Share on Facebook

Main News Page

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲਈ ਪ੍ਰਧਾਨਗੀ ਦਾ ਤਾਜ ਉਸਤਰਿਆਂ ਦੀ ਮਾਲਾ ਸਿੱਧ ਹੋਵੇਗੀ
-: ਜਸਬੀਰ ਸਿੰਘ ਪੱਟੀ
093560 24684

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 42 ਵੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਦੀ ਚੋਣ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਈ ਪ੍ਰਕਾਰ ਦੀ ਚਰਚਾ ਪਾਈ ਜਾ ਰਹੀ ਹੈ ਤੇ ਲੰਮੇ ਸਮੇਂ ਤੋ ਸਿੱਖਾਂ ਦੀ ਇਸ ਸ਼੍ਰੋਮਣੀ ਧਾਰਮਿਕ ਸੰਸਥਾ ਦਾ ਕੋਈ ਵੀ ਧਾਰਮਿਕ ਪ੍ਰਧਾਨ ਨਿਯੁਕਤ ਨਹੀ ਹੋ ਸਕਿਅ ਸਗੋ ਸਿਆਸੀ ਗਲਿਆਰਿਆ ਵਿੱਚੋ ਹੀ ਇਸ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਿਹੜੇ ਆਪਣੀ ਸੰਕੀਰਨ ਸੋਚ ਨੂੰ ਲੈ ਕੇ ਇਸ ਸੰਸਥਾ ਦੇ ਸਾਧਨਾਂ ਦੀ ਵਰਤੋਂ ਸਿਰਫ ਆਪਣੇ ਨਿੱਜੀ ਤੇ ਸਿਆਸੀ ਮੁਫਾਦਾਂ ਲਈ ਹੀ ਕਰਦੇ ਆ ਰਹੇ ਹਨ। ਸਿਆਸੀ ਪ੍ਰਧਾਨ ਆਮ ਤੌਰ 'ਤੇ ਇਹ ਕਹਿ ਕੇ ਸਾਧਨਾਂ ਦੀ ਦੁਰਵਰਤੋ ਕਰਨ ਨੂੰ ਜਾਇਜ ਠਹਿਰਾ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਸਿਰਜਣਾ ਕਰਕੇ ਸਿੱਖ ਪੰਥ ਵਿੱਚ ਧਰਮ ਤੇ ਸਿਆਸਤ ਨੂੰ ਇਕੱਠਾ ਕੀਤਾ ਹੈ ਜਦ ਕਿ ਮੀਰੀ ਪੀਰੀ ਦਾ ਸਿਧਾਂਤ ''ਸੇਵਾ ਤੇ ਸਿਮਰਨ'' ਦਾ ਪ੍ਰਤੀਕ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਸੰਕਲਪ ਦੀ ਬੁਨਿਆਦ ਰੱਖ ਕੇ ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਸਾਹਿਬ ਨੇ ਧਰਮ ਦੀ ਰਾਖੀ ਲਈ ਜੰਗਾਂ ਲੜੀਆ ਸਨ ਨਾ ਕਿ ਧਰਮ ਦਾ ਸਹਾਰਾ ਲੈ ਕੇ ਕੋਈ ਸਿਆਸੀ ਲੜਾਈ ਲੜੀ ਸੀ ਜਦ ਕਿ ਸਿਆਸੀ ਆਗੂ ਸਿਰਫ ਧਰਮ ਦਾ ਸਹਾਰਾ ਲੈ ਕੇ ਹੀ ਚੋਣਾਂ ਲੜਦੇ ਹਨ ਤਾਂ ਕਿ ਸੰਗਤਾਂ ਵਿੱਚ ਪੰਥ ਤੇ ਗੈਰ ਪੰਥ ਦਾ ਮੁੱਦਾ ਖੜਾ ਕਰਕੇ ਲੋਕਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਭੜਕਾ ਕੇ ਵੋਟਾਂ ਬਟੋਰੀਆ ਜਾ ਸਕਣ।

ਇਤਿਹਾਸ ਗਵਾਹ ਹੈ ਕਿ ਜਦੋ ਅਕਾਲੀ ਦਲ ਨੂੰ ਪੰਜਾ ਚੋਣ ਨਿਸ਼ਾਨ ਮਿਲਿਆ ਤਾਂ ਇਹਨਾਂ ਨੇ ਵੋਟਾਂ ਮੰਗਣ ਲੱਗਿਆ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਚੋਣ ਨਿਸ਼ਾਨ ਪੰਜਾ ਉਹਨਾਂ ਨੂੰ ਪੰਜਾ ਸਾਹਿਬ ਤੋ ਮਿਲਿਆ ਜਿਸ ਕਰਕੇ ਪੰਜੇ ਨੂੰ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ ਤੇ ਅੱਜ ਕਲ ਤੱਕੜੀ ਨੂੰ ਬਾਬੇ ਨਾਨਕ ਦੀ ਤਰੱਕੀ ਕਿਹਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਬਜੁਰਗ ਅੱਜ ਵੀ ਤੱਕੜੀ ਚੋਣ ਨਿਸ਼ਾਨ ਨੂੰ ਹੀ ਪੰਥ ਸਮਝੀ ਜਾਂਦੇ ਹਨ।

