ਅੱਜ
ਕੱਲ੍ਹ ਗੁਰਦੁਆਰੇ ਤੋਂ ਹੋ ਰਹੀ ਕਥਾ ਵਿੱਚ ਧੱਕੇ ਨਾਲ਼ ਉਹ ਕੱਚੀ ਬਾਣੀ
ਸੁਣਾਈ ਜਾ ਰਹੀ ਹੈ ਜਿਸ ਦਾ ਦਸਵੇਂ ਗੁਰੂ ਜੀ ਨਾਲ਼ ਕੋਈ ਸੰਬੰਧ ਨਹੀਂ ਹੈ।
ਦਸਵੇਂ ਗੁਰ ਜੀ ਨੇ ਤਾਂ ਦਮਦਮੀ ਬੀੜ ਵਿੱਚ ਉਨ੍ਹਾਂ ਕੋਲ਼ ਮੌਜੂਦ ਸਾਰੀ ਬਾਣੀ
ਆਪ ਹੀ ਦਰਜ ਕਰਵਾ ਕੇ ਬੀੜ ਨੂੰ ਸੰਪੂਰਨ ਕਰ ਦਿੱਤਾ ਸੀ। ਦਮਦਮੀ ਬੀੜ ਤੋਂ
ਬਾਹਰ ਛੇਵੇਂ, ਸੱਤਵੇਂ, ਅੱਠਵੇਂ ਜਾਂ ਦਸਵੇਂ ਗੁਰੂ ਜੀ ਦੀ ਬਾਣੀ ਦੀ
ਮੌਜੂਦਗੀ ਨੂੰ ਸਵੀਕਾਰ ਕਰਨਾ ਚਿੜੀਆਂ ਦਾ ਦੁੱਧ ਪ੍ਰਾਪਤ ਕਰਨ ਦੇ ਬਰਾਬਰ
ਹੈ। ਇਹ ਸੋਚ ਸਿੱਖੀ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਵਿੱਚ ਰਲ਼ਗਢ ਕਰ ਕੇ
ਖ਼ਤਮ ਕਰਨ ਵਾਲ਼ੀ ਸੋਚ ਹੈ। ਇਹ ਸੋਚ ਖ਼ੁਦ ਦਸਵੇਂ ਗੁਰੂ ਜੀ ਦੀ ਕਰਨੀ ਉੱਤੇ
ਉਂਗਲ਼ ਚੁੱਕਣ ਵਾਲ਼ੀ ਸੋਚ ਹੈ ਜੋ ਸਾਬਤ ਕਰਦੀ ਹੈ ਕਿ ਦਸਵੇਂ ਗੁਰੂ ਜੀ ਨੂੰ
ਆਪਣੀ ਬਾਣੀ ਦਮਦਮੀ ਬੀੜ ਵਿੱਚ ਦਰਜ ਕਰਨ ਦਾ ਚੇਤਾ ਹੀ ਭੁੱਲ ਗਿਆ ਜਦੋਂ ਕਿ
ਗੁਰੂ ਅਭੁੱਲ ਹੈ।
ਧੱਕੇ ਨਾਲ਼ ਹੀ ਸ਼ਿਵ ਪੁਰਾਣ, ਭਾਗਵਤ ਪੁਰਾਣ, ਮਾਰਕੰਡੇ ਪੁਰਾਣ ਆਦਿਕ ਹਿੰਦੂ
ਗ੍ਰੰਥਾਂ ਦੀਆਂ ਦੁਰਗਾ ਮਾਈ ਪਾਰਬਤੀ ਅਤੇ ਸ਼ਿਵ ਜੀ ਦੇ ਇੱਕ ਜੋਤ੍ਰਿਲਿੰਗਮ
ਦੇਹਧਾਰੀ ਮਹਾਂਕਾਲ਼ ਦੇਵਤੇ ਦੀ ਪੂਜਾ ਅਰਚਨਾ ਵਾਲ਼ੀਆਂ ਬ੍ਰਾਹਮਣਵਾਦੀ ਰਚਨਾਵਾਂ
ਨੂੰ ਦਸਵੇਂ ਗੁਰੂ ਨਾਲ਼ ਜੋੜ ਕੇ ਗੁਰੂ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ
ਘੱਟੇ ਵਿੱਚ ਰੋਲ਼ਿਆ ਜਾ ਰਿਹਾ ਹੈ। ਗੁਰਦੁਆਰੇ ਦੇ ਪ੍ਰਬੰਧਕ ਗੁਰੂ
