Share on Facebook

Main News Page

ਵਿਸ਼ਵ ਸਿੱਖ ਚੇਤਨਾ ਕਾਨਫਰੰਸ (15 ਜੁਲਾਈ 2017) ਦੇ ਮਤਿਆਂ ਦੀ ਸਮੀਖਿਆ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

15 ਜੁਲਾਈ 2017 ਨੂੰ ਸਿਆਟਲ (ਅਮਰੀਕਾ) ਵਿੱਚ ਹੋਈ ਵਿਸ਼ਵ ਸਿੱਖ ਚੇਤਨਾ ਕਾਨਫਰੰਸ, ਖ਼ਬਰਾਂ ਅਨੁਸਾਰ, ਸਿੱਖਾਂ ਦੇ ਭਰਵੇਂ ਹੁੰਗਾਰੇ ਨਾਲ਼ ਸਮਾਪਤ ਹੋਈ। ਇੱਸ ਭਾਰੀ ਇਕੱਠ ਵਿੱਚ 5 ਮਤੇ ਪਾਸ ਕੀਤੇ ਗਏ। ਵੇਰਵਾ ਦੇਖੋ:-

ਅੱਜ ਦੇ ਵਿਸ਼ਾਲ ਇਕੱਠ ਵਿੱਚ ਇਕੱਤਰ ਸਮੂਹ ਸੰਗਤ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਤੇ ਬੇਮਿਸਾਲ ਰਹਿਨੁਮਾਈ ਵਿੱਚ ਹੇਠ ਲਿਖੇ ਗੁਰਮਤੇ ਪ੍ਰਵਾਨਗੀ ਲਈ ਪੇਸ਼ ਕਰਦੀ ਹੈ ਜੀ।

ਗੁਰਮਤਾ 1. ਅੱਜ ਦਾ ਇਹ ਇਕੱਠ ਐਲਾਨ ਕਰਦਾ ਹੈ ਕਿ ਸਿੱਖਾਂ ਦੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ । ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਗ੍ਰੰਥ ਜਾਂ ਦੇਹ ਧਾਰੀ ਨੂੰ ਸਥਾਪਨ ਕਰਨਾ ਪ੍ਰਵਾਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਕਰਨ ਵਾਲਿਆਂ ਦੀ ਭਰਪੂਰ ਨਿਖੇਧੀ ਕਰਦਾ ਹੈ।

ਗੁਰਮਤਾ 2. ਅੱਜ ਦਾ ਇਹ ਇਕੱਠ ਗੁਰਮਤਿ ਦੇ ਪ੍ਰਚਾਰਕਾਂ ਤੇ ਹੋ ਰਹੇ ਹਮਲਿਆਂ ਦੀ ਨਿਖੇਧੀ ਕਰਦਾ ਹੈ ਅਤੇ ਹਰ ਹਾਲਤ ਵਿੱਚ ਉਨ੍ਹਾਂ ਨਾਲ ਖੜਨ ਲਈ ਵਚਨਬੱਧ ਹੈ।

ਗੁਰਮਤਾ 3. ਅੱਜ ਦਾ ਇਹ ਇਕੱਠ 2003 ਵਿੱਚ ਲਾਗੂ ਹੋਏ ਮੂਲ ਨਾਨਕਸ਼ਾਹੀ ਕਲੰਡਰ ਨੂੰ ਹੀ ਮਾਨਤਾ ਦਿੰਦਾ ਹੈ ਅਤੇ ਉਸ ਵਿੱਚ ਰਾਜਸੀ ਜਾਂ ਡੇਰੇਦਾਰੀ ਸਾਜ਼ਿਸ਼ੀ ਪ੍ਰਭਾਵ ਨਾਲ ਕੀਤੀਆਂ ਤਬਦੀਲੀਆਂ ਨੂੰ ਰੱਦ ਕਰਦਾ ਹੈ।

