Share on Facebook

Main News Page

👁 ਕੀ ਆਪਣੀ ਹੁੰਦੀ ਪ੍ਰਸ਼ੰਸਾ ਵੇਖ ਕੇ ਗੁਰੂ ਜੀ ਬਾਰੇ ਕੀਤੀ ਗਈ ਨਿੰਦਿਆ ਨੂੰ ਅਣਗੌਲਿਆ ਕੀਤਾ ਜਾਣਾ ਦਰੁਸਤ ਹੈ ?
-: ਕਿਰਪਾਲ ਸਿੰਘ (ਬਠਿੰਡਾ)

. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਆਪਣੀ ਪੁਸਤਕ “ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ” (ਭਾਗ ਪਹਿਲਾ) ਵਿੱਚ ਲਿਖਿਆ ਹੈ ਕਿ ਪੁਜਾਰੀ ਵਰਗ ਨੇ ਜਿਸ ਤਰ੍ਹਾਂ ਦੇ ਵਿਕਾਰ ਆਪ ਭੋਗਣੇ ਹੁੰਦੇ ਸਨ, ਭਾਵ ਜਿਸ ਤਰ੍ਹਾਂ ਦੀਆਂ ਕਮਜੋਰੀਆਂ ਉਨ੍ਹਾਂ ਦੇ ਆਪਣੇ ਸਮਾਜਿਕ ਜੀਵਨ ਵਿੱਚ ਹੁੰਦੀਆਂ ਸਨ; ਉਸੇ ਤਰ੍ਹਾਂ ਦੇ ਵਿਕਾਰ ਭੋਗ ਰਹੇ ਰਾਜਿਆਂ ਨੂੰ ਆਪਣੇ ਦੇਵਤੇ ਸਿਰਜ ਕੇ ਉਨ੍ਹਾਂ ਦੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ, ਤਾਂ ਜੋ ਪੁਜਾਰੀਆਂ ਦੀਆਂ ਕਮਜੋਰੀਆਂ ਉੱਤੇ ਉਂਗਲ ਚੁੱਕਣ ਵਾਲਿਆਂ ਨੂੰ ਨਿਰੁੱਤਰ  ਕੀਤਾ ਜਾ ਸਕੇ ਕਿ ਅਜਿਹੇ ਕੰਮ ਤਾਂ ਵੱਡੇ ਵੱਡੇ ਦੇਵੀ ਦੇਵਤੇ ਵੀ ਕਰਦੇ ਰਹੇ ਸਨ।

ਭਗਤ ਨਾਮਦੇਵ ਜੀ ਦੁਆਰਾ ਰਚਿਆ ਗਿਆ ਬਿਲਾਵਲੁ ਗੋਂਡ (ਰਾਗੁ) ਵਿੱਚ ਇੱਕ ਸ਼ਬਦ ਵੀ ਐਸੇ ਹੀ ਪੁਜਾਰੀ ਪਾਂਡੇ ਨੂੰ ਰੇਖਾਂਕਿਤ ਕਰਦਾ ਸਮਝਾਉਂਦਾ ਹੈ ਕਿ ਮੈਨੂੰ ਤਾਂ ਇਸ ਜਨਮ ’ਚ ਹੀ ਆਪਣੇ ਪ੍ਰਭੂ ਦੇ ਦਰਸ਼ਨ ਹੋ ਗਏ ਹਨ; ਤੈਨੂੰ ਕਿਉਂ ਦਰਸ਼ਨ ਨਹੀਂ ਹੋਏ, ਇਸ ਬਾਰੇ ਆ ਤੈਨੂੰ ਮੂਰਖ ਨੂੰ ਮੈਂ ਸਮਝਾਵਾਂ ! 

