Share on Facebook

Main News Page

ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ
-: ਇੰਦਰਜੀਤ ਸਿੰਘ, ਕਾਨਪੁਰ

ਜੇੜ੍ਹੇ ਮਨੁਖ ਕਿਸੇ ਪਰਾਈ ਵਸਤੁ ਨੂੰ ਅਪਣੀ ਕਰ ਕੇ ਅਪਣਾਅ ਲੈਂਦੇ ਹਨ, ਉਹ ਅਹੰਕਾਰ ਵਿੱਚ ਮੱਤੇ ਹੋਏ ਹਮੇਸ਼ਾਂ ਦੁੱਖ ਹੀ ਭੋਗਦੇ ਹਨ। ਗੁਰਬਾਣੀ ਦੇ ਇਸ ਪਾਵਨ ਵਾਕ ਨੂੰ ਪਿਠ ਦੇ ਕੇ ਅਸੀਂ ਵੀ ਇਹ ਹੀ ਕੀਤਾ ਹੈ। ਸਿੱਖ ਕੌਮ ਅਪਣੇ ਸਮਰੱਥ ਗੁਰੂ ਨੂੰ ਪਿੱਠ ਦੇ ਕੇ, ਉਸਨੂੰ ਵਿਸਾਰ ਕੇ, ਦੂਜਿਆਂ ਦੇ ਬਣਾਏ ਗ੍ਰੰਥਾਂ ਨੂੰ ਅਪਣੇ ਗੁਰੂ ਦੀ ਬਾਣੀ ਸਮਝ ਬੈਠੀ। ਆਪਣੇ ਸਮਰੱਥ ਗੁਰੂ ਨੂੰ ਛੱਡ ਕੇ ਕਿਸੇ ਬਿਪਰ ਦੇ ਲਿੱਖੇ ਬਚਿੱਤਰ ਨਾਟਕ ਦੀਆਂ ਕੱਚੀਆਂ ਬਾਣੀਆਂ ਨੂੰ ਆਪਣੇ ਨਿਤਨੇਮ, ਆਪਣੇ ਅੰਮ੍ਰਿਤ ਅਤੇ ਆਪਣੀ ਅਰਦਾਸ ਦਾ ਅਧਾਰ ਮੰਨ ਬੈਠੀ। ਅੱਜ ਕੌਮ ਦੇ ਨਿਘਾਰ ਅਤੇ ਆਏ ਦਿਨ ਪਰੇਸ਼ਾਨੀਆਂ ਦਾ ਇਕੋ ਇਕ, ਕਾਰਣ ਇਹ ਹੀ ਹੈ, ਦੂਜੀ ਹੋਰ ਕੋਈ ਵਜਿਹ ਨਹੀਂ। ਅਰਦਾਸ ਬਾਰੇ ਕੌਮ ਨੂੰ ਸੁਚੇਤ ਕਰਦਿਆਂ ਕਰਦਿਆਂ ਸਾਨੂੰ ਕਈ ਦਹਾਕੇ ਲਗ ਗਏ ! ਬਚਿੱਤਰੀਆਂ ਦੀਆਂ ਹਜ਼ਾਰਾਂ ਗਾਲ੍ਹਾਂ ਅਤੇ ਧਮਕੀਆਂ ਖਾਂਦੇ ਰਹੇ, ਪਰ ਇਸ ਭੋਲੀ ਕੋਮ ਨੇ ਸਾਡੀ ਇਕ ਨਾ ਸੁਣੀਂ । ਹੋ ਸਕਦਾ ਹੈ ਕੌਮ ਨੂੰ ਇਸ ਬਾਰੇ ਸੁਚੇਤ ਕਰਦਿਆਂ ਕਰਦਿਆਂ ਪੰਥ ਦਰਦੀਆਂ ਨੂੰ ਦਸ ਕੁ ਵਰ੍ਹੇ ਹੋਰ ਲਗ ਜਾਂਦੇ, ਲੇਕਿਨ ਉਸ ਕਰਤਾਰ ਦਾ ਭਾਣਾਂ ਵੇਖੋ ! ਉਸ ਪੰਡਿਤ ਨੇ "ਮੱਦ ਭਾਗਵਤ ਗੀਤਾ" ਵਿਚ ਲਿੱਖੀ ਇਹ ਅਰਦਾਸ ਪੜ੍ਹ ਕੇ ਇਕ ਸ਼ਾਟ ਵਿੱਚ ਹੀ ਇਸ "ਭਗੌਤੀ" ਨੂੰ ਸ਼ਬਦ ਗੁਰੂ ਸਿੱਖਾਂ ਦੇ ਮਗਰੋਂ ਲਾਹ ਦਿੱਤਾ ਹੈ। ਸਾਬਿਤ ਕਰ ਦਿਤਾ ਕਿ ਇਹ ਅਰਦਾਸ ਹਿੰਦੂਆਂ ਦੀ ਹੈ, ਸਿੱਖਾਂ ਦੀ ਨਹੀਂ। ਇਹ ਭਗਉਤੀ ਨਾ ਤਲਵਾਰ ਹੈ, ਅਤੇ ਨਾ ਹੀ ਅਕਾਲਪੁਰਖ !