ਗੁਰਮਤਾ 4. ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ।

ਗੁਰਮਤਾ 5. ਅੱਜ ਦਾ ਇਹ ਇਕੱਠ ਅਕਾਲ ਤਖ਼ਤ ਸਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਰਾਜਸੀ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਅਤੇ ਗੁਰਮਤਿ ਅਨੁਸਾਰ ਨਵਾਂ ਸਿਸਟਮ ਬਣਾਉਣ ਲਈ ਯਤਨ ਜਾਰੀ ਰੱਖਣ ਦਾ ਅਹਿਦ ਕਰਦਾ ਹੈ ਅਤੇ ਅਜੋਕੇ ਜਥੇਦਾਰੀ ਸਿਸਟਮ ਵੱਲੋਂ ਕਿੱਸੇ ਇੱਕ ਧਿਰ ਦੇ ਪ੍ਰਭਾਵ ਥੱਲੇ ਕੀਤੇ ਗਏ ਫ਼ੈਸਲੇ, ਸੰਦੇਸ਼ ਜਾਂ ਹੁਕਮਨਾਮਿਆਂ ਨੂੰ ਰੱਦ ਕਰਦਾ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

ਵੱਲੋਂ: ਦਸਤਖ਼ਤ (ਸਮੂਹ ਇਕੱਤਰ ਸੰਗਤ ਅਤੇ ਸਹਿਯੋਗੀ ਜਥੇਬੰਦੀਆਂ।

ਸਾਰੇ ਮਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪਾਸ ਕੀਤੇ ਗਏ। ਸਪੱਸ਼ਟ ਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਤੋਂ ਬਾਹਰ ਜਾ ਕੇ ਪਾਸ ਕੀਤਾ ਮਤਾ ਗੁਰੂ ਜੀ ਨੂੰ ਪ੍ਰਵਾਨ ਨਹੀਂ ਹੋ ਸਕਦਾ ਅਤੇ ਨਾ ਹੀ ਸਿੱਖਾਂ ਨੂੰ। ਗੁਰੂ ਜੀ ਦੀ ਆਵਾਜ਼ ਨੂੰ ਨਦਰ ਅੰਦਾਜ਼ ਕਰ ਕੇ ਕੋਈ ਵੀ ਮਤਾ ਮੰਨਣ ਯੋਗ ਨਹੀਂ ਕਿਹਾ ਜਾ ਸਕਦਾ।

ਪਹਿਲੇ 3 ਮਤੇ ਬੜੇ ਚੰਗੇ ਹਨ, ਜੋ ਗੁਰੂ ਜੀ ਦੇ ਦੱਸੇ ਰਸਤੇ(ਪੰਥ) ਦੀ ਸੇਧ ਵਿੱਚ ਹਨ। ਮਤਾ ਨੰਬਰ 5 ਦਲੇਰੀ ਨਾਲ਼ ਪੁੱਟਿਆ ਗਿਆ ਕ਼ਦਮ ਹੈ।

ਮਤਾ ਨੰਬਰ 4:

ਅੱਜ ਦਾ ਇਹ ਇਕੱਠ ਉਨ੍ਹਾਂ ਧਿਰਾਂ ਨੂੰ ਜਿਹੜੀਆਂ ਧਿਰਾਂ ਅਕਾਲ ਤਖ਼ਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਪਹਿਲਾਂ ਹੀ ਨਹੀਂ ਮੰਨਦੀਆਂ ਉਨ੍ਹਾਂ ਨੂੰ ਇਸ ਵਿੱਚ ਕੋਈ ਵੀ ਤਬਦੀਲੀ ਜਾਂ ਦਖ਼ਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦਾ ਹੈ।

