Share on Facebook

Main News Page

ਬਚਿੱਤਰੀ ਵਿਦਵਾਨ ਡਾ. ਹਰਭਜਨ ਸਿੰਘ ਵੱਲੋਂ ਜਰਮਨੀ ਗਏ ਗੋਗੋਆਣੀ ਤੇ ਸਾਥੀਆਂ 'ਤੇ ਇਲਜ਼ਾਮ

ਟਿੱਪਣੀ: ਇਹ ਲਿਖਤ ਬਚਿੱਤਰੀ ਵਿਦਵਾਨ ਡਾ. ਹਰਭਜਨ ਸਿੰਘ ਦੀ ਲਿਖੀ ਹੈ, ਜਿਸ ਵਿੱਚ ਉਹ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਜਰਮਨੀ ਵਿਖੇ ਬਚਿੱਤਰ ਨਾਟਕ ਗ੍ਰੰਥ ਸੰਵਾਦ ਵਿੱਚ ਪਹੁੰਚੇ ਤੇ ਭਗੌੜੇ ਹੋਏ ਡਾ. ਅਮਰਜੀਤ ਸਿੰਘ, ਪ੍ਰਿੰ. ਵਰਿਆਮ ਸਿੰਘ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੂੰ ਦਸਮ ਗ੍ਰੰਥ ਦੇ ਹਿਮਾਇਤੀਆਂ ਦੀ ਦੂਜੀ ਕਤਾਰ ਦੇ ਵਿਦਵਾਨ ਆਖ ਰਿਹਾ ਹੈ। ਹੋਰ ਤਾਂ ਹੋਰ ਇਹ ਮੰਨ ਰਿਹਾ ਹੈ ਕਿ "ਬਡੂੰਗਰ ਦੀ ਇਸ ਟੀਮ ਨੂੰ ਪੰਥ-ਦਰਦੀਆਂ ਨੇ ਸਖ਼ਤ ਚੇਤਾਵਨੀ ਦੇ ਦਿਤੀ, ਕਿ ਜੇ ਤੁਸੀਂ ਕਿਸੇ ਡਿਬੇਟ ਵਿਚ ਭਾਗ ਲਿਆ, ਤਾਂ ਤੁਹਾਡੀ ਦੁਰਗਤਿ ਹੋਵੇਗੀ। ਇਹ ਗੋਸ਼ਟੀ ਛਡਣ ਵਾਸਤੇ ਮਜ਼ਬੂਰ ਹੋ ਗਏ। ਗੋਸ਼ਠੀ ਛਡਣ ਵਾਸਤੇ ਫਿਰ ਬਹਾਨੇ ਤਾਂ ਲਾਉਣੇ ਹੀ ਸੀ। "

...ਅਤੇ ਆਪਣੇ ਸਮੇਤ ਡਾ. ਜੋਧ ਸਿੰਘ, ਸ. ਗੁਰਚਰਨਜੀਤ ਸਿੰਘ ਲਾਂਬਾ, ਡਾ. ਹਰਪਾਲ ਸਿੰਘ ਪੰਨੂ, ਡਾ. ਅਨੁਰਾਗ ਸਿੰਘ, ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਡਾ. ਗੁਰਿੰਦਰ ਸਿੰਘ ਮਾਨ, ਡਾ. ਕਮਲਰੂਪ ਸਿੰਘ, ਡਾ. ਸ਼ੋਭਾ ਕੌਰ, ਗਿ. ਸ਼ੇਰ ਸਿੰਘ, ਭਾਈ ਬੰਤਾ ਸਿੰਘ ਨੂੰ ਪਹਿਲੀ ਕਤਾਰ ਦਰਸਾ ਰਿਹਾ ਹੈ।

ਡਾ. ਹਰਭਜਨ ਸਿੰਘ ਦਾ ਇਹ ਸਾਰਾ ਲਿਖਣਾ ਦਰਸਾ ਰਿਹਾ ਹੈ ਕਿ ਕਿਹੜੇ ਲੋਕਾਂ ਨੇ ਇਹ ਸੰਵਾਦ ਨੂੰ ਨਾ ਹੋਣ ਦਿੱਤਾ ਤੇ ਦੂਜੇ ਪਾਸੇ ਡਾ. ਅਮਰਜੀਤ ਸਿੰਘ, ਪ੍ਰਿੰ. ਵਰਿਆਮ ਸਿੰਘ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਸ ਤਰ੍ਹਾਂ ਝੂਠ ਬੋਲਿਆ।