ਭਗਤ ਜੀ ਨੇ ਪਾਂਡੇ ਦੀ ਸੋਚ ਨੂੰ ਆਧਾਰ ਬਣਾ ਕੇ ਦੱਸਿਆ ਕਿ ਜਿਸ ਦੀ ਵੀ ਤੂੰ ਪੂਜਾ ਕਰਦਾ ਹੈਂ ਉਸ ਵਿੱਚ ਤੁਹਾਡੀ ਆਪਣੀ ਹੀ ਕੋਈ ਸ਼ਰਧਾ ਨਹੀਂ ਹੁੰਦੀ, ਇਸੇ ਲਈ ਤੁਸੀਂ ਉਨ੍ਹਾਂ ਵਿੱਚ ਨੁਕਸ ਕੱਢਦੇ ਹੋ ਮਿਸਾਲ ਵਜੋਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਅਸ਼ਰਧਾ ਵੀ ਹੈ ਕਿਉਂਕਿ ਤੇਰੇ ਅਨੁਸਾਰ ਗਾਇਤ੍ਰੀ ਉਹ ਹੈ ਜੋ ਇਕ ਵਾਰੀ ਕਿਸੇ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਕ ਲੋਧੇ ਜੱਟ ਦੀ ਪੈਲ਼ੀ ਚਰਨ ਲੱਗ ਪਈ ਤੇ ਜੱਟ ਨੇ ਸੋਟਾ ਮਾਰ ਕੇ ਉਸ ਦੀ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ਫਿਰ ਜਿਸ ਸ਼ਿਵ ਜੀ ਦੀ ਤੂੰ ਅਰਾਧਨਾ ਕਰਦਾ ਹੈਂ ਉਸ ਨੂੰ ਕ੍ਰੋਧੀ ਵੀ ਦੱਸਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ ਤੇਰੇ ਹੀ ਇਸ਼ਟ ਸ਼ਿਵ ਉੱਤੇ ਤੇਰਾ ਇਹ ਵੀ ਆਰੋਪ ਹੈ ਕਿ ਇੱਕ ਵਾਰ ਕਿਸੇ ਦਾਨੀ ਦੇ ਘਰ ਸ਼ਿਵ ਲਈ ਭੋਜਨ ਤਿਆਰ ਕੀਤਾ ਗਿਆ, ਜੋ ਸ਼ਿਵ ਨੂੰ ਪਸੰਦ ਨਾ ਆਇਆ ਤੇ ਉਸ ਨੇ ਸ੍ਰਾਪ ਦੇ ਕੇ ਉਸ (ਜਜਮਾਨ) ਦਾ ਲੜਕਾ ਮਾਰ ਦਿੱਤਾ ਜਿਸ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਸ ਬਾਰੇ ਭੀ ਤੈਥੋਂ ਇਹੀ ਕੁਝ ਸੁਣਿਆ ਹੈ ਕਿ ਉਹ ਆਪਣੀ ਵਹੁਟੀ (ਸੀਤਾ ਜੀ) ਨੂੰ ਗਵਾ ਬੈਠਾ ਸੀ ਜਿਸ ਕਾਰਨ ਰਾਵਣ ਨਾਲ ਲੜਾਈ ਕਰਨੀ ਪਈ ਭਾਵ ਇਹ ਜੰਗ ਕਿਸੇ ਸਮਾਜ ਦੇ ਕਿਸੇ ਹਿੱਸੇ ਨਾਲ ਹੋਈ ਬੇਇਨਸਾਫੀ ਦਾ ਨਤੀਜਾ ਨਹੀਂ ਸੀ ਇਉਂ ਤੇਰੀ ਸ਼ਰਧਾ ਵਾਲੀ ਇੱਕ ਅੱਖ ਤਾਂ ਤਦੋਂ ਫੁੱਟ ਗਈ ਜਦੋਂ ਤੂੰ ਆਪਣੇ ਇਸ਼ਟ ਬਾਰੇ ਸੰਦੇਹਜਨਕ ਕਹਾਣੀਆਂ ਘੜਨੀਆਂ ਸ਼ੁਰੂ ਕਰ ਲਈਆਂ ਤੇ ਦੂਜੀ ਅੱਖ ਤਦ ਚਲੀ ਗਈ ਜਦੋਂ ਤੂੰ ਨਿਰਾਕਾਰ (ਪਰਮਾਤਮਾ) ਦੀ ਹੋਂਦ ਨੂੰ ਮੰਨਣ ਦੀ ਬਜਾਇ ਉਸ ਨੂੰ ਆਕਾਰ (ਮੂਰਤੀ) ਰੂਪ ਵਿੱਚ ਮੰਦਰ ਵਿਚ ਹੀ ਟਿਕਾਅ ਲਿਆ ਭਾਵ ਧਰਮੀ ਅਖਵਾਉਣ ਦੇ ਬਾਵਜੂਦ ਵੀ ਤੂੰ ਦੋਵੇਂ ਅੱਖਾਂ ਤੋਂ ਅੰਨ੍ਹਾ ਬਣ ਬੈਠਾ ਤੇਰੇ ਮੁਕਾਬਲੇ ਤਾਂ ਮੁਸਲਮਾਨ ਹੀ ਚੰਗਾ ਹੈ ਜਿਸ ਪਾਸ ਆਪਣੇ ਇਸ਼ਟ (ਪੈਗੰਬਰ ਹਜ਼ਰਤ ਮੁਹੰਮਦ ਸਾਹਿਬ) ਪ੍ਰਤੀ ਪੂਰੀ ਸ਼ਰਧਾ ਤਾਂ ਹੈ ਭਾਵੇਂ ਕਿ ਉਸ ਦੀ ਵੀ ਇੱਕ ਅੱਖ ਨਾ ਰਹੀ ਜਦ ਉਸ ਨੇ ਸੱਤ ਆਕਾਸ ਉੱਪਰ ਮੰਨੀ ਬੈਠੇ ਰੱਬ ਦਾ ਘਰ ਹੇਠਾਂ ਕੇਵਲ ਮਸਜਿਦ ਵਿਚ ਹੀ ਮੰਨ ਲਿਆ

ਸੋ, ਹਿੰਦੂ ਅੰਨ੍ਹੇ ਤੇ ਮੁਸਲਮਾਨ ਕਾਣੇ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ (ਨਿਰਾਕਾਰ) ਦਾ ਸਹੀ-ਸਹੀ ਗਿਆਨ ਹੋਵੇ, ਕਿ ਉਹ ਰੱਬ ਕਿਸੇ ਵਿਸ਼ੇਸ਼ ਜਗ੍ਹਾ ਤੱਕ ਸੀਮਤ ਨਹੀਂ ਤੇ ਅਜਿਹਾ ਗਿਆਨ ਦੇਣ ਵਾਲੇ ਗੁਰੂ ਉੱਤੇ ਪੂਰਨ ਵਿਸ਼ਵਾਸ ਰੱਖਦਾ ਹੋਵੇ ਮੈਂ ਨਾਮਦੇਵ (ਆਪਣੇ ਗੁਰੂ ਦੇ ਕਹੇ ਬਚਨਾਂ ਉੱਤੇ ਅਟੁੱਟ ਵਿਸ਼ਵਾਸ ਬਣਾ ਕੇ) ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ (ਹੇਠਾਂ, ਜਗਤ ਵਿਚ) ਖ਼ਾਸ ਮੰਦਰ ਹੈ ਤੇ ਨਾ ਹੀ ਕੋਈ ਖਾਸ ਮਸਜਿਦ ਪਾਵਨ ਬਚਨ ਹਨ :-