ਇਸ ਮਤੇ ਨੂੰ ਪਾਸ ਕਰਨ ਲੱਗਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਨੂੰ ਨਹੀਂ ਸੁਣਿਆਂ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਦੀ ਬਾਣੀ ਨੂੰ ਦਸਵੇਂ ਗੁਰੂ ਜੀ ਵਲੋਂ ਅੰਤਮ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਪ੍ਰਵਾਨਗੀ ਦਾ ਅਰਥ ਹੈ ਕਿ ਦਸਵੇਂ ਗੁਰੂ ਜੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੂੰ ਹੀ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਨਿੱਤ-ਨੇਮ ਕਿਉਂਕਿ ਗੁਰੂ ਵਲੋਂ ਬਖ਼ਸ਼ਿਆ ਹੁੰਦਾ ਹੈ ਇਸ ਲਈ ਨਿੱਤ-ਨੇਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਹੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਹ ਨਿੱਤ-ਨੇਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ,ਛਾਪੇ ਦੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ। ਇਸ ਨਿੱਤ-ਨੇਮ ਦੀ ਬਣਤਰ ਪੰਜਵੇਂ ਗੁਰੂ ਜੀ ਨੇ ‘ਆਦਿ ਬੀੜ’ (ਪੋਥੀ) ਲਿਖਵਾਉਣ ਸਮੇਂ ਆਪਿ ਦਰਜ ਕਰਵਾ ਦਿੱਤੀ ਸੀ ਅਤੇ ਇਸੇ ਨੂੰ ਹੀ ਦਸਵੇਂ ਗੁਰੂ ਜੀ ਵਲੋਂ ਪ੍ਰਵਾਨਗੀ ਦਿੱਤੀ ਗਈ ਸੀ। ਜਿਵੇਂ ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ ਤੋਂ ਚਲੇ ਆ ਰਹੇ ਨਿੱਤ-ਨੇਮ ਵਿੱਚ ਹੋਰ ਬਾਣੀਆਂ ਜੋੜ ਕੇ ਨਿੱਤ-ਨੇਮ ਦੀ ਰੂਪ-ਰੇਖਾ ਬਦਲੀ ਸੀ ਇਵੇਂ ਦਸਵੇਂ ਗੁਰੂ ਜੀ ਨੇ ਨਹੀਂ ਕੀਤਾ, ਭਾਵ, ਉਨ੍ਹਾਂ ਨੇ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤ-ਨੇਮ ਹੀ ਮੰਨਿਆਂ ਅਤੇ ਬਿਨਾਂ ਰੋਕ-ਟੋਕ ਜਾਰੀ ਰੱਖਿਆ। ਛੇਵੇਂ, ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਪਾਤਿਸ਼ਾਹਾਂ ਦੇ ਸਮੇਂ ਵੀ ਇਹੀ ਨਿੱਤ-ਨੇਮ ਹੁੰਦਾ ਸੀ। ਹਾਂ, ਜੇ ਦਸਵੇਂ ਗੁਰੂ ਜੀ ਚਾਹੁੰਦੇ ਤਾਂ ਇਸ ਨਿੱਤ-ਨੇਮ ਵਿੱਚ ਹੋਰ ਬਾਣੀਆਂ ਜੋੜ ਸਕਦੇ ਸਨ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।

ਸ਼੍ਰੀ ਗੁਰ ਗ੍ਰੰਥ ਸਾਹਬ ਦੀ ਹਜ਼ੂਰੀ ਵਿੱਚ ਪਾਸ ਕੀਤਾ ਮਤਾ ਨੰਬਰ 4 ਪਹਿਲੇ 9 ਗੁਰੂ ਪਾਤਿਸ਼ਾਹਾਂ ਸਮੇਤ ਦਸਵੇਂ ਗੁਰੂ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਦਾ ਹੈ। ਇਸ ਮਤੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਅਪ੍ਰਵਾਨਤ ਅਤੇ ਦੇਵੀ ਦੇਵਤਿਆਂ (ਦੁਰਗਾ/ਮਹਾਂਕਾਲ਼) ਦੀ ਸਿਫ਼ਤਿ ਵਾਲ਼ੀਆਂ, ਸਿੱਖ ਰਹਤ ਮਰਯਾਦਾ ਵਿੱਚ ਪਾਈਆਂ, ਕੱਚੀਆਂ ਰਚਨਾਵਾਂ ਨੂੰ, ਇਕੱਠ ਵਲੋਂ ਪ੍ਰਵਾਨਗੀ ਦਿਵਾ ਦੇ ਕੇ ਗੁਰੂ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਇਸ ਮਤੇ ਨੇ ਖ਼ਾਹ-ਮ-ਖ਼ਾਹ ਸ਼੍ਰੀ ਅਕਾਲ ਤਖ਼ਤ ਨੂੰ ਵੀ , ਇਸ ਤੋਂ ਰਹਤ ਮਰਯਾਦਾ ਨੂੰ ਪ੍ਰਵਾਨਗੀ ਦਿਵਾ ਕੇ, ਗੁਰੂ ਹੁਕਮਾਂ ਦੀ ਉਲੰਘਣਾ ਕਰਨ ਵਿੱਚ ਭਾਈਵਾਲ ਬਣਾ ਦਿੱਤਾ ਹੈ ਜਦੋਂ ਕਿ ਸ਼੍ਰੀ ਅਕਾਲ ਤਖ਼ਤ ਦਾ ਰਹਤ ਮਰਯਾਦਾ ਨੂੰ ਬਣਾਉਣ ਅਤੇ ਪ੍ਰਵਾਨਗੀ ਦੇਣ ਵਿੱਚ ਕੋਈ ਹੱਥ ਨਹੀਂ ਹੈ।

