Share on Facebook

Main News Page

ਅਕਾਲ ਚੈੱਨਲ ਰਾਹੀਂ ਦਸਮ ਗ੍ਰੰਥ ਡੀਬੇਟ ! ਬੇਸਿੱਟਾ ਰਹੀ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
 

ਮਿਤੀ 01/12/2017 ਨੂੰ ਅਕਾਲ ਚੈੱਨਲ ਰਾਹੀਂ ਇੱਕ ਵਿਚਾਰ ਚਰਚਾ ਪ੍ਰਸਾਰਤ ਕੀਤੀ ਗਈ। ਚਰਚਾ ਵਿੱਚ 6 ਸਿੱਖ ਵਿਦਵਾਨ ਭਾਗ ਲੈ ਰਹੇ ਸਨ। ਇੱਕ ਵਿਦਵਾਨ ਡਾਕਟਰ ਜੀ ਚਰਚਾ ਦਾ ਸੰਚਾਲਨ ਕਰ ਰਹੇ ਸਨ। ਸੰਚਾਲਕ ਜੀ ਵਲੋਂ ਪੁੱਛੇ ਗਏ ਬਹੁਤੇ ਸਵਾਲਾਂ ਦੇ ਉੱਤਰ ਹਾਂ ਜਾਂ ਨਾਹ ਵਿੱਚ ਵੀ ਸਨ ਅਤੇ ਕਿਤੇ ਕਿਤੇ ਕੁੱਝ ਵਿਸਥਾਰ ਸਹਿਤ ਗੱਲ ਵੀ ਸੀ। ਕੇਵਲ ਹਾਂ ਜਾਂ ਨਾਹ ਵਿੱਚ ਜਵਾਬ ਦੇਣ ਨਾਲ਼ ਇਹ ਗੰਭੀਰ ਮਸਲਾ ਹੱਲ ਹੋਣ ਵਾਲ਼ਾ ਨਹੀਂ ਹੈ।

ਸਵਾਲਾਂ ਦਾ ਜਵਾਬ ਦੇਣ ਵਾਲ਼ੇ ਸਾਰੇ ਹੀ ਖਾਲੀ ਹੱਥ ਬੈਠੇ ਸਨ। ਕਿਸੇ ਕੋਲ਼ ਕੋਈ ਵੀ ਲਿਖਤ, ਕਹੇ ਗਏ ਦੇ, ਸਬੂਤ ਵਜੋਂ ਨਹੀਂ ਸੀ ਅਤੇ ਨਾ ਹੀ ਸੰਚਾਲਕ ਜੀ ਵਲੋਂ ਕੋਈ ਸਬੂਤ ਮੰਗਿਆ ਜਾ ਰਿਹਾ ਸੀ।

ਸ. ਮਹਿੰਦਰ ਸਿੰਘ ਜੀ ਖਹਿਰਾ ਵਲੋਂ ਸੰਕੋਚਵੇਂ ਢੰਗ ਨਾਲ਼ ਦਿੱਤੇ ਸੁਝਾਵਾਂ ਵਿੱਚ ਬਹੁਤ ਦਮ ਜਾਪਦਾ ਸੀ ਕਿ ਇਹ ਦਸ਼ਮ ਗ੍ਰੰਥ ਆਰ.ਐੱਸ.ਐੱਸ. ਦੀਆਂ ਸਿੱਖੀ ਮਾਰੂ ਚਾਲਾਂ ਦੀ ਦੇਣ ਹੈ ਕਿਉਂਕਿ ਸਿੱਖਾਂ ਨੂੰ ਹਿੰਦੂ ਕੌਮ ਵਿੱਚ ਜਜ਼ਬ ਕਰਨ ਦੀਆਂ ਚਾਲਾਂ ਚੱਲੀਆਂ ਜਾ ਚੁੱਕੀਆਂ ਹਨ।

