Share on Facebook

Main News Page

ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥…
ਨਾ ਚਾਹੁੰਦੇ ਹੋਏ ਵੀ ਇੱਕ ਵਾਰ ਤਾਂ ਜ਼ਰੂਰ ਪੜ੍ਹੋ ਕਥਿਤ ਦਸਮ ਗਰੰਥ, ਲਾਈ ਲੱਗ ਨਾ ਬਣੋ, ਜਾਗੋ ਤੇ ਆਪਣਾ ਮੂਲ ਪਛਾਣੋ!
-: ਹਰਪਾਲ ਕੌਰ

ਬਚਪਨ ਤੋਂ ਇਹ ਸੁਣਦੇ ਆਏ ਹਾਂ ਕਿ ਪੰਜ ਬਾਣੀਆਂ ਨੂੰ ਲੈ ਕੇ ਕੌਮ ਵਿੱਚ ਬਹੁਤ ਦੁਬਿਧਾ ਵਿਚ ਹੈ ਅਤੇ ਇਹ ਵੀ ਸੁਣਦੇ ਸੀ ਇਕ ਪੰਜ ਬਾਣੀਆਂ ਉਨ੍ਹਾਂ ਲਈ ਜ਼ਰੂਰੀ ਹਨ ਜੋ ਅੰਮ੍ਰਿਤ ਛਕਦੇ (ਖੰਡੇ ਬਾਟੇ ਦੇ ਪਾਹੁਲ) ਲੈਂਦੇ ਹਨ।

ਇੱਕ ਆਮ ਸਿੱਖ ਵਾਂਗ ਹਮੇਸ਼ਾਂ ਇਹ ਹੀ ਵਿਚਾਰ ਰਿਹਾ ਕਿ ਇਹਨਾਂ ਫਾਲਤੂ ਦੇ ਝਮੇਲਿਆਂ ਤੋਂ ਕੀ ਲੈਣਾ, ਗੁਰਦੁਆਰੇ ਜਾਓ, ਕੀਰਤਨ ਕਥਾ ਸੁਣੋ, ਲੰਗਰ ਛਕੋ ਤੇ ਘਰ ਆ ਜਾਓ। ਦੋ ਸਾਲ ਪਹਿਲਾ ਸਿੰਘ ਸਭਾ ਇੰਟਰਨੈਸ਼ਨਲ ਦੇ ਮੈਗਜ਼ੀਨ ਵਿਚ ਕਥਿਤ ਦਸਮ ਗਰੰਥ ਦੀਆਂ ਕੁੱਛ ਝਲਕੀਆਂ ਪੜ੍ਹੀਆਂ, ਫਿਰ ਵੀ ਮਨ ਵਿੱਚ ਕੋਈ ਵਿਚਾਰ ਨਹੀਂ ਆਇਆ। ਕੁਛ ਮਹੀਨੇ ਪਹਿਲਾਂ ਭਾਈ ਇੰਦਰ ਸਿੰਘ ਘੱਗਾ ਜੀ ਦੀ ਇਕ ਵੀਡੀਓ ਦੇਖ ਕੇ ਇਸ ਗਰੰਥ ਨੂੰ ਪੜ੍ਹਨ ਦੀ ਜਗਿਆਸਾ ਹੋਈ। ਯੂ-ਟਿਯੂਬ ਤੇ ਜਦੋ “ਦਸਮ ਗਰੰਥ ਅਸਲੀਅਤ” ਲਭਿਆ ਤਾਂ ਅਨੇਕਾਂ ਵੀਡੀਓ ਇਸ ਵਿਸ਼ੇ 'ਤੇ ਮਿਲੀਆਂ।

ਪ੍ਰੋਫੈਸਰ ਦਰਸ਼ਨ ਸਿੰਘ, ਸ. ਗੁਰਚਰਨ ਸਿੰਘ ਜਿਉਣਵਾਲਾ, ਗਿਆਨੀ ਜਗਤਾਰ ਸਿੰਘ ਜਾਚਕ, ਬੀਬੀ ਜੁਗਰਾਜ ਕੌਰ, ਡਾ. ਹਰਜਿੰਦਰ ਸਿੰਘ ਦਿਲਗੀਰ ਆਦਿਕ ਦੇ ਵਿਚਾਰ ਇਸ ਗਰੰਥ ਸੰਬੰਧੀ ਸੁਣਨ ਨੂੰ ਮਿਲੇ। ਗੂਗਲ ਤੇ ਜਦੋ ਲੱਭਿਆ ਤਾ ਗਿਆਨੀ ਭਾਗ ਸਿੰਘ ਦਾ ਦਸਮ ਗ੍ਰੰਥ ਦਰਪਣ (ਦਸਮ ਗਰੰਥ ਨਿਰਣੈ) ਅਤੇ ਸ. ਰਤਨ ਸਿੰਘ ਜੱਗੀ ਦਾ ਦਸਮ ਗਰੰਥ ਕ੍ਰਤਿਤ੍ਵ ਪੜ੍ਹਨ ਨੂੰ ਮਿਲਿਆ। ਘਰ ਪਈਆਂ ਪੁਸਤਕਾਂ ਵਿੱਚੋ ਸ. ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਜੀ ਦੀ (ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 10) ਵੀ ਪੜ੍ਹਿਆ। ਕਈ ਹੋਰਾਂ ਦੇ ਵਿਚਾਰ ਵੀ ਪੜ੍ਹਨ ਨੂੰ ਮਿਲੇ ਜੋ ਦਸਮ ਦੇ ਹੱਕ ਵਿਚ ਬੋਲਦੇ ਹਨ, ਉਦਾਹਰਣ ਦੀ ਤੌਰ ਤੇ ਸ. ਪਿਆਰਾ ਸਿੰਘ ਪਦਮ, ਸੰਤ ਸਿੰਘ ਮਸਕੀਨ।

