Share on Facebook

Main News Page

ਭਾਈ ਰਣਜੀਤ ਸਿੰਘ ਗੁਰੂ ਨਿੰਦਾ ਪ੍ਰਤੀ ਆਪਣਾ ਪੱਖ ਸਪੱਸ਼ਟ ਕਰਣ; ਤੇ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਧੂੰਦਾ ਆਪਣੀ ਚੁੱਪ ਨੂੰ ਤੋੜਨ
-: ਸਿਰਦਾਰ ਪ੍ਰਭਦੀਪ ਸਿੰਘ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।


ਸੁਰਜੀਤ ਪਾਤਰ ਦੀਆਂ ਇਹ ਸਤਰਾਂ ਸੱਤਰਵਿਆਂ ਅਤੇ ਅੱਸਵੀਆਂ ਦੇ ਦੌਰਾਨ ਬਹੁਤ ਮਕਬੂਲ ਹੋਈਆਂ ਸੁਣੀਆਂ ਹਨ। ਇੱਕ ਦੌਰ ਸੀ ਜਦੋਂ ਹਨੇਰੇ ਦਾ ਬੋਲਬਾਲਾ ਸੀ। ਕੋਈ ਵਿਰਲਾ ਹੀ ਐਸੀ ਵੰਗਾਂਰ ਪਾ ਸਕਦਾ ਸੀ।

ਇਹ ਹਨੇਰਾ ਕਈ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ। ਕਦੇ ਬੁੱਚੜ ਨੀਤੀ ਧਾਰਨ ਕਰਦਾ ਅਤੇ ਕਦੇ ਕੁੱਛੜ ਨੀਤੀ। ਬੁੱਚੜ ਨੀਤੀ ਵਾਲਾ ਹਨੇਰਾ ਪਹਿਚਾਣਿਆ ਜਾ ਸਕਦਾ ਹੈ। ਇਸਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਇਹ ਹਨੇਰਾ ਬਹਿਰੂਨੀ ਤੌਰ ਤਾਂ ਖਤਰਨਾਕ ਜਾਪਦਾ ਹੈ, ਪਰ ਦਰਅਸਲ ਸਭ ਤੋਂ ਜ਼ਿਆਦਾ ਖਤਰਨਾਕ ਕੁੱਛੜ ਨੀਤੀ ਵਾਲਾ ਹਨੇਰਾ ਹੀ ਸਾਬਿਤ ਹੁੰਦਾ ਹੈ।

ਕੁੱਛੜ ਨੀਤੀ - ਇਹ ਹਨੇਰਾ ਪਹਿਲਾਂ ਪੈਰ ਪਸਾਰਦਾ ਹੈ, ਤੁਹਾਨੂੰ ਆਪਣੀਆਂ ਤਲੀਆਂ ਦੇ ਚੋਗ ਚਗਾਉਣ ਤੱਕ ਭੀ ਚਲੇ ਜਾਂਦਾ ਹੈ। ਤੁਹਾਡੇ ਹੱਕ ਵਿੱਚ ਭੁਗਤਦਾ ਹੈ, ਤੁਸੀਂ ਮਸਤ ਹੋ ਜਾਂਦੇ ਹੋ ਅਤੇ ਸਮਾਂ ਆਉਂਦਾ ਹੈ ਤੁਹਾਨੂੰ ਇਹ ਹਨੇਰਾ ਹੀ ਸ਼ਮਾਦਾਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਹਨੇਰਾ ਹੀ ਸ਼ਮਾਦਾਨ ਮਹਿਸੂਸ ਹੋਣਾ ਸ਼ੁਰੂ ਹੋ ਜਾਵੇ, ਤਾਂ ਸਮਝ ਲੈਣਾ ਕਿ ਇਸ ਦੇਹੀ ਵਿੱਚੋਂ ਰੱਬੀ ਰੂਹ ਉਡਾਰੀ ਮਾਰ ਚੁੱਕੀ ਹੈ।