ਨਵੇ ਪ੍ਰਧਾਨ ਦੀ ਚੋਣ ਤੋ ਬਾਅਦ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਉਹ ਸੌਦਾ ਸਾਧ ਦੇ ਡੇਰੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਵੋਟਾਂ ਮੰਗਣ ਗਿਆ ਜੋ ਕਿ ਇੱਕ ਬੱਜਰ ਗਲਤੀ ਹੈ ਕਿਉਕਿ ਜੇਕਰ ਇੱਕ ਮੈਂਬਰ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਜਥੇਦਾਰ ਅਕਾਲ ਤਖਤ ਨੂੰ ਜਿੰਮੇਵਾਰੀ ਤੋ ਕੰਮ ਲੈਦਿਆ ਅਜਿਹੇ ਮੈਂਬਰ ਕੋਲੋ ਤੁਰੰਤ ਅਸਤੀਫਾ ਲੈ ਕੇ ਉਸ ਵਿਰੁੱਧ ਇੰਨੀ ਕੁ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਕਿ ਭਵਿੱਖ ਵਿੱਚ ਕੋਈ ਹੋਰ ਮੈਂਬਰ ਗਲਤੀ ਕਰਨ ਦੀ ਜੁਅੱਰਤ ਹੀ ਨਾ ਕਰਦਾ। ਉਸ ਉਪਰ ਘੱਟੋ ਘੱਟ 10 ਸਾਲ ਕੋਈ ਵੀ ਚੋਣ ਲੜਨ ਦੀ ਰੋਕ ਲਗਾਈ ਜਾਂਣੀ ਚਾਹੀਦੀ ਹੈ ਪਰ ਅੱਜ ਇਹਨਾਂ ਮੈਂਬਰਾਂ ਨੂੰ ਜਿਥੇ ਸ਼੍ਰੋਮਣੀ ਕਮੇਟੀ ਕਮੇਟੀ ਨੂੰ ਸਿਆਸੀ ਮੰਚ ਬਣਾ ਲਿਆ ਹੈ ਉਥੇ ਸ੍ਰੀ ਅਕਾਲ ਤਖਤ ਸਾਹਿਬ ਤੋ ਲੱਗਣ ਵਾਲੀ ਤਨਖਾਹ ਨੂੰ ਵੀ ਇੱਕ ਪਿਕਨਿਕ ਸਮਝਿਆ ਜਾਣ ਲੱਗ ਪਿਆ ਹੈ।

ਸ੍ਰ ਪਰਕਾਸ਼ ਸਿੰਘ ਬਾਦਲ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੂੰ ਇੱਕ ਪੜਿਆ ਲਿਖਿਆ ਤੇ ਸਿਆਸੀ ਸੂਝਬੂਝ ਵਾਲਾ ਵਿਅਕਤੀ ਮੰਨਦੇ ਹਨ ਪਰ ਪ੍ਰੋ ਬਡੂੰਗਰ ਨੇ ਜਿਥੇ ਅਕਾਲੀ ਦਲ ਦੇ ਪ੍ਰਧਾਨ ਦੇ ਰਿਸ਼ਤੇਦਾਰ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ ਬਿਕਰਮ ਸਿੰਘ ਮਜੀਠੀਆ ਨਾਲ ਸਿੱਧਾ ਪੰਗਾ ਲੈ ਲਿਆ ਉਥੇ ਪ੍ਰੋ ਬਡੂੰਗਰ ਨੇ ਬਾਦਲਾਂ ਦੇ ਚਹੇਤੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਦੀ ਛੁੱਟੀ ਕਰਨ, ਸਿੱਖਾਂ ਵੱਲੋ ਖਾਲਿਸਾਤਾਨ ਦਾ ਨਾਅਰਾ ਲਗਾਉਣ ਨੂੰ ਜਾਇਜ ਠਹਿਰਾਉਣ, ਰਾਸ਼ਟਰੀ ਸਿੱਖ ਸੰਗਤ ਦੁਆਰਾ ਦਿੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸਿੱਖ ਸੰਘਤਾਂ ਨੂੰ ਸ਼ਮੂਲੀਅਤ ਤੋ ੋਰੋਕੇ ਜਾਣ, ਭਾਰਤ ਦੇ ਸਾਬਕਾ ਰਾਸ਼ਟਰਪਤੀ ਅਨਸਾਰੀ ਵੱਲੋ ਘੱਟ ਗਿਣਤੀਆ ਦੀ ਸੁਰੱਖਿਆ ਖਤਰੇ ਵਿੱਚ ਦਿੱਤੇ ਬਿਆਨ ਦੀ ਪ੍ਰੋੜਤਾ ਕਰਨ, ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 25 ਦਸੰਬਰ ਨੂੰ ਮਨਾਉਣ ਦੀ ਬਜਾਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣ ਦਾ ਅੰਤਰਿੰਗ ਕਮੇਟੀ ਵਿੱਚ ਮਤਾ ਪਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸਕੂਲਾਂ ਕਾਲਜਾਂ ਦਾ ਆਡਿਟ ਕਰਾਉਣ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਦੇ ਲਏ ਗਏ ਸੁਧਾਰਵਾਦੀ ਫੈਸਲੇ ਚੌਥੀ ਵਾਰੀ ਪ੍ਰਧਾਨਗੀ ਦਾ ਤਾਜ ਪਹਿਨਣ ਵਿੱਚ ਰੁਕਾਵਟ ਬਣੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਸ ਭਾਜਪਾ ਨਾਲ ਆੜੀ ਹੈ ਜਿਹੜੀ ਆਰ ਐਸ ਐਸ ਦੀ ਸਿਆਸੀ ਵਿੰਗ ਵਜੋ ਜਾਣੀ ਜਾਂਦੀ ਹੈ ਤੇ ਆਰ ਐਸ ਐਸ ਦੇ ਵਿਰੁੱਧ ਫੈਸਲੇ ਲੈਣੇ ਫਿਰ ਕਿਵੇਂ ਬਰਦਾਸ਼ਤ ਕੀਤੇ ਜਾ ਸਕਦੇ ਹਨ। ਇਸੇ ਤਰਾ ਕੇਂਦਰ ਸਰਕਾਰ ਨੇ ਜਦੋ ਜੀ ਐਸ ਟੀ ਕੁਝ ਹਿੰਦੂ ਮੰਦਰਾਂ ਨੂੰ ਮੁਆਫ ਕਰ ਦਿੱਤਾ ਤਾਂ ਪ੍ਰੋ ਬਡੂੰਗਰ ਨੇ ਅਵਾਜ ਬੁਲੰਦ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਵੀ ਇੱਕ ਧਾਰਮਿਕ ਅਦਾਰਾ ਹੈ ਤੇ ਇਸ ਨੂੰ ਜੀ ਐਸ ਟੀ ਤੋ ਛੋਟ ਦਿੱਤੀ ਜਾਵੇ ਵੀ ਪ੍ਰੋ ਕਿਰਪਾਲ ਸਿੰਘ ਬਡੂੰਗਰ ਦੀ ਰੇਖ ਵਿੱਚ ਮੇਖ ਮਾਰਨ ਲਈ ਸਹਾਈ ਸਿੱਧ ਹੋਈ ਕਿਉਕਿ ਕੇਂਦਰ ਦੀ ਮੋਦੀ ਸਰਕਾਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਮੰਤਰੀ ਹਨ ਜਿਸ ਕਰਕੇ ਅਕਾਲੀ ਦਲ ਵੱਲੋ ਕੇਂਦਰ ਸਰਕਾਰ ਨੂੰ ਨਾਰਾਜ਼ ਨਹੀ ਕੀਤਾ ਜਾ ਸਕਦਾ।

