Share on Facebook

Main News Page

ਦਮਦਮੀ ਟਕਸਾਲ ਬਣੀ ਰਾਜਸੀ ਸਰਗਰਮੀਆਂ ਦਾ ਕੇਂਦਰ
-: ਜਸਬੀਰ ਸਿੰਘ ਪੱਟੀ 
9356024684

ਸੌਦਾ ਸਾਧ ਦੇ ਡੇਰੇ ਵਿੱਚ ਜਾਣ ਵਾਲੇ ਵਿਵਾਦ ਤੋ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਵੱਲੋ ਟਕਸਾਲ ਮੁੱਖੀ ਕੋਲੋ ਸਿਰੋਪਾ ਲੈਣਾ ਬਣਿਆ ਚਰਚਾ ਦਾ ਵਿਸ਼ਾ

ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੀਆ ਧਾਰਮਿਕ ਨਾਲੋ ਰਾਜਸੀ ਵੱਧ ਰਹੀਆ ਸਰਗਰਮੀਆ ਨੂੰ ਲੈ ਕੇ ਪੰਥ ਪ੍ਰਸਤ ਲੋਕ ਜਿਥੇ ਚਿੰਤਾ ਵਿੱਚ ਹਨ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਤੇ ਜਨਰਲ ਸਕੱਤਰ ਸ੍ਰ ਗੁਰਬਚਨ ਸਿੰਘ ਕਰਮੂਵਾਲਾ ਵੱਲੋ ਸਮੇਤ ਅੰਤਰਿੰਗ ਕਮੇਟੀ ਦੇ ਕਈ ਮੈਬਰਾਂ ਦੇ ਟਕਸਾਲ ਮੁੱਖੀ ਕੋਲੋ ਅਸ਼ੀਰਵਾਦ ਲੈਣਾ ਸਾਬਤ ਕਰਦਾ ਹੈ ਕਿ ਬਾਦਲ ਦਲ ਦੀਆ ਸਰਗਰਮੀਆ ਦਾ ਕੇਂਦਰ ''ਬਾਦਲ ਪਿੰਡ'' ਦੀ ਬਜਾਏ ਹੁਣ ''ਦਮਦਮੀ ਟਕਸਾਲ ਮਹਿਤਾ ਦਾ ਹੈਡ ਕੁਆਟਰ'' ਬਣਦਾ ਜਾ ਰਿਹਾ ਹੈ।

29 ਨਵੰਬਰ 2017 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਸਮੇਤ ਹੋਈ ਚੋਣ ਸਮੇਂ ਟਕਸਾਲ ਮੁੱਖੀ ਦੀ ਸਿਫਾਰਸ਼ ਤੇ ਅਮਰਜੀਤ ਸਿੰਘ ਚਾਵਲਾ ਨੂੰ ਜੋ ਕਿ 2016 ਵਿੱਚ ਜਨਰਲ ਸਕੱਤਰ ਚੁਣੇ ਗਏ ਸਨ ਪਰ ਇਸ ਵਾਰੀ ਸੰਤ ਸਮਾਜ ਤੇ ਵਿਸ਼ੇਸ਼ ਕਰਕੇ ਦਮਦਮੀ ਟਕਸਾਲ ਨੂੰ ਕੋਈ ਨੁੰਮਾਇੰਦਗੀ ਨਹੀਂ ਦਿੱਤੀ ਗਈ ਜਿਸ ਕਰਕੇ ਲੋਕਾਂ ਵਿੱਚ ਚਰਚਾ ਪਾਈ ਜਾ ਰਹੀ ਸੀ ਕਿ ਦਮਦਮੀ ਟਕਸਾਲ ਨੂੰ ਇਸ ਵਾਰੀ ਬਾਦਲ ਪਰਿਵਾਰ ਨੇ ਹਾਸ਼ੀਏ ਤੇ ਧੱਕ ਦਿੱਤਾ ਹੈ ਪਰ ਸ੍ਰ ਲੌਗੋਵਾਲ ਵੱਲੋ ਦਮਦਮੀ ਟਕਸਾਲ ਦੇ ਡੇਰੇ ਵਿੱਚ ਜਾ ਕੇ ਅਸ਼ੀਰਵਾਦ ਲੈਣਾ ਕਈ ਪ੍ਰਕਾਰ ਦੇ ਸਵਾਲ ਖੜੇ ਕਰਦਾ ਹੈ। ਭਾਂਵੇ ਘਟਨਾ ਬਾਦਲ ਪਰਿਵਾਰ ਦੇ ਕਹਿਣ ਤੇ ਹੀ ਵਾਪਰੀ ਹੋਵੇਗੀ ਪਰ ਬਾਬਾ ਹਰਨਾਮ ਸਿੰਘ ਧੁੰਮਾਂ ਦੀਆ ਸਿਆਸੀ ਸਰਗਰਮੀਆ ਵੱਧਣੀਆ ਜਿਥੇ ਟਕਸਾਲ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ ਹੈ ਉਥੇ ਬਾਦਲ ਦਲ ਲਈ ਵੀ ਕੋਈ ਸ਼ੁਭ ਸੰਕੇਤ ਨਹੀਂ ਹੈ।