ਨਾਲ ਦਿੱਤਾ ਹੈ Screenshot ਜਿਸ 'ਤੇ ਡਾ. ਹਰਭਜਨ ਸਿੰਘ ਦੇ ਆਪਣੇ comment ਹਨ। ਇਹ ਹੈ ਇਨ੍ਹਾਂ ਬਚਿੱਤਰੀਆਂ ਦੀ ਅਸਲੀ ਔਕਾਤ। ਇਹ ਕੁਮੈਂਟ ਹੇਠ ਦਿੱਤੇ ਲਿੰਕ 'ਤੇ ਪੜੇ ਜਾ ਸਕਦੇ ਹਨ।

https://www.facebook.com/photo.php?fbid=1571856969512103&set=a.808483875849420.1073741832.100000634463821&type=3&theater

- ਸੰਪਾਦਕ ਖ਼ਾਲਸਾ ਨਿਊਜ਼

ਪੇਸ਼ ਹੈ ਡਾ. ਹਰਭਜਨ ਸਿੰਘ ਦਾ ਲਿਖਿਆ ਜਰਮਨੀ ਸੰਵਾਦ ਸੰਬੰਧੀ ਲੇਖ


ਸ਼੍ਰੀ ਦਸਮ ਗ੍ਰੰਥ ਸਾਹਿਬ ਸੰਬੰਧੀ ਵਿਵਾਦ ਦੇ ਸਮਾਧਾਨ ਲਈ ਜਰਮਨੀ ਵਿਚ ਰਖੀ ਗੋਸ਼ਠੀ ਅਜ ਕਲ ਸੁਰਖੀਆਂ ਵਿਚ ਹੈ। ਇਸ ਲਈ ਦੋ ਟੀਮਾਂ ਦਾ ਜ਼ਿਕਰ ਆ ਰਿਹਾ ਹੈ। ਦਸਮ ਗ੍ਰੰਥ ਦੇ ਹਿਮਾਇਤੀਆਂ ਵਾਲੀ ਟੀਮ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਹੀ ਕਹੀ ਜਾ ਸਕਦੀ ਹੈ, ਕਿਉਂਕਿ ਇਸ ਵਿਚ ਸ਼ਾਮਿਲ ਬਹੁਤੇ ਗੁਰਸਿਖਾਂ ਦਾ ਸਿਧਾ-ਅਸਿਧਾ ਸੰਬੰਧ ਸ਼੍ਰੋਮਣੀ ਕਮੇਟੀ ਨਾਲ ਰਿਹਾ ਹੈ। ਇਸ ਟੀਮ ਵਿਚ ਸ਼ਾਮਿਲ ਸ. ਅਮਰਜੀਤ ਸਿੰਘ, ਸ. ਵਰਿਆਮ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ ਤਾਂ ਜਰਮਨੀ ਪੁਜ ਗਏ ਸਨ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ ਅਤੇ ਸ. ਪਰਮਜੀਤ ਸਿੰਘ ਪੀ. ਏ. ਪ੍ਰਧਾਨ ਸ਼੍ਰੋਮਣੀ ਕਮੇਟੀ ਪਹੁੰਚ ਨਹੀਂ ਸਕੇ, ਜਦੋਂ ਕਿ ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਲਿਜਾਣ ਦੀ ਕੋਸ਼ਿਸ ਅਮਰਜੀਤ ਸਿੰਘ ਨੇ ਕੀਤੀ ਸੀ, ਸ਼ਾਇਦ ਇਸ ਆਸ ਵਿਚ ਕਿ ਜਰਮਨੀ ਦੀ ਸੈਰ ਦੇ ਇਵਜ਼ਾਨੇ ਵਿਚ ਉਹ ਉਨ੍ਹਾਂ ਨੂੰ ਯੂਨੀਵਰਸਿਟੀ ਵਿਚ ਕੁਝ ਲਾਭ ਦੇ ਸਕਦੇ ਹਨ। ਕੋਈ ਕੁਝ ਵੀ ਕਹੇ ਇਸ ਟੀਮ ਦੇ ਅਕਾਦਮਿਕ ਲੀਡਰ ਇੰਦਰਜੀਤ ਸਿੰਘ ਗੋਗੋਆਣੀ ਸਨ। ਦੂਜੇ ਪਾਸੇ ਦਸਮ ਗ੍ਰੰਥ ਦੇ ਵਿਰੋਧੀਆਂ ਵਿਚ ਦਰਸ਼ਨ ਸਿੰਘ ਰਾਗੀ, ਸ. ਗੁਰਤੇਜ ਸਿੰਘ, ਪ੍ਰੋ. ਗੁਰਦਰਸ਼ਨ ਸਿੰਘ, ਹਰਜਿੰਦਰ ਸਿੰਘ ਦਿਲਗੀਰ ਅਤੇ ਕੋਈ ਅਗਿਆਤ ਜਿਹਾ ਦਸਮ-ਨਿੰਦਕ ਦਲਬੀਰ ਸਿੰਘ ਫ਼ਰੀਦਾਬਾਦ ਸ਼ਾਮਿਲ ਸਨ।