ਸ਼੍ਰੋਮਣੀ ਕਮੇਟੀ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਪ੍ਰਧਾਨਗੀ ਦੇ ਵਕਾਰੀ ਆਹੁਦੇ 'ਤੇ ਹਮੇਸ਼ਾਂ ਹੀ ਜੱਟ ਬਰਾਦਰੀ ਨਾਲ ਸਬੰਧਿਤ ਵਿਅਕਤੀ ਹੀ ਕਾਬਜ ਹੁੰਦਾ ਰਿਹਾ ਹੈ। ਦਲਿੱਤ ਨੂੰ ਸਿੱਧੇ ਤੌਰ ਤੇ ਕਦੇ ਵੀ ਪ੍ਰਧਾਨ ਨਹੀ ਬਣਾਇਆ ਗਿਆ ਸਗੋ ਇੱਕ ਵਾਰੀ ਮੋਰਚੇ ਦੌਰਾਨ ਜਦੋ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜੇਲ ਯਾਤਰਾ ਤੇ ਚਲੇ ਗਏ ਸਨ ਤਾਂ ਉਸ ਵੇਲੇ ਸ੍ਰ ਉਜਾਗਰ ਸਿੰਘ ਰੰਘਰੇਟਾ ਜਿਹੜੇ ਗੁਰਦੁਆਰਾ ਐਕਟ 1925 ਅਨੁਸਾਰ ਦਲਿੱਤ ਜੂਨੀਅਰ ਮੀਤ ਪ੍ਰਧਾਨ ਬਣੇ ਨੂੰ ਕੁਝ ਸਮਾਂ ਐਕਟਿੰਗ ਪ੍ਰਧਾਨ ਵਜੋ ਕੰਮ ਕਰਨ ਦਾ ਮੌਕਾ ਮਿਲਿਆ ਸੀ ਵੈਸੇ ਅੱਜ ਤੱਕ ਸਿੱਧੇ ਤੌਰ ਤੇ ਦਲਿੱਤ ਪ੍ਰਧਾਨ ਨਹੀ ਬਣਿਆ ਸਗੋ ਗੈਰ ਜੱਟ ਪ੍ਰਧਾਨ ਜਰੂਰ ਰਹੇ ਹਨ ਜਿਹਨਾਂ ਵਿੱਚ ਗੁਰਮੁੱਖ ਸਿੰਘ ਮੁਸਾਫਰ, ਬੀਬੀ ਜਗੀਰ ਕੌਰ, ਅਵਤਾਰ ਸਿੰਘ ਮੱਕੜ ਅਤੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਸ਼ਾਮਲ ਹਨ ਜਿਹੜੇ ਦਲਿੱਤ ਨਹੀ ਹਨ। ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦਾ ਹੋਣਾ ਤਾਂ ਸ਼ਾਇਦ ਲੋਕ ਬਰਦਾਸ਼ਤ ਕਰ ਲੈਣ ਪਰ ਸ਼੍ਰੋਮਣੀ ਕਮੇਟੀ ਵਰਗੇ ਧਾਰਮਿਕ ਅਦਾਰੇ ਵਿੱਚ ਭ੍ਰਿਸ਼ਟਾਚਾਰ ਹੋਣਾ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ । ਗੈਰ ਜੱਟ ਸਿੱਖਾਂ ਵਿੱਚੋ ਸਭ ਤੋ ਵੱਧ ਕਾਮਯਾਬ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਹੀ ਰਹੇ ਜਿਹੜੇ ਆਪਣੇ ਨਿਮਰ ਸੁਭਾਅ ਕਰਕੇ ਜਾਣੇ ਜਾਂਦੇ ਹਨ ਤੇ ਉਹਨਾਂ ਨੇ ਅਵਤਾਰ ਸਿੰਘ ਮੱਕੜ ਦੇ ਸਮੇਂ ਸੰਸਥਾ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਸਭ ਤੋ ਪਹਿਲਾਂ ਜਰੂਰ ਠੱਲ ਪਾਈ ਪਰ ਇਸ ਵਾਰੀ ਉਹ ਵੀ ਭਾਈ ਭਤੀਜਾਵਾਦ ਤੇ ਆਪਹੁਦਰੇਪਨ ਦੀ ਦਲ ਦਲ ਵਿੱਚ ਫਸ ਕੇ ਰਹਿ ਗਏ ਤੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਭਰਤੀ ਵੱਡੀ ਪੱਧਰ 'ਤੇ ਕੀਤੀ ਜਦ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ। ਜਾਣਕਾਰੀ ਮੁਤਾਬਕ 100 ਦੇ ਕਰੀਬ ਮੈਂਬਰਾਂ ਨੇ ਰਾਇ ਪੁੱਛੇ ਜਾਣ ਤੇ ਪ੍ਰੋ ਬਡੂੰਗਰ ਦੇ ਖਿਲਾਫ ਰਾਇ ਦਿੱਤੀ ਸੀ। ਜਥੇਦਾਰ ਗੁਰਚਰਨ ਸਿੰਘ ਦਾ ਪ੍ਰਧਾਨਗੀ ਦਾ ਕਾਲ ਪੂਰੀ ਤਰਾ ਤਾਨਸ਼ਾਹ ਵਾਲਾ ਸੀ ਕਿ ਕਿਸੇ ਵੀ ਮੈਂਬਰ ਦੀ ਜੁਅੱਰਤ ਨਹੀ ਪੈਦੀ ਸੀ ਕਿ ਉਹ ਸਿੱਧਾ ਜਾ ਕੇ ਕੋਈ ਬੰਦਾ ਭਰਤੀ ਕਰਵਾ ਸਕੇ ਸਗੋ ਭਰਤੀ ਜਥੇਦਾਰ ਟੌਹੜਾ ਦੀ ਇੱਛਾ ਅਨੁਸਾਰ ਹੀ ਹੁੰਦੀ ਸੀ।

