Share on Facebook

Main News Page

ਇੰਝ ਪਹੁੰਚੇ ਸਨ ਦਰਬਾਰ ਸਾਹਿਬ ਅੰਦਰ ਹਥਿਆਰ...
-: ਸਿਰਦਾਰ ਗੁਰਤੇਜ ਸਿੰਘ

ਗਰਮੀਆਂ ਦੀ ਇੱਕ ਕੜਕਦੀ ਦੁਪਹਿਰ ਨੂੰ ਜਨਰਲ ਭੁੱਲਰ ਫ਼ੌਜੀ ਜੌਂਗੇ ਵਿੱਚ ਇੱਕ ਬ੍ਰਿਗੇਡੀਅਰ ਨਾਲ ਆਇਆ, ਜਿਸ ਨੂੰ ਓਸ ਨੇ ਆਪਣਾ ਦੋਸਤ ਦੱਸਿਆ। ਉਸ ਦਾ ਕਹਿਣਾ ਸੀ, 'ਸਰਕਾਰ ਦਰਬਾਰ ਸਾਹਿਬ ਉੱਤੇ ਹਮਲਾ ਜ਼ਰੂਰ ਕਰੇਗੀ। ਸਿੱਖਾਂ ਦੀ ਇੱਜ਼ਤ ਰੱਖਣ ਲਈ, ਸਿੱਖ ਇਤਿਹਾਸ ਦਾ ਗੌਰਵ ਕਾਇਮ ਰੱਖਣ ਲਈ, ਹਮਲੇ ਦਾ ਡੱਟ ਕੇ ਮੁਕਾਬਲਾ ਕਰਨਾ ਨਿਹਾਇਤ ਜ਼ਰੂਰੀ ਹੈ। ਸੰਤਾਂ ਤੋਂ ਬਿਨਾਂ ਕਿਸੇ ਨੇ ਮੁਕਾਬਲਾ ਨਹੀਂ ਕਰਨਾ, ਪਰ ਸੰਤਾਂ ਕੋਲ ਛੋਟੇ-ਮੋਟੇ ਹਥਿਆਰ ਹਨ ਜਿਨ੍ਹਾਂ ਦੀ ਮਾਰ ਸੌ, ਦੋ ਸੌ ਗਜ਼ ਤੋਂ ਵੱਧ ਨਹੀਂ। ਫੌਜ ਦੇ ਹਥਿਆਰਾਂ ਦੇ ਮੁਕਾਬਲੇ ਇਹ ਗੁਲੇਲਾਂ ਹੀ ਹਨ। ਅਜਿਹੇ ਹਥਿਆਰਾਂ ਨਾਲ ਪੁਲਿਸ ਜਾਂ ਫ਼ੌਜ ਦਾ ਮੁਕਾਬਲਾ ਨਹੀਂ ਹੋ ਸਕਦਾ। ਸਾਡੇ ਕੋਲ ਬੰਗਲਾ ਦੇਸ਼ ਤੋਂ ਕਬਜ਼ੇ ਵਿੱਚ ਲਏ ਬਹੁਤ ਹਥਿਆਰ ਪਏ ਹਨ। ਅਸੀਂ ਵੀ ਸਿੱਖ ਹਾਂ। ਸਾਡੀ ਇੱਜ਼ਤ ਵੀ ਤਾਂ ਰਹਿੰਦੀ ਹੈ ਜੇ ਮੁਕਾਬਲਾ ਡਟਵਾਂ ਹੋਵੇ। ਅਸੀਂ ਇੱਕ ਟਰੱਕ ਹਥਿਆਰਾਂ ਦਾ ਸੰਤਾਂ ਨੂੰ ਦੇਣਾ ਚਾਹੁੰਦੇ ਹਾਂ। ਤੁਸੀ ਲੈ ਕੇ ਕਿਵੇਂ ਨਾ ਕਿਵੇਂ ਸੰਤਾਂ ਨੂੰ ਪਹੁੰਚਾ ਦਿਉ।'