ਜ਼ਾਹਿਰ ਹੈ ਕਿ ਸ਼੍ਰੀ ਦਸਮ ਗ੍ਰੰਥ ਦੀ ਹਿਮਾਇਤੀ ਟੀਮ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਤਿਨਿਧਤਾ ਤਾਂ ਸ਼ਾਇਦ ਜ਼ਰੂਰਤ ਤੋਂ ਵੀ ਜ਼ਿਆਦਾ ਸੀ, ਪਰ ਸ਼੍ਰੀ ਦਸਮ ਗ੍ਰੰਥ ਉਤੇ ਚਰਚਾ ਕਰ ਸਕਣ ਯੋਗ ਵਿਦਵਾਨਾਂ ਦਾ ਬਿਲਕੁਲ ਅਭਾਵ ਸੀ, ਕਿਉਂਕਿ ਗੋਗੋਆਣੀ ਵੀ ਆਪਣੇ ਅਹੁਦੇ ਅਤੇ ਤਜ਼ਰਬੇ ਕਾਰਣ ਦਸਮ ਗ੍ਰੰਥ ਦੇ ਹਿਮਾਇਤੀਆਂ ਦੀ ਦੂਜੀ ਕਤਾਰ ਵਿਚ ਹੀ ਮੰਨੇ ਜਾ ਸਕਦੇ ਹਨ, ਜਦੋਂ ਕਿ ਸਾਰੇ ਵਿਰੋਧੀ ਪਹਿਲੀ ਕਤਾਰ ਦੇ ਹਾਰਡਕੋਰ ਦਸਮ ਗ੍ਰੰਥ ਵਿਰੋਧੀ ਸਨ।

ਅਗਲੀ ਗਲ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਵਾਂ, ਕਿ ਫਰਵਰੀ ਦੇ ਅੰਤ ਜਿਹੇ ਵਿਚ ਮੈਨੂੰ ਡਾ. ਦਲਜੀਤ ਕੌਰ ਖਾਲਸਾ ਦਿਲੀ ਦਾ ਫੋਨ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਸੰਬੰਧੀ ਪ੍ਰੋਗਰਾਮ ਵਿਚ ਤੁਸੀਂ ਭਾਗ ਲੈ ਸਕਦੇ ਹੋ, ਕਿ ਨਹੀਂ। ਮੈਂ ਕਿਹਾ ਕਿ ਮੈਂ ਤਿਆਰ ਹਾਂ। ਮੈਂ ਕੁਝ ਵੀ ਝੂਠ ਨਹੀਂ ਕਹਾਂਗਾ, ਉਨ੍ਹਾਂ ਥੋੜ੍ਹਾ ਜਿਹਾ ਇਹ ਵੀ ਸੰਕੇਤ ਦਿਤਾ ਕਿ ਤੁਸੀਂ ਮਹਾਰਾਜ ਦੀ ਬਾਣੀ ਉਤੇ ਕੰਮ ਕੀਤਾ ਹੈ, ਇਸ ਸੰਬੰਧੀ ਤੁਹਾਨੂੰ ਕੋਈ ਸਵਾਲ ਵੀ ਪੁਛਿਆ ਜਾ ਸਕਦਾ ਹੈ। ਮੈਂ ਕਿਹਾ ਕੋਈ ਸਮਸਿਆ ਨਹੀਂ। ਇਹ ਬਿਲਕੁਲ ਸਪਸ਼ਟ ਨਹੀਂ ਸੀ, ਕਿ ਇਹ ਚਰਚਾ ਹੀ ਦਸਮ ਗ੍ਰੰਥ ਉਤੇ ਹੋਣੀ ਹੈ। ਬੀਬੀ ਖਾਲਸਾ ਜੀ ਨੇ ਕਿਹਾ ਕਿ ਆਪਣੇ ਪਾਸਪੋਰਟ ਦੀ ਕਾਪੀ ਭੇਜ ਦੇਵੋ। ਮੈਂ ਭੇਜ ਦਿਤੀ। ਕਈ ਦਿਨ ਕੋਈ ਜਵਾਬ ਨਹੀਂ ਆਇਆ। ਮੈਨੂੰ ਕੁਝ ਹੋਰ ਸੰਸਥਾਵਾਂ ਦੇ ਇਨਵੀਟੇਸ਼ਨ ਆਏ, ਇਸ ਲਈ ਉਨ੍ਹਾਂ ਨਾਲ ਟਾਈਮ ਮੁਕਰਰ ਕਰਨ ਵਾਸਤੇ ਮੈਂ ਬੀਬੀ ਜੀ ਨੂੰ ਕਿਹਾ ਕਿ ਜਰਮਨੀ ਦੇ ਪ੍ਰੋਗਰਾਮ ਸੰਬੰਧੀ ਪਕੀ ਸੂਚਨਾ ਦੇ ਦੇਵੋ, ਕਿਉਂਕਿ ਮੈਂ ਕੁਜ ਹੋਰ ਪ੍ਰੋਗਰਾਮ ਵੀ ਨਿਸ਼ਚਿਤ ਕਰਨੇ ਹਨ। ਉਨ੍ਹਾਂ ਨੇ ਜਰਮਨੀ ਤੋਂ ਆਈ ਇਹ ਸੂਚਨਾ ਭੇਜੀ-

