Share on Facebook

Main News Page

ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ.. .. ..!
ਲੰਗਾਹ ਵੱਲੋਂ ਅਬਲਾ ਦੀ ਆਬਰੂ ਨਾਲ ਕੀਤੇ ਖਿਲਵਾੜ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਹੀਂ ਲਿਆ ਨੋਟਿਸ
ਨੰਨੀ ਛਾਂ ਮੁਹਿੰਮ ਦੀ ਮੁੱਖੀ ਵੀ ਸਵਾਲਾਂ ਦੇ ਘੇਰੇ ‘ਚ

-: ਜਸਬੀਰ ਸਿੰਘ ਪੱਟੀ
93560 24684

ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਜੋ ਕਿ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹਮੇਸ਼ਾਂ ਹੀ ਵਿਵਾਦਾਂ ਵਿੱਚ ਰਹਿੰਦੇ ਹਨ ਪਰ ਆਪਣੀ ਗੱਲ ਹਿੱਕ ਦੇ ਜੋਰ ਨਾਲ ਕਰਨ ਦੀ ਹਿੰਮਤ ਰੱਖਦੇ, ਅੱਜ ਅਜਿਹੇ ਸਮਾਜਿਕ ਮੰਝਧਾਰ ਵਿੱਚ ਫਸ ਗਏ ਹਨ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ  ਦਿਖਾਈ ਦੇ ਰਿਹਾ ਤੇ ਲੋਕ ਉਹਨਾਂ ਨੂੰ ਸੁੱਚਾ ਸਿੰਘ ਲੰਗਾਹ ਦੀ ਬਜਾਏ "ਲੁੱਚਾ ਲੰਗਾਹ" ਦੇ ਸ਼ਬਦ ਨਾਲ ਸੰਬੋਧਨ ਕਰ ਰਹੇ ਹਨ।

ਸੁੱਚਾ ਸਿੰਘ ਲੰਗਾਹ ਦੇ ਜੇਕਰ ਪਿਛੋਕੜ ਵੱਲ ਝਾਤੀ ਮਾਰੀ ਜਾਵੇ ਤਾਂ ਉਹ ਵੀ ਕਾਫੀ ਗੁੰਝਲਦਾਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਪਰਕਾਸ਼ ਸਿੰਘ ਬਾਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਉਸ ਵੇਲੇ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਜਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਸੀ ਜਦੋ ਅਕਾਲੀ ਦਲ ਦੀਆ ਨਲਾਇਕੀਆ ਕਰਕੇ ਕੋਈ ਵੀ ਪੰਜਾਬੀ ਅਕਾਲੀ ਦਲ ਨੂੰ ਚਿਮਟੇ ਨਾਲ ਵੀ ਛੂਹਣ ਲਈ ਤਿਆਰ ਨਹੀਂ  ਸੀ ਤੇ ਕੇ ਐਸ ਗਿੱਲ ਤੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਗਲਬਾ ਪੂਰੀ ਤਰ੍ਹਾਂ ਲੋਕਾਂ ਤੇ ਭਾਰੂ ਹੋਇਆ ਪਿਆ ਸੀ। ਸੁੱਚਾ ਸਿੰਘ ਲੰਗਾਹ ਤੇ ਇਹ ਵੀ ਦੋਸ਼ ਲੱਗਦੇ ਰਹੇਹਨ ਕਿ ਉਹਨਾਂ ਦੇ ਖਾੜਕੂਆ ਨਾਲ ਸਬੰਧ ਸਨ ਤੇ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੂੰ ਜਦੋ ਅਗਵਾ ਕਰਨ ਦੀ ਗੱਲ ਚੱਲੀ ਸੀ ਤਾਂ ਉਹਨਾਂ ਨੇ ਡੱਟ ਕੇ ਵਿਰੋਧ ਕੀਤਾ ਤੇ ਸ੍ਰ ਪਰਕਾਸ਼ ਸਿੰਘ ਬਾਦਲ ਨੇ ਇਸ ਦੇ ਬਦਲੇ ਉਹਨਾਂ ਨੂੰ ਜਿਲ੍ਹਾ ਪ੍ਰਧਾਨ ਦੀ ਤਰੱਕੀ ਦਿੱਤੀ ਸੀ। ਉਹ ਸਮਾਂ ਬਹੁਤ ਹੀ ਉਲਝਣਾ ਭਰਪੂਰ ਸੀ ਤੇ ਸ੍ਰ ਬਾਦਲ ਵੀ ਮਹਿਸੂਸ ਕਰਦੇ ਸਨ ਕਿ ਜੇਕਰ ਅਕਾਲੀ ਦਲ ਨੂੰ ਜਿੰਦਾ ਰੱਖਣਾ ਹੈ ਤਾਂ ਅਜਿਹੇ ਵਿਅਕਤੀਆ ਦਾ ਸਾਥ ਲੈਣਾ ਹੀ ਪਵੇਗਾ। ਗੁਰਦਾਸਪੁਰ ਸਿੰਘ ਸੁੱਚਾ ਸਿੰਘ ਲੰਗਾਹ ਤੇ ਅੰਮ੍ਰਿਤਸਰ ਵਿੱਚ ਵਿਰਸਾ ਸਿੰਘ ਵਲਟੋਹਾ ਬਾਦਲ ਦਲ ਦੇ ਸਰਵੋ ਸਰਵਾ ਸਨ। ਸ੍ਰ ਬਾਦਲ ਨੇ ਆਪਣੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਸਿਆਸੀ ਤੌਰ ਤੇ ਜਿੰਦਾ ਰੱਖਣ ਲਈ ਭਾਂਵੇ ਵਿਰਸਾ ਸਿੰਘ ਵਲਟੋਹਾ ਨੂੰ ਕੋਈ ਵਿਸ਼ੇਸ਼ ਆਹੁਦਾ ਨਹੀਂ  ਦਿੱਤਾ ਸੀ ਪਰ ਉਸ ਨੂੰ ਅਸੀਮ ਤਾਕਤਾਂ ਦੇ ਕੇ ਨਿਵਾਜਿਆ ਹੋਇਆ ਸੀ। ਇਹ ਵੀ ਚਰਚਾ ਹੈ ਕਿ ਖਾਲਿਸਤਾਨ ਕਮਾਂਡੋ ਫੋਰਸ (ਜਫਰਵਾਲ) ਦੇ ਮੁੱਖੀ ਵੱਸਣ ਸਿੰਘ ਜਫਰਵਾਲ ਨੂੰ ਵੀ ਲੰਗਾਹ ਨੇ ਹੀ ਗ੍ਰਿਫਤਾਰ ਕੀਤੇ ਜਾਣ ਦਾ ਡਰਾਮਾ ਰਚਾ ਕੇ ਜਾਨੋ ਮਰਨ ਤੋ ਬਚਾਇਆ ਸੀ।

