Share on Facebook

Main News Page

ਨਿਰਾ ਸ਼ਕਲੋਂ ਹੀ ਨਹੀਂ, ਆਓ ਅਕਲੋਂ ਵੀ ਸਿੱਖ ਬਣੀਏ
-: ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਗੁਰਬਾਣੀ ਮੁਤਾਬਕ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਧਾਰਨ ਕਰਨ ਵਾਲੇ ਮਨੁੱਖ ਨੂੰ ਹੀ ਸਿੱਖ ਆਖਿਆ ਜਾਂਦਾ ਹੈ। ਪਰ ਜੋ ਕੇ ਵਲ ਸਿੱਖੀ ਸਰੂਪ ਰੱਖੇ ਪਰ ਅਕਲੋਂ ਖਾਲ਼ੀ ਹੋਵੇ, ਉਸਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ, ਇਸ ਪ੍ਰਥਾਏ ਪ੍ਰਿਥੀ ਚੰਦ, ਮਹਾਂਦੇਵ, ਵਡਭਾਗ ਸਿੰਘ, ਜਾਂ ਹੋਰ ਬਹੁਤ ਨਾਮ ਦਿੱਤੇ ਜਾ ਸਕਦੇ ਨੇ, ਪਰ ਪ੍ਰਵਾਨਤਾ ਕੇਵਲ ਉਹਨਾਂ ਦੀ ਜੋ ਬਾਬੇ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਜਾਮਾਂ ਪਹਿਨਾਂ ਗਏ।

ਸ਼੍ਰੀ ਚੰਦ ਨੂੰ ਪਰਵਾਨ ਨਹੀਂ ਕੀਤਾ ਬਾਬੇ ਨੇ, ਭਾਈ ਲਹਿਣਾਂ ਪਸੰਦ ਆ ਗਿਆ ਭਲਾ ਕਿਉਂ? ਕਿਉਂਕਿ ਸਿੱਖ ਸਿਧਾਂਤਾਂ ਉਤੇ ਪਹਿਰਾ ਦੇਣਾ ਭਾਈ ਲਹਿਣਾ ਜੀ ਦੇ ਹਿੱਸੇ ਹੀ ਆਈ। ਅੱਜ ਜਦੋਂ ਸਿੱਖਾਂ ਦਾ ਸਾਰਾ ਜ਼ੋਰ ਗੁਰਦੁਆਰਿਆਂ ਦੀਆਂ ਆਲੀਸ਼ਾਨ ਬਿਲਡਿੰਗਾਂ ਬਣਾਉਣ ਉਤੇ ਲੱਗਾ ਹੋਇਆ ਹੈ, ਜਾਂ ਆਪਸੀ ਝਗੜਿਆਂ ਵਿੱਚ ਉਲਝੇ ਪਏ ਆਂ।

ਦੂਜੇ ਪਾਸੇ ਸਾਡੀ ਇਸੇ ਕਮਜ਼ੋਰੀ ਦਾ ਫਾਇਦਾ ਅੱਜ ਇਸਾਈ ਲੋਕ ਜਾਂ ਆਰ.ਐਸ.ਐਸ. ਲੈ ਜਾ ਰਹੀ ਆ, ਗੁਰਬਾਣੀ ਦੇ ਗਲਤ ਅਰਥ ਤੇ ਇਤਿਹਾਸ ਦੀ ਬਣਤਰ ਵਿਗਾੜੀ ਜਾ ਰਹੀ ਹੈ। ਮੇਰੇ ਵਰਗੇ ਹਜ਼ਾਰਾਂ ਪ੍ਰਚਾਰਕ ਜਾਂ ਵਿਦਵਾਨ ਇਸ ਸਭ ਨੂੰ ਦੇਖ ਚਿੰਤਤ ਨੇ, ਪਰ ਹੈਰਾਨੀ ਇਸ ਗੱਲ ਦੀ ਆ ਕਿ ਸਾਡੀ ਕੌਮ ਦੇ ਬਾਬੇ ਬੋਹੜ ਅਖਵਾਉਣ ਵਾਲੇ ਨਿਕੰਮੇ ਲੀਡਰ ਅੱਜ ਵੀ ਘੂਕ ਸੁੱਤੇ ਪਏ ਨਜ਼ਰ ਆ ਰਹੇ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਦੇ ਨਾਲ ਰਾਜਸੀ ਧਰਨਿਆਂ 'ਚ ਬੈਠਾ ਨਜ਼ਰ ਆ ਰਿਹਾ ਹੈ, ਦਮਦਮੀ ਟਕਸਾਲ ਦਾ ਅਖੌਤੀ ਮੁਖੀ ਧੁੰਮਾਂ ਬਾਦਲ ਦੀ ਚਮਚਾਗਿਰੀ ਤੇ ਬ੍ਰਾਹਮਣਵਾਦ ਨੂੰ ਬੜਾਵਾ ਦੇਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਕਿਤੇ ਫੈਡਰੇਸ਼ਨ ਦਾ ਆਗੂ ਗਲ ਵਿੱਚ ਮਾਤਾ ਦੀ ਚੁੰਨੀ ਪਾਕੇ ਜਗਰਾਤੇ 'ਚ ਭੇਟਾਂ ਗਾਕੇ ਮਾਤਾ ਦੀਆਂ ਖੁਸ਼ੀਆਂ ਲੈ ਰਿਹਾ ਹੈ, ਪਰ ਕਮਾਲ ਦੀ ਗੱਲ ਇਹ ਸਾਰੇ ਲੋਕ ਫਿਰ ਵੀ ਕੌਮ ਦੇ ਆਗੂ ਕਹਿਲਾਉਂਦੇ ਆ।