ਜਥੇਦਾਰ ਗੁਰਚਰਨ ਸਿੰਘ ਤੱਕ ਪ੍ਰਧਾਨਗੀ ਦਾ ਐਲਾਨ ਸਮੇਂ ਤੋ ਪਹਿਲਾਂ ਹੀ ਕਰ ਦਿੱਤਾ ਜਾਂਦਾ ਸੀ ਕਿ ਅਗਲੇ ਪਰਧਾਨ ਜਥੇਦਾਰ ਟੌਹੜਾ ਹੋਣਗੇ ਤੇ ਇਹ ਐਲਾਨ ਕੋਈ ਹੋਰ ਨਹੀ ਸਗੋ ਸ੍ਰ ਪਰਕਾਸ਼ ਸਿੰਘ ਬਾਦਲ ਹੀ ਕਿਸੇ ਨਾ ਕਿਸੇ ਸਟੇਜ ਤੋ ਕਰ ਦਿੰਦੇ ਸਨ। ਬਾਦਲ ਤੇ ਟੌਹੜੇ ਦੀ ਠੰਡੀ ਜੰਗ 1994 ਵਿੱਚ ਸਾਹਮਣੇ ਆਈ ਜਦੋਂ ਬਾਦਲ ਦਲ ਨੇ ਚੋਣਾਂ ਵਿੱਚ ਆਪਣਾ ਉਮੀਦਵਾਰ ਸ੍ਰ ਪਰੇਮ ਸਿੰਘ ਲਾਲਪੁਰਾ ਨੂੰ ਖੜਾ ਕੀਤਾ ਪਰ ਉਹ ਬੁਰੀ ਤਰ੍ਵਾ ਹਾਰ ਗਿਆ ਤੇ ਦੋਹਾਂ ਮਹਾਂਰਥੀਆ ਵਿੱਚ ਫਿਰ ਸਮਝੌਤਾ ਹੋ ਗਿਆ। 1996 ਵਿੱਚ ਸ਼੍ਰੋਮਣੀ ਕਮੇਟੀ ਦੀਆ ਜਨਰਲ ਚੋਣਾਂ ਤੋ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਅਗਲੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੋਣਗੇ ਪਰ ਜਨਰਲ ਚੋਣਾਂ ਵਿੱਚ ਜਥੇਦਾਰ ਟੌਹੜਾ ਨੂੰ ਸਿਰਫ 50 ਟਿਕਟਾਂ ਹੀ ਦਿੱਤੀਆ। ਉਸ ਸਮੇਂ ਹੀ ਜਥੇਦਾਰ ਟੌਹੜਾ ਨੇ ਮਹਿਸੂਸ ਕਰ ਲਿਆ ਸੀ ਕਿ ਉਹਨਾਂ ਦੀ ਪ੍ਰਧਾਨਗੀ ਤੇ ਕਿਸੇ ਸਮੇਂ ਵੀ ਸੰਕਟ ਦੇ ਬੱਦਲ ਮੰਡਰਾ ਸਕਦੇ ਤੇ ਜਥੇਦਾਰ ਟੌਹੜਾ ਸਿਰਫ ਦੋ ਵਾਰੀ 1997 ਤੇ 1998 ਵਿੱਚ ਪ੍ਰਧਾਨ ਹੀ ਬਣੇ ਤੇ ਨਵੰਬਰ 1999 ਤੱਕ ਪੂਰੀ ਨਾ ਕਰ ਸਕੇ ਤੇ ਪਹਿਲਾਂ ਉਹਨਾਂ ਦੁਆਰਾ ਥਾਪੇ ਗਏ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਨੂੰ 10 ਫਰਵਰੀ 1999 ਨੂੰ ਲਾਂਭੇ ਕਰ ਦਿੱਤਾ ਤੇ ਫਿਰ 23 ਮਾਰਚ 1999 ਨੂੰ ਜਥੇਦਾਰ ਟੌਹੜਾ ਵੱਲੋ ਪਹਿਲਾਂ ਅਸਤੀਫਾ ਦੇ ਦਿੱਤੇ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਜਨਰਲ ਹਾਊਸ ਵਿੱਚੋ ਜ਼ਲੀਲ ਕਰਕੇ ਲਾਹੁਣ ਉਪਰੰਤ ਉਹਨਾਂ ਦੀ ਥਾਂ ਤੇ ਬੀਬੀ ਜਗੀਰ ਕੌਰ ਨੂੰ ਪਹਿਲੀ ਮਹਿਲਾ ਪ੍ਰਧਾਨ ਬਣਾ ਕੇ ਵਾਹ ਵਾਹ ਖੱਟੀ ਪਰ ਬੀਬੀ ਜਗੀਰ ਕੌਰ ਦਾ ਸਿਤਾਰਾ ਵੀ ਵਧੇਰੇ ਸਮਾਂ ਬੁਲੰਦ ਨਾ ਰਹਿ ਸਕਿਆ। ਇਸ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਦਲ ਦੀ ਜੇਬ ਵਿੱਚੋ ਨਿਕਲਣਾ ਸ਼ੁਰੂ ਹੋ ਗਿਆ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ।