ਅਸੀਂ ਤਾਂ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਦੀ ਛਾਪੀ "ਮੱਦ ਭਾਗਵਤ ਗੀਤਾ" ਵਿੱਚ ਛਪੀ ਇਸ ਅਰਦਾਸ ਨੂੰ 10 ਵਰ੍ਹੇ ਪਹਿਲਾਂ ਹੀ ਜਨਤਕ ਕਰ ਦਿੱਤਾ ਸੀ ਅਤੇ ਕੌਮ ਦੀ ਕਚਿਹਰੀ ਵਿੱਚ ਸਬੂਤਾਂ ਸਮੇਤ ਇਹ ਪੋਥੀ ਪੇਸ਼ ਕਰ ਦਿੱਤੀ ਸੀ। ਇਹ ਪੋਥੀ ਇਸ ਪਬਲੀਸ਼ਰ ਦੇ ਛਾਪੇ ਖਾਨੇ ਵਿੱਤ ਹਜਾਰਾਂ ਦੀ ਤਾਦਾਤ ਵਿੱਚ ਅਜ ਵੀ ਛਾਪੀ ਅਤੇ ਵੇਚੀ ਜਾ ਰਹੀ ਹੈ। ਕਿਸੇ ਨੇ ਵੇਖਣੀ ਹੋਵੇ ਤਾਂ ਸਾਡੇ ਰੋਲ ਮੌਜੂਦ ਹੈ।

ਇਸ ਘਟਨਾ ਨਾਲ ਦੂਜੀ ਬਹੁਤ ਵੱਡੀ ਗਲ ਇਹ ਵੀ ਸਾਬਿਤ ਹੋ ਗਈ ਹੈ ਕਿ, "ਬਚਿਤੱਰ ਨਾਟਕ ਗ੍ਰੰਥ" ਜਿਸਨੂੰ ਚਤਰ ਸਿੰਘ ਜੀਵਨ ਸਿੰਘ ਨੇ ਹੀ "ਸ੍ਰੀ ਦਸਮ ਗ੍ਰੰਥ" ਅਤੇ "ਸ੍ਰੀ ਗੁਰੂ ਦਸਮ ਗ੍ਰੰਥ" ਨਾਮ ਦੀਆਂ ਦੋ ਪੋਥੀਆ ਦੇ ਰੂਪ ਵਿੱਚ ਛਾਪਿਆ ਹੈ, ਉਸਦਾ ਸਿੱਖਾਂ ਨਾਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ। ਕਿਉਂਕਿ ਹਿੰਦੂਆਂ ਦੀ ਇਹ ਅਰਦਾਸ, "ਪ੍ਰਿਥਮ ਭਗਉਤੀ ਸਿਮਰ ਕੇ ......" ਇਸੇ ਪੋਥੇ ਵਿੱਚੋਂ ਦੁਰਗਾ ਦੀ ਵਾਰ ਵਿਚੋਂ ਲਈ ਗਈ ਹੈ। ਇਹ ਪਬਲੀਸ਼ਰ ਇਨ੍ਹਾਂ ਪੋਥੀਆਂ ਦੇ ਪਹਿਲੇ ਪੰਨੇ 'ਤੇ ਹੀ ਇਸ ਗਲ ਦੀ ਵੀ ਤਸਦੀਕ ਕਰਦਾ ਹੈ ਕਿ, "ਇਹ ਪੋਥੀਆਂ ਸੰਵਤ 1952 ਬਿਕ੍ਰਮੀ 'ਚ ਪੁਰਾਤਨ ਬੀੜਾਂ ਦਾ ਪਾਠਾੰਤਰ ਕਰਕੇ ਸੋਧਕ ਕਮੇਟੀ ਵਲੋਂ ਸੋਧ ਕੇ ਬਣਾਈਆਂ ਗਈਆਂ ਹਨ।" ਭਾਵ ਇਹ ਹੈ ਕਿ ਇਹ ਪੋਥੀਆਂ "ਦਸਮ ਗ੍ਰੰਥ" ਨਹੀਂ ਹਨ। "ਸ਼੍ਰੀ ਦਸਮ ਗ੍ਰੰਥ" ਜਾਂ "ਸ਼੍ਰੀ ਦਸਮ ਗ੍ਰੰਥ" ਇਸ ਪਬਲੀਸ਼ਰ ਦਾ ਦਿੱਤਾ ਹੋਇਆ ਨਾਮ ਹੈ, ਅਤੇ ਇਹ ਪੋਥੀਆਂ ਸੋਧਕ ਕਮੇਟੀ ਦ੍ਵਾਰਾ ਸੰਪਾਦਿਤ ਪੋਥੀਆਂ ਹਨ। ਗੁਰੂ ਦੀ ਬਾਣੀ ਨੂੰ ਸੋਧਣ ਦਾ ਅਧਿਕਾਰ ਤਾਂ ਕਿਸੇ ਸਿੱਖ ਕੋਲ ਹੈ ਹੀ ਨਹੀਂ। ਇਸਤੋਂ ਇਹ ਸਾਬਿਤ ਹੂੰਦਾ ਹੈ ਕਿ ਇਹ "ਗੁਰਬਾਣੀ" ਨਹੀਂ ਹੈ। ਜਿਸਨੂੰ ਸਾਰੀ ਕੌਮ ਅਗਿਆਨਤਾ ਵਸ਼ "ਸ੍ਰੀ ਦਸ਼ਮ ਗ੍ੰਥ" ਕਹੀ ਜਾਂਦੀ ਹੈ।