ਐਸਾ ਹੀ ਇੱਕ ਹਨੇਰਾ ਜਿਸਨੇ ਤੱਤ ਗੁਰਮਤਿ ਦੇ ਪ੍ਰਚਾਰਕਾਂ ਦੇ ਮੋਢੇ 'ਤੇ ਹੱਥ ਰੱਖ ਕੇ ਪਹਿਲਾਂ ਗਾਡੀ ਰਾਹ ਦੀ ਜਾਣਕਾਰੀ ਇੱਕਠੀ ਕੀਤੀ। ਹੁਣ ਇਸ ਪ੍ਰਚਿਲਤ ਜਾਣਕਾਰੀ ਨਾਲ ਤਾਂ ਦੁਨੀਆਂ ਵਿੱਚ ਪਹਿਚਾਣ ਬਣਾਉਣੀ ਥੋੜੀ ਔਖੀ ਸੀ, ਕਿਉਂਕਿ ਜੇ ਅਸਲ ਜਿਊਂਦਾ ਹੈ, ਤਾਂ ਨਕਲ ਦੀ ਉਧਾਰੀ ਇੱਕਠੀ ਕੀਤੀ ਹੋਈ ਜਾਣਕਾਰੀ ਨੂੰ ਕੌਣ ਸੁਣੇਗਾ?

ਹੁਣ ਲੋੜ ਸੀ ਕੁਝ ਨਵਾਂ ਕਰਨ ਦੀ, ਉਹ ਕੰਮ ਜਿਹੜਾ ਜੰਗਲ ਦੀ ਅੱਗ ਵਾੰਗ ਫੈਲ ਜਾਵੇ, ਮਸ਼ਹੂਰ ਹੋਣ ਦੀ ਤ੍ਰਿਸ਼ਨਾ ਭੀ ਬੜੀ ਡਾਢੀ ਹੁੰਦੀ ਹੈ। ਇਸੇ ਤ੍ਰਿਸ਼ਨਾ ਵਿੱਚ ਬੱਝੇ ਇਸ ਕਮਬਖ਼ਤ ਨੇ ਗੁਰੂ ਦੇ ਸਲਾਹਕਾਰ ਹੋਣ ਦਾ ਆਪੋ ਬਣਾਇਆ ਹੀ ਆਹੁਦਾ ਸਾਂਭ ਲਿਆ। ਬੱਸ! ਫਿਰ ਕੀ ਮਸ਼ਹੂਰੀ ਤਾਂ ਮਸ਼ਹੂਰੀ ਹੁੰਦੀ ਹੈ, ਭਾਵੇ ਬਦਨਾਮੀ ਰੂਪੀ ਹੀ ਕਿਉਂ ਨਾ ਹੋਵੇ? ਬਦਨਾਮ ਹੂਏ ਤੋ ਕਿਆ ਨਾਮ ਨਾ ਹੋਗਾ!

