Share on Facebook

Main News Page

ਅਖੌਤੀ ਸਾਧ ਬਾਬੇ, ਗੁਲਾਮ ਹੈਦਰ ਕਾਦਰੀ ਗਠਜੋੜ ਅਤੇ ਸਿੱਖ…
-: ਭਾਈ ਗੁਰਸ਼ਰਨ ਸਿੰਘ ਚੀਮਾਂ ਕਲਾਂ

{ਨੋਟ : ਇਹ ਕੋਈ ਸਿੱਖ ਬਨਾਮ ਮੁਸਲਮਾਨ ਮੁੱਦਾ ਨਹੀਂ, ਬੱਸ ਇਕ ਪ੍ਰਚਾਰਕ ਅਖਵਾਉਣ ਵਾਲੇ ਦੀ ਕੰਮ ਕਰਨ ਦੀ ਕਾਰਜਸ਼ੈਲੀ 'ਤੇ ਸੁਆਲ ਹੀ ਹਨ }

ਆਪਾਂ ਆਮ ਤੌਰ 'ਤੇ ਵੇਖਦੇ ਸੁਣਦੇ ਹਾਂ ਕੇ ਲੋਕ ਆਕਾਸ਼ ਗੁੰਜਾਊ ਨਾਰਿਆਂ ਜੈਕਾਰਿਆਂ ਨਾਲ ਅਕਾਲ ਤਖਤ ਮਹਾਨ ਵਾਲਾ ਨਾਅਰਾ ਲਾਉਦੇਂ ਹਨ, ਪਰ ਕੀ ਅਕਾਲ ਦੇ ਸਿਧਾਂਤ ਨੂੰ ਸਮਝਣ ਤੋ ਬਿਨ੍ਹਾ ਇਹ ਗੱਲ ਕਿੰਨੀ ਕੁ ਮੁਮਕਿਨ ਹੈ। ਮੇਰਾ ਮੰਤਵ ਤੇ ਨਹੀਂ ਪਰ ਫਿਰ ਵੀ ਮੈ ਇਹ ਵੀ ਜਾਣਦਾ ਹਾਂ ਕੇ ਇਹ ਪੋਸਟ ਕਈ ਸਾਡੇ ਭਰਾਵਾਂ ਨੂੰ ਦੁੱਖ ਦੇਵੇਗੀ, ਪਰ ਸਿੱਖੀ ਸਿਧਾਂਤ ਸਾਹਮਣੇ ਇਹ ਗੱਲ ਕੋਈ ਬਹੁਤ ਮਾਅਨਾ ਨਹੀਂ ਰੱਖਦੀ…

ਅਖੌਤੀ ਸਾਧਾਂ ਡੇਰੇਦਾਰਾਂ ਨੇ ਤਾਂ ਅਕਾਲ ਤਖਤ ਦੀ ਇਸ ਮਰਿਆਦਾ ਨੂੰ ਬਿਲਕੁਲ ਤਿਲਾਂਜਲੀ ਦਿੱਤੀ ਹੈ ਭਾਂਵੇ ਕੇ ਕਈ ਜਾਗਰੂਕ ਸੱਜਣ ਵੀ ਮਰਿਆਦਾ ਵਿੱਚ ਕੁਝ ਸੋਧ ਸਧਾਈ ਦੀ ਗੱਲ ਕਰਦੇ ਹਨ।

ਬਹੁਤੇ ਡੇਰੇਦਾਰਾਂ ਸਾਧਾਂ ਨੇ ਤਾਂ ਅੱਜ ਤੱਕ ਇਸ ਮਰਿਆਦਾ ਦਾ ਇਕ ਅੱਖਰ ਵੀ ਨਹੀਂ ਮੰਨਿਆ ਅਤੇ ਆਪੋ ਆਪਣੀ ਮਰਿਆਦਾ ਦੀ ਆੜ ਵਿੱਚ ਕਈ ਪ੍ਰਕਾਰ ਦੀ ਠੱਗੀ ਅਤੇ ਧੋਖੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਭਾਂਵੇ ਉਹ ਸੰਪਟ ਪਾਠਾਂ ਦੀ ਠੱਗੀ ਹੋਵੇ, ਮੂਰਤੀ ਪੂਜਾ ਹੋਵੇ ਜਾਂ ਫਿਰ ਥਾਲ ਘੁਮਾ ਕੇ ਦੀਵੇ ਬਾਲ ਕੇ ਆਰਤੀ ਕਰਨੀ ਹੋਵੇ।