ਨਿਰਾਦਰੀ ਕਰਨ ਅਤੇ ਕਰਾਉਣ ਦੀ ਇਹ ਭੁਮਿਕਾ ਨਿਭਾ ਰਹੇ ਹਨ। ਜੇ ਨੌਵੇਂ ਗੁਰੂ
ਜੀ ਦੀ ਬਾਣੀ ਨੂੰ ਦਸਵੇਂ ਗੁਰੂ ਜੀ ਦਮਦਮੀ ਬੀੜ ਵਿੱਚ ਦਰਜ ਕਰਵਾ ਸਕਦੇ ਸਨ
ਤਾਂ ਉਹ ਆਪਣੀ ਬਾਣੀ ਨੂੰ ਬਾਹਰ ਕਿਵੇਂ ਰੱਖ ਸਕਦੇ ਸਨ? ਕੀ ਆਪਣੀ ਬਾਣੀ
ਦਮਦਮੀ ਬੀੜ ਤੋਂ ਬਾਹਰ ਰੱਖ ਕੇ ਸਿੱਖਾਂ ਨੂੰ ਸਿਖਾਂ ਦੇ ਵੈਰੀ ਬਣਾਉਣ ਦਾ
ਦਸਵੇਂ ਗੁਰੂ ਜੀ ਨੂੰ ਕੋਈ ਚਾਅ ਸੀ? ਸਿੱਖਾਂ ਨੂੰ ਸਿੱਖਾਂ ਨਾਲ ਉਹ ਲੜਾ
ਰਹੇ ਹਨ ਜੋ ਸਨਾਤਨਵਾਦੀ ਵਿਚਾਰਧਾਰਾ ਨਾਲ਼ ਸਿੱਖੀ ਨੂੰ ਇੱਸ ਵਿੱਚ ਮਿਲ਼ਗੋਭਾ
ਕਰ ਕੇ ਖ਼ਤਮ ਕਰਨ ਲਈ ਬਾਬਾ ਨਾਨਕ ਤੋਂ ਹੀ ਸਿੱਖੀ ਦੀ ਵਿਰੋਧਤਾ ਕਰਦੇ ਚਲੇ
ਆ ਰਹੇ ਹਨ।
24 ਦਸੰਬਰ ਦੀ ਸਵੇਰ ਦੀ
ਕਥਾ ਵਿੱਚ ਵਿੱਚ ਭਾਈ ਕੁਲਵੰਤ ਸਿੰਘ ਕਥਾਵਾਚਕ ਵਲੋਂ ਦਸਵੇਂ ਗੁਰੂ ਜੀ ਦੀ
ਘੋਰ ਨਿਰਾਦਰੀ ਕਰਦਿਆਂ ਇਹ ਸਾਬਤ ਕੀਤਾ ਗਿਆ ਕਿ ਉਹ ਨੌਂ ਗੁਰੂ ਪਾਤਿਸ਼ਾਹਾਂ
ਤੋਂ ਵੱਖਰੀ ਜੋਤਿ ਰੱਖਦੇ ਸਨ। ‘ਕੇਵਲ ਕਾਲ ਈ ਕਰਤਾਰ’। ਪੰਕਤੀ
ਵਿੱਚ ‘ਕਾਲ’ ਸ਼ਬਦ ਦੇ ਗ਼ਲਤ ਅਰਥ ਕਰਦਿਆਂ ਉਨ੍ਹਾਂ ਕਿਹਾ - ਕਾਲ਼ ਸ਼ਬਦ ਦਸਵੇਂ
ਗੁਰੂ ਜੀ ਨੇ ਅਕਾਲ ਪੁਰਖ ਲਈ ਵਰਤਿਆ ਹੈ ਅਤੇ ਨਾਲ਼ ਇਹ ਵੀ ਕਿਹਾ ਕਿ ਸ਼੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਲਈ ‘ਅਕਾਲ’ ਸ਼ਬਦ ਵਰਤਿਆ ਗਿਆ ਹੈ। ਭਾਈ
ਕੁਲਵੰਤ ਸਿੰਘ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਦਸਵੇਂ ਗੁਰੂ ਜੀ ਦੇ
‘ਕਾਲ’ ਸ਼ਬਦ ਦੇ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੇ ਅਰਥਾਂ ਤੋਂ