ਗੱਲ ਕਰ ਰਹੇ ਸੀ ਸੁੱਚਾ ਸਿੰਘ ਲੰਗਾਹ ਦੀ ਜਿਸਨੇ ਜਿਲ੍ਹਾ ਪ੍ਰਧਾਨ ਹੁੰਦਿਆ ਅਕਾਲੀ ਦਲ ਨੂੰ ਬਹੁਤ ਮਜਬੂਤ ਕੀਤਾ ਪਰ ਚਰਿੱਤਰ ਪੱਖੋ ਗੱਲ ਕੀਤੀ ਜਾਵੇ ਤਾਂ ਉਸ ਦੇ ਪਜਾਮੇ ਦੇ ਨਾਲਾ ਹਮੇਸ਼ਾਂ ਹੀ ਲਮਕਦਾ ਰਹਿੰਦਾ ਸੀ। ਉਸ ਉਪਰ ਇਹ ਵੀ ਦੋਸ਼ ਲੱਗਦਾ ਹੈ ਕਿ ਉਸ ਨੇ ਇੱਕ ਤੋ ਵਧੇਰੇ ਔਰਤਾਂ ਰੱਖੀਆ ਹਨ ਤੇ ਚੰਡੀਗੜ• ਵਾਲੀ ਕੋਠੀ ਵਿੱਚ ਵੀ ਉਸ ਦੀ ਇੱਕ ਪਤਨੀ ਹੈ ਜਿਹੜੀ ਸੁਭਾਅ ਤੋ ਬਹੁਤ ਚੰਗੀ ਤੇ ਲੰਗਾਹ ਦੇ ਸਿਆਸੀ ਸਲਾਹਕਾਰ ਦਾ ਕੰਮ ਵੀ ਕਰਦੀ ਹੈ।

ਸੁੱਚਾ ਸਿੰਘ ਲੰਗਾਹ ਪਿਛਲੇ 21ਸਾਲਾਂ ਤੋ ਉਸ ਸ਼ਰੋਮਣੀ ਕਮੇਟੀ ਦੇ ਮੈਬਰ ਚੱਲੇ ਆ ਰਹੇ ਹਨ ਜਿਸ ਦੇ ਇੱਕ ਪ੍ਰਧਾਨ ਤੇ ਵੀ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਗਾਇਆ ਸੀ ਕਿ ਉਹ ਪ੍ਰਧਾਨ ਜਦੋ ਮੁਬੰਈ ਗਿਆ ਸੀ ਤਾਂ ਉਸ ਦੇ ਨਾਲ ਇੱਕ ਤਾਂ ਸ਼੍ਰੋਮਣੀ ਕਮੇਟੀ ਅਧਿਕਾਰੀ ਸੀ ਤੇ ਤੀਸਰੀ ਟਿਕਟ ਕਿਸ ਦੀ ਸੀ ਤਾਂ ਉਸ ਪ੍ਰਧਾਨ ਨੇ ਸ੍ਰ ਮਾਨ ਨਾਲ ਉਹਨਾਂ ਦੇ ਘਰ ਜਾ ਕੇ ਮੁਆਫੀ ਮੰਗਦਿਆ ਉਸ ਦੀ ਕਰਤੂਤ ਤੇ ਪਰਦਾ ਪਾਈ ਰੱਖਣ ਦੀ ਬੇਨਤੀ ਕੀਤੀ ਤਾਂ ਸ੍ਰ ਮਾਨ ਨੇ ਉਸ ਦੀ ਬੀਬੀ ਦਾਹੜੀ ਤੇ ਤਰਸ ਕਰਦਿਆ ਮਾਮਲਾ ਘੱਟੇ ਕੌਡੀਆ ਰਲਾ ਦਿੱਤਾ। ਕੁਝ ਸਮੇਂ ਬਾਅਦ ਹੀ ਉਸ ਪ੍ਰਧਾਨ ਦੇ ਇੱਕ ਬਹੁਤ ਹੀ ਨਜਦੀਕੀ ਸਾਥੀ ਦੀਆ ਅਸ਼ਲੀਲ ਤਸਵੀਰਾਂ ਇੱਕ ਪੰਜਾਬੀ ਦੀ ਅਖਬਾਰ ਵਿੱਚ ਵਾਇਰਲ ਹੋ ਗਈਆ।