ਜਿਵੇਂ ਕਈ ਚਲਾਕ ਤੇ ਧੋਖੇਬਾਜ ਕੰਪਨੀਆਂ ਆਪਣੀਆਂ ਕਈ ਘਟੀਆ ਵਸਤੂਆਂ ਨੂੰ ਵੇਚਣ ਲਈ ਲੋਕਾਂ ਦਾ ਮਨ ਲੁਭਾਉਣ ਲਈ ਬਹੁਤ ਸਕੀਮਾਂ ਅਕਸਰ ਬਜਾਰ ਵਿੱਚ ਲੈ ਕੇ ਆਉਦੀਆਂ ਹਨ ਤੇ ਭੋਲੇ ਭਾਲੇ ਅਣਜਾਣ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਵੀ ਕਾਫੀ ਹੱਦ ਤੱਕ ਕਾਮਯਾਬ ਵੀ ਹੁੰਦੀਆਂ, ਪਰ ਸਿਆਣੇ ਲੋਕ ਇਹਨਾਂ ਦੇ ਝਾਂਸੇ ਵਿੱਚ ਵੀ ਨਹੀਂ ਆਉਦੇਂ। ਬਿਲਕੁਲ ਇਸੇ ਤਰ੍ਹਾਂ ਕੌਮ ਵਿੱਚ ਵੀ ਭੋਲੇ ਤੇ ਗੁਰਮਤਿ ਤੋ ਅਣਜਾਣ ਸਿੱਖ ਨੂੰ ਭਰਮਾਉਣ ਲਈ ਇਹਨਾਂ ਅਖੌਤੀ ਸਾਧ ਬਾਬਿਆਂ ਵੱਲੌਂ ਆਪਣੇ ਕੂੜ ਨੂੰ ਵੇਚਣ ਲਈ ਅਤੇ ਡੇਰਿਆਂ ਦੀ ਭੀੜ ਵਧਾਉਣ ਲਈ ਅਜਿਹੇ ਕਾਰਨਾਮੇ ਅਕਸਰ ਕੀਤੇ ਜਾਂਦੇ ਹਨ।

ਅਖੌਤੀ ਬਾਬਿਆਂ ਵੱਲੌਂ ਆਪਣੀਆਂ ਗੁਰਮਤਿ ਵਿਰੋਧੀ ਕਾਰਵਾਈਆਂ 'ਤੇ ਮੋਹਰ ਲਵਾਉਣ ਲਈ ਪਿਛਲੇ ਕੁਝ ਸਮੇਂ ਤੋਂ ਇਕ "ਗੁਲਾਮ ਹੈਦਰ ਕਾਦਰੀ" ਸੱਜਣ ਦੀ ਭਰਪੂਰ ਵਰਤੋਂ ਕੀਤੀ ਜਾ ਰਹੀ ਹੈ ਜੋ ਕੇ ਇਹਨਾਂ ਦੀਆਂ ਸਟੇਜਾਂ ਦਾ ਇਕ ਤਰ੍ਹਾਂ ਦਾ ਬਰੈਂਡ (ਲਿਫਾਫਿਆਂ ਵਾਲਾ) ਹੈ। ਆ ਕੁਝ ਕੁ ਗੱਲਾਂ 'ਤੇ ਗੌਰ ਕਰਿਆ ਜੇ....…

੧. ਅੱਜ ਤੱਕ ਮੈ ਨਹੀਂ ਸੁਣਿਆਂ ਕੇ ਇਸ ਗੁਲਾਮ ਹੈਦਰ ਕਾਦਰੀ ਨੇ ਅਖੌਤੀ ਡੇਰੇਦਾਰਾਂ ਦੇ ਵੱਲੋਂ ਕੀਤੇ ਜਾ ਰਹੇ ਪਾਖੰਡਾਂ, ਧਰਮ ਦੇ ਨਾਂ 'ਤੇ ਮਾਰੀਆਂ ਜਾ ਰਹੀਆਂ ਠੱਗੀਆਂ ਬਾਰੇ ਕਦੇ ਜੁਬਾਨ ਵਿੱਚੋ ਚਾਰ ਅੱਖਰ ਨਿਕਲੇ ਹੋਣ, ਜਦਕਿ ਇੱਥੇ ਥੋੜੀ ਬਹੁਤੀ ਗੁਰਮਤਿ ਦੀ ਸੋਝੀ ਰੱਖਣ ਵਾਲਾ ਹਰ ਪ੍ਰਚਾਰਕ ਆਪਣਾ ਫਰਜ ਸਮਝ ਕੇ ਬੇਬਾਕੀ ਨਾਲ ਬੋਲਦਾ ਹੈ। ਕੀ ਜਫਰਨਾਮੇ ਅਤੇ ਕੁਝ ਕੁ ਸ਼ੇਅਰ ਚੇਤੇ ਕਰਨਾ ਤੇ ਕਬਰਾਂ ਮੜੀਆਂ ਦੇ ਖਿਲਾਫ ਬੋਲ ਦੇਣ ਵਿੱਚ ਹੀ ਸਾਰੀ ਗੁਰਮਤਿ ਹੈ ? ਸਾਧਾਂ ਦੁਆਰਾ ਗੁਰੂ ਦੇ ਸ਼ਰੀਕ ਬਣ ਸ਼ਰੀਰਾਂ ਦੀ ਪੂਜਾ ਕਰਵਾਉਣੀ, ਜੁੱਤੀਆਂ ਲੈਟਰੀਨਾਂ ਅਤੇ ਬਾਥਰੂਮਾਂ ਨੂੰ ਮੱਥੇ ਟਿਕਵਾਉਣਾ ਕੀ ਇਹ ਗੁਰੂ ਗੋਬਿੰਦ ਸਿੰਘ ਦੇ "ਗੁਰੂ ਮਾਨਿਓ ਗ੍ਰੰਥ " ਵਾਲੇ ਹੁਕਮ ਦੀ ਤੌਹੀਨ ਨਹੀਂ..? ਕੀ ਕਾਦਰੀ ਜੀ ਇਸ ਸੱਚ ਨੂੰ (ਹੁਣ ਜਾਂ ਭਵਿੱਖ ਵਿੱਚ) ਜੋ ਗੁਰੂ ਪ੍ਰੇਮ ਦੇ ਦਾਅਵੇਦਾਰ ਬਣਨ ਦੀ ਗੱਲ ਕਰਦੇ ਨੇ ਇਸ ਸੱਚ ਨੂੰ ਕਹਿਣ ਦੀ ਹਿੰਮਤ ਜੁਟਾ ਪੈਣਗੇ ਜੇ ਨਹੀਂ ਤਾਂ ਫਿਰ ਸੁਆਰਥੀ ਨਾਂ ਮੰਨੀਏ ਤਾਂ ਕੀ ਕਹੀਏ..?

