Share on Facebook

Main News Page

ਇਹ ਸੱਚੀ ਕਹਾਣੀ ਸਿਰਫ ਇਹ ਦੱਸਣ ਲਈ ਹੈ ਕਿ "ਵਡਾਲਾ ਗੁਰੱਪ" ਅਸਲ ਵਿੱਚ ਬਾਬਾ "ਧੁੰਮਾ ਗਰੁੱਪ" ਹੀ ਹੈ
-: ਗੁਰਸੇਵਕ ਸਿੰਘ ਧੌਲਾ

ਗੱਲ 1 ਜਨਵਰੀ 2013 ਦੀ ਹੈ।

ਮੈਨੂੰ ਸਵੇਰੇ ਹੀ ਬਲਵਿੰਦਰ ਸਿੰਘ ਬੋਪਾਰਾਏ (ਹੁਣ ਬਲਵਿੰਦਰ ਸਿੰਘ ਪੁੜੈਣ) ਦਾ ਫੋਨ ਆਇਆ। ਓਦੋਂ ਉਹ ‘ਪਹਿਰੇਦਾਰ’ ਅਖਬਾਰ ਦਾ ਮੈਨੇਜਿੰਗ ਡਾਇਰੈਕਟਰ ਸੀ ਅਤੇ ਮੈਂ ਪਹਿਰੇਦਾਰ ਅਖਬਾਰ ਵਿਚ ਹੀ ਪੱਤਰਕਾਰ ਵਜੋਂ ਕੰਮ ਕਰਦਾ ਸੀ। ਮੈਂ ਫਤਹਿ ਬੁਲਾਈ ਤਾਂ ਉਹ ਅੱਗੋ ਫਤਹਿ ਦਾ ਜਵਾਬ ਦੇਣ ਦੀ ਥਾਂ ਪੁੱਠਾ-ਸਿੱਧਾ ਬੋਲਣ ਲੱਗ ਪਿਆ। ਬੋਪਾਰਾਏ ਪੂਰਾ ਤਪਿਆ ਹੋਇਆ ਸੀ। ਮੈਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਅਜਿਹਾ ਕੀ ਹੋ ਗਿਆ ਜਿਹੜਾ ਨਵੇਂ ਸਾਲ ਦੀ ਸਵੇਰ ਨੂੰ ਹੀ ਸਾਡੇ ਐਮ.ਡੀ. ਸਾਹਿਬ ਦਾ ਪਾਰਾ ਚੜ੍ਹ ਗਿਆ ਹੈ।

ਅਖੀਰ ਗੱਲ ਦਾ ਭੇਦ ਓਦੋਂ ਖੁੱਲ੍ਹਿਆ ਜਦੋਂ ਬੋਪਾਰਾਏ ਨੇ ਮੈਨੂੰ ਨਵੇਂ ਸਾਲ 'ਤੇ ਛਪੇ ਮੇਰੇ ਲੇਖ ਤੇ ਇਤਰਾਜ ਪ੍ਰਗਟ ਕੀਤਾ। ਉਸ ਨੇ ਕਿਹਾ ”ਤੂੰ ਮੇਰੇ ਅਖਬਾਰ ਨੂੰ ਇਹ ਲੇਖ ਭੇਜਿਆ ਕਿਵੇਂ!!?” ਇਹ ਕਹਿ ਕੇ ਬੋਪਾਰਾਏ ਨੇ ਮੈਨੂੰ ਗਾਲ਼ ਕੱਢ ਦਿੱਤੀ ਅਤੇ ਲੱਤਾਂ ਤੋੜਨ ਦੀ ਧਮਕੀ ਵੀ ਨਾਲ ਦਿੱਤੀ। ਲਗਦੇ ਹੱਥ ਮੈਂ ਵੀ ਉਸੇ ਭਾਸ਼ਾ ਵਿਚ ਪੰਜ ਸੱਤ ਚੋਂਦੀਆਂ-ਚੋਂਦੀਆਂ ਗਾਲਾਂ ਕੱਢ ਦਿੱਤੀਆਂ। ਮੇਰੇ ਤੋਂ ਬੋਪਾਰਾਏ ਨੂੰ ਗਾਲ਼ਾਂ ਦੀ ਆਸ ਨਹੀਂ ਸੀ, ਸੋ ਉਸ ਨੇ ਤੁਰੰਤ ਫੋਨ ਕੱਟ ਦਿੱਤਾ। ਇਹ ਗੱਲ ਮੈਂ ਅਖਬਾਰ ਦੇ ਜਿਲ੍ਹਾ ਇੰਚਾਰਜ ਜਗਸੀਰ ਸਿੰਘ ਸੰਧੂ ਦੇ ਧਿਆਨ ਵਿਚ ਲਿਆਂਦੀ ਅਤੇ ਸੰਧੂ ਸਾਹਿਬ ਨੇ ਤੁਰੰਤ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਨਾਲ ਗੱਲ ਕੀਤੀ। ਹੇਰਾਂ ਸਾਹਿਬ ਨੇ ਸਾਨੂੰ ਬਹੁਤ ਹੀ ਨਿਮਰਤਾ ਨਾਲ ਚੁੱਪ ਰਹਿਣ ਲਈ ਬੇਨਤੀ ਕੀਤੀ, ਤਾਂ ਅਸੀਂ ਚੁੱਪ ਕਰ ਗਏ।