ਵੱਖਰੇ ਹਨ।
ਕਥਾਵਾਚਕ ਨੇ ਕਿਹਾ- ਕਾਲ਼ ਦਾ ਅਰਥ ਹੈ
ਸ੍ਰਿਸ਼ਟੀ ਨੂੰ ਬਣਾਉਣ ਵਾਲ਼ਾ। ਇਹ ਵੀ ਕਿਹਾ ਕਿ ਕਾਲ਼ ਅਤੇ ਮਹਾਂਕਾਲ਼ ਰੱਬ ਹੀ
ਹੈ। ਇਹ ਵੀ ਕਿਹਾ ਕਿ ਮਹਾਂਕਾਲ਼ ਕੋਈ ਹਿੰਦੂਆਂ ਦਾ ਦੇਵਤਾ ਨਹੀਂ ਹੈ।
ਕਥਾਵਾਚਕ ਨੂੰ ਪ੍ਰਸ਼ਨ ਹੈ ਕਿ ਉਹ ਦੱਸੇ ਕਿ ‘ਕਬਿਯੋ ਬਾਚ ਚੌਪਈ’ ਵਾਲ਼ੇ
ਤ੍ਰਿਅ ਚਰਿੱਤ੍ਰ ਵਿੱਚ ਅਕਾਲ ਪੁਰਖ ਦੁਲਹ ਦੇਈ ਨਾਲ਼ ਪਿਆਰ ਕਰਦਾ ਹੈ ਕਿ
ਮਹਾਂਕਾਲ਼ ਦੇਵਤਾ? ਕਥਾਵਾਚਕ ਇਹ ਦੱਸੇ ਕਿ ਦੈਂਤਾਂ ਨਾਲ਼ ਦੁਲਹ ਦੇਈ ਸੁੰਦਰੀ
ਨਾਲ਼ ਵਿਆਹ ਦੀ ਖ਼ਾਤਰ ਅਕਾਲ ਪੁਰਖ ਲੜਦਾ ਹੈ ਕਿ ਦੇਹਧਾਰੀ ਮਹਾਂਕਾਲ਼ ਦੇਵਤਾ?
ਕਥਾਵਾਚਕ ਇਹ ਦੱਸੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਅਕਾਲ
ਪੁਰਖ ਔਰਤ ਰਹਿਤ ਹੈ ਤਾਂ ਦੁਲਹ ਦੇਈ ਸੁੰਦਰੀ ਨਾਲ਼ ਵਿਆਹ ਕਰਾਉਣ ਵਾਲ਼ਾ
ਮਹਾਂਕਾਲ਼ ਦੇਵਤਾ ਅਕਾਲ ਪੁਰਖ ਕਿਵੇਂ ਹੋਇਆ? ਕਥਾਵਾਚਕ ਦੱਸੇ ਕਿ ਜੇ
ਮਹਾਂਕਾਲ਼ ਹੀ ਅਕਾਲ ਪੁਰਖ ਹੈ ਤਾਂ ਉਜੈਨ ਵਿੱਚ ਸਥਿੱਤ ਮਹਾਂਕਾਲ਼ ਦਾ ਮੰਦਰ
ਸਿੱਖਾਂ ਦਾ ਮੰਦਰ ਕਿਉਂ ਨਹੀਂ ਹੋ ਗਿਆ? ਸਿੱਖ ਓਥੇ ਪੂਜਾ ਕਰਨ ਕਿਉਂ ਨਹੀਂ
ਜਾਂਦੇ? ਜੇ ਮਹਾਂਕਾਲ਼ ਹੀ ਦਸਵੇਂ ਗੁਰੂ ਜੀ ਲਈ ਅਕਾਲ ਪੁਰਖ ਹੈ ਤਾਂ ਸ਼੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ 35 ਬਾਣੀਕਾਰਾਂ ਨੇ ਮਹਾਂਕਾਲ਼ ਨੂੰ ਜਪਣ ਦਾ ਕਿਉਂ
ਨਹੀਂ ਉਪਦੇਸ਼ ਦਿੱਤਾ? ਬਾਣੀ ਵਿੱਚ ਤਾਂ ਸਗੋਂ ਲਿਖਿਆ ਹੈ ਕਿ ਅਕਾਲ ਪੁਰਖ
