ਗੁਰੂ ਨਾਨਕ ਦੇ ਘਰ ਵਿੱਚ ਪ੍ਰੰਪਰਾਵਾਦ ਤੇ
ਪ੍ਰਵਾਰਵਾਦ ਦੀ ਬਜਾਏ ਸੱਚ ਅਤੇ ਕਰਨੀ ਨੂੰ ਪਹਿਲ ਹੈ। ਤਾਂ ਹੀ ਗੁਰੂ
ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰ ਸ਼੍ਰੀ ਚੰਦ ਨੂੰ ਛੱਡ ਆਪਣੇ ਮਿਸ਼ਨ ਲਈ
ਯੋਗ (ਭਾਈ ਲਹਿਣਾ) ਗੁਰੂ ਅੰਗਦ ਸਾਹਿਬ ਦੀ ਚੋਣ ਕੀਤੀ ਸੀ। ਗੁਰੂ ਸਾਹਿਬਾਨ
ਨੇ 239 ਸਾਲ ਦੇ ਆਪਣੇ ਜੀਵਨ ਕਾਲ ਵਿੱਚ ਅਜਿਹੇ ਮਨੁੱਖੀ ਚਰਿੱਤਰ ਦੀ ਘਾੜਤ
ਘੜੀ ਜੋ ਹਰ ਤਰਾਂ ਦੇ ਕਰਮ-ਕਾਂਡ ਵਹਿਮ ਭਰਮ,ਧਾਰਮਿਕ ਅਡੰਬਰ ਤੇ ਪੁਜਾਰੀ
ਲੁੱਟ ਤੋਂ ਮੁਕਤ ਤੇ ਰੱਬੀ ਗੁਣਾਂ ਨਾਲ ਭਰਪੂਰ ਸੀ। ਬਹੁ ਦੇਵੀ ਦੇਵਤਿਆਂ
ਦੀ ਬਜਾਏ ਇੱਕ ਅਕਾਲ ਪੁਰਖ ਤੇ ਸਦੀਵੀ ਗੁਰੂ, ਗੁਰੂ ਗ੍ਰੰਥ ਸਾਹਿਬ ਦਾ
ਉਪਾਸ਼ਕ ਸੀ ਤੇ ਹੈ।
ਪਰ ਸਮੇਂ ਤੇ ਆਲੇ ਦੁਆਲੇ
ਦੇ ਪ੍ਰਭਾਵ ਹੇਠ ਕਮਜੋਰ ਮਾਨਸਿਕਤਾ ਵਾਲਾ ਸਿੱਖ ਇੱਕ ਅਕਾਲ ਤੇ ਗੁਰੂ ਨਾਲੋ
ਟੁੱਟ ਕੇ ਬਹੁਗਿਣਤੀ ਤੇ ਬਿਪਰਨ ਵਾਲੀਆ ਸਾਰੀਆ ਰੀਤੀਆ ਕਰਨ ਲੱਗ ਪਿਆ ਹੈ ।
ਅੰਦਰੋਂ ਪੂਰੀ ਤਰ੍ਰਾਂ ਕਰਮ-ਕਾਂਡੀ ਤੇ ਬਿਪਰ
ਬਣ ਗਿਆ। ਸਿਰਫ ਬਾਹਰਲੀ ਦਿੱਖ ਹੀ ਸਿੱਖਾਂ ਵਾਲੀ ਰਹਿ ਗਈ, ਸ਼ਬਦ
ਦਾ ਪੁਜਾਰੀ ਅੱਜ ਮੂਰਤੀਆਂ, ਦੇਹਧਾਰੀਆਂ, ਮੜੀ ਮਸਾਣਾ ਤੇ ਜਾਨਵਰਾਂ ਨੂੰ
ਵੀ ਪੂਜਣ ਲੱਗ ਪਿਆ ਹੈ। ਟਿੱਕੇ ਮੌਲੀਆਂ ਲਾਉਂਦਾ ਪਾਉਂਦਾ ਜੋਤਾਂ ਜਗਾਉਂਦਾ
ਅੰਦਰ ਦੀ ਜੋਤ ਬੁਝਾ ਬੈਠਾ। ਐਸੇ ਗੁਰੂ ਨਾਲੋਂ ਟੁੱਟੇ ਹੋਏ ਨੂੰ ਕੋਈ ਵੀ
ਭਰਮਾ ਕੇ ਲੁੱਟ ਲੈਂਦਾ ਹੈ, ਇਸੇ ਲਈ ਕਦੀ ਇਸਨੂੰ ਗੁਰੂ ਦੀ ਕਲਗੀ, ਕਦੀ
ਗੁਰੂ ਦੇ ਸ਼ਸਤਰਾਂ ਦੇ ਦਰਸ਼ਨ ਦੇ ਨਾਮ 'ਤੇ, ਕਦੇ ਸਾਧਾਂ ਦੀਆਂ ਖੂੰਡੀਆਂ,