ਮੈਂ ਹਰ ਸਾਲ ਬੀਤੇ ਸਾਲ ਦੀਆਂ ਸਿੱਖ ਗਤੀਵਿਧੀਆਂ ਦਿਾ ਸੰਖੇਪ ਬਿਊਰਾ ਲਿਖਦਾ ਹੁੰਦਾ ਸੀ ਅਤੇ ਇਸ ਦਿਨ ਵੀ ਪਹਿਰੇਦਾਰ ਵਿਚ ਮੇਰਾ ਪੂਰੇ ਪੇਜ ਤੇ ਸਾਲ 2012 ਦੀ ਸਿੱਖ ਘਟਨਾਵਾਂ 'ਤੇ ਪੂਰੇ ਪੇਜ ਦਾ ਬਿਊਰਾ ਛਪਿਆ ਹੋਇਆ ਸੀ। ਇਸ ਬਿਊਰੇ ਵਿਚ 12ਵੇਂ ਪਹਿਰੇ ਵਿਚ ਛਪੀ ਡਿਟੇਲ ਨੇ ਬੋਪਾਰਾਏ ਨੂੰ ਕੱਪੜਿਆਂ ਤੋਂ ਬਾਹਰ ਕਰ ਦਿੱਤਾ ਸੀ। ਜਿਸਦਾ ਲਿੰਕ ਇਹ ਹੈ:

http://panjabitoday.com/news/2013/january/1/7980

ਗੱਲ ਇਨੀ ਕੁ ਸੀ ਕਿ 14 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਕਿ ਬੇਅੰਤ ਸਿੰਘ ਸੋਧ ਕਾਂਡ ਵਿਚ ਮੁਰਜ਼ਮ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ 2012 ਨੂੰ ਸਵੇਰੇ 9 ਵਜੇ ਫਾਂਸੀ ਦੇ ਦਿੱਤੀ ਜਾਵੇ। ਅਗਲੇ ਦਿਨ ਆਪਣੀ ਟੌਹਰ ਬਣਾਉਣ ਲਈ ਪਟਿਆਲਾ ਜੇਲ੍ਹ ਵਿਚ ਮੁਲਾਕਾਤ ਕਰਨ ਲਈ ਪੁੱਜੇ ਸੰਤ ਸਮਾਜ ਦੇ ਆਗੂ ਹਰੀ ਸਿੰਘ ਰੰਧਾਵਾ ਅਤੇ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਭਾਈ ਰਾਜੋਆਣਾ ਨੇ ਇਹ ਕਹਿ ਕੇ ਪੁੱਠੇ ਪੈਰੀਂ ਮੋੜ ਦਿੱਤਾ ਸੀ ਕਿ ਉਹ ਇਹਨਾਂ ਆਗੂਆਂ ਨੂੰ ਮਿਲਣਾ ਨਹੀਂ ਚਾਹੁੰਦੇ। ਸੋ ਮੇਰੇ ਲੇਖ ਵਿਚ ਇਹ ਸ਼ਬਦਾਂ ਨੂੰ ਪੜ੍ਹ ਕੇ ਬੋਪਾਰਾਏ ਨੂੰ ਗੁੱਸਾ ਆਇਆ ਸੀ। ਜਦ ਕਿ ਇਹ ਸੱਚੀ ਘਟਨਾ ਸੀ ਜਿਹੜੀ ਸਾਲ ਦੀਆਂ ਚੋਣਵੀਆਂ ਘਟਨਾਵਾਂ ਵਿਚ ਸ਼ਾਮਲ ਹੋਣੀ ਚਾਹੀਦੀ ਸੀ।

ਬੋਪਾਰਾਏ... ਬਾਬਾ ਹਰਨਾਮ ਸਿੰਘ ਧੁੰਮਾ ਦੇ ਨਜਦੀਕੀਆਂ ਵਿਚੋਂ ਸੀ (ਹੁਣ ਵੀ ਹੈ)। ਪਹਿਰੇਦਾਰ ਅਖਬਾਰ ਦੀ ਆਰਥਿਕਤਾ ਲਈ ਬਾਬਾ ਹਰਨਾਮ ਸਿੰਘ ਰਾਹੀਂ ਸੰਤ ਸਮਾਜ ਵੱਡਾ ਸਹਾਰਾ ਬਣਿਆ ਹੋਇਆ ਸੀ। ਅਜੇ ਕੁੱਝ ਦਿਨ ਪਹਿਲਾਂ ਹੀ ਦਸੰਬਰ 2012 ਵਿਚ ਬੋਪਾਰਾਏ ਰਾਹੀਂ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੇ ਲੁਧਿਆਣਾ ਵਿਖੇ ਪਹਿਰੇਦਾਰ ਦੇ ਸਲਾਨਾ ਸਮਾਰੋਹ ਵਿਚ ਕਾਰ ਭੇਟ ਵੀ ਕੀਤੀ ਸੀ। (ਇਹ ਕਾਰ ਦਾ ਕਿੱਸਾ ਵੀ ਬੜਾ ਦਿਲਚਸਪ ਹੈ) ਮੈਂ ਖੁਦ ਇਸ ਪ੍ਰੋਗ੍ਰਾਮ ਵਿਚ ਸ਼ਾਮਲ ਸੀ । ਇਸ ਸਮੇਂ ਹੁਣ ਦਿੱਲੀ ਕਮੇਟੀ ਦੀਆਂ ਚੋਣਾਂ ਲੜ ਰਹੇ ਆਗੂ, ਬਾਬਾ ਹਰਨਾਮ ਸਿੰਘ ਧੁੰਮਾ, ਬੋਪਾਰਾਏ, ਜਸਪਾਲ ਸਿੰਘ ਹੇਰਾਂ, ਜਗਸੀਰ ਸਿੰਘ ਸੰਧੂ, ਪੱਤਰਕਾਰ ਗੁਰਨਾਮ ਸਿੰਘ ਅਕੀਦਾ ਸਟੇਜ 'ਤੇ ਸਨ। ਜਸਪਾਲ ਸਿੰਘ ਹੇਰਾਂ ਨੇ ਕਾਰ ਗਿਫਟ ਦੇ ਦਬਾਅ ਵਿਚ ਆ ਕੇ ਆਪਣੀ ਸਿੱਖ ਸੋਚਣੀ ਨੂੰ ਭੋਰਾ ਵੀ ਝਰੀਟ ਨਹੀਂ ਸੀ ਪੈਣ ਦਿੱਤੀ। ਇਹੀ ਕਾਰਨ ਸੀ ਕਿ ਮੇਰੇ ਲੇਖ ਵਿਚ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਹਰੀ ਸਿੰਘ ਰੰਧਾਵਾ ਵਾਲੀ ਘਟਨਾ ਬਿਨਾ ਕੱਟ-ਵੱਢ ਕੀਤੇ ਛਾਪ ਦਿੱਤੀ ਗਈ ਸੀ।

ਬੋਪਾਰਾਏ ਨਾਲ ਗਰਮਾ-ਗਰਮੀ ਹੋਣ ਕਰਕੇ ਮੈਂ ਪਹਿਰੇਦਾਰ ਅਖਬਾਰ ਤੋਂ ਅਸਤੀਫਾ ਦੇਣ ਦਾ ਮਨ ਵੀ ਬਣਾ ਲਿਆ ਸੀ, ਪਰ ਜਿਲ੍ਹਾ ਇੰਚਾਰਜ ਅਤੇ ਹੇਰਾਂ ਸਾਹਿਬ ਨੇ ਮੈਨੂੰ ਕੰਮ ਕਰਦੇ ਰਹਿਣ ਲਈ ਆਖ ਕੇ ਅਸਤੀਫਾ ਨਹੀਂ ਸੀ ਦੇਣ ਦਿੱਤਾ। ਬਾਅਦ ਵਿਚ ‘ਸਿੱਖ ਸਪੋਕਸਮੈਨ’ ਦਾ ਕੰਮ ਵਧਣ ਕਰਕੇ ਮੈਂ ਪਹਿਰੇਦਾਰ ਅਖਬਾਰ ਛੱਡ ਦਿੱਤਾ।

ਬਲਵਿੰਦਰ ਸਿੰਘ ਬੋਪਾਰਾਏ ਉਰਫ ਪੁੜੈਣ ਇਸ ਵੇਲੇ ‘ਜੁਝਾਰ ਟਾਇਮਜ, ਪਰਿਰੇਦਾਰ’ ਚਲਾ ਰਿਹਾ ਹੈ, ਤੇ ਰਾਗੀ ਬਲਦੇਵ ਸਿੰਘ ਵਡਾਲਾ ਦੀ ਸਿੱਖ ਸਦਭਾਵਨਾ ਦਲ ਦਾ ਪਾਲਿਸੀ ਮੇਕਰ ਵੀ ਹੈ। ਬਾਕੀ ਪਾਠਕ ਸਿਆਣੇ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top