Share on Facebook

Main News Page

ਜੂਨ '84 ਦੇ ਘਲੂਘਾਰੇ ਨੂੰ ਹਿੰਦੋਸਤਾਨੀ ਹਕੂਮਤ ਨੇ ‘ਨੀਲਾ ਤਾਰਾ ਉਪਰੇਸ਼ਨ’ ਨਾਂ ਕਿਉਂ ਦਿੱਤਾ ?
-: ਗਿਆਨੀ ਜਗਤਾਰ ਸਿੰਘ ਜਾਚਕ

ਇਤਿਹਾਸ ਗਵਾਹ ਹੈ ਕਿ ਮਰਦ-ਅਗੰਮੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖ਼ਾਲਸੇ ਦੇ ਰੂਪ ਵਿੱਚ ਸਥਾਪਿਤ ਅਕਾਲੀ ਫੌਜ਼ ਦੀ ਪਹਿਚਾਣ ਝੂਲਦਾ ਨੀਲਾ ਨਿਸ਼ਾਨ ਤੇ ਨੀਲੀ ਦਸਤਾਰ ਬਣੀ ਆ ਰਹੀ ਹੈ। ਦਸ਼ਮੇਸ਼ ਪਿਤਾ ਦੇ ਸਮਕਾਲੀ ਕਵੀ ਗੁਰਦਾਸ ਵੱਲੋਂ ਖ਼ਾਲਸੇ ਦਾ ਪ੍ਰਗਾਸ ਦਾ ਜ਼ਿਕਰ ਕਰਦਿਆਂ “ਯੌਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ” ਲਿਖਣਾ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਨਿਹੰਗ ਸਿੰਘਾਂ ਦੇ ਨੀਲੇ ਬਾਣੇ ਤੇ ਨੀਲੇ ਨਿਸ਼ਾਨ ਉਪਰੋਕਤ ਸਚਾਈ ਦੇ ਜੀਊਂਦੇ ਜਾਗਦੇ ਪ੍ਰਤੱਖ ਪ੍ਰਮਾਣ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਡਾ. ਦਿਲਗੀਰ ਦੀ ਪੁਸਤਕ ‘ਅਨੰਦਪੁਰ ਸਾਹਿਬ’ ਵਿੱਚ ਇਹ ਵੀ ਜ਼ਿਕਰ ਹੈ ਕਿ ਪਹਾੜੀ ਰਾਜੇ ਅਜਮੇਰ ਚੰਦ ਵੱਲੋਂ ਸ੍ਰੀ ਅਨੰਦਪੁਰ ਸਾਹਿਬ ’ਤੇ ਕੀਤੇ ਇੱਕ ਹਮਲੇ ਦਾ ਟਾਕਰਾ ਕਰਦਿਆਂ ਖ਼ਾਲਸਾ ਫੌਜ਼ ਦੇ ਨਿਸ਼ਾਨਚੀ ਭਾਈ ਮਾਨ ਸਿੰਘ ਜ਼ਖਮੀ ਹੋ ਕੇ ਡਿੱਗ ਪਏ । ਉਨ੍ਹਾਂ ਦੇ ਹੱਥ ਵਿੱਚ ਫੜਿਆ ਹੋਇਆ ਭਾਲੇ ਵਾਲਾ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਪਿਆ। ਜਦੋਂ ਗੁਰੂ ਸਾਹਿਬ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਉਸੇ ਵੇਲੇ ਆਪਣੀ ਇੱਕ ਛੋਟੀ ਦਸਤਾਰ (ਕੇਸਕੀ) ਤੋਂ ਇੱਕ ਫ਼ੱਰਰਾ ਲਾਹਿਆ ਅਤੇ ਆਪਣੇ ਸੀਸ ਦੇ ਦੁਮਾਲੇ ’ਤੇ ਲਗਾ ਲਿਆ । ਉਨ੍ਹਾਂ ਐਲਾਨ ਕੀਤਾ ਕਿ ਅੱਗੇ ਤੋਂ ਖ਼ਾਲਸਾ ਦਾ ਨੀਲਾ ਨਿਸ਼ਾਨ ਸਾਹਿਬ ਕਦੇ ਵੀ ਨਹੀਂ ਟੁੱਟੇਗਾ। ਇਸ ਪੱਖੋਂ ਸਪਸ਼ਟ ਹੈ ਕਿ ਨੀਲੀ ਦਸਤਾਰ, ਚਲਦਾ ਫਿਰਦਾ ਕੌਮੀ ਨਿਸ਼ਾਨ ਹੈ।