“ਆਜੁ ਨਾਮੇ ਬੀਠਲੁ ਦੇਖਿਆ ;  ਮੂਰਖ ਕੋ ਸਮਝਾਊ ਰੇ ਰਹਾਉ   ਪਾਂਡੇ !  ਤੁਮਰੀ ਗਾਇਤ੍ਰੀ ; ਲੋਧੇ ਕਾ ਖੇਤੁ ਖਾਤੀ ਥੀ   ਲੈ ਕਰਿ ਠੇਗਾ, ਟਗਰੀ ਤੋਰੀ ;  ਲਾਂਗਤ ਲਾਂਗਤ ਜਾਤੀ ਥੀ   ਪਾਂਡੇ ! ਤੁਮਰਾ ਮਹਾਦੇਉ ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ   ਮੋਦੀ ਕੇ ਘਰ ਖਾਣਾ ਪਾਕਾ ;  ਵਾ ਕਾ ਲੜਕਾ ਮਾਰਿਆ ਥਾ   ਪਾਂਡੇ ! ਤੁਮਰਾ ਰਾਮਚੰਦੁ ;  ਸੋ ਭੀ ਆਵਤੁ ਦੇਖਿਆ ਥਾ   ਰਾਵਨ ਸੇਤੀ ਸਰਬਰ (ਲੜਾਈ) ਹੋਈ ; ਘਰ ਕੀ ਜੋਇ (ਪਤਨੀ) ਗਵਾਈ ਥੀ   ਹਿੰਦੂ ਅੰਨ੍ਹ੍ਹਾ , ਤੁਰਕੂ ਕਾਣਾ   ਦੁਹਾਂ ਤੇ ਗਿਆਨੀ ਸਿਆਣਾ   ਹਿੰਦੂ ਪੂਜੈ ਦੇਹੁਰਾ, ਮੁਸਲਮਾਣੁ ਮਸੀਤਿ   ਨਾਮੇ ਸੋਈ ਸੇਵਿਆ, ਜਹ ਦੇਹੁਰਾ ਨ ਮਸੀਤਿ     (੮੭੫)

ਜੋ ਅਸ਼ਰਧਾ ਭਗਤ ਨਾਮਦੇਵ ਜੀ ਨੇ ਪੁਜਾਰੀ ਪਾਂਡਿਆਂ ਦੀ ਸੋਚ ਵਿੱਚ ਵੇਖੀ ਉਹ ਕੇਵਲ ਉਨ੍ਹਾਂ ਵਿੱਚ ਹੀ ਨਹੀਂ ਬਲਕਿ ਹਰ ਧਰਮ ਦੇ ਬਹੁਗਿਣਤੀ ਪੁਜਾਰੀਆਂ ਅਤੇ ਇੱਥੋਂ ਤੱਕ ਕਿ ਸਿੱਖ ਧਰਮ ਦੇ ਆਪੂੰ ਬਣੇ ਵਿਦਵਾਨ ਹਰਨੇਕ ਸਿੰਘ ਨਿਊਜ਼ੀਲੈਂਡ ਵਰਗਿਆਂ ਵਿੱਚ ਵੀ ਵੇਖੀ ਜਾ ਸਕਦੀ ਹੈ ਜਿਨ੍ਹਾਂ ਦੀ ਆਪਣੇ ਗੁਰੂ ਸਾਹਿਬਾਂ ਪ੍ਰਤੀ ਦਿਲੀ ਅਸ਼ਰਧਾ ਉਨ੍ਹਾਂ ਦੇ ਬੋਲਾਂ ਰਾਹੀਂ ਕਦੇ ਕਦਾਈਂ ਪ੍ਰਗਟ ਵੀ ਹੋ ਹੀ ਜਾਂਦੀ ਹੈ, ਜਿਵੇਂ ਕਿ 13 ਸਤੰਬਰ ਦੇ ਆਪਣੇ ਨਿਜੀ ਰੇਡੀਓ (ਪ੍ਰੋਗਰਾਮ) ਰਾਹੀਂ ਗੁਰੂ ਹਰਿਰਾਇ ਸਾਹਿਬ ਜੀ ਦੇ ਅਭੁੱਲ ਫੈਸਲਿਆਂ ’ਤੇ ਉਂਗਲ ਉਠਾਉਂਦੇ ਹੋਏ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਦੀ ਜੋ ਬਾਣੀ ਦਰਜ ਹੈ ਗੁਰੂ ਸਾਹਿਬਾਂ ਦੇ ਪੂਰਨ ਜੀਵਨ ਦੌਰਾਨ ਕਹੇ ਤਮਾਮ ਬਚਨਾਂ ਵਿਚੋਂ ਸਿਰਫ ਉਹੀ ਯੂਨੀਵਰਸਲ ਟਰੁੱਥ ਹੈ ਜਿਸ ਨੂੰ ਗੁਰਬਾਣੀ ਕਿਹਾ ਜਾਂਦਾ ਹੈ (ਪਰ ਸੰਦੇਹ ਕਰਨ ਵਾਲੇ ਲਈ ਇਸ ਦਾ ਵੀ ਕੀ ਪੈਮਾਨਾ ਹੋ ਸਕਦਾ ਹੈ ? ਖੈਰ) ਅਤੇ ਇਸ ਤੋਂ ਬਾਹਰ ਜੋ ਕੁਝ ਉਨ੍ਹਾਂ (ਗੁਰੂ ਸਾਹਿਬਾਂ) ਨੇ ਨਿਜੀ ਜੀਵਨ ਵਿੱਚ ਕਿਹਾ ਜਾਂ ਫੈਸਲੇ ਕੀਤੇ ਉਹ ਗੁਰ ਇਤਿਹਾਸ ਹੈ ਜੋ ਆਮ ਮਨੁੱਖਾਂ ਦੀ ਤਰ੍ਹਾਂ ਹੀ (ਕੁਝ ਗ਼ਲਤੀ ਭਰਪੂਰ ਵੀ ਰਿਹਾ) ਹੈ ਹਰਨੇਕ ਸਿੰਘ ਅਨੁਸਾਰ ਮਨੁੱਖਾ ਸਰੀਰ ਵਿੱਚ ਗੁਰੂ ਸਾਹਿਬਾਂ ਵੱਲੋਂ ਲਏ ਗਏ ਸਾਰੇ ਹੀ ਫੈਸਲਿਆਂ ਨੂੰ ਸ਼ਰਧਾਵੱਸ ਸਹੀ ਮੰਨ ਲੈਣਾ, ਠੀਕ ਨਹੀਂ ਹੈ, ਵੱਡੀ ਭੁੱਲ ਹੈ

