੇ ਘੜੀ ਵੀ ਇਲਾਹੀ
ਕੀਰਤਨ ਬੰਦ ਨਹੀਂ ਹੁੰਦਾ। ਇੱਥੋਂ ਕੀਰਤਨ ਧੁਨਾਂ ਸਦਾ ਹੀ ਲਰਜ਼ਦੀਆਂ
ਰਹਿੰਦੀਆਂ ਹਨ, ਪਰ ਇਸ ਵੀਡੀਓ ਵਿੱਚ ਕੀਰਤਨੀ ਜਥਾ ਆਪਣੇ ਡਿਊਟੀ ਸਥਾਨ ’ਤੇ
ਬੈਠਾ ਹੈ। ਉਨ੍ਹਾਂ ਦੇ ਮੋਹਰੇ ਹਾਰਮੋਨੀਅਮ ਤੇ ਤਬਲੇ ਅਣਕੱਜੇ ਪਏ ਹਨ, ਪਰ
ਉਹ ਚੁੱਪ-ਖਾਮੋਸ਼ ਬੈਠੇ ਸਾਹਮਣੇ ਦੇਖੀ ਜਾ ਰਹੇ ਹਨ। ਗਲ਼ਾਂ ’ਚ ਸਿਰੋਪੇ ਪੁਆ
ਕੇ ਇਹ ‘ਵੀ ਆਈ ਪੀ ਕਾਫ਼ਲਾ’ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚੋਂ
ਬਾਹਰ ਚਲਾ ਜਾਂਦਾ ਹੈ।
ਸੋਸ਼ਲ ਸਾਈਟਾਂ ’ਤੇ ਪੜ੍ਹ-ਸੁਣ ਕੇ ਅਤੇ ਆਪਣੇ ਅੱਖੀਂ
ਕੀਰਤਨੀਏ ਅਬੋਲ ਬੈਠੇ ਦੇਖ ਕੇ ਹਿਰਖ ਵਿੱਚ ਆਉਂਦਿਆਂ ਮੈਂ ਸ੍ਰੀ
ਅੰਮ੍ਰਿਤਸਰ ਨਾਲ ਸੰਬੰਧਤ ਸ਼੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਬੀਬੀ
ਜੀ ਨੂੰ ਫੋਨ ਕੀਤਾ। ਕੀਰਤਨ ਬੰਦ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ
ਜਵਾਬ ਸੀ, ‘ਕੀਰਤਨ ਬੰਦ ਕਰਾਉਣ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਹੈਗਾ, ਹੋ
ਸਕਦਾ ਐ ਕਿ ਪਹਿਲੇ ਰਾਗੀ ਦੀ ਡਿਊਟੀ ਬਦਲਣ ਬਾਅਦ ਆਉਣ ਵਾਲਾ ਜਥਾ ਲੇਟ ਹੋ
ਗਿਆ ਹੋਵੇ’।
ਧਾਰਮਿਕ ਅਸਥਾਨਾਂ ਵਿੱਚ ਸਿਆਸੀ ਚੌਧਰ ਦੇ ਦਖ਼ਲ
ਵਿਰੁੱਧ ਚੇਤਨਤਾ ਪੈਦਾ ਕਰਨ ਅਤੇ ਵਿਚਾਰ ਜਾਣਨ ਦੀ ਚਾਹਤ ਸਦਕਾ ਮੈਂ ਇਹ
ਵੀਡੀਓ ਆਪਣੇ ਚੋਣਵੇਂ ਮਿੱਤਰਾਂ ਨੂੰ ਭੇਜ ਦਿੱਤੀ। ਉਨ੍ਹਾਂ ਵਿੱਚੋਂ ਕੁਝ