੨. ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਬ੍ਰਾਹਮਣ ਦੇ ਜਨੇਊ ਦਾ ਖੰਡਨ ਹੈ ਉੱਥੇ ਮੁਸਲਮਾਨ ਦੀ ਸੁੰਨਤ ਦਾ ਵੀ ਹੈ ਗੁਰਵਾਕ ਹੈ- "ਜਉ ਰੇ ਖੁਦਾਇ ਮੋਹਿ ਤੁਰਕੁ ਕਰੇਗਾ ਆਪਣ ਹੀ ਕਟ ਜਾਈ॥ ਭਾਵ ਜੇ ਖੁਦਾ ਮੈਨੂੰ ਇਸ ਤਰ੍ਹਾਂ ਮੁਸਲਮਾਨ ਬਣਾਉਣਾ ਚਾਹੇਗਾ ਤਾਂ ਇਹ ਗੁਪਤ ਅੰਗ ਦਾ ਮਾਸ ਆਪਣੇ ਆਪ ਕੱਟ ਜਾਵੇਗਾ, ਜਾਂ ਫਿਰ ਆ ਵਾਕ ਵੀ ਨਾਲ ਪੜ ਲਵੋ ਕੇ "ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਏ" ਕੀ ਕਾਦਰੀ ਸਾਬ ਗੁਰੂ ਬਾਣੀ ਦੇ ਇਹਨਾਂ ਵਾਕਾਂ ਨੂੰ ਸੁਣਾ ਪਾਉਣਗੇ…? ਪਰ ਜਿਹੜਾ ਆਪ ਪੂਰਾ ਹੈ ਉਹ ਬੇਬਾਕੀ ਨਾਲ ਜਰੂਰ ਬੋਲ ਪਾਵੇਗਾ।

੩. ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ, ਭਾਂਵੇ ਕੇ ਉਹਨਾਂ ਦਾ ਜਨਮ ਕਿਸੇ ਹਿੰਦੂ ਜਾਂ ਮੁਸਲਮਾਨ ਪਰਿਵਾਰ ਵਿੱਚ ਹੋਇਆ, ਪਰ ਉਹ ਇਨਕਲਾਬੀ ਵਿਚਾਰਧਾਰਾ ਦੇ ਬਲਬੂਤੇ ਵੱਖਰੇ ਹੋ ਗਏ ਅਤੇ ਉਹਨਾਂ ਨੇ ਵੀ ਚੱਲ ਰਹੇ ਧਰਮ ਦੇ ਨਾ 'ਤੇ ਪਾਖੰਡਾਂ ਕਰਮਕਾਡਾ ਦਾ ਡਟ ਕੇ ਵਿਰੋਧ ਕੀਤਾ ਅਤੇ ਵੱਖਰੀ ਲੀਕ ਖਿੱਚ ਕੇ ਵੱਖਰੇ ਹੋਏ ਅਤੇ "ਨਾ ਹਮ ਹਿੰਦੂ ਨਾ ਮੁਸਲਮਾਨ ਦੀ ਕਤਾਰ ਵਿੱਚ ਜਾ ਖੜੇ ਜਾ ਹੋਏ। ਬਾਬਾ ਫਰੀਦ ਸਾਹਿਬ ਵੀ ਬਾਕੀ ਹਿੰਦੂ ਮੱਤ ਵਿੱਚ ਜਨਮੇਂ ਭਗਤਾਂ ਵਾਂਗ ਸਰ੍ਹਾਂ (ਮੁਸਲਮਾਨੀ ਕਾਨੂੰਨ)ਅਤੇ ਉਹਨਾਂ ਦੀਆਂ ਮਨੌਤਾਂ ਦੇ ਪੂਰੀ ਤਰ੍ਹਾ ਖਿਲਾਫ ਜਾ ਡਟੇ ਤੇ ਇਸ ਸਭ ਦੀ ਗਵਾਹ ਉਹਨਾਂ ਦੀ ਰਚਨਾ ਹੈ। ਹਿੰਦੂ ਮੱਤ ਤੇ ਇਸਲਾਮ ਨੇ ਕਦੇ ਵੀ ਇਹਨਾਂ ਭਗਤਾਂ ਨੂੰ ਪ੍ਰਵਾਨ ਨਹੀਂ ਕੀਤਾ ਪਰ ਬਾਬੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਗਲਵੱਕੜੀ ਪਾਈ ਤੇ ਰੱਬੀ ਪਿਆਰੇ ਕਹਿ ਕੇ ਨਾਲ ਬਿਠਾਇਆ। ਅਜਿਹੇ ਮਹਾਨ ਭਗਤਾਂ ਦੀ ਤੁਲਨਾ ਸੁਆਰਥੀ ਕਾਦਰੀ ਨਾਲ ਕਰਨਾ ਜਿਹੜਾ ਸਿੱਖੀ ਦਾ ਬੇੜਾ ਗਰਕ ਕਰਨ ਵਾਲੇ ਸਾਧਾਂ ਨੂੰ ਪ੍ਰਮੋਟ ਕਰ ਰਿਹਾ ਸਾਡੀ ਅਕਲ ਦਾ ਦਿਵਾਲਾ ਨਹੀਂ ਤੇ ਹੋਰ ਕੀ ਹੈ...