ਮੈਂ ਇਹ ਸੁਣ ਕੇ ਬਿਲਕੁਲ ਹੈਰਾਨ ਰਹਿ ਗਿਆ।

ਮੈਂ ਓਸ ਬ੍ਰਿਗੇਡੀਅਰ ਨੂੰ ਆਖਿਆ, 'ਮੈਨੂੰ ਤਾਂ ਹਥਿਆਰ ਦੀ ਉੱਕਾ ਵਾਕਫ਼ੀਅਤ ਨਹੀਂ। ਨਾ ਹੀ ਮੈਂ ਏਨੇਂ ਹਥਿਆਰ ਦਰਬਾਰ ਸਾਹਿਬ ਸਮੂਹ ਵਿੱਚ ਲੈ ਕੇ ਜਾ ਸਕਦਾ ਹਾਂ। ਇਹ ਕੰਮ ਤਾਂ ਜਨਰਲ ਭੁੱਲਰ ਬਿਹਤਰ ਕਰ ਸਕਣਗੇ।

ਭੁੱਲਰ ਦੀ ਉਪਰੋਕਤ ਪੇਸ਼ਕਸ਼ ਤੋਂ 15-20 ਦਿਨ ਬਾਅਦ ਅਖ਼ਬਾਰ ਵਿੱਚ ਖ਼ਬਰ ਆਈ ਕਿ ਕਾਰ ਸੇਵਾ ਦੇ ਟਰੱਕ ਵਿੱਚ ਆਟੇ-ਖੰਡ ਦੀਆਂ ਬੋਰੀਆਂ ਹੇਠ ਹਥਿਆਰਾਂ ਦੀ ਵੱਡੀ ਖੇਪ ਦਰਬਾਰ ਸਾਹਿਬ ਜਾਂਦੀ ਰੋਕੀ ਗਈ ਪ੍ਰੰਤੂ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਖਿਆ ਕਿ ਕਾਰ-ਸੇਵਾ ਦੇ ਟਰੱਕਾਂ ਨੂੰ ਬਿਨਾਂ ਤਲਾਸ਼ੀ ਦੇ ਅੰਦਰ ਜਾਣ ਦਿੱਤਾ ਜਾਵੇ। ਏਸ ਤੋਂ ਬਾਅਦ ਇਹ ਟਰੱਕ ਅੰਦਰ ਚਲਾ ਗਿਆ।

ਕੁਝ ਕੁ ਦਿਨਾਂ ਬਾਅਦ ਜਨਰਲ ਭੁੱਲਰ ਅਤੇ ਮੈਂ ਦਰਬਾਰ ਸਾਹਿਬ ਗਏ।

ਅਸੀਂ ਅਜੇ ਪ੍ਰਕਰਮਾ ਵਿੱਚ ਹੀ ਸਾਂ ਕਿ ਬੀਬੀ ਅਮਰਜੀਤ ਕੌਰ ਨੇ ਉੱਪਰੋਂ ਸਾਨੂੰ ਵੇਖ ਲਿਆ। ਓਸ ਵੇਲੇ ਉਹ ਨਿਸ਼ਾਨ ਸਾਹਿਬ ਦੇ ਕੋਲ ਪ੍ਰਕਰਮਾਂ ਦੇ ਉੱਪਰਲੇ ਕਮਰੇ ਵਿੱਚ ਰਹਿੰਦੀ ਸੀ। ਓਸ ਨੇ ਇੰਦਰਜੀਤ ਸਿੰਘ ਬਾਗ਼ੀ ਨੂੰ ਭੇਜ ਕੇ ਸਾਨੂੰ ਬੁਲਾ ਲਿਆ। ਮੈਨੂੰ ਮੁਖ਼ਾਤਬ ਹੋ ਕੇ ਬੀਬੀ ਨੇ ਆਖਿਆ, 'ਭਾਜੀ, ਤੁਸੀਂ ਸੰਤਾਂ ਨੂੰ ਇੱਕ ਟਰੱਕ ਹਥਿਆਰਾਂ ਦਾ ਲਿਆ ਕੇ ਦਿੱਤਾ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਸੰਤ ਤਾਂ ਕੁਝ ਵੀ ਨਹੀਂ ਕਰਦੇ। ਜਿੰਨੀਆਂ ਵਾਰਦਾਤਾਂ ਹੋ ਰਹੀਆਂ ਹਨ ਉਹ ਤਾਂ ਸਾਰੀਆਂ ਸਾਡੇ ਅਖੰਡ ਕੀਰਤਨੀ ਜਥੇ ਦੇ ਬੱਬਰ ਹੀ ਕਰ ਰਹੇ ਹਨ। ਸਾਡੇ ਕੋਲ ਹਥਿਆਰਾਂ ਦੀ ਬਹੁਤ ਘਾਟ ਹੈ। ਤੁਸੀਂ ਸਾਨੂੰ ਵੀ ਥੋੜ੍ਹੇ ਜਿਹੇ ਹਥਿਆਰ ਲਿਆ ਦੇਵੋ ਤਾਂ ਚੰਗਾ ਹੋਵੇ।