ਕੀ ਇਸ ਕਾਨਫਰੰਸ ਨੂੰ ਇਹ ਨਹੀਂ ਪਤਾ ਲੱਗਾ ਕਿ ਰਹਤ ਮਰਯਾਦਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨਿੱਤ-ਨੇਮ ਨੂੰ ਹੀ ਆਧਾਰ ਬਣਾ ਕੇ ਇਸ ਨੂੰ ਵਧਾਇਆ ਹੈ? ਕੀ ਇਸ ਤੋਂ ਇਹ ਨਹੀਂ ਸਾਬਤ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿੱਤ-ਨੇਮ ਮੌਜੂਦ ਸੀ? ਸ਼੍ਰੀ ਅਕਾਲ ਤਖ਼ਤ ਨੂੰ ਕੀ ਮਜ਼ਬੂਰੀ ਸੀ ਕਿ ਉਸ ਨੇ ਗੁਰੂ ਪਾਤਿਸ਼ਾਹਾਂ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਉਨ੍ਹਾਂ ਦੇ ਬਣਾਏ ਨਿੱਤ-ਨੇਮ ਦੀ ਬਣਤਰ ਨੂੰ ਤੋੜਿਆ? ਕੀ ਕਾਨਫਰੰਸ ਕੋਲ਼ ਇਸ ਦਾ ਕੋਈ ਜਵਾਬ ਹੈ? ਕੀ ਸ਼੍ਰੋ. ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਸ਼੍ਰੀ ਅਕਾਲ ਤਖ਼ਤ ਦਾ ਸੇਵਾਦਾਰ, ਜਿਸ ਨੂੰ ਕਮੇਟੀ ਆਪਿ ਚੁਣਦੀ ਹੋਵੇ, ਕੋਈ ਪ੍ਰਵਾਨਗੀ ਦਾ ਫ਼ੈਸਲਾ ਲੈ ਸਕਦਾ ਹੈ?

ਮਤਾ ਨੰਬਰ ਚਾਰ ਪਹਿਲੇ ਮਤੇ ਦਾ ਵਿਰੋਧੀ ਹੈ।

ਪਹਿਲਾ ਮਤਾ ਇੱਕ ਗ੍ਰੰਥ ਦੇ ਪ੍ਰਕਾਸ਼ ਕਰਨ ਦੀ ਤਾਂ ਨਿਖੇਧੀ ਕਰਦਾ ਹੈ, ਪਰ ਉਸੇ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਤੁੱਲ ਸਮਝ ਕੇ ਪ੍ਰਵਾਨ ਵੀ ਕਰਦਾ ਹੈ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਸ਼ਮ ਗ੍ਰੰਥ ਦੀ ਵਿਚਾਰਧਾਰਾ ਚਲਾਈ ਜਾ ਸਕਦੀ ਹੈ? ਜੇ ਨਹੀਂ ਤਾਂ ਇਸ ਗ੍ਰੰਥ ਦੀਆਂ ਰਚਨਾਵਾਂ ਸ਼੍ਰੀ ਗੁਰ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੜ੍ਹਨ ਦਾ ਹੋਰ ਕੀ ਅਰਥ ਹੈ? ਖੋਜ ਨਾਲ਼ ਇਹ ਜੱਗ ਜ਼ਾਹਰ ਹੋ ਚੁੱਕਾ ਹੈ ਕਿ ਨਿੱਤਨੇਮ ਵਿੱਚ ਜੋੜੀਆਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਗੁਰਮਤਿ ਦੇ ਸਿਧਾਂਤਾਂ ਦੇ ਉਲ਼ਟ ਹਨ। ਕੀ ਕਾਨਫਰੰਸ ਸ਼੍ਰੀ ਅਕਾਲ ਤਖ਼ਤ ਨੂੰ ਮਰਯਾਦਾ ਦੀ ਪ੍ਰਵਾਨਗੀ ਵਿੱਚ ਭਾਈ ਵਾਲ ਬਣਾ ਕੇ ਇਨ੍ਹਾਂ ਵਾਧੂ ਰਚਨਾਵਾਂ ਨੂੰ ਗੁਰਮਤਿ ਦੇ ਸਿਧਾਂਤਾਂ ਦੇ ਅਨੁਕੂਲ ਬਣਾਉਣਾ ਚਾਹੁੰਦੀ ਹੈ? ਨਿੱਤ-ਨੇਮ ਅਤੇ ਅਰਦਾਸਿ ਵਿੱਚ ਜੋੜੀਆਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਕਿਸੇ ਤਰ੍ਹਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਾਚਾਰਧਾਰਾ ਦੇ ਅਨੁਕੂਲ ਨਹੀਂ ਬਣਾਈਆਂ ਜਾ ਸਕਦੀਆਂ।