13 ਸਤੰਬਰ ਨੂੰ ਹਰਨੇਕ ਸਿੰਘ ਨੇ ਜੋ ਉਕਤ ਕਿਹਾ ਉਹ ਇਨਾਂ (ਆਪਣੇ ਜਾਣੇ) ਬੜੇ ਹੀ ਸੰਕੋਚਵੇਂ ਸ਼ਬਦਾਂ ਵਿੱਚ ਕਿਹਾ ਹੈ ਜਦੋਂ ਕਿ ਉਹ ਕਹਿਣਾ ਇਸ ਤੋਂ ਵੀ ਕਿਤੇ ਵੱਧ ਚਾਹ ਰਹੇ ਸਨ; ਪਰ ਫਿਰ ਵੀ ਉਹ ਇਹ ਤਾਂ ਸਪਸ਼ਟ ਤੌਰ ’ਤੇ ਕਹਿ ਹੀ ਗਏ ਕਿ ਚੌਥੇ ਪਾਤਸ਼ਾਹ ਵੱਲੋਂ ਪ੍ਰਿਥੀਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਸੌਂਪਣਾ, ਸੱਤਵੇ ਪਾਤਸ਼ਾਹ ਵੱਲੋਂ ਰਾਮਰਾਇ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖਣ ਲਈ ਭੇਜਣਾ ਅਤੇ ਅੱਠਵੇਂ ਪਾਤਸ਼ਾਹ ਨੂੰ ਬਹੁਤ ਛੋਟੀ ਉਮਰ ਵਿੱਚ ਗੁਰਗੱਦੀ ਦੀ ਜਿੰਮੇਵਾਰੀ ਦੇਣੀ, ਆਦਿ ਗਲਤ ਫੈਸਲੇ ਤਾਂ ਹਨ ਹੀ

ਗੁਰੂ ਸਾਹਿਬਾਨ ਦੇ ਇਨ੍ਹਾਂ ਫੈਸਲਿਆਂ ’ਤੇ ਕਿੰਤੂ ਖੜ੍ਹਾ ਕਰਨ ਦੀ ਗਲਤੀ ਸਵੀਕਾਰਨ ਦੀ ਬਜਾਏ ਬਾਅਦ ਦੇ ਇੱਕ ਹੋਰ ਪ੍ਰੋਗਰਾਮ ਵਿੱਚ ਇਸ ਨੇ ਖ਼ੁਦ ਹੀ ਖ਼ੁਲਾਸਾ ਕਰ ਦਿੱਤਾ ਕਿ ਜੋ ਕੁਝ ਮੈਂ ਕਿਹਾ ਹੈ ਇਹ ਤਾਂ ਹਾਲੀ ਪੂਰਨ ਸਚਾਈ ਦਾ ਇੱਕ ਹਿੱਸਾ ਮਾਤਰ ਹੀ ਹੈ, ਜਦੋਂ ਕਿ ਹੋਰ ਬਹੁਤ ਕੁਝ ਉਹ ਕਹਿਣਾ ਚਾਹੁੰਦੇ ਹਨ, ਜਿਸ ਬਾਰੇ ਇਸ ਨੂੰ ਵੱਧ ਜਾਗਰੂਕ ਹੋਣ ਕਾਰਨ ਵਧੇਰੇ ਗਿਆਨ ਹੋ ਚੁੱਕਾ ਹੈ

ਹੁਣ ਜੇ ਹਰਨੇਕ ਸਿੰਘ ਦੇ ਕਥਨ ਅਨੁਸਾਰ ਇਹ ਮੰਨ ਲਈਏ ਕਿ ਗੁਰੂ ਸਾਹਿਬਾਨ ਖ਼ੁਦ ਹੀ ਆਪਣੀ ਉਚਾਰੀ ਗਈ ਬਾਣੀ ਮੁਤਾਬਕ ਆਪਣਾ ਜੀਵਨ ਨਹੀਂ ਜੀਵੇ ਸਨ, ਜਾਂ ਸਿੱਖਾਂ ਨੂੰ ਆਪਣੇ ਧਰਮ ਅੰਦਰ ਪਰਪੱਕ ਰਹਿਣ ਲਈ ਕੀਤੇ ਗਏ ਉਪਦੇਸ਼ਾਂ ਉੱਤੇ ਆਪ ਹੀ ਪੂਰਾ ਅਮਲ ਨਹੀਂ ਕਰਦੇ ਸਨ ਭਾਵ “ਉਪਦੇਸੁ ਕਰੇ ਕਰਿ, ਲੋਕ ਦ੍ਰਿੜਾਵੈ ਅਪਨਾ ਕਹਿਆ, ਆਪਿ ਨ ਕਮਾਵੈ (ਮਃ ੫/ ੮੮੭) ਬਚਨਾਂ ਦਾ ਗੁਰੂ ਸਾਹਿਬਾਂ ਦੇ ਸਮਾਜਿਕ ਜੀਵਨ ਵਿੱਚ ਕੋਈ ਮਾਅਨਾ ਨਹੀਂ ਜੋ ਹੋਰਨਾਂ ਲਈ ਪਰੇਰਨਾ ਸਰੋਤ ਹੋਵੇ ਪਰ ਆਪ ਉਸ (ਯੂਨੀਵਰਸਲ ਟਰੁੱਥ) ’ਤੇ ਪੂਰਨ ਅਮਲ ਨਾ ਕਰੇ, ਉਸ ਨੂੰ ਗੁਰਬਾਣੀ ਆਵਾਗਮਣ ਦਾ ਪਾਂਧੀ ਮੰਨਦੀ ਹੈ “ਅਵਰ ਉਪਦੇਸੈ, ਆਪਿ ਨ ਕਰੈ ਆਵਤ ਜਾਵਤ, ਜਨਮੈ ਮਰੈ (ਮਃ ੫/੨੬੯)