ਟਾਇਲਟਾਂ, ਜੁੱਤੀਆਂ, ਸੋਟਿਆਂ ਤੇ ਲੋਟਿਆ ਦੇ ਦਰਸ਼ਨ ਦੇ ਨਾਮ 'ਤੇ ਲੁੱਟਿਆ
ਜਾਂਦਾ ਹੈ, ਕਦੀ ਤੀਰਥ ਯਾਤਰਾ ਦੇ ਨਾਮ 'ਤੇ ਲੁਟਿਆ ਜਾਂ0ਦਾ ਹੈ। ਲੋਟੂ
ਕਿਸਮ ਦੇ ਸਾਧ, ਡੇਰਿਆਂ ਦੇ ਨਕਲੀ ਇਤਹਾਸ, ਨਕਲੀ ਕੁਰਸੀਨਾਮੇ ਘੜ ਕੇ
ਲੁੱਟਦੇ ਹਨ। ਸਾਰੀਆਂ ਜੂਨਾਂ ਦਾ ਸਿਰਦਾਰ ਕਦੇ ਸੱਪਾਂ ਕਦੇ ਗਾਵਾਂ ਬਲਦਾਂ
ਤੇ ਘੋੜਿਆਂ ਨੂੰ ਮੱਥੇ ਟੇਕਦਾ ਹੈ : "ਅਵਰ ਜੋਨਿ
ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥" ਵਾਲਾ ਗੁਰੂ
ਦਾ ਬਚਨ ਭੁੱਲ ਗਿਆ ਤੇ ਲੋਟੂ ਸਾਧ ਵਪਾਰੀਆਂ ਤੇ ਪੁਜਾਰੀਆਂ ਪਿੱਛੇ ਤੁਰ
ਪਿਆ ਹੈ।
ਕੁੱਝ ਸਾਲ ਪਹਿਲਾਂ ਸਾਧਾਂ ਵਲੋਂ ਹਜੂਰ ਸਾਹਿਬ
ਤੋਂ ਇੱਕ ਘੋੜਾ ਲਿਆ ਉਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ
ਅੰਸ਼ ਕਹਿ ਕੇ ਘੋੜੇ ਨੂੰ ਮੱਥੇ ਟੇਕੇ ਤੇ ਟਿਕਾਏ। ਹੱਦ ਤਾਂ ਉਦੋਂ
ਹੋ ਗਈ ਜਦੋਂ ਕੁੱਝ ਸਿੱਖ ਅਖਵਾਉਂਦੇ ਲੋਕ ਘੋੜੇ ਦੀ ਲਿੱਦ ਨੂੰ ਪਰਸਾਦ ਸਮਝ
ਘਰੋਂ ਘਰੀਂ ਲੈ ਗਏ ਤੇ ਘੋੜੇ ਦੀ ਲਿੱਦ ਲੈਣ ਲਈ ਹੇਠ ਉੱਤੇ ਹੋ ਗਏ।
ਘੋੜੇ ਦੀ ਲਿੱਦ ਲਿਜਾਉਣ ਵਾਲਿਆਂ ਨੂੰ ਮੈਂ
ਕਹਿੰਦਾਂ ਹਾਂ ਕਿ ਜੇ ਗੁਰੂ ਦੇ ਘੋੜੇ ਦੀ ਅੰਸ਼ ਦੀ ਲਿੱਦ ਘਰ ਲਿਜਾ ਸਕਦੇ
ਹੋ, ਤਾਂ ਫਿਰ ਊਨੇ ਵਾਲ ਬੇਦੀ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੀ ਅੰਸ਼
ਹਾਂ, ਫਿਰ ਉਨਾਂ ਦਾ ਵਿਸ਼ਟਾ ਲਿੱਦ ਘਰ ਕਿਉਂ ਨਹੀਂ ਲੈ ਜਾਂਦੇ ਕੁੱਝ ਘਰਾਂ
ਨੂੰ ਲੈ ਜਾਵੋ ਤੇ ਕੁਝ ਡੇਰੇ ਟਕਸਾਲਾਂ ਵਾਲਿਆਂ ਨੂੰ ਦੇ ਦਿਉ।