“ਖ਼ਾਲਸਾ ਜੀ, ਕੋਸ਼ਿਸ਼ ਤਾਂ ਪੂਰੀ ਕਰ ਰਹੇ ਹਾਂ। ਰਾਹਦਾਰੀ ਬਣਾਉਣ ਲਈ ਕੁਝ ਫੋਰਮੈਲਟੀਆ ਪੁਰੀਆਂ ਕਰਨੀਆਂ ਹੁੰਦੀਆਂ ਹਨ। ਇਸ ਲਈ ਲਗਦਾ ਸਮਾਂ ਹੁਣ ਥੋੜਾ ਹੈ। ਹੋ ਨਹੀਂ ਸਕੇਗਾ। ਮੁਆਫੀ ਚਾਹੁੰਦਾ ਹਾਂ। ਭੈਣ ਜੀ Sorry ਆਪਣੀ ਗੱਲ ਬਹੁਤ ਲੇਟ ਹੋਈ। ਅੱਗੇ ਜਦੋਂ ਵੀ ਕੋਈ ਐਸਾ ਪ੍ਰੋਗਰਾਮ ਹੋਇਆ, ਸਭ ਤੋਂ ਪਹਿਲਾਂ ਆਪਜੀ ਨੂੰ Information ਜ਼ਰੂਰ ਭੇਜਾਂਗੇ। ਸਤਿਕਾਰਯੋਗ ਡਾਕਟਰ ਹਰਭਜਨ ਸਿੰਘ ਜੀ ਲਈ ਮੇਰੇ ਵੱਲੋਂ ਦਿਲੀ ਇਸ਼ਾ ਸੀ ਕਿ ਉਹ ਇਸ ਪ੍ਰੋਗਰਾਮ ਦਾ ਹਿਸਾ ਬਨਣ। ਮੇਰੇ ਵੱਲੋਂ ਨਵੰਬਰ 2016 ਨੂੰ SGPC Delhi darmparchar commati ਦੇ Chairman ਰਾਣਾ ਸਾਬ ਜੀ ਨੂੰ ਬੇਨਤੀ ਕੀਤੀ ਸੀ ਕਿ .1) Dr. Harbhajan Singh Ji .2) Dr. Anrag Ji .3) Dr. Pannu Ji ਬਾਰ ਬਾਰ ਲਿਖਣ ਤੇ ਉਹਨਾ ਨੇ ਮੇਰੇ ਮਾਲ ਕੋਈ ਗੱਲ ਨਹੀਂ ਅਤੇ ਨਾਂ ਕੋਈ ਵਿਦਵਾਨ ਵੀਰਾ ਦੀ Detail ਭੇਜੀ। ਕਾਸ਼ ਤੁਹਾਡੇ ਨਾਲ ਕਿਤੇ ਪਹਿਲਾ ਗੱਲ-ਬਾਤ ਹੋ ਗਈ ਹੁੰਦੀ।..."