ਗੁਰਬਾਣੀ ਦੇ ਬਚਨ ਹਨ ਕਿ ਗੁਰੂ ਸਾਹਿਬਾਂ “ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ (ਮਃ ੫/ ੯) ਭਾਵ ਗੁਰੂ ਜੀ, ਸਾਡੇ ਕਲਿਆਣ ਲਈ ਸਮਾਜਿਕ ਜੀਵਨ ਵਿਚ ਦੁੱਖ-ਸੁੱਖ ਭੋਗਦੇ ਰਹੇ ਹਨ, ਪਰ ਇਨਾਂ ਉਪਦੇਸਾਂ ਉੱਤੇ ਸ਼ੱਕ-ਸੰਦੇਹ ਪੈਦਾ ਕਰਨ ਵਾਲਾ ਸਿੱਖ ਗੁਰੂ ਨੂੰ ਸਧਾਰਨ ਭੁੱਲਣ ਅੰਦਰ ਵਿਅਕਤੀ ਮੰਨ ਕੇ ਉਨ੍ਹਾਂ ਦੀ ਹੀ ਬਾਣੀ ਪੜ੍ਹ ਕੇ ਕੋਈ ਲਾਹਾ ਕਿਵੇਂ ਖੱਟ ਸਕਦਾ ਹੈ ?  ਇਸੇ ਲਈ ਸਾਡੇ ਬਚਨਾਂ ਵਿੱਚ ਕੁੜੱਤਣ ਵਧ ਰਹੀ ਹੈ, ਜੋ ਕੌਮੀ ਏਕਤਾ ਦਾ ਕੇਵਲ ਢੌਂਗ ਹੀ ਕਰ ਰਹੀ ਹੈ।

ਗੁਰਬਾਣੀ ਦੇ ਉਪਰੋਕਤ ਅਮੋਲਕ ਬਚਨਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਬਦ ਨੂੰ ਗੁਰੂ ਮੰਨਣ ਦਾ ਦਾਹਵਾ ਕਰਨ ਵਾਲੇ ਹਰਨੇਕ ਸਿੰਘ ਵਰਗੇ ਕਿਸੇ ਮਨੁੱਖ ਦਾ ਜੇ ਮੰਨਣਾ ਹੈ ਕਿ ਗੁਰੂ ਸਾਹਿਬ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਆਪਣੇ ਵੱਲੋਂ ਉਚਾਰੀ ਗਈ ਬਾਣੀ (ਯੂਨੀਵਰਸਲ ਟਰੁੱਥ) ਅਨੁਸਾਰ ਜੀਵਨ ਨਹੀਂ ਜੀਵੇ, ਹਨ ਤਾਂ ਇਹ ਉਨ੍ਹਾਂ ਪਾਂਡਿਆਂ ਵਰਗੀ ਮੂਰਖਤਾ ਦੀ ਸਿਖਰ ਹੈ ਜਿਹੜੇ ਆਪਣੀਆਂ ਅੰਦਰੂਨੀ ਕਮਜੋਰੀਆਂ ਨੂੰ ਛੁਪਾਉਣ ਲਈ ਆਪਣੇ ਪੂਜਣਯੋਗ ਦੇਵੀ ਦੇਵਤਿਆਂ ਪ੍ਰਤੀ ਵੀ ਸ਼ਰਧਾਹੀਣ ਕਹਾਣੀਆਂ ਜੋੜ ਕੇ ਲੋਕਾਂ ਨੂੰ ਧਰਮ ਦੇ ਨਾਮ ’ਤੇ ਮੂਰਖ ਬਣਾਉਂਦੇ ਆ ਰਹੇ ਹਨ ਭਾਵੇਂ ਇਹ ਪੰਡਿਤ ਕੇਸਾਧਾਰੀ ਅਤੇ ਪਗੜੀਧਾਰੀ ਹੋਣ ਕਰ ਕੇ ਵੇਖਣ ਨੂੰ ਸਿੱਖ ਲਗਦੇ ਹੋਣ ਅਤੇ ਦਾਹਵਾ ਵੀ ਇਹੀ ਕਰਦੇ ਹੋਣ ਕਿ ਇਸ ਵੇਲੇ ਉਹ ਹੀ ਸਭ ਤੋਂ ਵੱਧ ਜਾਗਰੂਕ ਹਨ ਪਰ ਅਸਲ ਵਿੱਚ ਦਿਲੀ ਅਸ਼ਰਧਾ ਪਾਂਡਿਆਂ ਵਾਙ ਪ੍ਰਗਟ ਹੋ ਹੀ ਜਾਂਦੀ ਹੈ ਅਭੁੱਲ ਗੁਰੂ ਸਾਹਿਬਾਨ ਨੂੰ ਭੁੱਲੜ ਮਨੁੱਖ ਨਾਲ ਤੁਲਨਾਉਣਾ ਅਤਿ ਨਿੰਦਣਯੋਗ ਹੈ, ਜਿਸ ਕਾਰਨ ਗੁਰੂ ਦੇ ਹਰ ਸ਼ਰਧਾਵਾਨ ਸਿੱਖ ਨੇ ਸਖ਼ਤ ਸ਼ਬਦਾਂ ਵਿੱਚ ਅਜਿਹੀ ਸੋਚ ਦੀ ਨਿਖੇਧੀ ਕੀਤੀ ਹੈ ਪਰ ਜਿਹੜੇ ਤਕਰੀਬਨ ਪਿਛਲੇ 20 ਦਿਨਾਂ ਤੋਂ ਇਸ ਸਬੰਧੀ ਚੁੱਪ ਧਾਰਨ ਕਰੀ ਬੈਠੇ ਹਨ ਉਹ ਆਪਣੇ ਗੁਰੂ ਸਾਹਿਬਾਂ ਦਾ ਧਿਆਨ ਧਰਦੇ ਹੋਏ ਜਰਾ ਸੋਚਣ ਕਿ ਕੀ ਆਪਣੀ ਹੁੰਦੀ ਪ੍ਰਸ਼ੰਸਾ ਵੇਖ ਕੇ ਜਾਂ ਕਿਸੇ ਕੁਬੋਲਾਂ ਦੇ ਡਰ ਕਾਰਨ ਗੁਰੂ ਜੀ ਬਾਰੇ ਕੀਤੀ ਗਈ ਨਿੰਦਿਆ ਨੂੰ ਅਣਗੌਲਿਆ ਕਰਨਾ, ਦਰੁਸਤ ਹੈ ?