੪. ਪਹਿਲੇ ਗੁਰੂ ਨਾਨਕ ਸਾਹਿਬ ਵੇਲੇ ਭਾਈ ਮਰਦਾਨਾ ਸਿੱਖ ਬਣਿਆ ਗੁਰੂ ਦੇ ਹਰ ਹੁਕਮ ਤੇ ਫੁੱਲ ਚੜਾਏ, ਕੇਸਾਂ ਦੀ ਬੇਅਦਬੀ ਤਿਆਗੀ, ਹਰ ਕਰਮ ਗੁਰੂ ਦੇ ਕਹੇ ਮੁਤਾਬਿਕ ਕੀਤਾ। ਤੀਜੇ ਅਤੇ ਚੌਥੇ ਗੁਰੂ ਸਾਹਿਬ ਜੀ ਨੇ ਜਦੋਂ ਪਰਚਾਰ ਹਿੱਤ ਪ੍ਰਚਾਰਕ ਥਾਪੇ ਤਾਂ ਉਹਨਾਂ ਦੇ ਨਾਮ ਪਰਿਵਾਰਕ ਪਿਛੋਕੜ ਮੁਤਾਬਿਕ ਸਨ ਜਿਵੇਂ ਇਕ ਸਿੱਖ ਪ੍ਰਚਾਰਕ ਦਾ ਨਾਂ ਸੀ ਅੱਲਾ ਯਾਰ ਖਾਂ ਇਸਨੇ ਸਿੱਖੀ ਦਾ ਪ੍ਰਚਾਰ ਕੀਤਾ, ਪਰ ਕੀ ਤੁਹਾਨੂੰ ਲੱਗਦਾ ਕੇ ਜੇ ਇਹ ਮੁਸਲਮਾਨ ਹੋਵੇਗਾ ਤਾਂ ਗੁਰੂ ਜੀ ਨੇ ਇਸਨੂੰ ਸਿੱਖੀ ਪ੍ਰਚਾਰ ਦਾ ਅਧਿਕਾਰ ਦਿੱਤਾ ਹੋਵੇਗਾ…? ਕੀ ਇਸ ਨੇ ਬਾਣੀ ਮੁਤਾਬਿਕ "ਜਉ ਰੇ ਖੁਦਾਇ ਮੋਹਿ ਤੁਰਕੁ ਕਰੇਗਾ ਆਪਣ ਹੀ ਕਟ ਜਾਈ॥ ਭਾਵ ਜੇ ਖੁਦਾ ਮੈਨੂੰ ਇਸ ਤਰ੍ਹਾਂ ਮੁਸਲਮਾਨ ਬਣਾਉਣਾ ਚਾਹੇਗਾ ਤਾਂ ਇਹ ਗੁਪਤ ਅੰਗ ਦਾ ਮਾਸ ਆਪਣੇ ਆਪ ਕੱਟ ਜਾਵੇਗਾ,ਜਾਂ ਫਿਰ ਆ ਵਾਕ ਵੀ ਨਾਲ ਪੜ ਲਵੋ ਕੇ "ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਏ" ਦਾ ਪ੍ਰਚਾਰ ਨਾ ਕੀਤਾ ਹੋਵੇਗਾ । ਜਦੋਂ ਦਸਮ ਪਿਤਾ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾਈ ਤਾਂ ਇਹਨਾਂ ਦੀ ਅਗਲੇਰੀਆਂ ਪੀੜੀਆਂ ਗੁਰੂ ਹੁਕਮ ਮੁਤਾਬਿਕ ਸਿੱਖ ਵੀ ਬਣੀਆਂ ਤੇ ਸਿੰਘ ਪਦਵੀ ਪ੍ਰਾਪਤ ਕੀਤੀ, ਜਿਵੇਂ ਪੰਡਿਤ ਬ੍ਰਹਮਦਾਸ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖ ਬਣਿਆ ਤੇ ਇਸੇ ਪ੍ਰੀਵਾਰ ਵਿੱਚੋ ਪੰਡਿਤ ਕਿਰਪਾ ਰਾਮ ਬਾਦ ਵਿੱਚ ਪਾਹੁਲ ਛੱਕ ਕੇ ਭਾਈ ਕਿਰਪਾ ਸਿੰਘ ਬਣਿਆ ਇਹਨਾਂ ਨੇ ਪੂਰਨ ਰੂਪ ਵਿੱਚ ਗੁਰੂ ਹੁਕਮ ਨੂੰ ਮੰਨਿਆ ਤੇ ਪ੍ਰਚਾਰ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ ਸੀ। ਇਹਨਾਂ ਦਾ ਸਿੱਖੀ ਵੱਲ ਝੁਕਾਅ ਸੀ।