ਸੁੱਚਾ ਸਿੰਘ ਲੰਗਾਹ ਬਾਰੇ ਇਹ ਵੀ ਚਰਚਾ ਹੈ ਕਿ ਉਹ ਰੋਪੜ ਦੇ ਇੱਕ ਗੈਸਟ ਹਾਊਸ ਇੱਕ ਔਰਤ ਨਾਲ ਫੜੇ ਗਏ ਸੀ ਪਰ ਫੜੀ ਜਾਣ ਵਾਲੀ ਔਰਤ ਉਸ ਡੀ ਐਸ ਪੀ ਦੇ ਪਿੰਡ ਦੀ ਨਿਕਲੀ ਤੇ ਉਸ ਨੇ ਪਿੰਡ ਦਾ ਵਾਸਤਾ ਪਾ ਕੇ ਜਾਨ ਖਲਾਸੀ ਕਰਾਈ ਪਰ ਉਸ ਨੇ ਸੁੱਚਾ ਸਿੰਘ ਲੰਗਾਹ ਨੂੰ ਤਾੜਨਾ ਕਰ ਦਿੱਤੀ ਸੀ ਕਿ ਭਾਂਵੇ ਉਹ ਮੰਤਰੀ ਹੈ ਪਰ ਉਸ ਲਈ ਇਹ ਚੰਗਾ ਕੰਮ ਨਹੀਂ  ਹੈਜੋ ਉਹ ਕਰ ਰਿਹਾ ਹੈ। ਕੁਝ ਸਮਾਂ ਤਾਂ ਉਸ ਡੀ ਐਸ ਪੀ ਨੂੰ ਖੁੱਡੇ ਲਗਾ ਦਿੱਤਾ ਗਿਆ ਪਰ ਜਦੋ ਇੱਕ ਵਾਰੀ ਕੋਈ ਰਸਮੀ ਗੱਲਬਾਤ ਲੰਗਾਹ ਨਾਲ ਮੁਲਾਕਾਤ ਹੋਈ ਤਾਂ ਲੰਗਾਹ ਨੇ ਉਸ ਦਾ ਧੰਨਵਾਦ ਕਰਦਿਆ ਉਸ ਨੂੰ ਕੋਈ ਯੋਗ ਆਹੁਦਾ ਦੇਣ ਦਾ ਵਾਅਦਾ ਕੀਤਾ। ਡੀ ਐਸ ਪੀ ਤੋ ਐਸ ਪੀ ਬਣੇ ਅਧਿਕਾਰੀ ਨੂੰ ਮੁੱਖ ਮੰਤਰੀ ਸ੍ਰੀ ਬਾਦਲ ਨੂੰ ਕਹਿ ਕੇ ਐਸ ਐਸ ਪੀ ਬਣਾਇਆ ਤੇ ਫਿਰ ਉਸ ਨੂੰ ਗੁਰਦਾਸਪੁਰ ਦਾ ਕੁਝ ਸਮਾਂ ਐਸ ਐਸ ਪੀ ਲਗਾ ਕੇ ਉਸ ਦੇ ਅਹਿਸਾਨ ਦਾ ਬਦਲਾ ਵੀ ਚੁਕਵਾਇਆ।

ਭ੍ਰਿਸ਼ਟਾਟਾਰ ਦੀ ਦਲਦਲ ਵਿੱਚ ਫਸੇ ਰਹੇ ਲੰਗਾਹ ਨੂੰ 2002 ਤੋ 2007 ਤੱਕ ਕੈਪਟਨ ਸਰਕਾਰ ਨੇ ਭਾਰੀ ਤਸ਼ੱਦਦ ਵੀ ਕੀਤਾ ਤੇ ਉਸ ਵਿਰੁੱਧ ਕਈ ਕੇਸ ਵੀ ਦਰਜ ਕੀਤੇ ਜਿਹੜੇ ਬਾਦਲ ਸਰਕਾਰ ਬਨਣ ਉਪਰੰਤ ਰਫਾ ਦਫਾ ਕਰ ਦਿੱਤੇ ਗਏ। ਕਹਿੰਦ ਹਨ ਕਿ ਇੱਕ ਮਹੀਨਾ ਲੰਗਾਹ ਤੇ ਤਸ਼ੱਦਦ ਹੁੰਦਾ ਰਿਹਾ ਤੇ ਵਿਜੀਲੈਸ਼ ਮੋਹਾਲੀ ਨੇ ਉਸ ਨੂੰ ਕੱਪੜੇ ਵੀ ਨਹੀਂ  ਪਾਉਣ ਦਿੱਤੇ ਸਨ ਤੇ ਉਸ ਨੇ ਬਾਦਲਾਂ ਦੇ ਕਈ ਅਹਿਮ ਭੇਦ ਵੀ ਖੋਹਲੇ ਸਨ ਜਿਹੜੇ ਮਹਾਰਾਜੇ ਨੇ ਰਜਵਾੜੇ ਬਾਦਲ ਦੀ ਮਦਦ ਕਰਦਿਆ ਜਨਤਕ ਨਹੀਂ  ਕੀਤੇ ਸਨ। ਲੰਗਾਹ ਤੇ ਕਰੋੜਾਂ ਦੀ ਨਾਮੀ ਤੇ ਬੇਨਾਮੀ ਜਾਇਦਾਦ ਬਣਾਉਣ ਦੇ ਵੀ ਦੋਸ਼ ਲੱਗੇ ਪਰ ਅਕਾਲੀ ਸਰਕਾਰ ਨੇ ਸਾਰੇ ਹੀ ਬੇਬੁਨਿਆਦ ਕਰਾਰ ਦੇ ਦਿੱਤੇ।