ਇਸ ਪੱਖੋਂ ਵੀ ਕੋਈ ਦੋ ਰਾਵਾਂ ਨਹੀਂ ਕਿ ਨੀਲੀ ਦਸਤਾਰ ਦੀ ਸ਼ਾਨਾਮਤੀ ਦਾਸਤਾਨ ਆਪਣੇ ਗੌਰਵਮਈ ਰੂਹਾਨੀ ਵਿਰਸੇ, ਧਾਰਮਿਕ ਦ੍ਰਿਸ਼ਟੀਕੋਨ ਤੋਂ ਮਾਨਵਤਾ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ, ਧਰਮ, ਦੇਸ਼ ਤੇ ਕੌਮੀ ਅਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਦੁਨੀਆਂ ਦੇ ਇਤਿਹਾਸਕ ਤਾਰਾ-ਮੰਡਲ (ਅਸਮਾਨ) ਵਿੱਚ ਨੀਲੀ ਭਾਹ ਮਾਰਦੇ ਧ੍ਰੂ-ਤਾਰੇ ਵਾਂਗ ਚਮਕਦੀ ਆ ਰਹੀ ਹੈ। ਸਿੱਖ ਕੌਮ ਦੇ ਰੂਪ ਵਿੱਚ ਇਹ ਨੀਲਾ ਤਾਰਾ, ਗੰਗੂ, ਚੰਦੂ ਤੇ ਸ਼ੇਖ ਅਹਿਮਦ ਸਰਹਿੰਦੀ ਦੀ ਸੋਚ ਵਾਲੀਆਂ ਬਿਪਰਵਾਦੀ ਤੇ ਫਿਰਕਾਪ੍ਰਸਤ ਤਾਕਤਾਂ ਨੂੰ ਮੁੱਢ ਤੋਂ ਹੀ ਨਹੀਂ ਸੀ ਭਾਉਂਦਾ। ਕਿਉਂਕਿ, ਇਸ ਦੇ ਇਲਾਹੀ ਨੂਰ ਦੀ ਰੌਸ਼ਨੀ ਸਾਹਮਣੇ ਇਹ ਸਾਰੇ ਆਪਣੀ ਆਪਣੀ ਮਲੀਨਤਾ ਕਾਰਣ ਫਿੱਕੇ ਪੈਂਦੇ ਆ ਰਹੇ ਸਨ। ਇਹੀ ਕਾਰਣ ਹੈ ਕਿ ਜਦੋਂ ਵੀ ਇਹ ਸ਼ਕਤੀਆਂ ਸੱਤਾਧਾਰੀ ਹੋਈਆਂ, ਤਦੋਂ ਹੀ ਉਨ੍ਹਾਂ ਨੇ ਇਸ ਨੀਲੇ ਤਾਰੇ ਦਾ ਖੋਜ-ਖੁਰਾ ਮਿਟਾਉਣ ਲਈ ਘੱਲੂਘਾਰੇ ਵਰਤਾਏ।

ਹਰੇ ਰੰਗ ਨਾਲ ਪਹਿਚਾਣੀ ਜਾਣ ਵਾਲੀ ਸਰਹਿੰਦੀ ਸੋਚ ਨੇ ਤਾਂ ਹਮਲੇ ਵੇਲੇ ਸਿੱਖਾਂ ਦੀ ਪਹਿਚਾਣ ਲਈ ਗੁਪਤ ਕੋਡ ‘ਨੀਲਾ ਤਾਰਾ’ ਵਰਤਣ ਤੋਂ ਸੰਕੋਚ ਕੀਤਾ । ਕਿਉਂਕਿ, ਅਰਬੀ ਵਿੱਚ ਹਰੇ ਰੰਗ ਨੂੰ ਨੀਲਾ ਆਖਿਆ ਜਾਂਦਾ ਹੈ। ਆਸਾ ਦੀ ਵਾਰ ਵਿਚਲੀ ਗੁਰਬਾਣੀ ਦੀ ਪਾਵਨ ਤੁਕ “ਨੀਲ ਬਸਤ੍ਰ ਲੇ ਕਪੜੇ ਪਹਿਰੇ, ਤੁਰਕ ਪਠਾਣੀ ਅਮਲੁ ਕੀਆ”॥ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਪਰ, ਭਗਵੀਂ ਪਹਿਚਾਣ ਵਾਲੀ ਸੋਚ ਦੇ ਹਮਲਾਵਰ ਸਿਪਾਹੀਆਂ ਨੂੰ ‘ਨੀਲਾ ਤਾਰਾ’ ਨਾਂ ਨਾਲ ਉਪਰੋਕਤ ਕਿਸਮ ਦਾ ਭੁਲੇਖਾ ਲਗਣ ਦੀ ਕੋਈ ਸੰਭਾਵਨਾ ਨਹੀਂ ਸੀ। ਸਗੋਂ ਉਨ੍ਹਾਂ ਲਈ ਤਾਂ ‘ਨੀਲਾ ਤਾਰਾ’ ਸਿੱਖ ਪਹਿਚਾਣ ਲਈ ਸਪਸ਼ਟ ਸੰਕੇਤ ਸੀ। ਅਸਲ ਵਿੱਚ ਇਹੀ ਕਾਰਣ ਹੈ ਕਿ ਹਿੰਦੋਸਤਾਨੀ ਹਾਕਮਾਂ ਵੱਲੋਂ ਜੂਨ 1984 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਤਾਂ ਉਸ ਨੂੰ ‘ਨੀਲਾ ਤਾਰਾ’ (ਉਪਰੇਸ਼ਨ ਬਿਲਊ ਸਟਾਰ ) ਨਾਂ ਦਿੱਤਾ। ਭਾਵੇਂ ਕਿ ਉਹ ਆਪਣੀ ਕੁਟਿਲ ਨੀਤੀ ਤਹਿਤ ਉਦੋਂ ਤਕ ਗੁਰਦੁਆਰਿਆਂ ’ਤੇ ਝੂਲਦੇ ਨੀਲੇ ਨਿਸ਼ਾਨ ਦਾ ਕੇਸਰੀ ਰੰਗ ਦੇ ਰੂਪ ਵਿੱਚ ਭਗਵਾਂਕਰਨ ਕਰ ਵੀ ਚੁੱਕੇ ਸਨ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖੀ ਵਿੱਚ ਪੀਲੇ, ਕੇਸਰੀ ਤੇ ਭਗਵੇਂ ਰੰਗ ਦੀ ਘੁਸਪੈਠ ਉਦਾਸੀਆਂ ਰਾਹੀਂ ਹੋਈ ਹੈ ਅਤੇ ਨਿਸ਼ਾਨ ਸਾਹਿਬ ਦਾ ਭਗਵਾਂਕਰਨ ਡੋਗਰੇ ਗੱਦਾਰ ਤੇਜ਼ਾ ਸਿੰਘ ਬ੍ਰਾਹਮਣ ਨੇ ਅੰਗਰੇਜ਼ਾਂ ਦੀ ਮਿਲੀਭੁਗਤ ਨਾਲ ਕੀਤਾ।