ਵਿਸ਼ਵਾਸ ਕਰਨਾ ਸਿਖ ਦਾ ਧਾਰਮਿਕ ਸੁਭਾਅ ਹੈ। ਮੈਂ ਇਸ ਈਮੇਲ ਦੇ ਅਖਰ-ਅਖਰ ਉਤੇ ਯਕੀਨ ਕਰ ਲਿਆ। ਇਸ ਈਮੇਲ ਤੋਂ ਆਭਾਸ ਹੋਇਆ, ਕਿ ਸ਼ਾਇਦ ਸੈਮੀਨਾਰ ਲਈ ਬੁਲਾਉਣ ਵਾਲੇ ਸ਼੍ਰੀ ਦਸਮ ਗ੍ਰੰਥ ਉਤੇ ਚਰਚਾ ਕਰਨਾ ਚਾਹੁੰਦੇ ਸਨ। ਪਰ ਗਲ ਖ਼ਤਮ ਹੋ ਗਈ। ਇਸ ਲਈ ਨਾ ਸੋਚਣ ਦੀ ਜ਼ਰੂਰਤ ਸੀ, ਨਾ ਕੁਝ ਸੋਚਿਆ। ਪਰ ਕੁਝ ਹੀ ਦਿਨਾਂ ਵਿਚ ਇਹ ਸੂਚਨਾ ਮਿਲੀ ਕਿ ਸ਼੍ਰੀ ਦਸਮ ਗ੍ਰੰਥ ਉਤੇ ਚਰਚਾ ਕਰਨ ਵਾਸਤੇ ਜਰਮਨੀ ਵਿਚ ਦੋਹਾਂ ਧਿਰਾਂ ਦੀਆਂ ਟੀਮਾਂ ਜਾ ਰਹੀਆਂ ਹਨ। ਇਕ ਤਾਂ ਇਹ ਸਪਸ਼ਟ ਹੋ ਗਿਆ, ਕਿ ਮੈਨੂੰ ਬੁਲਾਉਣ ਵਾਲਿਆਂ ਦੀ ਅਸਲ ਮਨਸ਼ਾ ਕੀ ਸੀ, ਦੂਜਾ ਇਹ ਵੀ ਸਪਸ਼ਟ ਹੋ ਗਿਆ ਕਿ ਹੁਣ ਚਰਚਾ ਵਾਸਤੇ ਸ਼੍ਰੋਮਣੀ ਕਮੇਟੀ ਦੀ ਟੀਮ ਮੈਦਾਨ ਵਿਚ ਉਤਰ ਪਈ ਹੈ। ਤੀਜੀ ਗਲ ਇਹ ਵੀ ਸਮਝ ਆ ਗਈ, ਕਿ ਸ਼੍ਰੋਮਣੀ ਕਮੇਟੀ ਨੇ ਮੇਰਾ ਨਾਮ ਕਟਵਾਇਆ ਹੈ, ਕਿਉਂਕਿ ਸਪਸ਼ਟਵਾਦੀ ਹੋਣ ਕਰ ਕੇ ਅਜਿਹੀ ਕਿਸੇ ਵੀ ਸੰਸਥਾ ਵਿਚ ਮੇਰਾ ਕੋਈ Godfather ਨਹੀਂ, ਜੋ ਮੈਨੂੰ ਆਸ਼੍ਰਯ ਦੇਵੇ। ਜਿਨ੍ਹਾਂ ਦਾ ਅਕਾਲ ਪੁਰੁਖ਼ ਪਿਤਾ ਹੁੰਦਾ ਹੈ, ਉਹ ਕਿਸੇ Godfather ਨੂੰ ਜੁਤੀ ਵੀ ਨਹੀਂ ਮਾਰਦੇ। ਮੇਰੀ ਸਤਿਗੁਰੂ ਨੇ ਰਖਿਆ ਕਰਨੀ ਸੀ, ਉਨ੍ਹਾਂ ਆਪ ਆ ਕੇ ਮੇਰੇ ਵਿਰੋਧੀ ਦਾ ਰੂਪ ਧਾਰ ਕੇ ਮੇਰਾ ਨਾਮ ਕਟਵਾ ਦਿਤਾ। ਇਸ ਲਈ ਨਹੀਂ ਕਿ ਮੈਂ ਵਿਰੋਧੀ ਧਿਰ ਤੋਂ ਡਰਦਾ ਸੀ, ਜਾਂ ਉਹ ਮੇਰੇ ਉਤੇ ਹਾਵੀ ਹੋ ਸਕਦੀ ਸੀ। ਸਗੋਂ ਇਸ ਕਾਰਣ ਕਿ ਸ਼੍ਰੀ ਦਸਮ ਗ੍ਰੰਥ ਦੇ ਹਿਮਾਇਤੀਆਂ ਦੀ ਸਰਬ-ਸੰਮਤ ਰਾਏ ਬਿਨਾ ਮੇਰਾ ਅਜਿਹੇ ਵਾਦਵਿਵਾਦ ਵਿਚ ਜਾਣਾ ਪੰਥ ਦੀ ਪਿਠ ਵਿਚ ਛੁਰਾ ਮਾਰਣ ਤੁਲ ਹੋ ਸਕਦਾ ਸੀ। ਧੰਨਵਾਦ ਸ਼੍ਰੀ ਸਤਿਗੁਰੂ ਦਾ ਜਿਨ੍ਹਾਂ ਆਪਣੇ ਸੇਵਕ ਦੀ ਇੰਞ ਲਾਜ ਰਖੀ- ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਵਿਚਾਰ। ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ।24। ਜੇ ਸਾਧੂ ਸਰਨੀ ਪਰੇ ਤਿਨ ਕੇ ਕਵਣ ਬਿਚਾਰ। ਦੰਤਿ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰਿ।25।

