Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਲਾਹ
-: ਖ਼ਾਲਸਾ ਨਿਊਜ਼ ਟੀਮ

ਪਿਛਲੇ ਇੱਕ ਸਾਲ ਤੋਂ ਸੰਤ ਬਾਬਾ ਤੋਂ ਭਾਈ ਬਣੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਗੁਰਮਤਿ ਗਾਡੀ ਰਾਹ 'ਤੇ ਚਲਣਾ ਸ਼ੁਰੂ ਕੀਤਾ ਹੈ, ਡੇਰਾਵਾਦੀ ਸੋਚ ਤੋਂ ਹੱਟ ਕੇ ਗੁਰਮਤਿ ਰਾਹ 'ਤੇ ਆਉਣਾ ਇੱਕ ਬਿਖਮ ਪੰਥ ਹੈ, ਜੋ ਬਹੁਤ ਹੀ ਸ਼ਲਾਘਯੋਗ ਹੈ। ਇਸਦਾ ਖਾਮਿਆਜ਼ਾ ਵੀ ਉਹ ਭਾਈ ਭੁਪਿੰਦਰ ਸਿੰਘ ਦੀ ਮੌਤ ਨਾਲ ਉਠਾ ਚੁਕੇ ਹਨ, ਜਿਸਦੇ ਬਾਅਦ ਜਿੰਨਾਂ ਠਰੰਮਾ ਉਨ੍ਹਾਂ ਨੇ ਬਿਨਾ ਉੱਤੇਜਿਤ ਹੋਇਆਂ ਦਿਖਾਇਆ ਹੈ, ਕੋਈ ਵਿਰਲਾ ਹੀ ਦਿਖਾ ਸਕਦਾ ਹੈ।

ਪਿਛਲੇ ਕੁੱਝ ਸਮੇਂ ਵਿੱਚ ਆਈ ਤਬਦੀਲੀ ਅਤੇ ਉਨ੍ਹਾਂ ਦੇ ਵੀਚਾਰ ਗੁਰਮਤਿ ਨਾਲ ਮੇਲ ਖਾਣ ਲੱਗੇ ਹਨ, ਜਿਸ ਨਾਲ ਸੰਗਤਾਂ ਨੇ ਕਾਫੀ ਲਾਹਾ ਖੱਟਿਆ ਹੈ। ਜਿਹੜੀਆਂ ਰੂੜੀਵਾਦੀ ਪਰੰਪਰਾਵਾਂ, ਅਖੋਤੀ ਸਾਧ ਬਾਬਿਆਂ ਦੇ ਪਖੰਡਾਂ, ਗੁਰਮਤਿ ਦੀ ਰੌਸ਼ਨੀ ਵਿੱਚ ਕਈ ਉੱਤਮ ਵੀਚਾਰ ਪੇਸ਼ ਕਰ ਰਹੇ ਹਨ, ਉਹ ਧਿਆਨ ਗੋਚਰੇ ਹਨ।