ਦਾ ਭਜਨ ਕਰ ਮਤਾਂ ਤੈਨੂੰ ਮਹਾਂਕਾਲ਼ ਹੀ ਖਾ ਜਾਵੇ।
ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ
ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥(ਗਗਸ 885)।
ਵਿਚਾਰ ਦਾ ਅਰਥ ਇਹ ਹੋਇਆ ਕਿ ਭਾਈ ਕੁਲਵੰਤ ਸਿੰਘ
ਅਨੁਸਾਰ ਦਸਵੇਂ ਗੁਰੂ ਜੀ ਦੀ ਜੋਤਿ ਬਾਕੀ ਨੌਂ ਗੁਰੂ ਪਾਤਿਸ਼ਾਹਾਂ ਨਾਲ਼ੋਂ
ਵੱਖ ਸੀ ਜਦੋਂ ਕਿ ਗੁਰਮਤਿ ਦਾ ਸਿਧਾਂਤ ਹੈ-
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
ਕਥਾਵਾਚਕ ਜੀ ‘ਕੇਵਲ ਕਾਲ ਈ ਕਰਤਾਰ’ ਨੂੰ ਲਿਖਣ ਵਾਲਾ
ਕਵੀ ਮਹਾਂਕਾਲ਼ ਦੇਵਤੇ ਦਾ ਪੁਜਾਰੀ ਹੈ। ਕਥਾਵਾਚਕ ਜੀ ਇਨ੍ਹਾਂ ਰਚਨਾਵਾਂ ਦੇ
ਲਿਖਾਰੀ ਲਈ ਕਾਲ਼ / ਮਹਾਂਕਾਲ਼ / ਦੁਰਗਾ / ਪਾਰਬਤੀ / ਭਵਾਨੀ / ਗਿਰਿਜਾ
/ ਕਾਲਿਕਾ / ਮਹਾਂਮਾਈ / ਜਗਮਾਤਾ / ਜਗਮਾਇ / ਚੰਡਿਕਾ / ਦੁਰਗਸ਼ਾਹ /
ਅਸਿਪਾਨ / ਅਸਿਕੇਤ / ਅਸਿਧੁਜ / ਖੜਗਕੇਤ ਆਦਿਕ ਵੱਖ-ਵੱਖ ਨਾਵਾਂ ਵਾਲ਼ੇ
ਦੁਰਗਾ ਅਤੇ ਮਹਾਂਕਾਲ਼ ਉਸ ਦੇ ਇਸ਼ਟ ਹਨ। ਇਨ੍ਹਾਂ ਵਿੱਚੋਂ ਦਸਵੇਂ ਗੁਰੂ ਜੀ
ਦਾ ਕੋਈ ਅਕਾਲਪੁਰਖ ਨਹੀਂ ਹੈ। ਇਨ੍ਹਾਂ ਨੂੰ ਦਸਵੇਂ ਗੁਰੂ ਜੀ ਦੇ ਇਸ਼ਟ ਆਖਣਾ
ਘੋਰ ਪਾਪ ਅਤੇ ਗੁਰੂ ਜੀ ਦੀ ਘੋਰ ਨਿਰਾਦਰੀ ਹੈ। ਦਸਵੇਂ ਗੁਰੂ ਜੀ ਦਾ
ਅਕਾਲਪੁਰਖ ਓਹੀ ਹੈ ਜੋ ਬਾਕੀ ਨੌਂ ਗੁਰੂ ਪਾਤਿਸ਼ਾਹਾਂ ਦਾ ਹੈ। ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਦਸਵੇਂ ਗੁਰੂ ਜੀ ਦੀ ਕੀਤੀ ਜਾ
ਰਹੀ ਘੋਰ ਨਿਰਾਦਰੀ ਦੀ ਸਜ਼ਾ ਗੁਰੂ ਜੀ ਨਾਲ਼ੋ ਨਾਲ਼ ਦੇ ਰਹੇ ਹਨ, ਕਦੇ