ਸਿੱਟਾ: ਦਸ਼ਮ ਗ੍ਰੰਥ ਸੰਬੰਧੀ ਕਰਾਈ ਕਿਸੇ ਪ੍ਰਕਾਰ ਦੀ ਚਰਚਾ ਵਿੱਚੋਂ ਕੁੱਝ ਨਹੀਂ ਪੱਲੇ ਪੈ ਸਕਦਾ। ਦਸ਼ਮ ਗ੍ਰੰਥ ਵਰਗੇ ਬੜੇ ਹੋਰ ਗ੍ਰੰਥ ਹਨ ਜਿਨ੍ਹਾਂ ਵਿੱਚ ਦਸਵੇਂ ਗੁਰੂ ਜੀ ਨੂੰ ਦੇਵੀ ਦੁਰਗਾ ਦੇ ਪੁਜਾਰੀ ਬਣਾਉਣ ਵਿੱਚ ਲਿਖਾਰੀਆਂ ਨੇ ਕੋਈ ਕਸਰ ਨਹੀਂ ਛੱਡੀ। ਕੀ ਇਨ੍ਹਾਂ ਗ੍ਰੰਥਾਂ ਪ੍ਰਤੀ ਚਰਚਾ ਵਿੱਚੋਂ ਕੁੱਝ ਲ਼ਾਭਦਾਇਕ ਨਿੱਕਲੇਗਾ? ਕਿੰਨੇ ਕੁ ਗ੍ਰੰਥਾਂ ਦੀ ਚਰਚਾ ਕਰਦੇ ਰਹੋਗੇ? ਜੇ ਕੋਈ ਹੱਲ਼ ਹੈ ਤਾਂ ਇਹ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਸੇ ਵੀ ਰਚਨਾ ਨੂੰ ਗੁਰੂ ਕ੍ਰਿਤ ਗੁਰਬਾਣੀ ਦਾ ਦਰਜਾ ਦੇਣਾ ਬੰਦ ਹੋਵੇ। ਇਹ ਯਕੀਨ ਕੀਤਾ ਜਾਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹਨ।

ਇਹ ਯਕੀਨ ਕੀਤਾ ਜਾਵੇ ਕਿ ਦਸਵੇਂ ਗੁਰੂ ਜੀ ਸਿੱਖ ਕੌਮ ਨੂੰ ਸੰਪੂਰਨ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਿ ਦੇ ਕੇ ਗਏ ਹਨ। ਬਾਹਰ ਪਈਆਂ ਕੋਈ ਵੀ ਰਚਨਾਵਾਂ ਹੋਣ, ਜੀਅ ਸਦਕੇ ਪਈਆਂ ਰਹਿਣ, ਲੋਕ ਬੇਸ਼ੱਕ ਕਹਿੰਦੇ ਰਹਿਣ ਕਿ ਇਹ ਗੁਰੂ ਕ੍ਰਿਤ ਹਨ, ਅਜਿਹੇ ਬੜੇ ਗ੍ਰੰਥ ਪਏ ਹਨ ਪਰ ਸੰਪੂਰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦੇ।

ਜੋ ਵੀ ਸੱਜਣ ਇਹ ਬਰਾਬਰੀ ਕਰ ਰਹੇ ਹਨ ਜਾਂ ਬਰਾਬਰੀ ਕਰਨ ਨੂੰ ਉਤਸਾਹਤ ਕਰ ਰਹੇ ਹਨ ਉਹ ਦਸਵੇਂ ਗੁਰੂ ਜੀ ਨੂੰ ਹੀ ਚੈਲਿੰਜ ਕਰ ਰਹੇ ਹਨ ਕਿ ਉਨ੍ਹਾਂ ਅਧੂਰਾ ਗੁਰੂ ਗ੍ਰੰਥ ਸਿੱਖਾਂ ਨੂੰ ਦਿੱਤਾ ਹੈ। ਜਿੱਥੇ ਗੁਰਬਾਣੀ ਦੀ ਲੋੜ ਹੈ ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਵਰਤੀ ਜਾਵੇ, ਭਾਵੇਂ, ਨਿੱਤਨੇਮ ਵਿੱਚ, ਪਾਹੁਲ ਦੇਣ ਵਿੱਚ ਜਾਂ ਅਰਦਾਸਿ ਵਿੱਚ ਵਰਤਣੀ ਹੋਵੇ। ਜੇ ਜਾਪੁ, ਚੌਪਈ, ਸਵੱਯੇ, ਪ੍ਰਿਥਮ ਭਗਉਤੀ ਆਦਿਕ ਅਨੇਕਾਂ ਰਚਨਾਵਾਂ ਗੁਟਕਿਆਂ ਅਤੇ ਪੋਥੀਆਂ ਵਿੱਚ ਸੱਚੀ ਬਾਣੀ ਦੇ ਬਰਾਬਰ ਰੇਅਲਾਂ ਆਦਿਕ ਉੱਪਰ ਪ੍ਰਕਾਸ਼ ਕੀਤੀਆਂ ਜਾ ਰਹੀਆਂ ਹਨ, ਤਾਂ ਸ਼੍ਰੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਤੋਂ ਇਨ੍ਹਾਂ ਰਚਨਾਵਾਂ ਵਾਲ਼ੇ ਗ੍ਰੰਥ ਨੂੰ ਚੁੱਕਾਉਣ ਦੀਆਂ ਗੱਲਾਂ ਬੇਮਾਇਨੇ ਹਨ।