ਪੰਜਾਬ ਪੁਲੀਸ ਦੇ ਐਸ ਪੀ ਸਲਵਿੰਦਰ ਸਿੰਘ ਨਾਲ ਵੀ ਲੰਗਾਹ ਦੇ ਅੱਛੇ ਸਬੰਧ ਸਨ ਤੇ ਉਹ ਐਸ. ਪੀ. ਪਾਕਿਸਤਾਨੀ ਘੁਸਪੈਠੀਆ ਦਾ ਸਾਥੀ ਨਿਕਲਿਆ ਜਿਸ ਦੀ ਵਜਾ ਕਰਕੇ ਹੀ ਪਠਾਨਕੋਟ ਏਅਰ ਬੇਸ ਤੇ ਅੱਤਵਾਦੀ ਹਮਲਾ ਹੋਇਆ ਸੀ ਤੇ ਕਈ ਜਵਾਨ ਮਾਰੇ ਗਏ ਸਨ ਅਤੇ ਲੰਗਾਹ ਨੇ ਬੜੀ ਹੀ ਦੀਦਾ ਦਲੇਰੀ ਨਾਲ ਕਿਹਾ ਸੀ ਕਿ ਐਸ ਪੀ ਸਲਵਿੰਦਰ ਸਿੰਘ ਉਸ ਦਾ ਭਰਾ ਹੈ ਤੇ ਉਸ ਨੂੰ ਗੁਰਦਾਸਪੁਰ ਵਿਖੇ ਉਸ ਨੇ ਹੀ ਐਸ ਪੀ ਲਗਵਾਇਆ ਸੀ ਪਰ ਕਿਸੇ ਨੇ ਵੀ ਲੰਗਾਹ ਨੂੰ ਐਸ ਪੀ ਨਾਲ ਸਬੰਧ ਹੋਣ ਬਾਰੇ ਨਹੀਂ  ਪੁੱਛਿਆ ਪਰ ‘‘ਬੱਕਰੇ ਦੀ ਮਾਂ ਕਦੋ ਖੈਰ ਮਨਾਏਗੀ’’ ਦੀ ਕਹਾਵਤ ਅਨੁਸਾਰ ਆਖਰਕਾਰ ਦੋਸ਼ੀ ਕਨੂੰਨ ਦੇ ਘੇਰੇ ਵਿੱਚ ਆ ਹੀ ਗਿਆ ਹੈ।

ਜੇਕਰ ਲੰਗਾਹ ਦੀ ਗੁੰਡਾਗਰਦੀ ਦੀ ਗੱਲ ਕੀਤੀ ਜਾਵੇ ਤਾਂ 2005 ਵਿੱਚ ਸਿੱਖ ਪੰਥ ਦੇ ਬਹੁਤ ਹੀ ਸਤਿਕਾਰਤ ਸਖਸ਼ੀਅਤ ਬਾਬਾ ਬੁੱਢਾ ਜੀ ਦੀ ਜਨਮ ਸ਼ਤਾਬਦੀ ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਪੱਧਰ ਤੇ ਮਨਾਈ ਗਈ ਤਾਂ ਉਸ ਸਮੇਂ ਅਕਾਲੀ ਦਲ ਅੰਮ੍ਰਿਤਸਰ ਨੂੰ ਬੁਲਾਇਆ ਨਹੀਂ  ਗਿਆ ਸੀ ਪਰ ਪ੍ਰਧਾਨ ਸ੍ਰ ਮਾਨ ਨੇ ਐਲਾਨ ਕਰ ਦਿੱਤਾ ਕਿ ਉਹ ਇਸ ਸ਼ਤਾਬਦੀ ਸਮਾਗਮ ਵਿੱਚ ਜਰੂਰ ਜਾਣਗੇ। ਉਸ ਸਮੇਂ ਲੰਗਾਹ ਨੇ ਆਪਣੀ ਗੁੰਡਾ ਬਿਰਗੇਡ ਹੱਥਾਂ ਕਿਰਪਾਨਾਂ, ਛਵੀਆ, ਗੰਡਾਸੇ ਤੇ ਹੋਰ ਤੇਜਧਾਰ ਹਥਿਆਰ ਨਾਲ ਲੈਸ ਪੰਡਾਲ ਦੇ ਮੁੱਖ ਦਵਾਰ ਤੇ ਤਾਇਨਾਤ ਕੀਤੀ ਹੋਈ ਸੀ ਜਿਹਨਾਂ ਨੇ ਇੱਕ ਰੰਗ ਦੀਆ ਦਸਤਾਰਾਂ ਸਜਾਈਆ ਹੋਈਆ ਸਨ ਤੇ ਦਸਤਾਰ ਤੇ ਚੱਕਰ ਪਾਏ ਹੋਏ ਸਨ। ਜਿਉ ਸ੍ਰ ਮਾਨ ਦਾ ਕਾਫਲਾ ਸਮਾਗਮ ਵਾਲੀ ਜਗ੍ਹਾ ਤੇ ਪੁੱਜਿਆ ਤਾਂ ਬਾਦਲ ਦਲ ਦੇ ਆਗੂ ਬਲਜੀਤ ਸਿੰਘ ਨੀਲਾ ਮਹਿਲ ਤੇ ਉਸ ਦੇ ਸਾਥੀਆ ਨੇ ਦੇਸ਼ੀ ਕੱਟੇ ਦਾ ਫਾਇਰ ਕਰ ਦਿੱਤਾ ਤਾਂ ਸਭ ਤੋ ਪਹਿਲਾਂ ਲੰਗਾਹ ਦੇ ਇਹ ਭਾੜੇ ਦੇ ਟੱਟੂ ਮੈਦਾਨ ਛੱਡ ਕੇ ਭੱਜ ਗਏ ਸਨ। ਮਾਨ ਨਾਲ ਜੋ ਬੀਤੀ ਉਹ ਇੱਕ ਅਲੱਗ ਮੁੱਦਾ ਹੈ।

ਇਸੇ ਤਰ੍ਹਾਂ ਲੰਗਾਹ ਇੱਕ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ ਤੇ ਸਿੱਖਾਂ ਦੀ ਇਸ ਨਾਮਵਰ ਸੰਸਥਾ ਦੇ ਵਕਾਰੀ ਆਹੁਦੇ ਪ੍ਰਧਾਨਗੀ ਲਈ ਵੀ ਉਹਨਾਂ ਦਾ ਨਾਮ ਕਈ ਵਾਰੀ ਚਰਚਾ ਵਿੱਚ ਰਿਹਾ ਪਰ ਸ੍ਰ ਬਾਦਲ ਨੇ ਦੂਰਅੰਦੇਸ਼ੀ ਤੋ ਕੰਮ ਲੈਦਿਆ ਉਸ ਨੂੰ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਜਿੰਮੇਵਾਰ ਆਹੁਦੇ ਦੀ ਜਿੰਮੇਵਾਰੀ ਨਹੀਂ  ਸੋਂਪੀ। ਗੁਰਦਾਸਪੁਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਜਿਲ੍ਹਾ ਪ੍ਰਧਾਨ ਹੋਣ ਕਰਕੇ ਲੰਗਾਹ ਨੂੰ ਚੋਣ ਇੰਚਾਰਜ ਜਰੂਰ ਬਣਾਇਆ ਗਿਆ ਪਰ ਹੁਣ ਉਸ ਦੇ ਬਲਾਤਕਾਰ ਦੇ ਕੇਸ ਵਿੱਚ ਫਸ ਜਾਣ ਨਾਲ ਅਕਾਲੀ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

ਬਲਾਤਕਾਰ ਦੇ ਮਾਮਲੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਦੀ ਭੂਮਿਕਾ ਵੀ ਸ਼ੱਕ ਘੇਰੇ ਵਿੱਚ ਰਹੀ ਹੈ ਕਿਉਕਿ ਦੋਹਾਂ ਧਾਰਮਿਕ ਸਖਸ਼ੀਅਤਾਂ ਨੇ ਗੁਰਦੁਆਰਾ ਘੱਲੂਘਾਰਾ ਦੇ ਵਿਵਾਦ ਨੂੰ ਲੈ ਕੇ ਇੱਕ ਪ੍ਰਬੰਧਕੀ ਮੁੱਦੇ ਨੂੰਧਾਰਮਿਕ ਬਣਾ ਕੇ ਉਥੇ ਗੜਬੜ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕੁਝ ਹੱਦ ਤੱਕ ਉਹ ਸਫਲ ਵੀ ਹੋਏ। ਲੰਗਾਹ ਨੇ ਆਪਣੇ ਸੁਭਾ ਮੁਤਾਬਕ ਪੁਲੀਸ ਨਾਲ ਵੀ ਦਸਤਪੰਜਾ ਲਿਆ ਤੇ ਕਈ ਮੁਲਾਜਮਾਂ ਦੀਆ ਵਰਦੀਆ ਪਾਟਣ ਦੀਆ ਵੀ ਖਬਰਾਂ ਆਈਆ ਅਤੇ ਨੇ ਕਈ ਅਕਾਲੀਆ ਦੇ ਖਿਲਾਫ ਕੇਸ ਵੀ ਦਰਜ ਕੀਤੇ ਗਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਦਲ ਦਲ ਦੇ ਇਹਨਾਂ ਦੋਹਾਂ ਕਰਿੰਦਿਆ ਨੂੰ ਇੱਕ ਅਬਲਾ ਦੀ ਇੱਜਤ ਆਬਰੂ ਤਾਰ ਤਾਰ ਹੋਈ ਨਜਰ ਨਹੀਂ  ਆਈ। ਅੱਜ ਪਟਿਆਲਾ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਘਟਨਾ ਨੂੰ ਲੈ ਕੇ ਕੋਈ ਮਤਾ ਨਹੀਂ  ਪਾਇਆ ਗਿਆ ਅਤੇ ਨਾ ਹੀ ਜਥੇਦਾਰ ਨੇ ਆਪਣੀ ਜਿੰਮੇਵਾਰੀ ਸਮਝਦਿਆ ਅਬਲਾ ਨਾਲ ਕੋਈ ਹਮਦਰਦੀ ਪ੍ਰਗਟ ਕਰਨ ਦਾ ਕੋਈ ਉਪਰਾਲਾ ਕੀਤਾ ਹੈ ਜਦ ਕਿ ਘੱਲਘਾਰਾ ਗੁਰਦੁਆਰਾ ਵਿਖੇ ਵਾਪਰੀ ਮਾਮੂਲੀ ਘਟਨਾ ਨੂੰ ਇਹਨਾਂ ਦੋਹਾਂ ਨੇ ਇਸ ਤਰੀਕੇ ਨਾਲ ਉਭਾਰਿਆ ਜਿਵੇਂ ਕਾਂਗਰਸ ਦਾ ਕੋਈ ਐਟਮ ਬੰਬ ਸਿੱਖ ਪੰਥ ਤੇ ਡਿੱਗ ਪਿਆ ਹੈ। ਇਥੇ ਹੀ ਬੱਸ ਨਹੀਂ  ਨੰਨੀ ਛਾਂ ਦੀ ਮੁਹਿੰਮ ਚਲਾਉਣ ਵਾਲੀ ਬੀਬੀ ਹਰਸਿਮਰਤ ਕੌਰ ਦੇ ਬੁੱਲ ਵੀ ਪੂਰੀ ਤਰ੍ਹਾਂ ਸੀਤੇ ਗਏ ਹਨ ਅਤੇ ਅਬਲਾ ਨਾਲ ਹੋਈ ਵਧੀਕੀ ਨਾਲ ਉਸ ਦੀ ਨੰਨੀ ਛਾਂ ਦੀ ਮੁਹਿੰਮ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਜਿਥੇ ਤੱਕ ਅੰਧ ਵਿਸ਼ਵਾਸ਼ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਹੀ ਸਮੱਰਪਿੱਤ ਹੁੰਦਾ ਹੈ ਤੇ ਉਹ ਬਾਕੀ ਧਰਮਾਂ ਦਾ ਸਤਿਕਾਰ ਜਰੂਰ ਕਰਦਾ ਹੈ ਪਰ ਵਿਸ਼ਵਾਸ਼ ਪ੍ਰਗਟ ਨਹੀਂ  ਕਰਦਾ।