ਇਹ ਸਾਰੀ ਜਾਣਕਾਰੀ ਜ਼ਿਆਦਾਤਰ ਬਚਿਤ੍ਰ ਨਾਟਕ ਬਾਰੇ ਸੀ, ਅਤੇ ਅਖੌਤੀ ਚੌਪਈ ਜੋ ਅਸੀਂ ਪੜ੍ਹਦੇ ਹਾਂ, ਇਸੀ ਬਚਿਤ੍ਰ ਨਾਟਕ ਦਾ ਹਿੱਸਾ ਹੈ। ਗੁਰਬਾਣੀ ਦੀ ਥੋੜ੍ਹੀ ਬਹੁਤ ਸੋਝੀ ਰੱਖਣ ਵਾਲਾ ਸਿੱਖ ਵੀ ਇਹ ਕਹਿ ਸਕਦਾ ਕਿ ਇਹ ਬਚਿਤ੍ਰ ਨਾਟਕ ਗੁਰੂ ਗੋਬਿੰਦ ਪਤਸ਼ਾਹ ਦੀ ਰਚਨਾ ਹੋ ਹੀ ਨਹੀਂ ਸਕਦੀ। ਬੌਧਿਕ ਪੱਧਰ ਏਨਾ ਉਚਾ ਨਾ ਹੋਣ ਕਰਕੇ, ਕਥਿਤ ਦਸਮ ਗਰੰਥ ਨੂੰ ਪੜ੍ਹਨ ਤੋਂ ਬਾਅਦ ਸਵਾਲ ਇਹ ਸੀ ਕਿ, ਕੀ ਜਾਪੁ, ਸਵਈਏ ਜੋ ਨਿਤਨੇਮ ਦੀ ਬਾਣੀਆਂ ਸ਼ਾਮਿਲ ਹਨ, ਕਿ ਉਹ ਗੁਰੂ ਸਾਹਿਬ ਦੀ ਰਚਨਾ ਹੈ ਆ ਜਾਂ ਨਹੀਂ। ਕੁਛ ਮਹੀਨੇ ਪਹਿਲਾਂ ਸਿੱਖ ਨਿਊਜ਼ ਐਕਸਪ੍ਰੈਸ ਤੋਂ ਸਿੱਖ Intellectual ਰਿਐਲਿਟੀ ਚੈੱਕ ਪ੍ਰੋਗਰਾਮ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਵੀ ਹੋ ਗਿਆ ਕਿ ਜਾਪੁ ਸਾਹਿਬ ਕਿਥੋਂ ਆਇਆ ਤੇ ਸਵਈਏ ਕਿਥੋਂ ਆਏ।

ਪਰ ਜਿਹੜੇ ਵੀਰ ਭੈਣ ਇਸ ਗੱਲ  'ਤੇ ਟਿਕੇ ਹੋਏ ਹਨ ਕਿ ਦਸਮ ਗਰੰਥ ਗੁਰੂ ਗੋਬਿੰਦ ਪਾਤਸ਼ਾਹ ਦੀ ਬਾਣੀ ਹੈ, ਉਨ੍ਹਾਂ ਲਈ ਕੁੱਝ ਸਵਾਲ:

- ਕੀ ਜਾਪੁ, ਚੌਪਈ, ਸਵੱਈਏ ਨੂੰ ਇਸ ਲਈ ਬਾਣੀ ਮੰਨ ਰਹੇ ਹੋ, ਕਿ ਰਹਿਤ ਮਰਿਯਾਦਾ ਵਿਚ ਅੰਕਿਤ ਹੈ?
- ਕੀ ਇਸ ਲਈ ਮੰਨ ਰਹੇ ਹੋ ਕਿ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ ਪੜ੍ਹਦੇ ਸਨ ?
- ਕੀ ਡੇਰਾ, ਸੰਪ੍ਰਦਾ ਜਾਂ ਟਕਸਾਲ ਦੇ ਅਧੀਨ ਹੋ ਕੇ ਮੰਨ ਰਹੇ ਹੋ ?
ਜਾਂ ਫਿਰ ਆਪਣੀ ਅੰਨੀ ਸ਼ਰਧਾ ਦੇ ਅਧੀਨ?

ਮੰਨਣ ਦਾ ਕਾਰਨ ਕੁਛ ਵੀ ਹੋਵੇ, ਪਰ ਕੀ ਅਜਿਹਾ ਕਰਕੇ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ “ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਯੋ ਗਰੰਥ” ਦਾ ਉਲੰਘਣ ਨਹੀਂ ਕਰ ਰਹੇ?

ਇਹ ਨਿਰਣਾ ਕਰਨ ਲਈ ਕਿ, ਕੀ ਦਸਮ ਗਰੰਥ ਗੁਰੂ ਗੋਬਿੰਦ ਪਾਤਸ਼ਾਹ ਜੀ ਦੀ ਰਚਨਾ ਹੈ ਜਾਂ ਨਹੀਂ, ਸਾਨੂੰ ਲਾਈ ਲੱਗ ਨਹੀਂ ਬਣਨਾ ਚਾਹੀਦਾ, ਬਲਕਿ ਇਕ ਵਾਰ ਇਸ ਰਚਨਾ ਨੂੰ ਪੜ੍ਹ ਕੇ ਖੁਦ ਨਿਰਣੈ ਲੈਣਾ ਚਾਹੀਦਾ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪੇ ਹੋ ਜਾਣਾ ਹੈ ।

ਭੁੱਲ ਚੁੱਕ ਮੁਆਫ਼ ਜੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top