ਸ਼੍ਰੋਮਣੀ ਕਮੇਟੀ ਦੀ ਟੀਮ ਨੂੰ ਵੇਖ ਕੇ ਇਹ ਸਪਸ਼ਟ ਹੋ ਗਿਆ ਸੀ, ਕਿ ਇਹ ਗ਼ੈਰ-ਅਕਾਦਮਿਕ ਕਮਜ਼ੋਰ ਜਿਹਾ ਵਫ਼ਦ ਹਰ ਵਿਵਾਦ ਵਿਚੋਂ ਆਵਸ਼ਕ ਤੌਰ ਤੇ ਹਾਰ ਕੇ ਆਵੇਗਾ। ਸਾਨੂੰ ਅਫ਼ਸੋਸ ਇਸ ਗਲ ਦਾ ਸੀ, ਕਿ ਸਾਡੀ ਮਿਹਨਤ ਉਤੇ ਕੁਝ ਸਵਾਰਥੀ ਲੋਕ ਪਾਣੀ ਫੇਰਨ ਵਾਲੇ ਸਨ। ਸਾਡੀ ਉਹ ਮਿਹਨਤ ਜੋ ਅਸੀਂ ਸ਼੍ਰੀ ਗੁਰੂ ਦਾ ਨਾਮ ਜਪਦਿਆਂ ਗੁਰੂ ਬਚਨਾਂ ਦੀ ਪਵਿਤ੍ਰਤਾ ਸਥਾਪਿਤ ਕਰਨ ਲਈ ਸਿਦਕ ਦਿਲੀ ਨਾਲ ਕੀਤੀ ਸੀ ਅਤੇ ਗੁਰੂ ਦੀ ਆਸੀਸ ਨਾਲ ਫਤਹਿ ਪ੍ਰਾਪਤ ਕਰ ਚੁਕੇ ਸੀ, ਉਹ ਫਤਹਿਯਾਬੀ ਨਾਕਾਮੀ ਵਿਚ ਬਦਲਣ ਵਾਸਤੇ ਦਸਮ ਗ੍ਰੰਥ ਤੋਂ ਅਸਲੋਂ ਅਭਿਗ ਲੋਕ, ਜਿਨ੍ਹਾਂ ਦਾ ਇਸ ਸੰਬੰਧੀ ਰਤਾ ਵੀ ਯੋਗਦਾਨ ਨਹੀਂ ਸੀ, ਅਜ ਵਿਰੋਧੀ ਧਿਰ ਦੇ ਪੰਜੇ ਵਿਚ ਆ ਚੁਕੇ ਸਨ। ਉਨ੍ਹਾਂ ਦੀ ਕੀ ਹੇਠੀ ਹੋਣੀ ਸੀ। ਉਨ੍ਹਾਂ ਇਸ ਸੰਬੰਧੀ ਕੋਈ ਕੰਮ ਹੀ ਨਹੀਂ ਕੀਤਾ ਸੀ, ਅਪਮਾਨ ਤਾਂ ਨਿਹੰਗ ਸਿੰਘਾਂ ਦਾ, ਤਖ਼ਤ ਸਾਹਿਬਾਨ ਦਾ, ਦਮਦਮੀ ਟਕਸਾਲ ਦਾ, ਸੰਤ ਸਮਾਜ ਦਾ, ਖ਼ਾਲਸਾ ਹੈਰੀਟੇਜ ਵਰਗੀਆਂ ਸਮਰਪਿਤ ਸੰਸਥਾਵਾਂ ਅਤੇ ਪੰਥ ਦੇ ਅਸਲ ਖੋਜੀ ਵਿਦਵਾਨਾਂ ਦਾ ਹੋਣਾ ਸੀ, ਜਿਨ੍ਹਾਂ ਨੇ ਸ਼੍ਰੀ ਦਸਮ ਪਿਤਾ ਜੀ ਦੀ ਕਲਮ ਦੇ ਤੇਜ ਵਲ ਉਠੀਆਂ ਨਾਪਾਕ ਅਖਾਂ ਨੂੰ ਵਿੰਨ੍ਹ ਕੇ ਰਖ ਦੇਣ ਦਾ ਸੰਕਲਪ ਲਿਆ ਹੋਇਆ ਸੀ।