ਲੰਗਾਹ ਨੇ ਮੰਦਰਾਂ ਵਿੱਚ ਜਾ ਕੇ ਜਿਥੇ ਸ਼ਿਵਲਿੰਗ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਉਥੇ ਚਰਚ ਵਿੱਚ ਜਾ ਕੇਹੁਲੇ ਲੁਹੀਆ ਦੇ ਨਾਅਰੇ ਵੀ ਬੁਲੰਦ ਕੀਤੇ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇੱਕ ਕਮਲ ਨਾਮੀ ਜੋਤਸ਼ੀ ਦੀਆ ਹਾਜਰੀਆ ਵੀ ਲੰਗਾਹ ਭਰਦਾ ਰਿਹਾ ਤੇ ਉਸ ਨੂੰ ਮਾਲਾਮਾਲ ਵੀ ਕੀਤਾ । ਉਸ ਜੋਤਸ਼ੀ ਨੂੰ ਲੰਗਾਹ ਦੇ ਕਹਿਣ ਤੇ ਪੁਲੀਸ ਨੇ ਇੱਕ ਜਿਪਸੀ ਤੇ ਗੰਨਮੈਨ ਵੀ ਦਿੱਤੇ ਹੋਏ ਸਨ।

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਇੰਨੀਆ ਕਮਜੋਰੀਆ ਵਾਲੇ ਵਿਅਕਤੀ ਦਾ ਅਕਾਲੀ ਦਲ ਜਿਹੜਾ ਅਕਾਲ ਪੁਰਖ ਦੇ ਨਾਮ ਤੇ ਸਾਜਿਆ ਗਿਆ ਹੈ ਵਿੱਚ ਕੋਈ ਥਾਂ ਨਹੀਂ  ਹੋਣੀ ਚਾਹੀਦੀ ਤੇ ਅਕਾਲੀ ਦਲ ਵਿੱਚ ਤਾਂ ਉਹ ਕੁਰਬਾਨੀ ਵਾਲੇ ਸਿੰਘ ਸ਼ਾਮਲ ਹੋਣੇ ਚਾਹੀਦੇ ਹਨ ਜਿਹਨਾਂ ਬਾਰੇ ਕਿਹਾ ਜਾਂਦਾ ਸੀ ਕਿ, ‘‘ ਬੀਬੀ ਆਏ ਨੀ ਨਿਹੰਗ ਬੂਹਾ ਖੋਹਲ ਦੇ ਨਿਸੰਗ’’ ਵਰਗੇ ਸ਼ਬਦ ਵਰਤੇ ਜਾਂਦੇ ਸਨ। ਜੇਕਰ ਹੁਣ ਵੀ ਲੰਗਾਹ ਤੇ ਉਸ ਵਰਗੇ ਹੋਰ ਸਾਥੀਆ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਅਕਾਲੀ ਦਲ ਫਿਰ ਅਕਾਲੀ ਦਲ ਨਹੀਂ  ਸਗੋ ਕਾਲੀ ਦਲ ਬਣ ਕੇ ਰਹਿ ਜਾਵੇਗਾ। ਜਾਣਕਾਰੀ ਮੁਤਾਬਕ ਸੁੱਚਾ ਸਿੰਘ ਲੰਗਾਹ ਨੇ ਅਕਾਲੀ ਦਲ ਦੇ ਸਾਰੇ ਆਹੁਦਿਆ ਤੋ ਅਸਤੀਫਾ ਦੇ ਦਿੱਤਾ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਤੇ ਉਸ ਬਾਰੇ ਇਹ ਮੁਹਾਵਰਾ ਪੂਰੀ ਤਰ੍ਹਾਂ ਢੁੱਕਦਾ ਹੈ ਕਿ, ‘‘ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ.. .. .. .. .. !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top