ਇੱਕ ਪਾਸੇ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨ ਕੇ ਉਨ੍ਹਾਂ ਦਾ ਨਿੱਤ ਨੇਮ ਅਤੇ ਹੋਰ ਥਾਵਾਂ ਉੱਤੇ ਵਰਤਣ ਵਜੋਂ ਆਦਰ ਕਰ ਰਹੇ ਹੋ ਅਤੇ ਦੂਜੇ ਪਾਸੇ ਉਨ੍ਹਾਂ ਹੀ ਰਚਨਾਵਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਤ ਹੋਣ ਤੋਂ ਰੋਕਦੇ ਹੋ। ਇਹ ਦੋਗਲੀ ਨੀਤੀ ਕਾਮਯਾਬ ਨਹੀਂ ਹੋਵੇਗੀ। ਜੇ ਦਸ਼ਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣਾ ਹੈ ਤਾਂ ਕਹਿ ਦਿਓ ਕਿ ਦਸਵੇਂ ਗੁਰੂ ਜੀ ਨੇ ਸਿੱਖਾਂ ਨਾਲ਼ ਧੋਖਾ ਕੀਤਾ ਹੈ ਤੇ ਅਧੂਰਾ ਗੁਰੂ ਸਿੱਖਾਂ ਦੀ ਝੋਲ਼ੀ ਵਿੱਚ ਪਾ ਦਿੱਤਾ ਹੈ ਅਤੇ ਇਹ ਵੀ ਕਹਿ ਦਿਓ ਕਿ ਹੁਣ ਉਹ ਆਪ ਦਸ਼ਮ ਗ੍ਰੰਥ ਨੂੰ ਬਰਾਬਰ ਬਿਠਾ ਕੇ ਗੁਰੂ ਦੇ ਅਧੂਰੇ-ਪਨ ਨੂੰ ਗੁਰੂ ਜੀ ਨਾਲੋਂ ਸਿਆਣੇ ਬਣ ਕੇ ਦੂਰ ਕਰਨਗੇ।

ਸਿੱਖੋ! ਜਦੋਂ ਦਸਵੇਂ ਗੁਰੂ ਜੀ ਸਿੱਖ ਕੌਮ ਨੂੰ ਦਸ਼ਮ ਗ੍ਰੰਥ ਦੇ ਕੇ ਹੀ ਨਹੀਂ ਗਏ ਤਾਂ ਇੱਸ ਨੂੰ ਕਾਹਦੇ ਵਾਸਤੇ ਅਪਣਾ ਕੇ ਸਿੱਖਾਂ ਨੂੰ ਲੜਾਈ ਜਾ ਰਹੇ ਹੋ? ਘਰ ਵਿੱਚ ਸੁਹਾਗਣੀ ਦਾ ਖ਼ਸਮ ਅਤੇ ਬੱਚਿਆਂ ਦਾ ਪਿਓ ਇੱਕ ਹੀ ਹੁੰਦਾ ਹੈ, ਦੋ ਨਹੀਂ। ਜੇ ਇਹ ਨਿਯਮ ਭੰਗ ਹੋ ਜਾਏ, ਕਿਸੇ ਹੋਰ ਓਪਰੇ ਮਨੁੱਖ ਨੂੰ ਓਹੀ ਸੁਹਾਗਣੀ ਘਰ ਵਿੱਚ ਲਿਆਉਣਾ ਅਤੇ ਰਾਤਾਂ ਕਟਾਉਣੀਆਂ ਸ਼ੁਰੂ ਕਰ ਦੇਵੇ ਤਾਂ ਕੀ ਉਹ ਘਰ ਬਚਿਆ ਰਹੇਗਾ ਕਿ ਉੇੱਜੜ ਜਾਵੇਗਾ? ਸਿੱਖਾਂ ਲਈ ਇਹ ਪਿਓ ਅਤੇ ਖ਼ਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਤੋਂ ਬਾਹਰ ਝਾਕੋਗੇ ਤਾਂ ਉਜਾੜਾ ਹੀ ਉਜਾੜਾ ਹੈ।