ਹਰਨੇਕ ਸਿੰਘ ਦੇ ਮੂਰਖਤਾ ਭਰੇ ਕਥਨ ਸਬੰਧੀ ਚੁੱਪ ਧਾਰਨ ਕਰਨ ਵਾਲਿਆਂ ਵਿੱਚੋਂ ਵਿਸ਼ੇਸ਼ ਤੌਰ ’ਤੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਾ ਨਾਮ ਜ਼ਿਕਰਯੋਗ ਹੈ। ਉਹ ਇਸ ਕਾਰਨ ਕਿ ਉਨ੍ਹਾਂ ਵੱਲੋਂ ਸਿੱਖ ਗੁਰਦੁਆਰਾ ਸੈਨ ਜੋਸੇ (ਅਮਰੀਕਾ) ਵਿਖੇ ਧਾਰਮਿਕ ਦੀਵਾਨ ਵਿੱਚ ਇਸ ਵਿਸ਼ੇ ਬਾਰੇ ਬੋਲੇ ਗਏ ਸ਼ਬਦਾਂ ਦੀ ਤਿੰਨ ਕੁ ਮਿੰਟ ਦੀ ਵੀਡੀਓ ਕਲਿੱਪ ਨੂੰ ਹਰਨੇਕ ਸਿੰਘ ਨੇ 18 ਸਤੰਬਰ ਨੂੰ ਆਪਣੀ ਫੇਸ-ਬੁੱਕ https://goo.gl/ESTTte ’ਤੇ ਪਾ ਕੇ ਆਪਣੇ ਮੂਰਖਤਾ ਭਰੇ ਕਥਨ ਦੇ ਹੱਕ ਵਿੱਚ ਭੁਗਤਾਇਆ ਹੈ।

ਜਿਹੜਾ ਭਾਈ ਰਣਜੀਤ ਸਿੰਘ, ਇੱਕ (ਸੂਫ਼ੀ) ਗਾਇਕ ਕੰਵਰ ਗਰੇਵਾਲ ਵੱਲੋਂ ਸੌਦਾ ਸਾਧ ਦੇ ਜਨਮ ਦਿਨ ਸਮਾਗਮ ਵਿੱਚ ਜਾਣ ’ਤੇ ਉਸੇ ਦਿਨ ਹੀ ਟਿੱਪਣੀ ਕਰਨ ਤੋਂ ਨਹੀਂ ਉੱਕਿਆ, ਐਸਾ ਨਹੀਂ ਹੋ ਸਕਦਾ ਕਿ ਉਸ ਭਾਈ ਰਣਜੀਤ ਸਿੰਘ ਨੂੰ ਹਰਨੇਕ ਸਿੰਘ ਦੀ ਇਸ ਘਟੀਆ ਕਰਤੂਤ ਦਾ ਦੋ ਹਫਤੇ ਦਾ ਸਮਾਂ ਬੀਤ ਜਾਣ ’ਤੇ ਵੀ ਪਤਾ ਨਾ ਲੱਗਿਆ ਹੋਵੇ ਅਤੇ ਉਹ ਵੀ ਉਸ ਕੇਸ ਵਿੱਚ ਜਦੋਂ ਭਾਈ ਰਣਜੀਤ ਸਿੰਘ ਦੇ ਬੋਲਾਂ ਨੂੰ ਹੀ ਹਰਨੇਕ ਸਿੰਘ ਆਪਣੀ ਮੂਰਖਤਾ ਨੂੰ ਸਹੀ ਸਿੱਧ ਕਰਨ ਲਈ ਵਰਤ ਰਿਹਾ ਹੋਵੇ !  ਫਿਰ ਕੀ ਕਾਰਨ ਹੈ ਕਿ ਕੌਮ ਦੇ ਭਲੇ ਲਈ ਹਰ ਮੁੱਦੇ ’ਤੇ ਆਪਣਾ ਨਜ਼ਰੀਆ ਪੇਸ਼ ਕਰਨ ਵਾਲੇ ਭਾਈ ਰਣਜੀਤ ਸਿੰਘ ਇਸ ਕੇਸ ਵਿੱਚ ਚੁੱਪ ਧਾਰਨ ਲਈ ਮਜ਼ਬੂਰ ਹਨ ? ਤਾਂ ਪੁੱਛਣਾ ਵਾਜਬ ਹੈ ਕਿ  “ਬੋਲਿ ਸੁਧਰਮੀੜਿਆ !  ਮੋਨਿ ਕਤ ਧਾਰੀ ਰਾਮ ? ॥” (ਮਃ ੫/ ੫੪੭)