ਮਤਾ ਨੰਬਰ 5 ਅਤੇ 4 ਆਪਸ ਵਿੱਚ ਵਿਰੋਧੀ ਪਰ ਮਤਾ ਨੰਬਰ 5 ਆਪਣੇ ਆਪ ਵਿੱਚ ਠੀਕ ਹੈ।

ਮਤਾ ਨੰਬਰ 5 ਵਿੱਚ ਸ਼੍ਰੋ. ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਦੇ ਢਾਂਚੇ ਨੂੰ ਬਦਲਣ ਦੀ ਗੱਲ ਕੀਤੀ ਗਈ ਹੈ। ਮਤਾ ਨੰਬਰ 4 ਵਿੱਚ ਸ਼੍ਰੀ ਅਕਾਲ ਤਖ਼ਤ ਦੀ ਸਰਾਹਨਾ ਕੀਤੀ ਗਈ ਹੈ ਕਿ ਉਸ ਨੇ ਰਹਤ ਮਰਯਾਦਾ ਨੂੰ ਪ੍ਰਵਾਨਗੀ ਦੇ ਕੇ ਚੰਗਾ ਕੰਮ ਕੀਤਾ ਹੋਇਆ ਹੈ। ਕਾਨਫਰੰਸ ਨੇ ਜਥੇਦਾਰ ਵਲੋਂ ਪੰਥ ਵਿੱਚੋਂ ਛੇਕੇ ਵਿਅੱਕਤੀਆਂ ਪ੍ਰਤੀ ਕੀਤੇ ਫ਼ੈਸਲੇ ਰੱਦ ਕਰਨ ਦਾ ਐਲਾਨ ਵੀ ਕੀਤਾ ਹੈ।

ਮਤਾ ਪੇਸ਼ ਕਰਨ ਵਾਲ਼ੇ ਸੱਜਣਾਂ ਨੂੰ ਕੀ ਇਹ ਪਤਾ ਨਹੀਂ ਸੀ ਕਿ ਛੇਕੇ ਹੋਏ ਵਿਅੱਕਤੀਆਂ ਵਿੱਚ ਉਹ ਵੀ ਹਨ ਜੋ ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ ਨੂੰ ਨਹੀਂ ਮੰਨਦੇ ਜਾਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ। ? ਇੱਕ ਪਾਸੇ ਰਹਤ ਮਰਯਾਦਾ ਦੇ ਹੱਕ ਵਿੱਚ ਮਤਾ ਹੈ, ਭਾਵ, ਦਸ਼ਮ ਗ੍ਰੰਥ ਦੀਆਂ ਰਚਨਾਵਾਂ ਦੇ ਹੱਕ ਵਿੱਚ ਫ਼ੈਸਲਾ ਹੈ, ਦੂਜੇ ਪਾਸੇ ਰਹਤ ਮਰਯਾਦਾ ਵਿੱਚ ਤਬਦੀਲੀਆਂ ਚਾਹੁਣ ਅਤੇ ਕਰਨ ਵਾਲ਼ਿਆਂ ਦੇ ਪੰਥ ਵਿੱਚੋਂ ਛੇਕਣ ਦੇ ਹੁਕਮਾਂ ਨੂੰ ਰੱਦ ਕਰਨ ਦੀ ਗੱਲ ਹੈ। ਇੱਥੇ ਆਪਸੀ ਵਿਰੋਧ ਹੈ।