ਇਸ ਲਈ ਬਿਪਰਵਾਦੀ ਸ਼ਕਤੀਆਂ ਨੇ ਹੁਣ ਜਦੋਂ ਦਿੱਲੀ ਦੇ ਤਖ਼ਤ ’ਤੇ ਵੀ ਭਗਵਾਂ ਨਿਸ਼ਾਨ ਝੂਲਾ ਦਿੱਤਾ ਹੈ ਤੇ ਉਹ ਸਮੁਚੇ ਭਾਰਤ ਹਿੰਦੂ ਰਾਸ਼ਟਰ ਬਨਾਉਣ ਲਈ ਉਤਾਵਲੇ ਦਿਸ ਰਹੇ ਹਨ। ਤਾਂ 11 ਮਾਰਚ 1783 ਨੂੰ ਦਿੱਲੀ ਦੇ ਲਾਲ ਕਿਲੇ ’ਤੇ ਨੀਲਾ ਨਿਸ਼ਾਨ ਸਾਹਿਬ ਝਲਾਉਣ ਤੇ ਦਿੱਲੀ ਦੇ ਤਖ਼ਤ ਨੂੰ ਪੈਰਾਂ ਵਿੱਚ ਰੋਲਣ ਵਾਲੀ ਸਿੱਖ ਕੌਮ ਨੂੰ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰਨ ਦੀ ਲੋੜ ਹੈ ਕਿ ਸਾਡੀ ਪਹਿਚਾਣ ਨੀਲੀ ਦਸਤਾਰ ਦੀ ਰੂਹਾਨੀ ਸ਼ਾਨ ਤੇ ਨੀਲੇ ਨਿਸ਼ਾਨ ਦੀ ਵਿਸ਼ਾਲਤਾ ਤੇ ਉਚਾਪਨ ਕਿਵੇਂ ਬਚੇ ? ਤਾਂ ਜੋ ਅਸੀਂ ਦੁਨੀਆਂ ਦੇ ਮੰਚ ’ਤੇ ਅਸੀਂ ਸਹੀ ਅਰਥਾਂ ਵਿੱਚ ‘ਨੀਲੇ ਤਾਰਾ’ ਵਾਂਗ ਚਮਕਦੇ ਰਹਿ ਸਕੀਏ।

ਸਾਨੂੰ ਭੁੱਲਣਾ ਨਹੀਂ ਚਾਹੀਦਾ ਸਿੱਖ ਰਹਿਤ ਮਰਯਾਦਾ ਵਿੱਚ ਖ਼ਾਲਸਈ ਨਿਸ਼ਾਨ ਦਾ ਰੰਗ ਸੁਰਮਈ (ਗਾੜ੍ਹਾ ਨੀਲਾ) ਲਿਖਿਆ ਹੈ, ਨਾ ਕਿ ਕੇਸਰੀ, ਜਿਸ ਨੂੰ ਸਹਿਜੇ ਸਹਿਜੇ ਭਗਵਾਂ ਬਣਾ ਦਿੱਤਾ ਗਿਆ ਹੈ।

(ਨਿਊਯਾਰਕ, 3-6-2014)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top