Share on Facebook

Main News Page

ਗਿਆਨ ਤੇ ਜਾਣਕਾਰੀ
-: ਹਰਚਰਨ ਸਿੰਘ ਪਰਹਾਰ
ਫੋਨ: 403-681-8689
ਈ-ਮੇਲ: hp8689@gmail.com

ਆਮ ਤੌਰ 'ਤੇ ਗਿਆਨ ਅਤੇ ਜਾਣਕਾਰੀ ਨੂੰ ਇਕੋ ਗੱਲ ਸਮਝ ਲਿਆ ਜਾਂਦਾ ਹੈ, ਜਦਕਿ ਇਸ ਵਿੱਚ ਵੱਡਾ ਬੁਨਿਆਦੀ ਫਰਕ ਹੈ। ਵੱਧ ਜਾਣਕਾਰੀ ਵਾਲੇ ਨੂੰ ਅਕਸਰ ਅਸੀਂ ਗਿਆਨਵਾਨ ਜਾਂ ਵਿਦਵਾਨ ਸਮਝ ਲੈਂਦੇ ਹਾਂ, ਜਦਕਿ ਅਜਿਹਾ ਨਹੀਂ ਹੈ। ਸਾਡੇ ਸਰੀਰ ਦੇ ਕੁਝ ਗਿਆਨ (ਜਾਣਕਾਰੀ) ਇੰਦਰੇ ਹਨ, ਜਿਨ੍ਹਾਂ ਰਾਹੀਂ ਅਸੀਂ ਬਾਹਰ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ। ਜਿਸ ਤਰ੍ਹਾਂ ਅੱਖਾਂ ਰਾਹੀਂ ਦੇਖ ਕੇ, ਕੰਨਾਂ ਰਾਹੀਂ ਸੁਣ ਕੇ, ਨੱਕ ਰਾਹੀਂ ਸੁੰਘ ਕੇ, ਜੀਭ ਰਾਹੀਂ ਚੱਖ ਕੇ ਤੇ ਹੱਥਾਂ ਰਾਹੀਂ ਛੂਹ ਕੇ (ਸਪੱਰਸ਼ ਕਰਕੇ) ਜਾਣਕਾਰੀ ਲੈਂਦੇ ਹਾਂ। ਇਨ੍ਹਾਂ ਸਾਰੇ ਇੰਦਰਿਆਂ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਸਾਡਾ ਦਿਮਾਗ ਸਾਂਭਦਾ ਹੈ ਤੇ ਲੋੜ ਪੈਣ ਤੇ ਜਮ੍ਹਾਂ (ਸਟੋਰ) ਕੀਤੀ ਜਾਣਕਾਰੀ ਦੀ ਵਰਤੋਂ ਕਰਦਾ ਹੈ। ਦਿਮਾਗ ਦਾ ਹੀ ਇੱਕ ਹੋਰ ਹਿੱਸਾ, ਸਾਂਭੀ ਹੋਈ ਜਾਣਕਾਰੀ ਨੂੰ ਪੜਚੋਲ ਕੇ ਬਾਹਰ ਭੇਜਦਾ ਹੈ ਕਿ ਕਿਹੜੀ ਜਾਣਕਾਰੀ, ਕਿਸ ਮੌਕੇ ਵਰਤਣੀ ਹੈ।

ਸਾਡੇ ਦਿਮਾਗ ਵਿੱਚ ਜਾਣਕਾਰੀ ਤਾਂ ਬਹੁਤ ਤਰ੍ਹਾਂ ਦੀ ਹੁੰਦੀ ਹੈ, ਪਰ ਹਰ ਇੱਕ ਜਾਣਕਾਰੀ ਨੂੰ ਅਸੀਂ ਹਰ ਜਗ੍ਹਾ ਨਹੀਂ ਵਰਤ ਸਕਦੇ। ਜਿਸ ਵਿਅਕਤੀ ਦੇ ਦਿਮਾਗ ਦਾ ਉਹ ਹਿੱਸਾ ਕੰਮ ਕਰਨੋਂ ਹਟ ਜਾਵੇ ਜਾਂ ਘੱਟ ਕੰਮ ਕਰੇ ਤਾਂ ਦਿਮਾਗ ਅਜਿਹੀਆਂ ਜਾਣਕਾਰੀਆਂ ਬਾਹਰ ਕੱਢ ਸਕਦਾ ਹੈ, ਜਿਸ ਨਾਲ ਵਿਅਕਤੀ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜੀਆਂ ਹੋ ਸਕਦੀਆਂ ਹਨ। ਕੁਦਰਤ ਨੇ ਇੱਕ ਬੜਾ ਕਮਾਲ ਦਾ ਪਰਦਾ ਪਾਇਆ ਹੋਇਆ ਹੈ, ਜਿਸ ਜਾਣਕਾਰੀ ਦੀ ਜਿਥੇ ਲੋੜ ਹੈ, ਦਿਮਾਗ ਦਾ ਪੜਚੋਲੀਆ ਹਿੱਸਾ ਉਹੀ ਜਾਣਕਾਰੀ ਬਾਹਰ ਭੇਜਦਾ ਹੈ।

ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਹੈ ਕਿ ਜਾਣਕਾਰੀ ਪ੍ਰਾਪਤ ਕਰਨ ਵਾਲੇ ਇੰਦਰਿਆਂ ਰਾਹੀਂ, ਜਿਹੜਾ ਵਿਅਕਤੀ ਵੱਧ ਜਾਣਕਾਰੀ ਇਕੱਠੀ ਕਰਕੇ ਦਿਮਾਗ ਵਿੱਚ ਜਮ੍ਹਾਂ ਕਰ ਲੈਂਦਾ ਹੈ, ਉਹ ਉਤਨਾ ਵੱਡਾ ਵਿਦਵਾਨ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਵਿਦਿਆਰਥੀ ਵੱਧ ਜਾਣਕਾਰੀ ਯਾਦ ਕਰ ਸਕੇ, ਉਹ ਵੱਧ ਹੁਸ਼ਿਆਰ ਤੇ ਵੱਡੀ ਡਿਗਰੀ ਲੈਣ ਦਾ ਹੱਕਦਾਰ ਹੋ ਜਾਂਦਾ ਹੈ। ਵੱਧ ਜਾਣਕਾਰੀ ਇਕੱਠੀ ਕਰਕੇ ਯਾਦ ਕਰ ਲੈਣ ਨਾਲ ਵਿਦਵਾਨ ਬਣਿਆ ਜਾ ਸਕਦਾ ਹੈ, ਹੁਸ਼ਿਆਰ ਹੋਇਆ ਜਾ ਸਕਦਾ ਹੈ, ਵੱਡੀ ਡਿਗਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਕੋਈ ਚੰਗੀ ਨੌਕਰੀ ਲਈ ਜਾ ਸਕਦੀ ਹੈ, ਚੰਗਾ ਬਿਜਨੈਸ ਕੀਤਾ ਜਾ ਸਕਦਾ ਹੈ, ਵਿਦਵਾਨ ਬਣਿਆ ਜਾ ਸਕਦਾ ਹੈ, ਪਰ ਇਸ ਨਾਲ ਮਨੁੱਖ ਗਿਆਨਵਾਨ ਨਹੀਂ ਬਣ ਸਕਦਾ, ਸੂਝਵਾਨ ਨਹੀਂ ਬਣ ਸਕਦਾ। ਸੂਝ ਤੁਹਾਡੇ ਅੰਦਰੋਂ ਪੈਦਾ ਹੁੰਦੀ ਹੈ, ਕੋਈ ਪੜ੍ਹਿਆ ਲਿਖਿਆ ਤੇ ਵਿਦਵਾਨ ਵੀ ਮੂਰਖ ਹੋ ਸਕਦਾ ਹੈ ਅਤੇ ਕੋਈ ਦੁਨਿਆਵੀ ਜਾਣਕਾਰੀ ਤੋਂ ਸੱਖਣਾ ਅਨਪੜ੍ਹ ਵਿਅਕਤੀ ਸੂਝਵਾਨ ਹੋ ਸਕਦਾ ਹੈ, ਗਿਆਨਵਾਨ ਹੋ ਸਕਦਾ ਹੈ। ਗਿਆਨ ਤੁਹਾਡੇ ਅੰਦਰਲੇ ਤੇ ਬਾਹਰੀ ਅਨੁਭਵ ਤੋਂ ਪੈਦਾ ਹੁੰਦਾ ਹੈ। ਇਸ ਲਈ ਜਾਣਕਾਰੀ ਯਾਦ ਕਰ ਲੈਣੀ ਹੋਰ ਗੱਲ ਹੈ, ਗਿਆਨ ਹੋਣਾ ਹੋਰ ਗੱਲ ਹੈ।

ਸਾਡੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਇੰਦਰੇ (ਜਿਨ੍ਹਾਂ ਨੂੰ ਅਸੀਂ ਗਲਤੀ ਨਾਲ ਗਿਆਨ ਇੰਦਰੇ ਵੀ ਕਹਿੰਦੇ ਹਾਂ) ਬਾਹਰਮੁਖੀ ਹਨ ਤੇ ਇਹ ਬਾਹਰੋਂ ਜਾਣਕਾਰੀ ਪ੍ਰਾਪਤ ਕਰਦੇ ਹਨ, ਪਰ ਜੇ ਇਹ ਇੰਦਰੇ ਅੰਦਰੋਂ ਜਾਣਕਾਰੀ ਪ੍ਰਾਪਤ ਕਰਨ ਲੱਗ ਜਾਣ ਤਾਂ ਗਿਆਨ ਪੈਦਾ ਹੁੰਦਾ ਹੈ।ਜੇ ਇਸਨੂੰ ਇਵੇਂ ਕਿਹਾ ਜਾਵੇ ਕਿ ਅੱਖਾਂ ਖੋਲ੍ਹ ਕੇ ਪ੍ਰਾਪਤ ਕੀਤਾ ਗਿਆਨ ਤਾਂ ਜਾਣਕਾਰੀ ਹੈ, ਪਰ ਅੱਖਾਂ ਬੰਦ ਕਰਕੇ ਪ੍ਰਾਪਤ ਕੀਤੀ ਜਾਣਕਾਰੀ, ਗਿਆਨ ਹੈ।ਜਦੋਂ ਸਾਡੇ ਇਹ ਇੰਦਰੇ ਬਾਹਰਮੁੱਖਤਾ ਦੀ ਥਾਂ ਅੰਤਰਮੁੱਖੀ ਹੋਣ ਤਾਂ ਜੋ ਗਿਆਨ ਪੈਦਾ ਹੁੰਦਾ ਹੈ, ਉਸਦੇ ਹੀ ਗ੍ਰੰਥ ਬਣਦੇ ਹਨ, ਦੁਨੀਆਂ ਉਨ੍ਹਾਂ ਨੂੰ ਪੂਜਦੀ ਹੈ।ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਲੋਕ ਵਿਦਵਾਨ ਬਣਦੇ ਹਨ।ਇੱਕ ਬੜੀ ਮਜ਼ੇ ਦੀ ਗੱਲ ਹੈ ਕਿ ਜਿਨ੍ਹਾਂ ਵੱਡ ਆਕਰੀ ਕਿਤਾਬਾਂ ਜਾਂ ਗ੍ਰੰਥਾਂ ਨੂੰ ਪੜ੍ਹ ਕੇ ਜਾਂ ਅਰਥ ਕਰਕੇ, ਲੋਕ ਵਿਦਵਾਨ ਬਣਦੇ ਹਨ, ਪੀ. ਐਚ. ਡੀ. ਦੀਆਂ ਡਿਗਰੀਆਂ ਲੈਂਦੇ ਹਨ, ਡਾਕਟਰ ਬਣਦੇ ਹਨ।ਜਿਨ੍ਹਾਂ ਨੇ ਉਹ ਗ੍ਰੰਥ ਲਿਖੇ ਹੁੰਦੇ ਹਨ, ਉਨ੍ਹਾਂ ਨੇ ਗ੍ਰੰਥ ਨਹੀਂ ਪੜ੍ਹੇ ਹੁੰਦੇ।