ਕੀ ਇਸ ਸਵਾਲ ਦਾ ਜਵਾਬ ਇਹ ਮੰਨੀਏ ਕਿ ਭਾਈ ਸਾਹਿਬ ਜੀ ਦੀ ਹਰਨੇਕ ਸਿੰਘ, ਜੋ ਆਏ ਦਿਨ ਤਾਰੀਫ਼ ਕਰਨੀ ਨਹੀਂ ਭੁੱਲਦਾ, ਉਹ ਖੁੱਸਣ ਦਾ ਖਤਰਾ ਹੈ ਜਾਂ ਇਸ ਦੇ ਬਦਲੇ ਨਿੰਦਣਯੋਗ ਸ਼ਬਦ ਨਾ ਸੁਣ ਸਕਣ ਵਾਲੀ ਕਮਜੋਰੀ ਹੈ, ਜੋ ਹਰਨੇਕ ਸਿੰਘ ਆਏ ਦਿਨ ਬਾਕੀ ਵਿਚਾਰਕ ਵਿਰੋਧੀਆਂ ਲਈ ਬੋਲਦਾ ਰਹਿੰਦਾ ਹੈ, ਜਿਵੇਂ ਕਿ ਹਰਨੇਕ ਸਿੰਘ ਦੁਆਰਾ ਸਰਕਾਰੀ ਏਜੰਟ, ਹਰਾਮਜ਼ਾਦਾ, ਮਿਰਾਸੀ, ਭਾਟੜਾ, ਮੰਗਖਾਣੀ ਜਾਤ ਆਦਿਕ ਬੋਲ ਪ੍ਰੋ: ਦਰਸ਼ਨ ਸਿੰਘ, ਗਿਆਨੀ ਰਣਯੋਧ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਭਾਈ ਪੰਥਪ੍ਰੀਤ ਸਿੰਘ, ਗਿਆਨੀ ਅਮਰੀਕ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ ਆਦਿਕ ਪ੍ਰਚਾਰਕਾਂ ਨੂੰ ਬੋਲੇ ਜਾਂਦੇ ਹਨ। ਧਿਆਨ ਰਹੇ ਕਿ ਇਨ੍ਹਾਂ ਸਾਰਿਆਂ ਪ੍ਰਚਾਰਕਾਂ ਦੀ ਵੀ ਹਰਨੇਕ ਸਿੰਘ ਕਿਸੇ ਸਮੇਂ ਭਾਈ ਢੱਡਰੀਆਂ ਵਾਲੇ ਵਾਂਙ ਹੀ ਉਸਤਤ ਕਰਦਿਆਂ ਥੱਕਦਾ ਨਹੀਂ ਸੀ ਹੁੰਦਾ।

ਜਿਸ ਸਮੇਂ ਤੋਂ ਭਾਈ ਢੱਡਰੀਆਂ ਵਾਲੇ ਨੇ ਡੇਰਾਵਾਦੀ ਭਰਮ ਭੁਲੇਖਿਆਂ ਅਤੇ ਪਾਖੰਡਾਂ ਦਾ ਤਿਆਗ ਕਰ ਕੇ ਗੁਰਮਤਿ ਦਾ ਪੱਧਰਾ (ਗਾਡੀ) ਰਾਹ ਫੜਿਆ ਹੈ ਉਸ ਸਮੇਂ ਤੋਂ ਸ਼ਬਦ ਗੁਰੂ ਬਾਰੇ ਸਮਝ ਰੱਖਣ ਵਾਲੇ ਹਰ ਗੁਰਸਿੱਖ ਦੇ ਮਨ ਵਿੱਚ ਉਨ੍ਹਾਂ ਦਾ ਸਤਿਕਾਰ ਬੇਹੱਦ ਵਧਿਆ ਹੈ। ਜਿਸ ਭਾਈ ਢੱਡਰੀਆਂ ਵਾਲੇ ਨੂੰ ਕੌਮ ਵੱਲੋਂ ਇਤਨਾ ਮਾਨ ਸਤਿਕਾਰ ਮਿਲ ਰਿਹਾ ਹੋਵੇ ਕਿ ਕਿਸੇ ਸਮੇਂ ਉਨ੍ਹਾਂ ਦਾ ਵਿਰੋਧ ਕਰ ਰਹੇ ਸਿੱਖ ਵੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹ ਕੇ ਉਨ੍ਹਾਂ ਦੀਆਂ ਤਾਰੀਫਾਂ ਕਰਨ ਲੱਗ ਜਾਣ, ਉਨ੍ਹਾਂ ਦੇ ਸਮਾਗਮਾਂ ਵਿੱਚ ਖਲਲ ਪਾਉਣ ਵਾਲਿਆਂ ਨਾਲ ਲੜਨ ਮਰਨ ਨੂੰ ਤਿਆਰ ਹੋ ਜਾਣ, ਜਿਹੜਾ ਭਾਈ ਰਣਜੀਤ ਸਿੰਘ ਧੁੰਮੇ ਵਰਗਿਆਂ ਦੀਆਂ ਧਮਕੀਆਂ ਅੱਗੇ ਨਾ ਝੁਕਿਆ ਹੋਵੇ, ਉਸ ਵੱਲੋਂ ਛਬੀਲ ਲਵਾ ਕੇ ਕਰਵਾਏ ਗਏ ਜਾਨਲੇਵਾ ਹਮਲੇ ਦੌਰਾਨ ਮਾਰੇ ਗਏ ਆਪਣੇ ਇੱਕ ਸਾਥੀ (ਭਾਈ ਭੂਪਿੰਦਰ ਸਿੰਘ) ਦੀ ਕਾਰ ਵਿੱਚ ਪਈ ਲਾਸ਼ ਨੂੰ ਵੇਖ ਕੇ ਵੀ ਜਿਸ ਢੱਡਰੀਆਂ ਵਾਲੇ ਨੇ ਸੱਚ ਦਾ ਪੱਲਾ ਨਾ ਛੱਡਿਆ ਹੋਵੇ; ਉਹੀ ਭਾਈ ਢੱਡਰੀਆਂ ਵਾਲਾ ਸਿਰਫ ਇੱਕ ਸਿਰਫਿਰੇ (ਹਰਨੇਕ ਸਿੰਘ) ਦੇ ਕੁਬੋਲਾਂ ਤੋਂ ਡਰਦਾ ਗੁਰੂ ਨਿੰਦਾ ਬਾਰੇ ਕਹੇ ਮੰਦ ਸ਼ਬਦਾਂ ਨੂੰ ਸੁਣ ਕੇ ਚੁੱਪ ਰਹੇ ਅਤੇ ਇੱਥੋਂ ਤੱਕ ਕਿ ਲਿਬੜੀ ਹੋਈ ਮੱਝ ਵੱਲੋਂ ਦੂਸਰੀ ਮੱਝ ਨੂੰ ਪੂਛ ਮਾਰ ਕੇ ਲਬੇੜਨ ਦੀ ਕਹਾਵਤ ਵਾਙ ਭਾਈ ਰਣਜੀਤ ਸਿੰਘ ਨੂੰ ਵੀ ਆਪਣੇ ਹੱਕ ਵਿੱਚ ਖੜ੍ਹਾ ਕੇ ਗੁਰੂ ਨਿੰਦਕਾਂ ਦੀ ਕਤਾਰ ਨੂੰ ਵਧਾ ਰਿਹਾ ਹੋਵੇ, ਬਾਰੇ ਗੋਲ ਮੋਲ ਗੱਲ ਕਰ ਕੇ ਵਿਸ਼ੇ ਨੂੰ ਇਤਨਾ ਹਲਕੇ ਵਿਚ ਲੈਣਾ; ਸਮਝ ਤੋਂ ਬਾਹਰ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸੋ, ਸਮੇਂ ਦੀ ਅਤਿ ਸੰਵੇਦਨਸ਼ੀਲ ਤੇ ਮੁੱਖ ਮੰਗ ਹੈ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਹ ਸਪਸ਼ਟ ਕਰਨ ਕਿ