ਗੁਰੂ ਸਾਹਿਬ ਦੁਆਰਾ ਸਥਾਪਤ ਕੀਤੇ ਮੀਰੀ ਪੀਰੀ ਦੇ ਸੰਕਲਪ ਦੀ ਧਾਰਨਾ ਮੁਤਾਬਕ ਜੇਕਰ ਧਰਮ ਦੀ ਚੜਦੀ ਕਲਾ ਲਈ ਸਿਆਸਤ ਦਾ ਸਹਾਰਾ ਲਿਆ ਜਾਂਦਾ ਤਾਂ ਠੀਕ ਸੀ ਪਰ ਅੱਜ ਸਿਆਸੀ ਆਗੂਆਂ ਦੁਆਰਾ ਸਿਆਸਤ ਦੀ ਚੜਦੀ ਕਲਾ ਲਈ ਇਸ ਕਮੇਟੀ ਅਤੇ ਧਰਮ ਦਾ ਸਹਾਰਾ ਲਿਆ ਜਾ ਰਿਹਾ ਹੈ। ਧਰਮ ਦੇ ਸਿਧਾਂਤਾਂ ਨੂ ੰ ਸਿਆਸੀ ਤਾਕਤ ਹਾਸਲ ਕਰਨ ਲਈ ਵਰਤਿਆ ਜਾ ਰਿਹਾ ਹੈ ਤੇ ਵੋਟਾਂ ਸਮੇਂ ਪੰਥ ਨੂੰ ਖਤਰਾ ਦੀ ਕਾਵਾਂਰੌਲੀ ਪਾ ਕੇ ਜ਼ਜ਼ਬਾਤੀ ਤਕਰੀਰਾਂ ਕਰਕੇ ਸਿੱਖਾਂ ਦੀਆ ਵੋਟਾਂ ਬਟੋਰੀਆ ਜਾਂਦੀਆ ਹਨ ਤੇ ਸਿਧਾਂਤ ਛਿੱਕੇ ਟੰਗ ਦਿੱਤਾ ਜਾਂਦਾ ਹੈ। ਸਿਆਸੀ ਤੇ ਧਾਰਮਿਕ ਆਗੂਆਂ ਦੁਆਰਾ ਧਰਮ ਨੂੰ ਆਪਣੇ ਮਨੋਰਥਾਂ ਲਈ ਵਰਤਿਆ ਜਾ ਰਿਹਾ ਹੈ। ਧਰਮ ਵਿੱਚ ਵੀ ਸਿਆਸਤ ਖੇਡੀ ਜਾ ਰਹੀ ਹੈ। ਕਮੇਟੀ ਦੇ ਪ੍ਰਧਾਨ ਅਤੇ ਤਖਤਾਂ ਦੇ ਜਥੇਦਾਰ, ਜਿਹਨਾਂ ਨੇ ਸੱਚ ਤੇ ਹੱਕ ਦੀ ਅਵਾਜ਼ ਬਲੰਦ ਕਰਕੇ ਕੌਮ ਨੂੰ ਸਹੀ ਅਗਵਾਈ ਦੇਣੀ ਹੁੰਦੀ ਹੈ ਉਹ ਸਿਰਫ ਕੁਰਸੀਆਂ ਦਾ ਨਿੱਘ ਮਾਣਦੇ, ਸੱਚ ਤੋਂ ਕੋਹਾਂ ਦੂਰ ਚਲੇ ਗਏ ਹਨ। ਸਿੱਖ ਧਰਮ ਦੇ ਪ੍ਰਚਾਰ ਦੀ ਘਾਟ ਕਾਰਨ ਸਿੱਖ ਕੌਮ ਇਕੀਵੀਂ ਸਦੀ ਵਿੱਚ ਪਹੁੰਚ ਕੇ ਵੀ ਪੱਥਰ ਯੁੱਗ ਵੱਲ ਵਾਪਸ ਮੁੜ ਰਹੀ ਹੈ ਅਤੇ ਉਪਰੋਂ ਉਪਰੋਂ ਇਹ ਸਿੱਖ ਜਰੂਰ ਨਜ਼ਰ ਆ ਰਹੇ ਹਨ, ਪਰ ਅਮਲਾਂ ਦੇ ਪੱਖੋ ਇਹ ਕਰਮ ਕਾਂਡਾ ਵਿੱਚ ਫਸੇ ਹੋਏ ਹਨ। ਬਾਬੇ ਨਾਨਕ ਨੇ ਜਿਸ ਬਿਪਰਵਾਦ ਦਾ ਜੂਲਾ ਮਨੁੱਖਤਾ ਦੇ ਗੱਲੋਂ ਲਾਹਿਆ ਸੀ, ਸ਼੍ਰੋਮਣੀ ਕਮੇਟੀ ਦੇ ਸਿਆਸੀ ਪ੍ਰਭੂਆ ਅਤੇ ਮਹੰਤਾਂ ਦੇ ਡੇਰੇਦਾਰਾਂ ਦੀ ਗੁਲਾਮ ਹੋਣ ਕਰਕੇ ਸਿੱਖ ਕੌਮ ਉਸੇ ਜੂਲੇ ਥੱਲੇ ਦਮ ਤੋੜ ਰਹੀ ਹੈ। ਤਖਤਾਂ ਦੇ ਜਥੇਦਾਰ ਤੇ ਸ੍ਰੋਮਣੀ ਕਮੇਟੀ ਦੇ ਸਿਆਸੀ ਪ੍ਰਭੂ ਡੇਰੇਦਾਰਾਂ ਦੇ ਡੇਰੇ ਵਿੱਚ ਜਾ ਕੇ ਲਿਫਾਫਿਆ ਦੀ ਰਾਜਨੀਤੀ ਕਰਦੇ ਹਨ ਤੇ ਉਹਨਾਂ ਦੀ ਹਾਜਰੀ ਵਿੱਚ ਹੀ ਬਾਬੇ ਤੇ ਪਾਖੰਡੀ ਲੋਕ ਬਿਪਰਵਾਦ ਦਾ ਡਰਾਵਾ ਦੇ ਕੇ ਸਿੱਖ ਸੰਗਤ ਨੂੰ ਮਨ-ਘੜਤ ਕਥਾਵਾਂ ਅਤੇ ਕੱਚੀ ਬਾਣੀ ਦੀਆ ਧਾਰਨਾ ਸੁਣਾ ਕੇ ਲੁੱਟ ਰਹੇ ਹਨ ਤੇ ਮਹਿੰਗੀਆ ਗੱਡੀਆ ਲੈ ਕੇ ਸੰਗਤਾਂ ਦੇ ਪੈਸਿਆ ਤੇ ਐਯਾਸ਼ੀਆਂ ਕਰ ਰਹੇ ਹਨ।ਇਹ ਡੇਰੇਦਾਰ ਸਿੱਖ ਕੌਮ ਨੂੰ ਸ਼ਬਦ ਗੁਰੂ ਤੋਂ ਤੋੜ ਕੇ ਆਪਣੇ ਨਾਲ ਜੋੜ ਰਹੇ ਹਨ। ਉਹਨਾਂ ਦੇ ਡੇਰਿਆਂ 'ਤੇ ਵੱਖਰੀ ਮਰਿਆਦਾ ਚਲ ਰਹੀ ਹੈ। ਇਹ ਡੇਰੇਦਾਰ ਸਾਧੂ-ਸੰਤ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਡੇਰੇ ਵਿੱਚ ਦੂਸਰੇ ਕਮਰੇ ਵਿੱਚ ਆਪਣੀਆਂ ਗੱਦੀਆਂ ਲਗਾ ਕੇ ਭੋਲੀ-ਭਾਲੀ ਸੰਗਤ ਤੋਂਆਪਣੇ ਮਰ ਚੁੱਕੇ ਡੇਰਾਦਾਰਾਂ ਦੇ ਜੁੱਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਮੱਥੇ ਟਿਕਵਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਸਿਆਸੀ ਪ੍ਰਭੂੱਆ ਤੇ ਤਖਤਾਂ ਦੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਹੁੰਦੇ ਪਾਖੰਡ ਨੂੰ ਰੋਕਣ ਵਿੱਚ ਧਰਮ ਪ੍ਰਚਾਰ ਕਮੇਟੀ ਅਸਮਰਥ ਰਹੀ ਹੈ।ਸ਼੍ਰੋਮਣੀ ਕਮੇਟੀ ਅਜ਼ਾਦ ਅਤੇ ਬੁਲੰਦ ਅਵਾਜ਼ ਦੀ ਧਾਰਨੀ ਹੋਣੀ ਚਾਹੀਦੀ ਸੀ ਅਤੇ ਇਸ ਨੂੰ ਨਿਰਪੱਖਤਾ ਨਾਲ ਫੈਸਲੇ ਲੈਣ ਦੀ ਜ਼ੁਆਰਤ ਰੱਖਣੀ ਚਾਹੀਦੀ ਸੀ।