ਨੇ ਫੋਨ ’ਤੇ ਆਪਣੇ ਵਲਵਲੇ ਪ੍ਰਗਟਾਏ ਅਤੇ ਕੁਝ ਨੇ ਦਿਲੀ ਪੀੜਾ ਲਿਖਤੀ ਰੂਪ
ਵਿੱਚ ਸਾਂਝੀ ਕੀਤੀ। ਇੱਥੇ ਟਿੱਪਣੀਆਂ ਮਾਤਰ ਕੁਝ ਕੁ ਦਾ ਵੇਰਵਾ ਦੇ ਰਿਹਾ
ਹਾਂ।
ਇਤਿਹਾਸ ਪੜਾਕੂ ਇੱਕ ਸੱਜਣ ਨੇ ਇਸ ਵੀਡੀਓ ਵਿਚਲੀਆਂ
ਕੁਝ ਸਿੱਖ ਸ਼ਖਸੀਅਤਾਂ ਦੇ ਕਿਰਦਾਰ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ
ਇਤਿਹਾਸਕ ਝਾਕੀ ਨਾਲ ਮੌਕਾ-ਮੇਲ ਦਰਸਾਉਂਦਿਆਂ ਆਖਿਆ ਕਿ ਪਹਾੜੀ ਰਾਜੇ
ਅਜਮੇਰ ਚੰਦ ਨੇ ਅਗਸਤ 1700 ਈਸਵੀ ਵਿੱਚ ਸ਼ਰਾਬ ਪਿਆ ਕੇ ਜ਼ਰਾ-ਬਖ਼ਤਰ ਨਾਲ
ਸਜਾਇਆ ਇੱਕ ਖ਼ੂਨੀ ਹਾਥੀ ਅਨੰਦਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਣ ਦੀ
ਸਕੀਮ ਬਣਾਈ। ਸੂਹੀਏ ਵੱਲੋਂ ਗੁਰੂ ਦਰਬਾਰ ’ਚ ਸੁਣਾਈ ਸੂਚਨਾ ਸੁਣ ਕੇ ਦਸਵੇਂ
ਗੁਰੂ ਜੀ ਨੇ ਮੁਸਕੁਰਾਉਂਦਿਆਂ ਹੋਇਆਂ ਹਾਥੀ ਦਾ ਮੁਕਾਬਲਾ ਕਰਨ ਲਈ ਆਪਣੇ
ਉਸ ਦੁਨੀ ਚੰਦ ਮਸੰਦ ਨੂੰ ਚੁਣਿਆ, ਜਿਹੜਾ ਲੰਗਰਾਂ ’ਚ ਮੁਫ਼ਤ ਦੀਆਂ ਖਾ-ਖਾ
ਕੇ ਹਾਥੀ ਵਾਂਗ ਹੀ ਪਲਿਆ ਹੋਇਆ ਸੀ।
ਦਿਨ ਚੜ੍ਹਨ ਤੋਂ ਪਹਿਲਾਂ ਹੀ ਦੁਨੀ ਚੰਦ ਆਪਣੇ ਹੋਰ
ਸਾਥੀ ਮਸੰਦਾਂ ਨੂੰ ਨਾਲ ਲੈ ਕੇ ਗੁਰੂ ਦਾ ਸਾਥ ਛੱਡ ਕੇ ਭਗੌੜਾ ਹੋ ਗਿਆ।
ਇਉਂ ਮਹਿਸੂਸ ਹੁੰਦਾ ਐ, ਜਿਵੇਂ ਜੰਗ ਮੁੱਕਣ ਤੋਂ ਬਾਅਦ ਅਮਨ-ਅਮਾਨ ਵੇਲੇ
ਗੁਰੂ ਦਰਬਾਰ ਵਿਖੇ ਹੋਏ ਕਿਸੇ ਸਮਾਗਮ ਵਿੱਚ ਦੁਨੀ ਚੰਦ ਹੁਣੀ ਮੁੜ ਆ ਗਏ