੫. ਜਿਵੇਂ ਚੰਗੇ ਅਤੇ ਮਾੜੇ ਲੋਕ ਹਰ ਕਿਸੇ ਕੌਮ ਵਿੱਚ ਹੁੰਦੇ ਹਨ ਜੇ ਕਿਸੇ ਇਕ ਸਮੂਹ ਦੇ ਕੁਝ ਕੁ ਲੋਕ ਕਿਸੇ ਨਾਲ ਧੱਕਾ ਕਰਨ ਤਾਂ ਜਰੂਰੀ ਨਹੀਂ ਕੇ ਸਾਰੇ ਹੀ ਅਪਰਾਧੀ ਬਿਰਤੀ ਹੋਣ ।ਮਿਸਾਲੀ ਤੌਰ ਤੇ 1984 ਵਿੱਚ ਵਾਪਰ ਰਹੇ ਦੁਖਾਂਤ ਵਿੱਚ ਜਿੱਥੇ ਬਹੁਤੀ ਹਿੰਦੂ ਭੀੜ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਰਹੀ ਸੀ ਪਰ ਕੁਝ ਕੁ ਹਿੰਦੂ ਮੱਤ ਦੇ ਵੀਰਾਂ ਵੱਲੌਂ ਮਦਦ ਵੀ ਕਿਤੀ ਗਈ ਉਹਨਾਂ ਦੇ ਇਸ ਕੰਮ ਨੂੰ ਸਲਾਹਿਆ ਵੀ ਗਿਆ ,ਪਰ ਇਸ ਸਬ ਕੁਝ ਦੇ ਬਾਵਜੂਦ ਵੀ ਇਹ ਸਭ ਵੀਰ ਸਿੱਖੀ ਦੇ ਪ੍ਰਚਾਰਕ ਖੇਤਰ ਵਿੱਚ ਮੁਕੰਮਲ ਗੁਰੂ ਅਸੂਲਾਂ ਨੂੰ ਅਪਣਾਏ ਬਿਨ੍ਹਾਂ ਨਹੀਂ ਆ ਸਕਦੇ,ਇਸੇ ਸੰਦਰਭ ਵਿੱਚ ਹੀ ਸਾਂਈ ਮੀਆਂ ਮੀਰ , ਗਨੀ ਖਾਂ ਤੇ ਨਬੀ ਖਾਂ ਵਰਗੇ ਨੇਕ ਬੰਦਿਆਂ ਨੂੰ ਵੇਖਿਆ ਜਾ ਸਕਦਾ ਹੈ ਗੈਰ ਧਰਮ ਦੇ ਹੋਣ ਕਰਕੇ ਵੀ ਇਨਸਾਨੀਅਤ ਦੇ ਫਰਜ ਨਿਭਾਏ।ਪਰ ਕਾਦਰੀ ਵਰਗੇ ਅਤੇ ਅੰਨੇ ਭਗਤ ਤਾਂ ਕਾਦਰੀ ਦਾ ਸਾਧਾਂ ਨੂੰ ਪ੍ਰਮੋਟ ਕਰਨ ਲਈ ਮੀਆਂ ਮੀਰ ਦੇ ਨਾਂ ਤੇ ਰੋਟੀਆਂ ਸੇਕ ਰਹੇ ਹਨ ਜਦਕਿ ਸੱਚ ਤਾਂ ਇਹ ਹੈ ਕੇ ਕਿਤੇ ਇਦਾਂ ਦੀ ਗਵਾਹੀ ਨਹੀਂ ਮਿਲਦੀ ਕੇ ਗੁਰੂ ਜੀ ਵੱਲੋਂ ਕੇ ਮੀਆਂ ਮੀਰ ਜੀ ਸਿੱਖੀ ਪ੍ਰਚਾਰਕ ਵੀ ਹੋਣ ।