ਵੱਧ ਜਾਣਕਾਰੀ ਇਕੱਠੀ ਕਰਕੇ, ਉਸਨੂੰ ਯਾਦ ਕਰਕੇ, ਦੱਸਣ ਵਾਲਾ ਵਿਅਕਤੀ ਵਿਦਵਾਨ ਤੇ ਹੋ ਸਕਦਾ ਹੈ, ਪਰ ਗਿਆਨੀ ਹੋਵੇ, ਜ਼ਰੂਰੀ ਨਹੀਂ। ਗਿਆਨੀ ਹੋਣਾ ਬਹੁਤ ਵੱਡੀ ਘਟਨਾ ਹੈ, ਜੀਵਨ ਦੀ ਕਾਇਆ ਕਲਪ ਹੋਣਾ ਹੈ। ਪਰ ਅਗਿਆਨਤਾ ਵਿੱਚ ਅਸੀਂ ਜਿਥੇ ਵਿਦਵਤਾ ਨੂੰ ਹੰਕਾਰ ਬਣਾ ਲਿਆ ਹੈ, ਉਥੇ ਗਿਆਨੀ ਹੋਣ ਨੂੰ ਹੀਣ ਭਾਵਨਾ ਨਾਲ ਜੋੜ ਲਿਆ ਹੈ। ਅੱਜ ਮਨੁੱਖ ਵਿਦਵਾਨ ਕਹਾਉਣ ਵਿੱਚ ਤਾਂ ਫਖਰ ਮਹਿਸੂਸ ਕਰਦਾ ਹੈ ਤੇ ਗਿਆਨੀ ਕਹਾਉਣ ਨੂੰ ਹੀਣਾਪਨ ਮਹਿਸੂਸ ਕਰਦਾ ਹੈ। ਇਸਦਾ ਕਾਰਨ ਇਹ ਵੀ ਹੈ ਕਿ ਅਸੀਂ ਅਣਜਾਣੇ ਵਿੱਚ ਗੁਰਦੁਆਰਿਆਂ ਦੇ ਭਾਈਆਂ (ਗ੍ਰੰਥੀਆਂ) ਨੂੰ ਗਿਆਨੀ ਕਹਿਣਾ ਸ਼ੁਰੂ ਕੀਤਾ ਹੋਇਆ ਹੈ। ਜਦਕਿ ਉਨ੍ਹਾਂ ਕੋਲ ਆਮ ਤੌਰ ਗਿਆਨ ਤਾਂ ਬਹੁਤ ਦੂਰ ਦੀ ਗੱਲ ਹੈ, ਵਿਦਵਤਾ ਵੀ ਨਹੀਂ ਹੁੰਦੀ। ਇਸੇ ਲਈ ਆਮ ਲੋਕ ਆਪਣੇ ਆਪ ਨੂੰ ਗਿਆਨੀ ਕਹਾਉਣ ਤੋਂ ਪਾਸਾ ਵੱਟਦੇ ਹਨ। ਬਹੁਤ ਵਾਰ ਗਿਆਨੀ ਨੂੰ ਅਸੀਂ ਪਹਿਰਾਵੇ ਨਾਲ ਵੀ ਜੋੜ ਲਿਆ ਹੈ ਤੇ ਸਮਝਦੇ ਹਾਂ ਕਿ ਗਿਆਨੀਆਂ ਦਾ ਕੋਈ ਖਾਸ ਪਹਿਰਾਵਾ ਹੋਣਾ ਚਾਹੀਦਾ ਹੈ?

ਬੇਸ਼ਕ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਵਿੱਚ ਵਿਚਰਨ ਤੇ ਤਰੱਕੀ ਕਰਨ ਲਈ ਜਾਣਕਾਰੀ ਇਕੱਠੀ ਕਰਨ, ਯਾਦ ਕਰਨ ਤੇ ਲੋੜ ਅਨੁਸਾਰ ਵਰਤਣ ਦਾ ਬੜਾ ਮਹੱਤਵ ਹੈ, ਉਸ ਤੋਂ ਬਿਨਾਂ ਅੱਜ ਦੇ ਸਮਾਜ ਵਿੱਚ ਕਾਮਯਾਬ ਨਹੀਂ ਹੋਇਆ ਜਾ ਸਕਦਾ। ਪਰ ਇਸਦੇ ਨਾਲ-ਨਾਲ ਸਾਨੂੰ ਆਪਣੇ ਇਨ੍ਹਾਂ ਜਾਣਕਾਰੀ ਵਾਲੇ ਇੰਦਰਿਆਂ ਨੂੰ ਬਾਹਰਮੁੱਖਤਾ ਤੋਂ ਮੋੜ ਕੇ ਅੰਤਰਮੁੱਖੀ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਗਿਆਨਵਾਨ ਵੀ ਹੋ ਸਕੀਏ।ਜੀਵਨ ਦੇ ਬਹੁਤ ਸਾਰੇ ਰਹੱਸ, ਜਿਨ੍ਹਾਂ ਕਰਕੇ ਅਕਸਰ ਸ਼ੈਤਾਨ ਲੋਕ ਸਾਨੂੰ ਗੁੰਮਰਾਹ ਕਰਦੇ ਹਨ, ਸਮਝ ਆ ਸਕਣ।ਅਸੀਂ ਵੀ ਉਸ ਅਨੁਭਵ ਤੋਂ ਜਾਣੂ ਹੋ ਸਕੀਏ, ਜਿਸ ਲਈ ਸਾਡਾ ਮਨ ਅਕਸਰ ਬੇਚੈਨ ਰਹਿੰਦਾ ਹੈ। ਅਸੀਂ ਕਿਸੇ ਸਦੀਵੀ ਆਨੰਦ ਲਈ ਤਾਂਘਦੇ ਰਹਿੰਦੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top