ਗੁਰਦੁਆਰਿਆਂ ਦਾ ਹਾਲ ਅੱਜ ਕੱਲ ਇਹ ਬਣ ਗਿਆ ਹੈ ਕਿ ਉਹ ਗਿਣਤੀ ਵਧਾਉਣ 'ਤੇ ਲੱਗੇ ਆ, ਤਾਂ ਹੀ ਮੰਦਰਾਂ ਵਾਲੇ ਬਹੁਤ ਸਾਰੇ ਕੰਮ ਹੁਣ ਗੁਰਦੁਆਰਿਆਂ 'ਚ ਹੋਣ ਲੱਗ ਪਏ ਆ, ਬਾਬਾ ਨਾਨਕ ਜੀ ਵੀ ਕਹਿੰਦੇ ਹੋਣੇ ਆ ਕਿ ਕਿੰਨਾਂ ਜੱਬਲਾਂ ਨੂੰ ਮੈਂ ਹੀਰੇ ਰਤਨ ਦੇ ਗਿਆਂ, ਇਹ ਤਾਂ ਕਮਲੇ ਉਹਨਾਂ ਦੀ ਕਦਰ ਹੀ ਨਹੀਂ ਜਾਣਦੇ, ਸਗੋਂ ਉਹਨਾਂ ਨੂੰ ਪੈਰਾਂ 'ਚ ਲਤਾੜੀ ਬੈਠੇ ਆ......

ਸਲੋਕ ਭਗਤ ਕਬੀਰ ਜੀਉ ਕੇ
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥
114॥ ਪੰਨਾਂ 1370

ਮੈਂ ਤਾਂ ਹੱਥ ਜੋੜ ਕੇ ਆਹੀ ਕਹਾਂਗਾ ਭਾਈ ਨਿਰਾ ਪੁਰਾ ਸ਼ਕਲੋ ਹੀ ਨਹੀਂ, ਆਉ ਅਸੀਂ ਸਭ ਅਕਲੋਂ ਵੀ ਬਾਬੇ ਨਾਨਕ ਦੇ ਸਿੱਖ ਬਣੀਏ। ਸੁੰਦਰ ਦੁਮਾਲੇ ਸਜਾਉ ਭਾਵੇਂ ਲੱਖ ਵਾਰੀ, ਪਰ ਇਹਨਾਂ ਸੁੰਦਰ ਦੁਮਾਲਿਆਂ ਦੇ ਹੇਠਾਂ ਜੋ ਦਿਮਾਗ ਆ, ਕਿਰਪਾ ਕਰਕੇ ਉਸਨੂੰ ਤੂੜੀ ਨਾਲ ਭਰਨ ਦੀ ਬਜਾਏ ਵੀਰੋ ਆਪਾਂ ਗੁਰਬਾਣੀ ਗਿਆਨ ਨਾਲ ਭਰੀਏ, ਨਹੀਂ ਤਾਂ ਗੁਰੂ ਸਾਹਿਬ ਦੀ ਆਹ ਗੱਲ ਜਰੂਰ ਨੋਟ ਕਰ ਲਿਓ...

ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ
ਪਸੁ ਜਿਉ ਉਦਰੁ ਭਰਉ
॥ ਪੰਨਾਂ 685

ਹੇ ਭਾਈ ਗੁਰੂ ਦੀ ਮਤਿ ਸੁਣਕੇ ਮੇਰੇ ਅੰਦਰ ਆਤਮਿਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ ਨਿੱਤ ਆਪਣਾਂ ਢਿੱਡ ਭਰ ਲੈਂਦਾ ਹਾਂ।

ਕੁਝ ਪੱਲੇ ਪਿਆ ਵੀਰੋ ਇਸ ਸ਼ਬਦ ਤੋਂ?

ਕੀਰਤਨ ਬਹੁਤ ਕੀਤਾ, ਵਾਹਿਗੁਰੂ ਵਾਹਿਗੁਰੂ ਕਰਨ 'ਤੇ ਵੀ ਪੂਰੀ ਵਾਹ ਲਾ ਛੱਡੀ, ਕੀਰਤਨ ਕਰਦਿਆਂ ਸਿਮਰਨ ਦੇ ਨਾਂ 'ਤੇ ਚੀਕਾਂ ਵੀ ਪੂਰੀਆਂ ਮਾਰੀਆਂ, ਕਥਾ ਦੇ ਨਾਂ 'ਤੇ ਲੋਕਾਂ ਨੂੰ ਗੁਰਬਾਣੀ ਗਿਆਨ ਦੀ ਬਜਾਏ ਇਹ ਕਹਿੰਦੇ ਰਹੇ ਕਿ ਮੇਰੀ ਕਥਾ ਸੁਣਨ ਲਈ ਰੂਹਾਂ (ਭੂਤ) ਆਉਦੀਆਂ, ਅਖੌਤੀ ਸੰਤਾਂ ਮਹੰਤਾਂ ਦੇ ਡੇਰਿਆਂ ਨਾਲ ਮਾਤਾ ਕੌਲਾਂ ਟਕਸਾਲ ਦੇ ਨਾਂ 'ਤੇ ਜੋੜਦੇ ਰਹੇ। ਕਦੇ ਗੁਰਬਾਣੀ ਦੀ ਗੱਲ ਲੋਕਾਂ ਨੂੰ ਪੂਰੀ ਇਮਾਨਦਾਰੀ ਨਾਲ ਦੱਸੀ ਹੁੰਦੀ ਤੇ ਅੱਜ ਲੋਕ ਧੜਾ ਧੜ ਇਸਾਈ ਨਾਂ ਬਣਦੇ। ਲੋਕ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸਹੀ ਮਾਇਨੇ 'ਚ ਸਮਝ ਹੀ ਨਹੀਂ ਸਕੇ, ਜਾਂ ਮੈਂ ਇਸ ਤਰਾਂ ਕਹਾਂ ਕਿ ਅਸੀਂ ਇਮਾਨਦਾਰੀ ਨਾਲ ਕੰਮ ਹੀ ਨਹੀਂ ਕੀਤਾ। ਧਰਮ ਦੀ ਦੁਨੀਆਂ 'ਚ ਰਾਜਸੀ ਭੁੱਖ ਨਹੀਂ ਹੋਣੀ ਚਾਹੀਦੀ ਸੀ, ਪਰ ਅੱਜ ਵੀ ਸਾਡੇ ਲੀਡਰਾਂ 'ਚ ਭਰਪੂਰ ਆ ਤੇ ਪਹਿਲਾ ਵੀ ਰਹੀ ਆ, ਜਿਸ ਕਾਰਨ ਸਿੱਖੀ ਦਾ ਨੁਕਸਾਨ ਪਹਿਲਾ ਵੀ ਬਹੁਤ ਹੋਇਆ ਤੇ ਹੋ ਹੁਣ ਵੀ ਬਹੁਤ ਰਿਹਾ ਹੈ।

ਅਖੀਰ 'ਚ ਮੈਂ ਬੇਨਤੀ ਕਰਾਂ ਵੀਰੋ ਜਦੋਂ ਤੱਕ ਅਸੀਂ ਸਭ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੁੰਦੇ ਤੱਕ ਨਾਂ ਸਾਡੀ ਏਕਤਾ ਹੋਣੀ ਆ, ਤੇ ਨਾਂ ਹੀ ਸਾਡੇ 'ਤੇ ਬਾਹਰੀ ਧਰਮਾਂ ਦੇ ਹਮਲੇ ਬੰਦ ਹੋਣੇ ਆ...

ਭੁੱਲ ਚੁੱਕ ਖਿਮਾ ਕਰਨੀ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top