ਜਰਮਨੀ ਦੀ ਸੈਰ ਦੇ ਲੋਭ ਵਿਚ ਆਈ, ਇਸ ਟੀਮ ਨੂੰ ਕੀ ਫ਼ਰਕ ਪੈਣਾ ਵਾਲਾ ਸੀ। ਇਨ੍ਹਾਂ ਨੇ ਮਾਰ ਖਾਣ ਵਾਸਤੇ, ਸਾਡੀ ਕਮਾਈ ਨਸ਼ਟ ਕਰਨ ਵਾਸਤੇ ਅਤੇ ਬਡੂੰਗਰ ਨੂੰ ਇਹ ਸੰਦੇਸ਼ ਦੇਣ ਵਾਸਤੇ ਕਿ ਵਿਵਾਦਿਤ ਬਾਣੀਆਂ ਕਢ ਦੇਈਏ ਤਾਂ ਪੰਥ ਵਿਚ ਏਕਤਾ ਹੋ ਸਕਦੀ ਹੈ, ਗੋਸ਼ਟੀ ਵਿਚ ਬੈਠਣਾ ਸੀ। ਪਰ ਵਿਰੋਧੀ ਧਿਰ ਨੂੰ ਗੁਰੂ ਨੇ ਫਸਾ ਲਿਆ। ਉਨ੍ਹਾਂ ਇਸ ਨਾਪਾਕ ਗੋਸ਼ਠੀ ਦੀ ਡੌਂਡੀ ਪਿਟ ਦਿਤੀ, ਫਲਸਰੂਪ ਪੰਥ ਸੁਚੇਤ ਹੋ ਗਿਆ। ਬਡੂੰਗਰ ਦੀ ਇਸ ਟੀਮ ਨੂੰ ਪੰਥ-ਦਰਦੀਆਂ ਨੇ ਸਖ਼ਤ ਚੇਤਾਵਨੀ ਦੇ ਦਿਤੀ, ਕਿ ਜੇ ਤੁਸੀਂ ਕਿਸੇ ਡਿਬੇਟ ਵਿਚ ਭਾਗ ਲਿਆ, ਤਾਂ ਤੁਹਾਡੀ ਦੁਰਗਤਿ ਹੋਵੇਗੀ। ਇਹ ਗੋਸ਼ਟੀ ਛਡਣ ਵਾਸਤੇ ਮਜ਼ਬੂਰ ਹੋ ਗਏ। ਗੋਸ਼ਠੀ ਛਡਣ ਵਾਸਤੇ ਫਿਰ ਬਹਾਨੇ ਤਾਂ ਲਾਉਣੇ ਹੀ ਸੀ। ਜਿਸ ਨੇ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਵਕਤੀ ਚੜਤਲ ਤਾਂ ਦਿਤੀ ਹੈ, ਪਰ ਸਭ ਦਾ ਅਪਮਾਨ ਨਹੀਂ ਹੋਇਆ। ਕੁਝ ਸਨਮਾਨ ਬਚ ਗਿਆ ਹੈ। ਇਕ ਅਨਾੜੀ ਆਪਣੇ ਅਹੰਕਾਰ ਦੀ ਸੰਤੁਸ਼ਟੀ ਲਈ ਸਾਰੇ ਵਿਚਾਰਵਾਨਾਂ ਦਾ ਬੇੜਾ ਗਰਕ ਕਰ ਸਕਦਾ ਹੈ। ਗੋਸ਼ਠੀ ਰਦ ਹੋ ਗਈ ਹੈ। ਵਿਰੋਧੀ ਧਿਰ ਦਾ ਇੰਤਜ਼ਾਮਾਂ ਉਤੇ ਲਗਿਆ ਪੈਸਾ ਜ਼ਾਇਆ ਚਲਾ ਗਿਆ ਹੈ। ਉਨ੍ਹਾਂ ਨੂੰ ਦੁਖ ਹੈ ਕਿ ਉਨ੍ਹਾਂ ਦਾ 25-30 ਲਖ ਰੁਪਿਆ ਖੂਹ-ਖਾਤੇ ਪੈ ਗਿਆ ਹੈ। ਪਰ ਇਸ ਜਥੇ ਨਾਲ ਗਲਬਾਤ ਦੀਆਂ ਜੋ ਰਿਕਾਰਡਿੰਗ ਉਹ ਕਰ ਚੁਕੇ ਹਨ, ਇਹ ਉਨ੍ਹਾਂ ਦੀ ਪ੍ਰਾਪਤੀ ਹੈ। ਉਨ੍ਹਾਂ ਦੀਆਂ ਰਿਕਾਰਡਿੰਗ ਤੋਂ ਇਹ ਸਪਸ਼ਟ ਹੋ ਗਿਆ ਹੈ, ਕਿ ਵਿਰੋਧੀ ਧਿਰ ਮੈਨੂੰ ਵਾਦ-ਵਿਵਾਦ ਵਿਚ ਸ਼ਾਮਿਲ ਕਰਨਾ ਚਾਹੁੰਦੀ ਸੀ, ਪਰ ਇਸ ਆਪਣੀ ਸਵਾਰਥੀ ਟੀਮ ਨੇ ਆਪਣੇ ਅਹੰਕਾਰ ਨੂੰ ਪਠੇ ਪਾਉਣ ਵਾਸਤੇ ਮੇਰਾ ਨਾਮ ਕਟਵਾ ਦਿਤਾ। ਹੋਰ ਵੀ ਕਿਸੇ ਵਿਦਵਾਨ ਦਾ ਨਾਮ ਇਨ੍ਹਾਂ ਪਾਉਣ ਵਾਸਤੇ ਨਹੀਂ ਕਿਹਾ।