ਸਿੱਖਾਂ ਦੀ ਇਸ ਮਿੰਨੀ ਪਾਰਲੀਮੈਂਟ ਦਾ ਹਰ ਸਾਲ ਮਾਰਚ ਮਹੀਨੇ ਵਿੱਚ ਅਰਬਾਂ ਰੁਪਏ ਦਾ ਬੱਜ਼ਟ ਪਾਸ ਹੁੰਦਾ ਹੈ। ਸਾਲ 2017-18 ਵਿੱਚ 1100 ਕਰੋੜ ਤੋ ਵੀ ਉਪਰ ਦਾ ਬੱਜਟ ਪਾਸ ਹੋਇਆ ਪਰ ਧਰਮ ਪ੍ਰਚਾਰ ਦਾ ਕਾਰਜ ਇੱਕ ਫੀਸਦੀ ਵੀ ਨਹੀ ਹੋਇਆ ਸਗੋ ਧਰਮ ਪ੍ਰਚਾਰ ਦੇ ਰੱਖੇ ਬੱਜਟ ਨੂੰ ਇਧਰ ਉਧਰ ਵਰਤਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਧਰਮ ਪ੍ਰਚਾਰ ਲਈ ਬੱਜ਼ਟ ਦਾ ਐਡਾ ਵੱਡਾ ਹਿੱਸਾ ਰੱਖਿਆ ਗਿਆ ਹੋਵੇ ਫਿਰ ਵੀ ਸਿੱਖ ਕੌਮ ਵਿੱਚ ਪਤਿਤਪੁਣੇ ਦੀ ਲਹਿਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਸਬੰਧੀ ਆਪਣੀ ਬਣਦੀ ਜਿੰਮੇਵਾਰੀ ਨਾ ਨਿਭਾਉਣ ਕਾਰਨ ਕੌਮ ਦੇ ਨੌਜਵਾਨਾਂ ਵਿੱਚ ਪਤਿਤਪੁਣਾ ਵੱਧ ਰਿਹਾ ਹੈ।

ਸਿੱਖ ਕੌਮ ਦੇ ਸਿਆਸੀ ਪ੍ਰਭੂਆ ਦੀਆ ਬੀਬੀਆਂ ਬਿਊਟੀ ਪਾਰਲਰ 'ਤੇ ਆਪਣੇ ਰੋਮਾਂ ਦੀ ਬੇਅਦਬੀ ਕਰਨ ਲਈ ਲਾਈਨ ਵਿੱਚ ਲੱਗੀਆਂ ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰਦੀਆ ਆਮ ਵੇਖੀਆ ਜਾ ਸਕਦੀਆ ਹਨ। ਨੌਜਵਾਨ ਨਸ਼ਿਆਂ ਦੇ ਰਾਹ ਪੈ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਤਬਾਹ ਕਰੀ ਜਾ ਰਹੇ ਹਨ। ਚੋਣਾਂ ਵੇਲੇ ਪੰਥਕ ਕਹਾਉਂਦੀ ਪਾਰਟੀ ਵੱਲੋਂ ਵੀ ਵੋਟਾਂ ਲੈਣ ਲਈ ਹਰ ਤਰਾਂ ਦਾ ਨਸ਼ਾ ਵਰਤਾਇਆ ਜਾਂਦਾ ਹੈ ਅਤੇ ਇੱਕ ਧਾਰਮਿਕ ਜਥੇਬੰਦੀ ਨੇ ਤਾਂ ਸ਼੍ਰੋਮਣੀ ਕਮੇਟੀ ਦੇ ਨਵੇ ਬਣੇ ਪ੍ਰਧਾਨ ਤੇ ਵੀ ਦੋਸ਼ ਲਗਾਏ ਹਨ ਕਿ ਉਹ ਵੀ ਚੋਣਾਂ ਵੇਲੇ ਨਸ਼ਿਆ ਦੇ ਗੱਫੇ ਵੰਡ ਕੇ ਚੋਣਾਂ ਜਿੱਤਦੇ ਆ ਰਹੇ ਹਨ। ਸਿਆਸੀ ਆਗੂਆਂ ਦੀ ਦਰਿਆ ਦਿੱਲੀ ਸਦਕਾ ਕਿਹੜਾ ਨਸ਼ਾ ਹੈ ਜਿਹੜਾ ਅੱਜ ਪੰਜਾਬ ਦੀ ਨੌਜਵਾਨ ਪੀੜੀ ਨਾ ਕਰਦੀ ਹੋਵੇ ਅਤੇ ਨਸ਼ਿਆ ਦੀ ਸਮੱਗਲਿੰਗ ਵਿੱਚ ਹੁਣ ਤੱਕ ਕਈ ਵੱਡੇ ਸਮੱਗਲਰ ਅਕਾਲੀ ਦਲ ਦੇ ਆਗੂਆਂ ਦੀ ਪੁਸ਼ਤ ਪਨਾਹੀ ਹੇਠ ਹੀ ਕੰਮ ਕਰਦੇ ਰਹੇ ਹੋਣ ਦੀ ਖੁੰਢ ਚਰਚਾ ਆਮ ਸੁਣੀ ਜਾ ਸਕਦੀ ਹੈ। ਪੰਥਕ ਕਹਾਉਂਦੀ ਸਿਆਸੀ ਪਾਰਟੀ ਨੂੰ ਨੌਜਵਾਨਾਂ ਦੀ ਕੋਈ ਫਿਕਰ ਨਹੀਂ ਹੈ, ਅਤੇ ਨਾ ਹੀ ਇਸ ਧਾਰਮਿਕ ਕਮੇਟੀ ਨੂੰ ਕੋਈ ਚਿੰਤਾ ਹੈ। ਇਸ ਨੇ ਤਾਂ ਆਪਣੇ ਧਾਰਮਿਕ ਏਜੰਡੇ ਵਿਚੋਂ ਨੌਜਵਾਨ ਪੀੜੀ ਨੂੰ ਸਦਾ ਲਈ ਮਨਫੀ ਕੀਤਾ ਹੋਇਆ ਹੈ। ਮੈਰਿਜ਼ ਪੈਲਸਾਂ ਵਿੱਚ ਸ਼ਰਾਬ ਪਾਣੀ ਵਾਂਗ ਵਰਤਾਈ ਜਾ ਰਹੀ ਹੈ। ਕੋਈ ਵੀ ਵਿਆਹ ਸ਼ਰਾਬ ਪਿਆਉਣ ਤੋਂ ਬਿਨਾਂ ਨਹੀਂ ਹੁੰਦਾ। ਪਰ ਸ਼੍ਰੋਮਣੀ ਕਮੇਟੀ ਨੇ ਸਦੀਵੀ ਚੁੱਪ ਧਾਰਨ ਕੀਤੀ ਹੋਈ ਹੈ! ਜੋ ਬਹੁਤ ਖਤਰਨਾਕ ਅਤੇ ਚਿੰਤਾ ਦਾ ਵਿਸ਼ਾ ਹੈ।

ਪਿੰਡਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਗੁਰੂਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ। ਗਿਆਨ ਤੋਂ ਕੋਰੇ ਸਿੱਖ ਉਹਨਾਂ ਨੂੰ ਮੱਥੇ ਵੀ ਟੇਕਦੇ ਹਨ। ਨਿਸ਼ਾਨ ਸਾਹਿਬ ਦੇ ਥੜਿਆਂ 'ਤੇ ਵੀ ਮੱਥੇ ਟੇਕੇ ਅਤੇ ਪ੍ਰਸ਼ਾਦ ਚੜਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੀ ਨੱਕ ਹੇਠ ਹੀ ਮਨਮੱਤ ਦਾ ਮੇਲਾ ਲੱਗਦਾ ਹੈ ਤੇ ਦਰਬਾਰ ਸਾਹਿਬ ਵਿੱਚ ਦੁਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਨ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ। ਉਥੇ ਸੰਗਤਾਂ ਇਹ ਸੋਚ ਕੇ ਇਸ਼ਨਾਨ ਕਰਦੀਆ ਹਨ ਕਿ ਬਾਕੀ ਸਾਰੇ ਸਰੋਵਰ ਨਾਲੋਂ ਸਿਰਫ ਇਸ ਥਾਂ 'ਤੇ ਇਸ਼ਨਾਨ ਕਰਨ ਨਾਲ ਸਾਰੇ ਸ਼ਰੀਰਕ ਰੋਗ ਅਤੇ ਪਿਛਲੇ ਕੀਤੇ ਪਾਪ ਧੋਤੇ ਜਾਂਦੇ ਹਨ। ਇਸ ਦਾ ਮਤਲਬ ਤਾਂ ਫਿਰ ਇਹ ਹੋਇਆ ਕਿ ਪਹਿਲਾਂ ਰੱਜ ਕੇ ਪਾਪ ਕਰੋ ਅਤੇ ਅਤੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਕੇ ਉਹ ਪਾਪ ਧੋ ਲਵੋ। ਗੁਰਬਾਣੀ ਵਿੱਚ ਲਿਖਿਆ ਹੈ ਕਿ ਨਾਮ ਸਿਮਰਨ ਨਾਲ ਮਨ ਨੂੰ ਅੰਦਰੋਂ ਧੋ ਕੇ ਖਾਲਸ ਬਣਾਇਆ ਜਾ ਸਕਦਾ ਹੈ, ਕਿਸੇ ਤੀਰਥ ਅਸਥਾਨਾਂ 'ਤੇ ਨਹਾਉਣ ਨਾਲ ਨਹੀਂ।

ਬਾਬੇ ਨਾਨਕ ਨੇ ''ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ'' ਵਰਗੇ ਸ਼ਬਦ ਗੁਰਬਾਣੀ ਵਿੱਚ ਦਰਜ ਕਰਕੇ ਇਸਤਰੀ ਜਾਤੀ ਨੂੰ ਬਹੁਤ ਮਾਣ ਅਤੇ ਸਤਿਕਾਰ ਦਿਤਾ ਹੈ। ਪਰ ਬੀਬੀਆਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੀਰਤਨ ਅਤੇ ਸੇਵਾ ਕਰਨ ਦੀ ਆਗਿਆ ਨਾ ਦੇ ਕੇ ਸ਼ਰੋਮਣੀ ਕਮੇਟੀ ਨੇ ਬਾਬੇ ਨਾਨਕ ਦੁਆਰਾ ਔਰਤ ਨੂੰ ਦਿੱਤੀ ਮਹਾਨਤਾ ਅਤੇ ਸਤਿਕਾਰ ਦਾ ਨਿਰਾਦਰ ਕੀਤਾ ਹੈ। ਕੀ ਕਮੇਟੀ ਦੱਸੇਗੀ ਕਿ ਜੇ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੀਬੀਆਂ ਕੀਰਤਨ ਕਰ ਸਕਦੀਆਂ ਹਨ ਤਾਂ ਫਿਰ ਹਰਿਮੰਦਰ ਸਾਹਿਬ ਵਿੱਚ ਕਿਉਂ ਨਹੀਂ?