ਇਹ ਸੁਣ ਕੇ ਮੈਂ ਜਰਨੈਲ ਵੱਲ ਵੇਖਿਆ ਤਾਂ ਉਹ ਘੋਖਵੀਂ ਨਜ਼ਰ ਨਾਲ ਮੇਰੇ ਵੱਲ ਪਹਿਲਾਂ ਹੀ ਵੇਖ ਰਿਹਾ ਸੀ। ਇੱਕ ਵਾਰ ਤਾਂ ਮੈਂ 'ਕੋਸ਼ਿਸ਼ ਕਰਾਂਗਾ' ਵਰਗਾ ਫ਼ਿਕਰਾ ਬੋਲ ਕੇ ਓਸ ਦਾ ਦਿਲ ਰੱਖਣ ਦੀ ਸੋਚੀ। ਪਰ ਮੈਂ ਏਹੀ ਆਖਿਆ, 'ਭੈਣ ਜੀ, ਮੈਨੂੰ ਨਹੀਂ ਪਤਾ ਸੰਤਾਂ ਨੂੰ ਹਥਿਆਰ ਕਿਸ ਨੇ ਲਿਆ ਕੇ ਦਿੱਤੇ ਹਨ। ਮੇਰੇ ਕੋਲ ਤਾਂ ਗੁਲੇਲ ਵੀ ਨਹੀਂ ਹੈ। ਮੈਂ ਤੁਹਾਡੇ ਜਥੇ ਬਾਰੇ ਥੋੜ੍ਹੀ ਵਾਕਫ਼ੀਅਤ ਰੱਖਦਾ ਹਾਂ। ਜੇ ਮੇਰੇ ਕੋਲ ਕੁਝ ਹੁੰਦਾ ਤਾਂ ਯਕੀਨਨ ਮੈਂ ਤਹਾਨੂੰ ਹੀ ਲਿਆ ਕੇ ਦੇਣਾ ਸੀ'

ਏਨੀਂ ਗੱਲ ਸੁਣ ਕੇ ਜਨਰਲ ਭੁੱਲਰ ਝੱਟ ਬੋਲ ਪਿਆ, 'ਦਰ ਅਸਲ...... ਤੁਹਾਨੂੰ ਗਲ਼ਤ ਫ਼ਹਿਮੀ ਹੋਈ ਹੈ.... ਹਥਿਆਰਾਂ ਦਾ ਟਰੱਕ..... ਦਰ ਅਸਲ ਮੈਂ ਲਿਆ ਕੇ ਦਿੱਤਾ ਹੈ।' ਮੈਨੂੰ ਇਹ ਸੁਣ ਕੇ ਹੈਰਾਨੀ ਤਾਂ ਨਾ ਹੋਈ, ਪਰ ਇਹ ਰੰਜ ਜ਼ਰੂਰ ਹੋਇਆ ਕਿ ਏਸ ਨੇ ਮੈਨੂੰ ਪਹਿਲਾਂ ਕਿਉਂ ਇਹ ਗੱਲ ਨਾ ਦੱਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top