ਮਿਤੀ 01/13/2017 ਨੂੰ ਵੀ ਇੱਕ ਚਰਚਾ ਅਕਾਲ ਚੈਨਲ ਰਾਹੀਂ ਦਿਖਾਈ ਗਈ ਜਿੱਸ ਵਿੱਚ ਕਈ ਵਿਦਵਾਨ ਸੱਜਣ ਅਤੇ ਇੱਕ ਬੀਬੀ ਜੀ ਸਹਿ ਸੰਚਾਲਕ ਵਜੋਂ ਬੈਠੇ ਸਨ । ਸਿੱਖੀ ਵਿੱਚ ਕਰਮ ਕਾਂਡਾਂ ਦੇ ਭਰਮਾਰ ਵਾਰੇ ਗੱਲ ਚੱਲਦੀ ਸੀ॥ ਕਿਸੇ ਕਾਲਰ ਨੇ ਦਸ਼ਮ ਗ੍ਰੰਥ ਵਾਰੇ ਵੀ ਸਵਾਲ ਪੁੱਛ ਲਿਆ। ਇੱਕ ਸਿੱਖ ਵਿਦਵਾਨ ਡਾਕਟਰ ਨੇ ਕਿਹਾ ਕਿ ਦਸ਼ਮ ਗ੍ਰੰਥ ਦਾ ਪ੍ਰਕਾਸ਼ ਜਾਂ ਕਿਸੇ ਵੀ ਪੁਸਤਕ ਦਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਹੀਂ ਹੋ ਸਕਦਾ। ਉਨ੍ਹਾਂ ਸਿੱਖ ਰਹਤ ਮਰਯਾਦਾ ਦਾ ਹਵਾਲਾ ਦਿੰਦੇ ਕਿਹਾ ਕਿ ਸਿੱਖਾਂ ਨੂੰ ਇਹ ਮਰਯਾਦਾ ਹਰ ਹਾਲਤ ਵਿੱਚ ਮੰਨਣੀ ਚਾਹੀਦੀ ਹੈ। ਜੇ ਦੇਖਿਆ ਜਾਵੇ ਤਾਂ ਡਾਕਟਰ ਵੀਰ ਜੀ ਦਾ ਜਵਾਬ ਹੀ ਆਪਸ ਵਿਰੋਧੀ ਸੀ। ਜੇ ਰਹਤ ਮਰਯਾਦਾ ਮੰਨਣੀ ਹੈ ਤਾਂ ਦਸ਼ਮ ਗ੍ਰੰਥ ਦਾ ਪ੍ਰਕਾਸ਼ ਕਿਉਂ ਚੁਕਾਉਂਦੇ ਹੋ। ਜਿੱਸ ਗ੍ਰੰਥ ਦਾ ਪ੍ਰਕਾਸ਼ ਚੁਕਾਉਂਦੇ ਹੋ ਓਸੇ ਦੀਆਂ ਬਾਣੀਆਂ ਨੂੰ ਪੜ੍ਹੇ ਜਾਣ ਲਈ ਜ਼ੋਰ ਵੀ ਦੇ ਰਹੇ ਹੋ। ਪ੍ਰਵਾਨ ਕਰੋ ਕਿ ਇਹ ਗ਼ਲਤੀ ਸ਼੍ਰੋ. ਕਮੇਟੀ ਨੇ ਖ਼ੁਦ ਕੀਤੀ ਹੋਈ ਹੈ। ਇਸ ਗ਼ਲਤੀ ਨੂੰ ਦੁਹਰਾਉਣਾ ਕੋਈ ਸਿਆਣਪ ਨਹੀਂ ਹੈ। ਗ਼ਲਤੀਆਂ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ, ਦੁਹਰਾਇਆ ਨਹੀਂ ਜਾਣਾ ਚਾਹੀਦਾ। ਹਾਂ ,ਜੇ ਦੁਹਰਾਉਣ ਦੀ ਜ਼ਿਦ ਕਰਨੀ ਹੀ ਹੈ ਤਾਂ ਜੀਅ ਸਦਕੇ ਕਰੋ ਪਰ ਕੌਮ ਨੂੰ ਹਿੰਦੂ ਮੱਤ ਵਿੱਚ ਜਜ਼ਬ ਹੋਣ ਵਿੱਚ ਹਿੱਸਾ ਤੁਸੀਂ ਵੀ ਪਾ ਰਹੇ ਹੋਵੋਗੇ।

ਰੱਬਾ! ਖ਼ੈਰ ਕਰੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top