ਜਿਸ ਦ੍ਰਿੜਤਾ ਨਾਲ ਉਹ ਗੁਰਮਤਿ ਗਿਆਨ ਬਾਰੇ ਵੀਚਾਰਾਂ ਕਰ ਰਹੇ ਹਨ, ਉਸ ਨਾਲ ਪਖੰਡਵਾਦ 'ਚ ਲਿਪਤ ਸਮੂਹ ਤੜਫ ਉਠਿਆ ਹੈ। ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਹਾਲੇ ਵੀ ਕਾਫੀ ਪੈਂਡਾ ਤੈਅ ਕਰਨਾ ਬਾਕੀ ਹੈ, ਜਿਸ ਨਾਲ ਹੋਰ ਪਰਪੱਕਤਾ ਦੀ ਆਸ ਹੈ। ਇਸ ਲਈ ਉਨ੍ਹਾਂ ਨੂੰ ਇਕ ਸੁਝਾਅ ਹੈ ਕਿ ਜਿਸ ਵਿਸ਼ੇ 'ਤੇ ਉਨ੍ਹਾਂ ਦੀ ਹਾਲੇ ਪਕੜ ਨਹੀਂ, ਉਸ ਬਾਰੇ ਵਿਖਿਆਨ ਕਰਣ ਤੋਂ ਪਹਿਲਾਂ ਉਸ ਵਿਸ਼ੇ ਬਾਰੇ ਘੋਗ ਕਰ ਲੈਣ। ਜਿਹੜਾ ਉਹ ਕੰਮ ਕਰ ਰਹੇ ਹਨ, ਵਧੀਆ ਕਰ ਰਹੇ ਹਨ, ਜ਼ਰੂਰੀ ਨਹੀਂ ਕਿ ਹਰ ਕਿਸੇ ਨੇ ਅਖੌਤੀ ਦਸਮ ਗ੍ਰੰਥ ਬਾਰੇ ਬੋਲਣਾ ਹੈ, ਜਿਹੜੇ ਬੋਲਦੇ ਬੋਲਦੇ ਹੱਟ ਗਏ ਉਹ ਵੱਖਰੀ ਗੱਲ ਹੈ, ਪਰ ਉਨ੍ਹਾਂ ਹਾਲੇ ਬਹੁਤ ਪੈਂਡਾ ਤੈਅ ਕਰਨਾ ਹੈ।

ਇਸ ਪੋਸਟ ਵਿੱਚ ਦਿੱਤੀ ਇਸ ਵੀਡੀਓ ਵਿੱਚ ਉਹ ਵਿਰਜੀਨੀਆ ਵਿਖੇ ਹੋਏ ਪਾਹੁਲ ਸੰਚਾਰ ਬਾਰੇ ਗੱਲ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਬੜੇ ਹੀ ਗੈਰ ਜਿੰਮੇਵਾਰਨਾ ਢੰਗ ਨਾਲ ਪ੍ਰੋ. ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਹੈ। ਭਾਈ ਢੱਡਰੀਆਂ ਵਾਲੇ ਕੋਲੋਂ ਇਸ ਤਰ੍ਹਾਂ ਦੀ ਭਾਸ਼ਾ ਦੀ ਉਮੀਦ ਨਹੀਂ ਸੀ। ਬਿਨਾਂ ਪੂਰੀ ਜਾਣਕਾਰੀ ਦੇ ਇਸ ਤਰ੍ਹਾਂ ਦੇ ਬਿਆਨ ਤਲਖੀ ਦਾ ਮਾਹੌਲ ਪੈਦਾ ਕਰਦੇ ਹਨ। ਜਿਸ ਜਾਪੁ, ਚੌਪਈ ਦਾ ਉਨ੍ਹਾਂ ਨੂੰ ਐਨਾ ਹੇਜ ਹੈ, ਪਹਿਲਾਂ ਉਸ ਵਿਸ਼ੇ ਬਾਰੇ ਆਪ ਜਾਣਕਾਰੀ ਹਾਸਿਲ ਕਰਣ। ਅਖੌਤੀ ਦਸਮ ਗ੍ਰੰਥ ਬਾਰੇ ਉਹ ਕੀ ਸੋਚਦੇ ਹਨ, ਹਾਲੇ ਇਹ ਤਸਦੀਕ ਨਹੀਂ ਕੀਤਾ ਜਾ ਸਕਦਾ, ਪਰ ਜੋ ਉਨ੍ਹਾਂ ਦਾ ਬਿਆਨ ਦਰਸਾ ਰਿਹਾ ਹੈ, ਉਹ ਰਹਿਤ ਮਰਿਆਦਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਵੱਧ ਤਰਜੀਹ ਦੇਣ ਦਾ ਸਦਕਾ ਹੀ ਹੈ। ਜਦੋਂ ਉਨ੍ਹਾਂ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਹੋਵੇਗੀ, ਤੱਦ ਕੋਈ ਬਿਆਨ ਦੀ ਆਸ ਕੀਤੀ ਜਾ ਸਕਦੀ ਹੈ, ਉਦੋਂ ਤੱਕ ਜਿਹੜਾ ਕੰਮ ਕਰ ਰਹੇ ਹਨ, ਕਰੀ ਚੱਲਣ।