ਇਸ ਪਬਲੀਸ਼ਰ ਵਲੋਂ ਇਨ੍ਹਾ ਪੋਥੀਆਂ ਦਾ ਨਾਮ "ਦਸਮ ਗ੍ਰੰਥ" ਰਖ ਦੇਣਾਂ ਹੀ ਸਾਰੇ ਭੁਲੇਖੇ ਦੀ ਜੜ੍ਹ ਹੈ। ਜਦਕਿ ਸੱਚਾਈ ਤਾਂ ਇਹ ਹੈ ਕਿ "ਦਸਮ ਗ੍ਰੰਥ" ਨਾਮ ਦਾ ਕੋਈ ਗ੍ਰੰਥ ਨਾਂ ਕਦੀ ਲਿਖਿਆ ਗਿਆ, ਨਾਂ ਕਦੀ ਹੋਇਆ ਅਤੇ ਨਾ ਹੀ ਅਜੋਕੇ ਸਮੈਂ ਅੰਦਰ ਕਿਧਰੇ ਮੌਜੂਦ ਹੀ ਹੈ। ਇਥੋਂ ਤੱਕ ਕਿ ਦੋ ਤਖਤਾਂ 'ਤੇ, ਜਿਥੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਸ ਪੋਥੇ ਦੀ ਮੰਜੀ ਲਾਈ ਜਾਂਦੀ ਹੈ, ਉਸ ਉਪਰ ਵੀ ਕਿਧਰੇ ਵੀ "ਦਸਮ ਗ੍ਰੰਥ" ਨਾਮ ਦਾ ਸਿਰਲੇਖ ਮੌਜੂਦ ਨਹੀਂ ਹੈ। ਇਹ ਤਾਂ ਸਾਡੀ ਆਪਣੀ ਕਮੀ ਹੈ ਕਿ, "ਜਿਨੇ ਲਾਇਆ ਗੱਲੀਂ, ਉਸੇ ਪਿੱਛੇ ਚੱਲੀ"। ਅਸੀਂ ਆਪ ਤਾਂ ਨਾ ਕੁਝ ਪੜ੍ਹਨਾ ਹੈ, ਅਤੇ ਨਾ ਕਿਸੇ ਦੀ ਮੰਨਣੀ ਹੈ। ਅਸੀਂ ਇਨ੍ਹਾਂ ਪੰਥ ਦੋਖੀਆਂ ਦੇ ਮਗਰ ਲਗ ਕੇ, ਆਪਣੇ ਗੁਰੂ ਤੋਂ ਤਾਂ ਟੁੱਟ ਹੀ ਗਏ, ਉਸਦੇ ਇਸ ਆਦੇਸ਼ ਨੂੰ ਵੀ ਪੂਰੀ ਤਰ੍ਹਾਂ ਭੁਲਾ ਬੈਠੇ ਹਾਂ। ਅਸੀਂ ਵੀ ਪਰਾਈਆਂ ਵਸਤੁਆਂ (ਗ੍ਰੰਥਾਂ, ਕੱਚੀਆਂ ਬਾਣੀਆਂ ਅਤੇ ਬਿਪਰ ਦੀ ਬਣਾਈ ਅਰਦਾਸ) ਨੂੰ ਅਪਣਾਅ ਕਰਕੇ ਮੰਨ ਲਿਆ ਹੈ। ਹੁਣ ਦੁਖ ਤਾਂ ਘਾਲਣਾ ਹੀ ਪੈਂਣਾ ਸੀ।

ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖ ਘਾਲੈ॥ ਅੰਕ 131

ਅਸੀਂ ਤਾਂ ਜਿਹੜਾ ਵੀ ਕੰਮ ਕਰਦੇ ਹਾਂ, ਉਸ ਬਾਰੇ ਕਦੀ ਵੀ ਪੜਚੋਲ ਨਹੀਂ ਕਰਦੇ, ਲਕੀਰ ਦੇ ਫਕੀਰ ਬਨ ਕੇ ਤੁਰੀ ਜਾਣਾ ਤੇ ਸਾਡੇ ਗੁਰੂ ਨੂੰ ਵੀ ਮੰਜੂਰ ਨਹੀਂ। ਇਸੇ ਲਈ ਸਹੀ ਦਿਸ਼ਾ ਨਿਰਦੇਸ਼ ਦੇਣ ਲਈ ਉਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਅਤੇ ਗੁਰੂ ਨੇ ਸਾਫ ਸਾਫ ਹੁਕਮ ਵੀ ਕੀਤਾ ਸੀ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥" ਲੇਕਿਨ ਅਸੀਂ ਆਪਣੇ ਸ਼ਬਦ ਗੁਰੂ ਕੋਲੋਂ ਸਿਖਿਆ ਲੈਣ ਦੀ ਬਜਾਏ, ਬਿਪਰ ਦੇ ਲਿਖੇ ਅਤੇ ਬਣਾਏ ਬਚਿਤੱਰ ਨਾਟਕ ਨੂੰ ਹੀ ਅਪਣੇ ਗੁਰੂ ਦੀ ਬਾਣੀ ਮੰਨ ਬੈਠੇ।