ਮਹਿਸੂਸ ਕਰ ਕੇ ਦੇਖੋ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ
ਹੋਇਆ॥ ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ॥ਕੂਕ ਪੁਕਾਰ ਕੋ ਨ
ਸੁਣੇ ਓਹੁ ਅਉਖਾ ਹੋਇ ਹੋਇ ਰੋਇਆ॥(ਗਗਸ 309/11) ਕਥਾਵਾਚਕ ਜੀ ‘ਅਨੰਦੁ’
ਬਾਣੀ ਦੀਆਂ ਹੇਠ ਲਿਖੀਆਂ ਪੰਕਤੀਆਂ ਵਲ ਵੀ ਕਦੇ ਝਾਤ ਪਾਓਗੇ?
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ
ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਂਚੀ ਆਖਿ ਵਖਾਣੀ॥ਹਰਿ
ਹਰਿ ਨਿਤ ਕਰਹਿ ਰਸਨਾ ਕਹਿਆ ਕਛੁ ਨ ਜਾਣੀ॥ਚਿਤੁ ਜਿਨ ਕਾ ਹਿਰਿ ਲਇਆ ਮਾਇਆ
ਬੋਲਣ ਪਏ ਰਵਾਣੀ॥ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥24॥
ਕਿਸੇ ਦੇ ਜ਼ੋਰ ਲਾਇਆਂ
ਕੱਚੀ ਬਾਣੀ ਸੱਚੀ ਨਹੀਂ ਹੋ ਸਕਦੀ। ਐਵੇਂ ਆਪਣਾ ਅਤੇ ਸੰਗਤਾਂ
ਦਾ ਵਕਤ ਨਾ ਖ਼ਰਾਬ ਕਰੋ । ਨਾ ਆਪਿ ਕਚੇ ਬਣੋ ਅਤੇ ਨਾ ਸੁਣਨ ਵਾਲ਼ਿਆਂ ਨੂੰ
ਕੱਚੇ ਬਣਾਓ। ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਨਾਲ਼
ਜੁੜੋ ਅਤੇ ਜੋੜੋ। ਸੱਚੀ ਬਾਣੀ ਤਾਂ ਸਾਰੀ ਦੀ ਸਾਰੀ ਸ੍ਰੀ ਗਰੂ ਗ੍ਰੰਥ
ਸਾਹਿਬ ਜੀ ਵਿੱਚ ਦਰਜ ਕੀਤੀ ਜਾ ਚੁੱਕੀ ਹੈ। ਇੱਸ ਵਿੱਚ ਕਿਸੇ ਹੋਰ ਰਚਨਾ
ਨੂੰ ਹੁਣ ਕੋਈ ਜਗ੍ਹਾ ਨਹੀਂ ਹੈ। ਦਸਵੇਂ ਗੁਰੂ ਜੀ ਦਾ ਇਹ ਨਿਰਣਾ ਪੱਥਰ
ਉੱਤੇ ਲਕੀਰ ਹੈ। ਇਸ ਲਕੀਰ ਨੂੰ ਮਿਟਾਉਂਦੇ ਮਿਟਾਉਂਦੇ ਪਹਿਲਾਂ ਹੀ ਬਹੁਤ
ਮਿਟ ਗਏ ਹਨ।
ਰੱਬ ਖ਼ੈਰ ਕਰੇ!