੬. ਹਜਰਤ ਮਹੁੰਮਦ ਸਾਹਿਬ, ਹਜਰਤ ਮੂਸਾ, ਈਸਾ ਆਦਿਕ ਦੇ ਜੀਵਨ ਵਿੱਚੋਂ ਹਵਾਲੇ ਸਿੱਖ ਪ੍ਰਚਾਰਕ ਵੀ ਦੇ ਸਕਦਾ ਪਰ ਮਰਿਆਦਾ ਮੁਤਾਬਿਕ ਇਕ ਪ੍ਰਚਾਰਕ ਦੀ ਪੂਰਨ ਸ਼ਰਧਾ ਵਿਸਵਾਸ਼ ਇਸ਼ਟ ਕੇਵਲ ਇਕ ਅਕਾਲਪੁਰਖ ਤੇ ਫਲ਼ਸਫੇ ਦਾ ਅਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹੋਣਾ ਚਾਹਿੰਦਾ ਹੈ। ਸਾਂਝੀਵਾਲਤਾ ਦਾ ਢੰਡੋਰਾ ਪਿੱਟਣ ਵਾਲੇ ਵੀ ਇਕ ਗੱਲ ਚੇਤੇ ਰੱਖਿਓ ਕੇ ਗੁਰਮਤਿ ਦੇ ਅਸੂਲਾਂ ਨਾਲ ਹੀ ਸਾਂਝੀਵਾਲਤਾ ਹੈ ਸਿੱਖ ਜਾਤ ਪਤਾ ਲਿੰਗ ਭੇਦ, ਨਸਲ ਕਰਕੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਪਰ ਸਿਧਾਂਤ ਕਰਕੇ ਖਾਲਸਾ ਸਾਰੇ ਮਤਾਂ ਤੋ ਨਿਆਰਾ ਹੈ ਜੇ ਇਕ ਦੇ ਜਨੇਊ ਦਾ ਖੰਡਨ ਹੈ ਤਾਂ ਦੂਸਰੇ ਦੀ ਸੁੰਨਤ ਦਾ ਵੀ ਹੈ, ਜੇ ਇਕ ਨੂੰ ਇਹ ਆਖਿਆ ਕੇ ਹਰੀ ਜਗਨਨਾਥ ਵਿੱਚ ਨਹੀਂ ਤਾਂ ਦੂਜੇ ਨੂੰ ਇਹ ਵੀ ਆਖਿਆ ਕੇ ਅੱਲਾਹ ਸਿਰਫ ਮੱਕੇ ਵਿੱਚ ਵੀ ਨਹੀਂ ਹੈ।

੭. ਕਾਦਰੀ ਜੀ ਦੀ ਗੁਰੂ ਸਾਹਿਬ ਪ੍ਰਤੀ ਬੇਇਮਾਨੀ ਦਾ ਪ੍ਰਗਟਾਵਾ ਜਿੱਥੇ ਸਾਧਾਂ ਦੁਆਰਾ ਗੁਰੂ ਦੇ ਸ਼ਰੀਕ ਬਣ ਸ਼ਰੀਰਾਂ ਦੀ ਪੂਜਾ ਕਰਵਾਉਣੀ, ਜੁੱਤੀਆਂ ਲੈਟਰੀਨਾਂ ਅਤੇ ਬਾਥਰੂਮਾਂ ਨੂੰ ਮੱਥੇ ਟਿਕਵਾਉਣਾ, ਹੇਠਲੀ ਤਸਵੀਰਾਂ ਵਿੱਚ ਇਕ ਸਾਧ ਉਹ ਵੀ ਹੈ ਜਿਹੜਾ ਲੀਡਰਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਤਿਲਕ ਲਵਾਉਦਾਂ ਵੀ ਇਕ ਵੀਡਿਓ ਵਿੱਚ ਨਜਰੀਂ ਆਉਦਾ ਹੈ। ਜੋ ਕੇ ਬਹੁਤ ਵੱਡੀ ਗੁਰਮਤਿ ਵਿਰੋਧੀ ਕਾਰਵਾਈ ਸੀ ਇਸ ਦੇ ਬਾਵਜੂਦ ਚੁੱਪ ਰਹਿਣ ਤੇ ਹੁੰਦਾ ਹੈ ਉੱਥੇ ਇਕ ਗੱਲ ਹੋਰ ਵੀ ਧਿਆਨ ਮੰਗਦੀ ਹੈ ਬਚਿੱਤਰ ਨਾਟਕ ਕਥਿਤ ਦਸਮ ਗ੍ਰੰਥ ਜਿਹੜਾ ਕੌਮ ਵਿੱਚ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ, ਜਿਸ ਬਾਰੇ ਕੌਮ ਵਿੱਚ ਵੱਡੀ ਫੁੱਟ ਹੈ ਉਸ ਬਾਰੇ ਸਾਹਮਣੇ ਬੈਠੇ ਸਰੋਤਿਆਂ ਨੂੰ ਭੜਕਾਉਣਾ ਇਹ ਕਿਧਰ ਦੀ ਸਿਆਣਪ ਹੈ ਇਹ ਕਾਦਰੀ ਜੀ ਦੀ ਸੈਤਾਨੀ ਨਹੀਂ ਕੇ ਇਕ ਕੌਮ ਜਾਂ ਕਿਸੇ ਦੂਸਰੇ ਦੇ ਘਰ ਤੇ ਬਾਹਰੋਂ ਆ ਹੋਰ ਤੇਲ ਸੁੱਟਣਾ ਜੇ ਮਸਲਾ ਸੁਲਝਾ ਨਹੀਂ ਸਕਦਾ ਹੋਰ ਤਾਂ ਹੋਰ ਤੇਲ ਕਿਉਂ ਪਾ ਰਿਹਾ ਹੈ।