ਬੜੀ ਹੈਰਾਨਗੀ ਵਾਲੀ ਗਲ ਇਹ ਹੈ ਕਿ ਮਲੂਕੇ ਦੇ ਸਮਾਗਮ ਵਿੱਚ ਪੰਡਿਤ ਵਲੋਂ ਪੜ੍ਹੀ ਗਈ ਉਨ੍ਹਾਂ ਦੀ ਆਪਣੀ ਅਰਦਾਸ ਦੀ ਇਸ ਘਟਨਾ ਤੋਂ ਬਾਅਦ ਵੱਡੇ ਵੱਡੇ ਬਚਿੱਤਰੀ ਗਹਿਰੇ ਸਦਮੇ ਵਿੱਚ ਹਨ ਅਤੇ ਕਿਸੇ ਖੁੱਡ ਵਿੱਚ ਜਾ ਛੁਪੇ ਹਨ। ਨਿਕਲਣਗੇ ਜ਼ਰੂਰ, ਲੇਕਿਨ ਨਾਗਪੁਰ ਦੇ ਹੈਡ ਕੁਆਟਰ ਤੋਂ ਇਸ ਬਾਬਤ ਕੋਈ ਦਿਸ਼ਾ ਨਿਰਦੇਸ਼ ਲੈਣ ਤੋਂ ਬਾਅਦ ! ਸਾਰੇ ਬਤਿੱਤਰੀਏ ਲਗਦਾ ਹੈ "ਕੋਮਾਂ" ਵਿੱਚ ਚਲੇ ਗਏ ਹਨ! ਬੰਗਲਾ ਸਾਹਿਬ ਤੋਂ ਨਰਾਤਿਆਂ ਵਿੱਚ "ਭਗਉਤੀ" ਦੀ ਲੜੀ ਵਾਰ ਕਥਾ ਕਰਵਾਉਣ ਵਾਲੇ, ਸੁਨਾਉਣ ਵਾਲੇ ਅਤੇ ਸੁਨਣ ਵਾਲੇ, ਬੰਤੇ, ਗੁਰਪ੍ਰੀਤੇ, ਰਾਣੇ, ਜਨਰਲ ਨਾਲੇਜ ਵਾਲੇ, ਬੱਬਰ ਸ਼ੇਰਾਂ ਵਾਲੇ, ਟਕੇ ਸਾਲੀਏ ਅਤੇ ਛਬੀਲਾਂ ਵਾਲੇ ਸਾਰੇ ਹੀ ਸਦਮੇ ਵਿੱਚ ਹਨ। ਹੁਣ ਇਨ੍ਹਾਂ ਬਾਹਰ ਨਿਕਲ ਕੇ, ਮਤੇ ਪਕਾ ਕੇ ਇਸ ਬਾਰੇ ਕੀ ਜਵਾਬ ਦੇਣਾ ਹੈ, ਸ਼ਾਇਦ ਇਹ ਸਲਾਹਾਂ ਕਰ ਰਹੇ ਹਨ! ਜੋ ਵੀ ਹੋਇਆ ਕਰਤਾਰ ਦੇ ਹੁਕਮ ਨਾਲ ਹੀ ਹੋਇਆ, ਲੇਕਿਨ ਸ਼ਬਦ ਗੁਰੂ ਦੇ ਸਿੱਖ ਤਾਂ ਇਸ ਭਗਉਤੀ ਦੇਵੀ ਕੋਲੋਂ ਮੁਕਤ ਹੋ ਚੁਕੇ ਹਨ!

ਆਉ, ਹੁਣ ਅਸੀਂ ਬਿਪਰ ਦੀ ਅਰਦਾਸ ਦਾ ਖਹਿੜਾ ਛਡ ਕੇ ਆਪਣੇ ਸ਼ਬਦ ਗੁਰੂ ਦੇ ਇਨ੍ਹਾਂ ਪਾਵਨ ਸ਼ਬਦਾਂ ਨਾਲ ਸ਼ੁਰੂ ਕਰੀਏ ਆਪਣੀ ਅਰਦਾਸ ਦੀ ਸ਼ੁਰੂਆਤ !

ੴ ਸਤਿਗੁਰ ਪ੍ਰਸਾਦਿ ॥

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥
੮॥੪॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top