ਵੈਸੇ ਵਿਚਾਰ ਨੂੰ ਪੈਰ ਲੱਗੇ ਹੁੰਦੇ ਹਨ, ਭਾਵੇਂ ਉਹ ਨਾਕਾਰਤਿਮਿਕ ਹੋਵੇ ਜਾਂ ਸਕਾਰਤਮਿਕ। ਇਸ ਲਈ ਨਕਾਰਾਤਮਿਕ ਵਿਚਾਰ ਪੈਰ ਨਾ ਪਸਾਰੇ ਇਸਨੂੰ ਲੂਲਾ ਕਰ ਦੇਣ ਵਿੱਚ ਹੀ ਭਲਾ ਹੁੰਦਾ ਹੈ। ਮੇਰੇ ਦੁਆਰਾ ਜਾਂ ਹੋਰ ਭੀ ਸੂਝਵਾਨਾਂ ਦੁਆਰਾ ਜੁਆਬ ਦੇਣ ਤੋਂ ਭਾਵ ਇਸਨੂੰ ਸਮਝਾਉਣਾ ਨਹੀਂ ਸੀ, ਸਗੋਂ ਹਨੇਰੇ ਵਾਂਗ ਇਹ ਗੁਰੂ ਨਿੰਦਾ ਵਿੱਚ ਲਬਰੇਜ਼ ਹੋਏ ਖਿਆਲਾਂ ਦੇ ਫੈਲਾਉ ਨਾਲ ਭੋਲੀ ਭਾਲੀ ਸੰਗਤ ਸ਼ਿਕਾਰ ਨਾ ਹੋ ਜਾਏ, ਕੇਵਲ ਉਸਨੂੰ ਬੰਨ੍ਹ ਲਾਉਣਾ ਸੀ। ਪਰ ਨਾਲ ਹੀ ਸਦਕੇ ਜਾਣ ਨੂੰ ਜੀਅ ਉਹਨਾਂ ਸੱਜਣਾ 'ਤੇ ਭੀ ਕਰਦਾ ਹੈ ਜੋ ਕੇਵਲ ਇਹ ਸਮਝਦੇ ਰਹੇ ਕਿ ਸ਼ਾਇਦ ਇਸਨੂੰ ਕੁਝ ਸਮਝਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ, ਅਤੇ ਸਲਾਹਾਂ ਵਜੋਂ ਮੈਸਜ ਆਉਂਦੇ ਰਹੇ ਕਿ... ਛੱਡੋ ਮੂਰਖ ਨਾਲ ਉਲਝਣਾਂ, ਇਹ ਬੇਵਕੂਫ਼ ਹੈ, ਇਸ ਜਾਹਿਲ ਦੀ ਭਾਸ਼ਾ ਹੀ ਵਿਚਾਰ ਵਾਲੀ ਨਹੀਂ ਅਤਿਆਦਿ।

ਆਪਣੀ ਬੇਵਕੂਫੀ ਨੂੰ ਸਿੱਧ ਕਰਨ ਲਈ ਇਸਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਾਮ ਖੂਬ ਵਰਤਿਆ। ਹਰ ਸ਼ਮਾਦਾਨ ਇਸੇ ਆਸ ਵਿੱਚ ਹੀ ਰਿਹਾ ਕਿ ਭਾਈ ਰਣਜੀਤ ਸਿੰਘ ਆਪਣੇ ਨਾਮ ਦੀ ਦੁਰਵਰਤੋਂ ਕਰਨ ਤੋਂ ਇਸਨੂੰ ਤਾੜਨਾ ਕਰਣਗੇ, ਪਰ ਐਸਾ ਨਹੀਂ ਹੋਇਆ ਜੋ ਕਿ ਬੜਾ ਅਫ਼ਸੋਸਜਨਕ ਹੈ।

ਹੁਣ ਇੱਕ ਨਵੀਂ ਆਡਿਉ ਸਾਹਮਣੇ ਆਈ ਹੈ (Click here to listen) ਜਿਸ ਵਿੱਚ EmPee ਸਟੂਡੀਉ ਵਾਲਾ ਵਿਅਕਤੀ ਜੋ ਕਿ ਭਾਈ ਢੱਡਰੀਆਂ ਵਾਲੇ ਦੀ ਸਾਰੀ ਰਿਕਾਰਡਿੰਗ ਕਰਦਾ ਹੈ ਉਸਨੇ ਭਾਈ ਪੰਥਪ੍ਰੀਤ ਸਿੰਘ ਦੇ ਸੰਬੰਧ ਵਿੱਚ ਹਰਨੇਕ ਸਿੰਘ ਦੁਆਰਾ ਕੀਤੀ ਬਕੜਵਾਹ ਨੂੰ ਗਰੁੱਪਾਂ ਵਿੱਚ ਸ਼ੇਅਰ ਕੀਤਾ ਹੈ। ਆਸ ਹੈ ਕਿ ਇਹ ਗੱਲ ਭਾਈ ਰਣਜੀਤ ਸਿੰਘ ਤੱਕ ਭੀ ਪਹੁੰਚ ਗਈ ਹੋਵੇਗੀ, ਪਰ ਅਜੇ ਤੱਕ ਕੋਈ ਸਪਸ਼ਟੀਕਰਣ ਸਾਹਮਣੇ ਨਹੀਂ ਆਇਆ।