ਸ਼੍ਰੋਮਣੀ ਕਮੇਟੀ ਨੇ ਸਿੱਖ ਪੰਥ ਵਿੱਚ ਵਿਵਾਦਤ ਮਸਲਿਆਂ ਨੂੰ ਹੱਲ ਕਰਵਾਉਣ ਲਈ ਪਾਸਾ ਵੱਟਿਆ ਹੋਇਆ ਹੈ। ਇਹ ਸਿੱਖ ਮਸਲੇ ਹਨ, ਦਸਮ ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਿਆਦਾ, ਜੋਤਾਂ ਅਤੇ ਗੁਰਬਿਲਾਸ ਪਾ: 6 ਤੇ ਨਾਨਕਸ਼ਾਹੀ ਕੈਲੰਡਰ ਆਦਿ ਹਨ। ਇਹਨਾਂ ਵਿਵਾਦਾਂ ਲਈ ਲੈਣ ਵਾਲੇ ਫੈਸਲਿਆਂ ਵਿੱਚ ਦੇਰੀ ਨਾਲ ਸਿੱਖ ਕੌਮ ਅੰਦਰ ਸ਼ੰਕੇ ਹੋਰ ਵੀ ਪੇਚੀਦੇਹੁੰਦੇ ਰਹਿਣਗੇ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਇਹਨਾਂ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਹੱਲ ਕਰਨ ਦੀ ਤੁਰੰਤ ਪਹਿਲ ਕਰਨੀ ਚਾਹੀਦੀ ਹੈ। ਪਰ ਇਹ ਕਮੇਟੀ ਸਿਆਸੀ ਆਗੂਆਂ ਅਤੇ ਸਾਧਾਂ ਸੰਤਾਂ ਦੇ ਪ੍ਰਭਾਵ ਵਿੱਚ ਅਜਿਹਾ ਨਹੀਂ ਕਰ ਰਹੀ।

ਸ਼੍ਰੋਮਣੀ ਕਮੇਟੀ ਦੇ ਨਵੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਦੇ ਸਾਹਮਣੇ ਉਪਰੋਕਤ ਚੁਨੌਤੀਆ ਮੂੰਹ ਅੱਡੀ ਖੜੀਆ ਹਨ ਤੇ ਇਹ ਚੁਨੌਤੀਆ ਉਹਨਾਂ ਲਈ ਉਸਤਰਿਆ ਦੀ ਮਾਲਾ ਸਿੱਧ ਹੋਣਗੀਆ। ਵੱਖ ਵੱਖ ਪੰਥਕ ਬੁੱਧੀਜੀਵੀਆ ਦੀਆ ਕਮੇਟੀਆ ਬਣਾ ਕੇ ਇੱਕ ਪੰਥਕ ਰਾਇ ਪੈਦਾ ਕਰਕੇ ਜਿਥੇ ਪੰਥਕ ਏਕਤਾ ਦੀ ਸਖਤ ਜਰੂਰਤ ਹੈ ਉਥੇ ਧਾਰਮਿਕ ਮਸਲਿਆ ਨੂੰ ਹੱਲ ਕੀਤਾ ਜਾਣਾ ਬਹੁਤ ਜਰੂਰੀ। ਪੰਥਕ ਪ੍ਰਚਾਰਕਾਂ ਵਿੱਚ ਚਲਦੇ ਤੱਤਕਾਰ ਦਾ ਹੱਲ ਕੀਤਾ ਜਾਣਾ ਜਰੂਰੀ ਹੈ ਤਾਂ ਕਿ ਸੰਤ ਬਾਬੇ ਆਪਸੀ ਦੁਸ਼ਮਣੀ ਤੇ ਤਾਕਤ ਖਰਚਣ ਦੀ ਬਜਾਏ ਇੱਕ ਮੰਚ ਕੇ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਇੱਕ ਪ੍ਰਚੰਡ ਲਹਿਰ ਚਲਾਉਣ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਤੇ ਰਹਿਤ ਮਰਿਆਦਾ ਦੇ ਸੰਦਰਭ ਵਿੱਚ ਹੋਵੇ। ਪੰਥਕ ਪ੍ਰਚਾਰਕਾਂ ਦੇ ਝਗੜੇ ਖਤਮ ਕਰਨ ਦਾ ਸ਼੍ਰੋਮਣੀ ਕਮੇਟੀ ਇੱਕ ਵਧੀਆ ਮੰਚ ਹੈ ਤੇ ਇਸ ਮੰਚ ਤੇ ਇਕੱਠੇ ਹੋਣ ਤੋ ਕੋਈ ਵੀ ਮੁਨਕਰ ਨਹੀ ਹੋਵੇਗਾ। ਸ੍ਰ ਗੋਬਿੰਦ ਸਿੰਘ ਲੌਗੋਵਾਲ ਜੇਕਰ ਪੰਥਕ ਮੰਚ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਜਿਥੇ ਲੋਕ ਸੰਤ ਹਰਚੰਦ ਸਿੰਘ ਲੌਗੋਵਾਲ ਨੂੰ ਅਮਨ ਦਾ ਮਸੀਹਾ ਮੰਨਦੇ ਉਥੇ ਉਹਨਾਂ ਤੋ ਪਰਨਾਏ ਸ੍ਰ ਗੋਬਿੰਦ ਸਿੰਘ ਲੌਗੋਵਾਲ ਨੂੰ ਪੰਥਕ ਏਕਤਾ ਦਾ ਮਸੀਹਾ ਮੰਨਣ ਲੱਗ ਪੈਣਗੇ। ਸਿਆਸੀ ਅੜਚਣਾ ਵੀ ਉਹਨਾਂ ਨੂੰ ਸਰ ਕਰਨੀਆ ਪੈਣਗੀਆ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਹਨਾਂ ਤੇ ਤਨਖਾਹੀਆ ਹੋਣ ਦੇ ਲੱਗੇ ਦੋਸ਼ ਹੀ ਸਾਫ ਹੀ ਨਹੀ ਹੋ ਜਾਣਗੇ ਸਗੋ ਪੰਥਕ ਸੋਚ ਰੱਖਣ ਵਾਲੇ ਉਹਨਾਂ ਤੇ ਕਈ ਕਿਤਾਬਚੇ ਵੀ ਲਿਖ ਸਕਦੇ ਹਨ ਪਰ ਦਿੱਲੀ ਬਹੁਤ ਦੂਰ ਜਾਪਦੀ ਹੈ। ਰੱਬ ਖੈਰ ਕਰੇ!
--
Press Correspondent
Jasbir Singh Patti
Contact 09356024684


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top