ਰਹਤ ਮਰਯਾਦਾ ਵਿੱਚ ਤਬਦੀਲੀ ਦੀ ਚੇਤਾਵਨੀ।

ਕਾਨਫਰੰਸ ਦੇ ਇਕੱਠ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਰਹਤ ਮਰਯਾਦਾ ਵਿੱਚ ਕੋਈ ਤਬਦੀਲੀ ਹੋਣ ਤੇ ਉਹ ਸਖ਼ਤ ਵਿਰੋਧ ਕਰੇਗੀ। ਸ਼ਾਇਦ ਕਾਨਫਰੰਸ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਸ਼੍ਰੋ. ਕਮੇਟੀ (ਜੋ ਅਸਲ ਵਿੱਚ ਰਹਤ ਮਰਯਾਦਾ ਬਣਾਉਣ ਵਾਲ਼ੀ ਸ਼ਕਤੀ ਹੈ) ਪਹਿਲਾਂ ਹੀ ਇੱਸ ਵਿੱਚ ਮਨ ਮਰਜ਼ੀ ਨਾਲ਼ ਤਬਦੀਲੀ ਕਰ ਚੁੱਕੀ ਹੈ। ਕਾਨਫਰੰਸ ਹੁਣ ਤਕ ਸ਼੍ਰੋ. ਕਮੇਟੀ ਵਲੋਂ ਕੀਤੀ ਤਬਦੀਲੀ ਵਿਰੁੱਧ ਕਿਉਂ ਨਹੀਂ ਬੋਲੀ? ਕੀ ਹੁਣ ਹੀ ਕਾਨਫਰੰਸ ਦਾ ਇਕੱਠ ਸ਼੍ਰੋ. ਕਮੇਟੀ ਵਲੋਂ ਕੀਤੀ ਤਬਦੀਲੀ ਨੂੰ ਰੱਦ ਕਰਵਾਉਣ ਲਈ ਤੱਤਪਰ ਹੋਵੇਗਾ? ਕੀਰਤਨ ਵਾਲ਼ੀ ਮੱਦ ਵਿੱਚ ਤਬਦੀਲੀ ਕੀਤੀ ਜਾ ਚੁੱਕੀ ਹੈ ਪਰ ਕਾਨਫਰੰਸ ਨੂੰ ਕੀ ਇਸ ਗੱਲ ਦਾ ਕੋਈ ਗਿਆਨ ਨਹੀਂ ਸੀ? ਬੜੀ ਹੈਰਾਨੀ ਵਾਲ਼ੀ ਗੱਲ ਹੈ ਕਿ ਤਬਦੀਲੀ ਦੇ ਹੁੰਦਿਆਂ ਵੀ ਇਕੱਠ ਨੇ ਕਿਸੇ ਤਬਦੀਲੀ ਵਿਰੁੱਧ ਚੇਤਾਵਨੀ ਦੇ ਦਿੱਤੀ ਹੈ? ਚੇਤਾਵਨੀ ਵਿੱਚ ਇਹ ਕਹਿਣਾ ਬਣਦਾ ਸੀ ਕਿ ਜੇ ਸ਼੍ਰੋ. ਕਮੇਟੀ ਰਹਤ ਮਰਯਾਦਾ ਨੂੰ ਬਦਲੇ ਤਾਂ ਠੀਕ ਹੈ, ਪਰ ਜੇ ਹੋਰ ਕੋਈ ਬਦਲੇ ਤਾਂ ਉਸ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।

ਰਹਤ ਮੲਯਾਦਾ ਵਿੱਚ ਕੀਤੀ ਤਬਦੀਲੀ ਦੇਖੋ:-

SGPC Amritsar under the pressure pf Sikh enemies changed the Sikh code illegally to promote Dasam Granth with Durga and Mahakaal worshipping compositions in it. Punjabi and English versions of Sikh code differ.

ਚੰਗਾ ਹੁੰਦਾ ਜੇ ਕਾਨਫਰੰਸ ਦਾ ਇਕੱਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬ ਉੱਚਤਾ ਦਿੰਦਾ ਹੋਇਆ ਇਸ ਤੋਂ ਬਾਹਰ ਦੀਆਂ ਕੱਚੀਆਂ ਰਚਨਾਵਾਂ ਨੂੰ ਰੱਦ ਕਰਦਾ!

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top