ਗੁਰੂ ਨੇ ਕਦੀ “ਜਹਾ ਗਿਆਨੁ ਤਹ ਧਰਮੁ
ਹੈ” ਅਨੁਸਾਰ ਗਿਆਨ ਵਿਚੋਂ ਜਨਮ ਲੈਣ ਵਾਲੀ ਧਰਮ ਵੀਚਾਰ ਲਈ ਧਰਮਸਾਲ ਬਣਾਈਆਂ ਸਨ,
ਅੱਜ ਗੋਲਕ ਦੁਆਰੇ ਭੇਖ ਧਾਰੀ ਧਾਰਮਿਕ ਲੋਕਾਂ ਦੇ ਵਾਪਾਰ ਕੇਂਦਰ ਬਣ ਕੇ ਰਹਿ ਗਏ ਹਨ।
ਜਿਨ੍ਹਾਂ ਦੀ ਵਡਿਆਈ ਉਥੋਂ ਦੀ ਗੋਲਕ ਵੱਡੀਆਂ ਇਮਾਰਤਾਂ, ਵੱਡੇ ਡੇਰੇ ਅਤੇ ਬਹੁਤੇ ਗਾਹਕਾਂ
ਦੀ ਭੀੜ 'ਤੇ ਮੰਨੀ ਜਾਂਦੀ ਹੈ।
ਗੁਰੂ ਕਹਿੰਦਾ ਹੈ “ਸਾਚੇ ਕਾ ਗਾਹਕੁ
ਵਿਰਲਾ ਕੋ ਜਾਣੁ ॥” ਇਸੇ ਲਈ ਇਸ ਵਾਪਾਰ ਦੇ ਕੇਂਦਰਾਂ ਵਿੱਚ ਗਾਹਕ ਇਕੱਠੇ ਕਰਨ
ਲਈ ਉਨ੍ਹਾਂ ਦੀ ਮਰਜ਼ੀ ਦਾ ਸੌਦਾ ਕੂੜ ਕਹਾਣੀਆਂ ਵਿਕਾਰੀ ਜੀਵਨ ਹੀ ਪ੍ਰਚਾਰਿਆ ਪਰੋਸਿਆ
ਜਾਂਦਾ ਹੈ।
ਹਾਲਾਂਕਿ ਪ੍ਰਭੂ ਤੋਂ ਗੁਰੂ ਤੋਂ ਟੁੱਟੇ ਹੋਇ ਲੋਕਾਂ ਦੇ ਇਕੱਠ ਨੂੰ ਗੁਰੂ
ਵੇਸਵਾ ਦਾ ਅਖਾੜਾ ਕਹਿੰਦਾ ਹੈ:
ਜਿਉ ਬੇਸ੍ਵਾ ਕੇ ਪਰੈ ਅਖਾਰਾ ॥ ਕਾਪਰੁ
ਪਹਿਰਿ ਕਰਹਿ ਸੀਂਗਾਰਾ ॥
ਪੂਰੇ ਤਾਲ ਨਿਹਾਲੇ ਸਾਸ ॥ ਵਾ ਕੇ ਗਲੇ ਜਮ ਕਾ ਹੈ ਫਾਸ ॥3॥
ਭੈਰਉ ਨਾਮਦੇਉ ਜੀਉ ਘਰੁ 2; ਪੰਨਾਂ 1164
ਸਤਿਗੁਰੂ ਕਹਿੰਦੇ ਹਨ ਸੱਚ ਦੇ ਗਾਹਕ ਹਮੇਸ਼ਾਂ ਵਿਰਲੇ ਹੀ ਹੋਂਦੇ ਹਨ,
ਜਿਵੇਂ ਹੀਰਿਆਂ ਦੇ ਗਾਹਕ ਵਿਰਲੇ, ਪਰ ਗੋਲ ਗੱਪਿਆਂ ਦੀ ਰ੍ਹੇੜੀ
'ਤੇ ਭੀੜ ਦੇਖੀ ਜਾ ਸਕਦੀ ਹੈ।
ਇਸੇ ਤਰ੍ਹਾਂ "ਜਗ ਮਹਿ ਉਤਮ ਕਾਢੀਅਹਿ
ਵਿਰਲੇ ਕੇਈ ਕੇਇ ॥1॥"
ਕਿਉਂਕਿ ਸੱਚ ਦੇ ਗਾਹਕ ਵਿਰਲੇ ਹਨ, ਇਸ ਲਈ ਮੈਨੂੰ ਆਪਣੀ ਧਰਮਸਾਲ ਲਈ ਗੁਰਸਿੱਖ ਭਾਲ ਭਾਲ
ਕੇ ਲਿਆਉਣੇ ਪੈ ਰਹੇ ਹਨ :
ਮੈ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