੮. ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਉਲਟ ਗੱਲ ਚੱਲਦੀ ਹੋਵੇਗੀ, ਜਿੱਥੇ ਗੁਰੂ ਸਾਹਿਬ ਦੇ ਬਰਾਬਰ ਸਖਸ਼ੀ ਪੂਜਾ, ਸਰੀਰਾਂ ਦੀ ਪੂਜਾ ਦਾ ਵਿਧਾਨ ਪ੍ਰਚੰਡ ਰੂਪ ਦਾ ਜਿਹੜਾ ਵੀ ਰਸਤਾ ਹੋਵੇਗਾ ਕੋਈ ਸਖਸ਼ ਉਹ ਭਾਂਵੇ ਕੋਈ ਵੀ ਰੁਤਬਾ ਰੱਖਦਾ ਹੋਵੇ ਉਸਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਨੇ ਤਾਂ ਆਪਣੇ ਸਕੇ ਪੁੱਤਰਾਂ, ਚਾਚਿਆਂ ਤਾਇਆਂ ਦਾ ਵੀ ਲਿਹਾਜ ਨਹੀਂ ਕੀਤਾ ਫਿਰ ਹੋਰ ਕਿਸੇ ਦੀ ਕੀ ਪਾਂਇਆਂ ਹੈ। ਜੇ ਕਾਦਰੀ ਦੇ ਬੋਲਣ ਨੂੰ ਸਹੀ ਠਹਿਰਾਉਣ ਲਈ ਬਾਬਾ ਸ਼ੇਖ ਫਰੀਦ ਜੀ ਦੀ ਉਦਾਹਰਨ ਦੇਣੀ ਹੈ ਤਾਂ ਕਾਦਰੀ ਜੀ ਫਰੀਦ ਸਾਹਿਬ ਵਰਗੀ ਬੇਬਾਕੀ, ਦ੍ਰਿੜਤਾ ਧਾਰ ਕੇ ਅੱਜ ਤੱਕ ਇਹਨਾਂ ਸਾਧਾਂ ਦੇ ਪਾਖੰਡ ਬਾਰੇ ਕਿਓ ਨਹੀਂ ਬੋਲ ਸਕੇ..?

੯. ਹੁਣ ਗੱਲ ਕਰੀਏ ਅਕਾਲ ਤਖਤ ਦੀ ਮਰਿਆਦਾ ਦੀ ਜਿਸ ਵਿੱਚ ਇਹ ਮੱਦ ਦਰਜ ਹੈ ਤੇ ਬਹੁਤ ਸਪੱਸ਼ਟ ਰੂਪ ਵਿੱਚ ਲਿਖਿਆ ਹੈ ਕੇ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪਰਕਾਸ਼ ਹੋਵੇ ਉੱਥੇ ਗੈਰ ਸਿੱਖ ਕਥਾ ਵਖਿਆਨ ਨਹੀਂ ਉਹ ਨਹੀਂ ਕਰ ਸਕਦਾ। ਹਾਂ ਆਪਣੇ ਲਈ ਬਾਣੀ ਕੀਰਤਨ ਪਾਠ ਹਰ ਗੈਰ ਸਿੱਖ ਵੀ ਕਰ ਸਕਦਾ। ਸੋ, ਮੈਂ ਤਾਂ ਬਾਣੀ ਪੜ੍ਹਨ ਪ੍ਰਚਾਰਨ ਦੇ ਹਕ 'ਚ ਹਾਂ, ਪਰ ਸਿਰਫ ਇਨਾਂ ਕਿਹਾ ਕਿ ਰਹਿਤ ਮਰਿਯਾਦਾ 'ਚ ਲਿਖਿਆ ਹੈ ਕਿ ਕੋਈ ਅਨਮਤੀਆ ਸੰਗਤ ਵਿੱਚ ਕਥਾ ਵੀਚਾਰ ਨਹੀਂ ਕਰ ਸਕਦਾ। ਇਥੋਂ ਤੱਕ ਕਿ ਉਹ ਚਾਹੇ ਹਿੰਦੂ ਹੋਵੇ ਜਾਂ ਪਤਿਤ ਸਿਖ ਵੀ ਜਾਂ ਫਿਰ ਸਰੀਰ ਕਰਕੇ ਅਪਾਹਿਜ ਕਾਣਾ ਜਾਂ ਲੰਗੜਾ ਅਮ੍ਰਿਤ ਛਕਾਉਣ ਦੀ ਸੇਵਾ ਨਹੀਂ ਨਿਭਾ ਸਕਦਾ। ਕਾਦਰੀ ਜੀ ਦੇ ਬਾਣੀ ਸਮਝਣ ਪੜਨ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ, ਪਰ ਉਪਦੇਸ਼ਕ ਬਣਨ ਲਈ ਹਰ ਕੌਮ ਦੇ ਕੁਝ ਕੁ ਵਿਧੀ ਵਿਧਾਨ ਹੁੰਦੇ ਹਨ, ਜਿੰਨਾਂ ਨੂੰ ਤੋੜਿਆ ਨਹੀਂ ਜਾ ਸਕਦਾ ਇਹ ਸਭ ਕੁਝ ਕੌਮ ਦੀ ਵੱਖਰੀ ਹਸਤੀ, ਹੋਂਦ ਲਈ ਹੁੰਦੀਆਂ ਹਨ ਹੁਣ ਜੇ ਕੱਲ ਨੂੰ ਕੋਈ ਗੈਰ ਸਿੱਖ ਸੰਗਤੀ ਰੂਪ ਵਿੱਚ ਕੀਰਤਨ ਕਰਨਾ ਚਾਹੇ, ਕਥਾ ਕਰਨਾ ਚਾਹੇ ਭਾਂਵੇ ਉਹ ਕਿੱਡੀ ਵੀ ਵਧੀਆ ਗੱਲ ਹੋਵੇ ਪਰ ਵਿਧੀ ਵਿਧਾਨ ਮੁਤਾਬਿਕ ਠੀਕ ਨਹੀਂ, ਬਾਕੀ ਕਾਦਰੀ ਸਾਬ ਤਾਂ ਵਿਚਾਰੇ ਵੈਸੇ ਹੀ ਅਖੌਤੀ ਸਾਧਾਂ ਨੂੰ ਹੀ ਪ੍ਰਮੋਟ ਕਰ ਰਹੇ ਹਨ ਜੋ ਆਪਾਂ ਉੱਪਰ ਵਿਚਾਰ ਚੁੱਕੇ ਹਾਂ।

