ਕੌਮਾਂ ਦੇ ਸਫਰ ਵਿੱਚ ਠੇਡਾ ਲਗਦਾ ਹੈ,
ਤੇ ਕਈ ਵਾਰ ਐਨਾ ਭਿਆਨਕ ਠੇਡਾ ਲਗਦਾ ਹੈ, ਜਿਨ੍ਹਾਂ ਨੂੰ ਅਸੀਂ ਘਲੂਘਾਰਿਆਂ ਦੇ ਨਾਮ ਹੇਠ
ਯਾਦ ਕਰਦੇ ਹਾਂ। ਪਰ ਇੱਕ ਗੱਲ ਸੋਚਿਓ, ਕਿ ਠੇਡਾ ਲੱਗਣ ਤੋਂ ਬਾਅਦ ਹਰ ਮੁਸਾਫਿਰ
ਦੇ ਮੁੰਹੋਂ ਹਾਏ ਵੀ ਨਿਕਲਦੀ ਹੈ, ਕੋਈ ਇੱਕ ਜਾਂ ਦੋ ਜਾਂ ਤਿੰਨ ਵਾਰ ਹਾਏ ਕਹਿੰਦਾ ਹੈ,
ਪਰ ਹਾਏ ਹਾਏ ਕਹਿ ਕੇ ਉਥੇ ਬੈਠ ਜਾਣ ਵਾਲਾ ਮਨੁੱਖ, ਤੇ
ਲਗਾਤਾਰ ਹਾਏ ਹਾਏ ਕਹੀ ਜਾਏ, ਉਸਨੂੰ ਕਮਜ਼ੋਰ, ਬੁਜ਼ਦਿਲ ਮਨੁੱਖ ਮੰਨਿਆ ਜਾਂਦਾ ਹੈ।
ਹਾਏ ਕਹਿਣਾ ਇੱਕ ਵਾਰੀ ਠੀਕ ਹੈ, ਦੋ
ਵਾਰੀ ਠੀਕ ਹੈ, ਉਸ ਤੋਂ ਬਾਅਦ ਉੱਠੇ, ਉਸ ਠੇਡੇ ਵਿੱਚੋਂ ਮਜ਼ਬੂਤੀ ਹਾਸਿਲ ਕਰੇ।
ਹਰ ਠੇਡਾ ਕਦਮਾਂ ਲਈ ਇੱਕ ਨਵੀਂ ਮਜ਼ਬੂਤੀ ਲੈ ਕੇ ਆਉਂਦਾ ਹੈ। ਜਿਹਨੂੰ ਲੈ ਕੇ ਆਪਣੇ ਨਾਲ
ਹੰਡਾਅ ਕੇ ਕੋਈ ਮੁਸਾਫਿਰ ਅੱਗੇ ਵੱਧਦਾ ਹੈ, ਉਸਦੇ ਕਦਮਾਂ ਵਿੱਚ ਅੱਗੇ ਨਾਲੋਂ ਜ਼ਿਆਦਾ
ਮਜ਼ਬੂਤੀ ਹੁੰਦੀ ਹੈ।
ਪਰ ਇੱਕ ਹੋਰ ਖਿਆਲ ਕਰਿਓ, ਅੱਗੇ ਵੱਧਣ ਲਈ ਦੋ ਪੈਰਾਂ ਦਾ, ਦੋ
ਕਦਮਾਂ ਦਾ, ਇੱਕ ਦਿਸ਼ਾ ਵੱਲ ਵੱਧਣਾ, ਤੇ ਦੋਵੇਂ ਕਦਮਾਂ ਕਿ ਦਿਸ਼ਾ ਹੋਵੇ, ਬਹੁਤ ਜ਼ਰੂਰੀ
ਹੈ। ਇਹ ਨਹੀਂ ਕਿ ਇੱਕ ਕਦਮ ਇੱਕ ਪਾਸੇ ਵਧੇ, ਤੇ ਦੂਜਾ ਦੂਜੇ ਪਾਸੇ, ਕਦੇ ਮੰਜ਼ਿਲ ਨਹੀਂ
ਮਿਲਦੀ।
ਜੇ ਤੈਨੂੰ ਠੇਡਾ ਵੱਜਾ ਹੈ, ਅੱਗੇ ਨਾਲੋਂ ਮਜ਼ਬੂਤ ਹੋਕੇ ਅੱਗੇ ਵੱਧਣ ਲਈ ਤੈਨੂੰ ਇੱਕ
ਮੈਸੇਜ (ਸੁਨੇਹਾ) ਹੈ, ਵੱਧ ਪਰ ਦੋਵਾਂ ਕਦਮਾਂ ਦੀ ਇੱਕ ਦਿਸ਼ਾ ਬਣਾ।
ਇੱਕ ਹੋਰ ਖਿਆਲ ਕਰੀਂ, ਦਿਸ਼ਾ ਹਮੇਸ਼ਾ ਇੱਕ ਮਾਲਿਕ ਦੀ, ਇੱਕ ਆਗੂ ਦੀ ਅਗਵਾਈ ਵਿੱਚ ਬਣਦੀ
ਹੈ, ਜੇ ਤੇਰਾ ਆਗੂ ਹੀ ਵੱਖ ਵੱਖ ਹੋਵੇ, ਤੇਰੀ ਦਿਸ਼ਾ ਇੱਕ ਕਿਵੇਂ ਹੋ ਸਕੇਗੀ? ਸਤਿਗੁਰੂ
ਨੇ ਬਾਣੀ ਵਿੱਚ ਇਸੇ ਲਈ ਆਖਿਆ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਪੰਨਾਂ
646
ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥
ਪੰਨਾਂ 350
ਇੱਕ ਨਾਲ ਕਿਉਂ ਜੋੜਿਆ ਸੀ, ਉਸਦਾ ਮਤਲਬ ਸੀ ਕਿ ਕਿ ਸਿੱਖ ਨੂੰ
ਇੱਕ ਦਿਸ਼ਾ ਵੱਲ ਵਧਣ ਲਈ ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੀ ਲੋੜ ਹੈ,
ਤਾਂਹੀ ਇਸਨੂੰ ਜੀਵਨ ਦੀ ਮੰਜ਼ਿਲ ਮਿਲੇਗੀ। ਨਹੀਂ ਤਾਂ
ਹਰ ਠੇਡਾ ਇਹਨੂੰ ਕੇਵਲ ਹਾਏ ਹਾਏ ਕਹਿਣ ਲਈ ਤਾਂ ਮਜਬੂਰ ਕਰ ਦੇਵੇਗਾ, ਪਰ ਉਹਦੀ ਦਿਸ਼ਾ,
ਉਹਦੀ ਮੰਜ਼ਿਲ ਨੇੜੇ ਨਹੀਂ ਲਿਆ ਸਕੇਗਾ।
ਠੇਡਾ ਜੀਵਨ ਲਈ ਮਜ਼ਬੂਤੀ ਪ੍ਰਦਾਨ ਕਰਕੇ ਜਾਵੇ, ਇਹੀ ਚੜ੍ਹਦੀਕਲਾ ਦਾ ਪ੍ਰਤੀਕ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ॥
ਵਾਹਿ ਗੁਰੂ ਜੀ ਕਾ ਫਤਹਿ॥