ਹੋਣ ਅਤੇ ਨਾਗਣੀ ਬਰਛੀ ਨਾਲ ਹਾਥੀ ਦਾ ਮੱਥਾ ਪਾੜਨ ਵਾਲੇ ਭਾਈ ਬਚਿੱਤਰ
ਸਿੰਘ ਵਰਗਿਆਂ ਦੀ ਸ਼ਹਾਦਤ ਉਪਰੰਤ ‘ਸਿਰੋਪੇ ਵੰਡਣ ਦੀ ਸੇਵਾ’ ਨਿਭਾ ਰਹੇ
ਹੋਣ।
ਦੂਸਰੇ ਸੱਜਣ ਨੇ ਵੀਡੀਓ ਬਾਰੇ ਆਪਣੇ ਵੱਲੋਂ ਕੁਝ ਨਾ
ਲਿਖ ਕੇ ਪਾਕਿਸਤਾਨੀ ਸ਼ਾਇਰ ਬਾਬੇ ਨਜ਼ਮੀ ਦੇ ਦੋ ਸ਼ਿਅਰ ਸਾਂਝੇ ਕੀਤੇ :
ਸ਼ੱਕਰ ਨਾਲੋਂ ਮਿੱਠੀ ਲੱਗੇ ਮਿੱਟੀ ਤੇਰੀ ਧਰਤੀ ਦੀ,
ਸੂਲਾਂ ਵਾਂਗੂੰ ਚੁਭਿਆ ਮੈਨੂੰ ‘ਚੌਕੀਦਾਰ’ ਮਦੀਨੇ ਦਾ।
ਸੱਭੇ ਸੋਚਾਂ ਸੱਭੇ ਸੱਧਰਾਂ ਵੇਖ ਕੇ ਮਿੱਟੀ ਹੋਈਆਂ,
ਏਥੇ ਵੀ ‘ਸਰਦਾਰਾਂ’ ਹੱਥ ਏ ਕਾਰੋਬਾਰ ਮਦੀਨੇ ਦਾ?
ਹੈਰਾਨੀ, ਗੁੱਸੇ ਤੇ ਸਦਮੇ ਰਲੀ-ਮਿਲੀ ਭਾਵਨਾ ਤਹਿਤ
‘ਓ ਤੇਰਾ ਭਲਾ...!’ ਕਹਿੰਦਿਆਂ ਇੱਕ ਦੋਸਤ ਬਰਾਤਾਂ ਦੇ ਢੁਕਾਅ ਵੇਲੇ ਦਾ
ਦ੍ਰਿਸ਼ ਬਿਆਨਦਿਆਂ ਬੋਲਿਆ, ਅਖੇ; ਜਿਵੇਂ ਮਿਲਣੀ ਦੀ ਰਸਮ ਵੇਲੇ ਵਿਚੋਲਾ
ਨੱਠਾ-ਭੱਜਾ ਫਿਰਦਾ ਹੁੰਦਾ ਐ ਕਿ ਹੁਣ ਮਾਮੇ ਨੂੰ ਮੁੰਦੀ ਪਾਉ, ਹੁਣ ਫੁੱਫੜ
ਨੂੰ ਕੰਬਲ ਫੜਾਉ, ਹੁਣ ਮਾਸੜ ਦੀ ਮਿਲਣੀ ਕਰਾਉ, ਉਹੀ ਹਾਲ ਇਸ ਵੀਡੀਓ ਦਾ
ਹੈ ਭਰਾਵਾ। ਇਸੇ ਤਰਾਂ ਇੱਕ ਵੀਰ ਦਾ ਸੁਝਾਅ ਸੀ ਕਿ ਇਹ ਵੀਡੀਓ ਤਾਂ ਹਰ
ਪੰਜਾਬੀ ਨੂੰ ਦਿਖਾਉਣੀ ਚਾਹੀਦੀ ਹੈ।
ਇਸੇ ਭਰਾ ਦੇ ਕਹਿਣ ’ਤੇ ਇਸ ਵਚਿੱਤਰ
ਵੀਡੀਓ ਦੀ ਵਿਆਖਿਆ ਲਿਖੀ ਹੈ, ਕਿਉਂਕਿ ਉਸ ਨੇ ਕਿਹਾ ਕਿ ਜਿਨ੍ਹਾਂ ਕੋਲ
ਵੀਡੀਓ ਚਲਾਉਣ ਵਾਲੇ ਫੋਨ ਨਹੀਂ ਹਨ, ਉਨ੍ਹਾਂ ਲਈ ਇਸ ਦਾ ਲਿਖਤੀ ਰੂਪ ਜ਼ਰੂਰ
ਪਹੁੰਚਣਾ ਚਾਹੀਦਾ ਹੈ।