ਮੈਂ ਸ਼੍ਰੀ ਦਸਮ ਗ੍ਰੰਥ ਦੇ ਵਿਰੋਧ ਵਿਚ ਬੈਠੇ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ, ਕਿ ਉਹ ਕੁਝ ਸਚ ਧਰਮ ਉਤੇ ਚਲਣ। ਇਸ ਗੋਸ਼ਠੀ ਵਿਚੋਂ ਸ਼੍ਰੋਮਣੀ ਕਮੇਟੀ ਦੀ ਇਕ ਨਾਕਾਬਿਲ ਟੀਮ ਪਿਛੇ ਹਟੀ ਹੈ, ਪੰਥ ਸ਼੍ਰੀ ਦਸਮ ਗ੍ਰੰਥ ਦੀ ਵਿਚਾਰਿਕ ਸੁਰਖਿਆ ਲਈ ਦ੍ਰਿੜ੍ਹ-ਸੰਕਲਪ ਹੈ। ਮੇਰਾ ਇਹ ਨਿਵੇਦਨ ਹੈ ਕਿ ਅਗੇ ਤੋਂ ਇਸ ਵਿਸ਼ੈ ਉਤੇ ਛੋਟੀ-ਮੋਟੀ ਵਿਅਕਤੀਗਤ ਵਿਚਾਰ-ਚਰਚਾ ਭਾਵੇਂ ਜਾਰੀ ਰਹੇ, ਪਰ ਪੰਥ ਵਿਚ ਪ੍ਰਭਾਵ ਛਡਣ ਵਾਲੀ ਵਡੀ ਅਤੇ ਫੈਸਲਾਕੁੰਨ ਗੋਸ਼ਠੀ, ਇੰਞ ਨਹੀਂ ਹੋਣੀ ਚਾਹੀਦੀ। ਜਦੋਂ ਕੋਈ ਚੈਲੇਂਜ ਆਵੇ ਪੰਥ ਦੀਆਂ ਉਹ ਜਥੇਬੰਦੀਆਂ ਜਿਨ੍ਹਾਂ ਨੇ ਸ਼੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਦੀ ਪਵਿਤ੍ਰਤਾ ਕਾਇਮ ਰਖਣ ਵਾਸਤੇ ਸੰਘਰਸ਼ ਕੀਤਾ ਹੈ, ਉਹ ਇਕਤ੍ਰਤਾ ਕਰਨ। ਵਿਦਵਾਨਾਂ ਦਾ ਪੈਨਲ ਬਣਾਉਣ। ਗੋਸ਼ਠੀ ਲਈ ਨਿਯਮਾਵਲੀ ਤੈਅ ਕਰਨ ਅਤੇ ਆਪਣੀ ਸਰਪ੍ਰਸਤੀ ਵਿਚ ਗੋਸ਼ਠੀ ਕਰਵਾਉਣ। ਅਜੋਕੇ ਸਮੇਂ ਵਿਚ ਸ਼੍ਰੀ ਦਸਮ ਗ੍ਰੰਥ ਸੰਬੰਧੀ ਜਿਨ੍ਹਾਂ ਲੋਕਾਂ ਨੇ ਕੁਝ ਦ੍ਰਿੜ੍ਹ ਅਕਾਦਮਿਕ ਨੁਕਤੇ ਰਖਣ ਦੀ ਸਮਰਥਾ ਪ੍ਰਗਟ ਕੀਤੀ ਹੈ, ਉਨ੍ਹਾਂ ਵਿਚ ਡਾ. ਜੋਧ ਸਿੰਘ, ਸ. ਗੁਰਚਰਨਜੀਤ ਸਿੰਘ ਲਾਂਬਾ, ਡਾ. ਹਰਪਾਲ ਸਿੰਘ ਪੰਨੂ, ਡਾ. ਅਨੁਰਾਗ ਸਿੰਘ, ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਡਾ. ਗੁਰਿੰਦਰ ਸਿੰਘ ਮਾਨ, ਡਾ. ਕਮਲਰੂਪ ਸਿੰਘ, ਡਾ. ਸ਼ੋਭਾ ਕੌਰ, ਗਿ. ਸ਼ੇਰ ਸਿੰਘ, ਭਾਈ ਬੰਤਾ ਸਿੰਘ ਆਦਿ ਪ੍ਰਮੁਖ ਹਨ। ਕੁਝ ਸੇਵਾ ਦਾਸ ਨੇ ਵੀ ਕੀਤੀ ਹੈ। ਇਨ੍ਹਾਂ ਵਿਦਵਾਨਾਂ ਵਿਚੋਂ ਪੰਥਿਕ ਪੈਨਲ ਤਿਆਰ ਕਰ ਕੇ ਵਿਰੋਧੀ ਧਿਰ ਸਾਹਮਣੇ ਚੈਲੇਂਜ ਰਖਿਆ ਜਾਣਾ ਚਾਹੀਦਾ ਹੈ, ਕਿ ਉਹ ਵਿਸ਼ਵ ਦੇ ਕਿਸੇ ਵੀ ਖਿਤੇ ਵਿਚ, ਕਿਸੇ ਵੀ ਸਮੇਂ, ਕਿਸੇ ਵੀ ਟੀਮ ਨਾਲ ਖ਼ਾਲਸਾ ਪੰਥ ਇਸ ਵਿਸ਼ੈ ਉਤੇ ਚਰਚਾ ਕਰਨ ਵਾਸਤੇ ਤਿਆਰ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top