੧੦. ਕਾਦਰੀ ਸਾਹਿਬ ਬਾਰੇ ਉੱਪਰ ਤਾਂ ਤੁਸੀਂ ਪੜ ਹੀ ਲਿਆ ਬਾਕੀ ਪੋਸਟਰ ਥੱਲੇ ਨਾਲ ਨੱਥੀ ਕਰ ਰਿਹਾਂ ਹਾਂ ਸ਼ਾਇਦ ਸਾਡੀਆਂ ਅੱਖਾਂ ਤੇ ਪਏ ਪੜਦੇ ਪਾੜ ਜਾਣ ਤੇ ਅਸੀ ਆਰ ਪਾਰ ਵੇਖ ਸਕੀਏ।
ਇਕ ਹੋਰ ਗੱਲ ਸਿੱਖ ਧਰਮ ਵਿੱਚ ਕਿਸ ਦਾ ਸਤਿਕਾਰ ਉਸਦੇ ਇਨਸਾਨ ਤੇ ਨੇਕ ਨੀਅਤ ਕਰ ਕੇ ਹੈ ਨਾਂ ਕੇ ਉਸ ਦੀ ਜਾਤ ਪਾਤ, ਮਜ੍ਹਬ ਕਰਕੇ।

ਸਾਡੀ ਕੌਮੀ ਤੌਰ 'ਤੇ ਸਮੱਸਿਆ ਇਕ ਇਹ ਵੀ ਰਹੀ ਹੈ ਸਿਧਾਂਤ ਤੇ ਬਾਣੀ ਫਲਸਫੇ ਨੂੰ ਨਾ ਪੂਰੀ ਤਰ੍ਹਾਂ ਨਾ ਸਮਝ ਕੇ ਜੇ ਕੋਈ ਵੀ ਸਾਨੂੰ ਆਪਣੱਤ ਵਿਖਾਵੇ ਚਾਹੇ ਸਾਧ ਹੋਣ ਜਾਂ ਕੋਈ ਹੋਰ ਰਤਾ ਕੁ ਕੋਈ ਗੁਰੂ ਸਾਹਿਬ ਦਾ ਨਾਮ ਲੈ ਦੇਵੇ, ਅਸੀ ਬਿਨ੍ਹਾਂ ਕੁਝ ਸਮਝੇ ਜਾਣੇ ਉਸਤੇ ਡੁੱਲ ਜਾਨੇ ਆ, ਭਾਂਵੇ ਇਸ ਆੜ ਵਿੱਚ ਸਾਡਾ ਦੂਜੇ ਪਾਸਿਓ ਹੋਰ ਕਿੰਨਾਂ ਵੀ ਨੁਕਸਾਨ ਹੋ ਜਾਵੇ ਧਿਆਨ ਨਹੀਂ ਦੇ ਪਾਉਦੇਂ ਸੋ ਅਜਿਹੀਆਂ ਕੰਪਨੀਆਂ (ਅਖੌਤੀ ਸਾਧ ਬਾਬੇ) ਜੋ ਆਪਣੇ Product ਵੇਚਣ ਲਈ ਅਜਿਹੀਆਂ ਚੀਜਾਂ ਲੈ ਆਉਦੀਆਂ... ਸਾਵਧਾਨ ਰਹੀਏ।

ਭੁੱਲ ਚੁੱਕ ਦੀ ਖਿਮਾਂ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top