ਭਾਈ ਰਣਜੀਤ ਸਿੰਘ ਨੂੰ ਸਲਾਹ ਹੈ ਕਿ ਉਹ ਇਹਨਾਂ ਭੁਲੇਖਿਆਂ ਨੂੰ ਬਿਨਾ ਕੋਈ ਦੇਰੀ ਕੀਤੇ ਦੂਰ ਕਰਨ ਕਿ

- ਗੁਰੂ ਜੋ ਸਾਨੂੰ ਦੂਰਦਰਸ਼ਿਤਾ ਦਾ ਪਾਠ ਪੜਾਵੇ, ਕਦੇ ਉਸਦੇ ਆਪਣੇ ਫੈਸਲੇ ਭੀ ਅਸਪਸ਼ੱਟ ਹੋ ਸਕਦੇ ਹਨ?
- ਗੁਰੂ ਹਰਕਿਸ਼ਨ ਸਾਹਿਬ ਦੀ ਗੱਦੀ ਨਸ਼ੀਨੀ ਭੀ ਹਰਨੇਕ ਸਿੰਘ ਨੇ ਸ਼ੱਕ ਦੇ ਦਾਇਰੇ ਵਿੱਚ ਲਿਆਂਦੀ ਹੈ, ਇਸ ਬਾਰੇ ਆਪਦੀ ਕੀ ਰਾਇ ਹੈ?
- ਕੀ ਗੁਰੂ ਦੀ ਜ਼ਿੰਦਗੀ ਅਤੇ ਗੁਰਬਾਣੀ ਵਿੱਚ ਕੋਈ ਫਰਕ ਸੀ?

ਮੈਨੂੰ ਆਸ ਹੈ ਕਿ ਇਹ ਸਵਾਲ ਜੋ ਕਿ ਕੇਵਲ ਮੇਰੇ ਹੀ ਨਹੀਂ, ਸਗੋਂ ਹਰ ਉਸ ਪੰਥ ਦਰਦੀ ਦੇ ਹਨ ਜੋ ਗੁਰੂ ਨੂੰ ਸਮਰਪਿਤ ਹੈ, ਦੇ ਜੁਆਬ ਦੇ ਕੇ ਆਪਣਾ ਪੱਖ ਜਰੂਰ ਸਪਸ਼ੱਟ ਕਰੋਗੇ।

ਅਖੀਰ 'ਤੇ ਮੇਰੀ ਬੇਨਤੀ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਭੀ ਹੈ, ਕਿ ਉਹ ਭੀ ਚੁੱਪ ਵੇ ਅੜਿਆ, ਚੁੱਪ ਵੇ ਅੜਿਆ ਦੇ ਕੱਚੇ ਸਿਧਾਂਤ ਨੂੰ ਤਿਲਾਂਜਲੀ ਦੇ ਕੇ "ਬੋਲਿ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ॥" ਦੇ ਇਲਾਹੀ ਸਿਧਾਂਤ ਦਾ ਧਿਆਨ ਧਰ ਕੇ, ਗੁਰੂ ਸਾਹਿਬਾਨ ਉੱਪਰ ਕੀਤੀਆਂ ਹੋਈਆਂ ਐਸੀਆਂ ਅਸਹਿਣਯੋਗ ਟਿੱਪਣੀਆਂ ਦਾ ਗੁਰੂ ਦੇ ਬਾਣਾ ਰਾਹੀਂ ਆਪਣੇ ਨਿਵੇਕਲੇ ਅੰਦਾਜ਼ ਜਰੂਰ ਜੁਆਬ ਦੇਣ। ਇਥੇ ਮਸਲਾ ਬੰਦੇ ਨਾਲ ਉਲਝਣ ਦਾ ਨਹੀਂ ਹੈ, ਐਸੇ ਵੀਹ ਕੂਕਰ ਸਾਡੇ ਮਗਰ ਰੋਜ਼ ਦੌੜਦੇ ਹਨ, ਮਸਲਾ ਕੇਵਲ ਇਸ ਖੱਬੇ ਪੱਖੀ ਵਿਚਾਰ ਨੂੰ ਠੱਲ ਪਾਉਣ ਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top