✅ (1). ਕੀ ਗੁਰੂ ਹਰਿਰਾਇ ਸਾਹਿਬ ਦੁਆਰਾ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪਣਾ ਗ਼ਲਤ ਨਿਰਣਾ ਸੀ ?

✅ (2). ਕੀ ਬਾਬਾ ਪ੍ਰਿਥੀਚੰਦ ਜੀ ਤੇ ਬਾਬਾ ਰਾਮਰਾਇ ਜੀ ਨੂੰ ਗੁਰੂ ਘਰ ਵਿਚ ਸੇਵਾ ਵਜੋਂ ਵਿਸ਼ੇਸ਼ ਜਿੰਮੇਵਾਰੀ ਸੌਂਪਣਾ ਗ਼ਲਤ ਨਿਰਣਾ ਰਿਹਾ ਹੈ ?, ਆਦਿ।

👉 ਨੋਟ :- ਮੇਰਾ ਇਸ ਵਿਸ਼ੇ ਉੱਤੇ ਵਾਰ-ਵਾਰ ਲੇਖ ਲਿਖਣ ਦਾ ਮਤਲਬ ਸਿਰਫ਼ ਏਹੀ ਹੈ ਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਮੇਤ ਕੋਈ ਵੀ ਪੰਥ ਦਰਦੀ, ਸਿੱਖ ਕੌਮ ਦੇ ਵਿਚਾਰਕ ਤਾਲਮੇਲ ਨੂੰ ਇਕੱਠਾ ਕਰਨ ਵਿੱਚ ਸਹਾਇਕ ਬਣਦਾ ਹੈ ਤਾਂ ਇਸ ਦਾ ਲਾਭ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਜ਼ਰੂਰ ਮਿਲੇਗਾ, ਪਰ ਜੇ ਕਰ ਹਰਨੇਕ ਸਿੰਘ ਵਰਗੇ ਗੁਰੂ ਨਿੰਦਕ ਬੰਦੇ ਪਿੱਛੇ ਲੱਗ ਕੇ ਅਸੀਂ ਇਸ ਸੁਨਹਿਰੇ ਮੌਕੇ ਨੂੰ ਗਵਾ ਲੈਂਦੇ ਹਾਂ, ਤਾਂ ਇਹ ਬਹੁਤੀ ਸਮਝਦਾਰੀ ਨਹੀਂ ਕਹੀ ਜਾਏਗੀ। ਅਤੇ ਆਉਣ ਵਾਲੀ ਪੀੜ੍ਹੀ ਮੌਜੂਦਾ ਆਗੂਆਂ ਨੂੰ ਕੋਸੇਗੀ ਕਿ ਪੁਰਾਤਨ ਸਿੱਖ ਆਗੂਆਂ ਵਾਙ 21ਵੀ ਸਦੀ ਦੇ ਆਗੂ ਪ੍ਰਚਾਰਕ ਵੀ ਆਪਣੀ ਨਿਜੀ ਹਊਂਮੈ ਤੇ ਮਾਨ-ਅਪਮਾਨ ਨੂੰ ਪੰਥਕ ਹਿਤਾਂ ਤੋਂ ਵੱਧ ਪ੍ਰਮੁਖਤਾ ਦੇ ਕੇ ਆਪਣੀ ਸਖ਼ਸ਼ੀਅਤ ਨੂੰ ਖੋਰਾ ਤਾਂ ਲਾ ਹੀ ਗਏ ਪੰਥ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਗਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top