ਖ਼ਾਲਸਾ ਨਿਊਜ਼ ਟੀਮ ਉਨ੍ਹਾਂ ਦੀ ਵਿਰੋਧੀ ਨਹੀਂ, ਪਰ ਜਿਸ ਵਿਸ਼ੇ ਬਾਰੇ ਜਾਣਕਾਰੀ ਹਾਲੇ ਨਹੀਂ ਜਾਂ ਅੱਧ ਪਚੱਧੀ ਹੈ, ਜਾਂ ਹਾਲੇ ਕਥਿਤ ਸਿੱਖ ਰਹਿਤ ਮਰਿਆਦਾ ਦੇ ਦਾਇਰੇ 'ਚ ਹੀ ਰਹਿਣਾ ਹੈ ਤਾਂ, ਜੀ ਸਦਕੇ ਰਹਿਣ, ਪਰ ਸੁਣੀ ਸੁਣਾਈ ਗੱਲਾਂ ਦੇ ਆਧਾਰ 'ਤੇ ਬਿਆਨ ਦੇਣਾ, ਉਨ੍ਹਾਂ ਨੂੰ ਸੋਭਦਾ ਨਹੀਂ।

ਭਾਈ ਰਣਜੀਤ ਸਿੰਘ ਜੀ ਦੀ ਜਾਣਕਾਰੀ ਲਈ ਦੱਸ ਦਈਏ ਕਿ ਵਿਰਜੀਨੀਆ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਪਾਹੁਲ ਸੰਚਾਰ ਨਹੀਂ ਕਰਵਾਇਆ, ਹਾਂ ਉਨ੍ਹਾਂ ਦੇ ਪ੍ਰਚਾਰ ਸਦਕਾ ਗਿਆਨੀ ਕੁਲਦੀਪ ਸਿੰਘ ਅਤੇ ਹੋਰ ਸੱਜਣਾਂ ਨੇ ਇਹ ਪਾਹੁਲ ਸੰਚਾਰ ਕਰਵਾਇਆ ਹੈ, ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਨਾਲ ਹੀ ਕਰਵਾਇਆ ਹੈ। ਜਿਸ ਗੁਰੂ ਦੀ ਬਾਣੀ ਦਾ ਉਨ੍ਹਾਂ ਪਿਛਲੇ ਥੋੜੇ ਸਮੇਂ ਤੋਂ ਪ੍ਰਚਾਰ ਸ਼ੁਰੂ ਕੀਤਾ ਹੈ, ਕੀ ਉਸ ਬਾਣੀ ਵਿੱਚੋਂ ਅੰਮ੍ਰਿਤ (ਪਾਹੁਲ) ਤਿਆਰ ਨਹੀਂ ਕੀਤਾ ਜਾ ਸਕਦਾ ? ਇਸ ਵਿਸ਼ੇ 'ਤੇ ਧਿਆਨ ਨਾਲ ਸੋਚਣ!

ਗੁਰੂ ਉਨ੍ਹਾਂ ਨੂੰ ਹੋਰ ਦ੍ਰਿੜਤਾ ਬਖਸ਼ੇ, ਜਿਸ ਨਾਲ ਉਹ ਦੋ ਬੇੜੀਆਂ 'ਚ ਪੈਰ ਧਰਨ ਦੀ ਬਜਾਏ, ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਹੋਰ ਦਲੇਰੀ ਨਾਲ ਕਰ ਸਕਣ।

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top