ਇਤਿਹਾਸ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਕਦੇ ਵੀ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦਮਦਮੀ ਟਕਸਾਲ ਦੇ ਡੇਰੇ ਵਿੱਚ ਵਿਸ਼ੇਸ਼ ਤੌਰ ਤੇ ਜਾ ਕੇ ਅਸ਼ੀਰਵਾਦ ਨਹੀਂ ਲਿਆ ਤੇ ਨਾ ਹੀ ਕਿਸੇ ਪ੍ਰਧਾਨ ਨੇ ਦਮਦਮੀ ਟਕਸਾਲ ਨੂੰ ਇੰਨੀ ਮਹੱਤਤਾ ਦਿੱਤੀ ਸੀ। ਸੰਨ 2005 ਵਿੱਚ ਜਦੋਂ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਤਾਜਪੋਸ਼ੀ ਹੋਈ ਸੀ ਤਾਂ ਉਸ ਸਮੇਂ ਦਾਅਵੇਦਾਰਾਂ ਵਿੱਚ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਤੇ ਭਾਈ ਧਰਮ ਸਿੰਘ ਦਾ ਨਾਮ ਵੀ ਚਰਚਾ ਵਿੱਚ ਸੀ ਪਰ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਵਿਸ਼ੇਸ਼ ਤੌਰ ਤੇ ਅਮਰੀਕਾ ਤੋ ਬੁਲਾ ਕੇ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀ। ਦੂਸਰੇ ਪਾਸੇ ਟਕਸਾਲ ਤਿੰਨ ਭਾਗਾਂ ਵਿੱਚ ਵੰਡੀ ਗਈ ਸੀ ਕਿਉਕਿ ਬਾਬਾ ਰਾਮ ਸਿੰਘ ਵੱਲੋ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਬਾਬਾ ਠਾਕਰ ਸਿੰਘ ਸੇਵਾ ਸੌਂਪ ਗਏ ਤੇ ਉਹ ਟਕਸਾਲ ਮੁੱਖੀ ਹਨ ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਪਰਿਵਾਰ ਬਾਬਾ ਰਾਮ ਸਿੰਘ ਤੇ ਸਹਿਮਤੀ ਨਹੀਂ ਪ੍ਰ੍ਰਗਟਾ ਰਿਹਾ ਤੇ ਸੰਤ ਭਿੰਡਰਾਂਵਾਲਿਆ ਦੀ ਸੁਪਤਨੀ ਬੀਬੀ ਪ੍ਰੀਤਮ ਕੌਰ ਨੇ ਬਾਬਾ ਧੁੰਮਾਂ ਨੂੰ ਮੁੱਖੀ ਬਣਾਉਣ ਦਾ ਸਹਿਮਤੀ ਦਿੱਤੀ ਸੀ। ਸ਼੍ਰੋਮਣੀ ਕਮੇਟੀ ਨੇ ਇਸ ਸਮੇਂ ਦਸਤਾਰ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਬਜਾਏ ਬਾਬਾ ਰਾਮ ਸਿੰਘ ਨੂੰ ਬਟਾਲਾ ਨਜਦੀਕ ਸੰਗਰਾਵਾਂ ਪਿੰਡ ਵਿਖੇ ਬਣੇ ਟਕਸਾਲ ਦੇ ਦੂਸਰੇ ਹੈਡ ਕੁਆਟਰ ਵਿਖੇ ਜਾ ਕੇ ਦਿੱਤੀ ਤੇ ਇੰਜ ਬਾਬਾ ਰਾਮ ਸਿੰਘ ਨੂੰ ਸਿੱਖਾਂ ਦੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖਤ ਤੇ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਕੋਲੋ ਪ੍ਰਵਾਨਗੀ ਮਿਲਣ ਨਾਲ ਉਹਨਾਂ ਦਾ ਕੱਦ ਬੁੱਤ ਕਾਫੀ ਉੱਚਾ ਹੋਇਆ ਸੀ। ਦਸਤਾਰ ਦੇਣ ਵਾਸਤੇ ਤੱਤਕਾਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸੰਗਰਾਵਾਂ ਪੁੱਜੇ ਸਨ ਤੇ ਬੀਬੀ ਜਗੀਰ ਕੌਰ ਨੇ ਬਾਬਾ ਧੁੰਮਾਂ ਨੂੰ ਨਕਲੀ ਮੁੱਖੀ ਤੱਕ ਵੀ ਕਹਿ ਦਿੱਤਾ ਸੀ । ਬਾਬਾ ਧੁੰਮਾਂ ਨੂੰ ਦਸਤਾਰ ਦੇਣ ਵਾਲਿਆ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸ੍ਰ ਸਿਮਰਨਜੀਤ ਸਿੰਘ ਮਾਨ ਤੇ ਬਾਦਲ ਵਿਰੋਧੀ ਸੰਤ ਸ਼ਾਮਲ ਸਨ ਜਿਹਨਾਂ ਵਿੱਚ ਬਾਬਾ ਸਰਬਜੋਤ ਸਿੰਘ ਵੀ ਸਨ।

ਪੰਜਾਬ ਵਿੱਚ ਸਰਕਾਰ, ਅਕਾਲੀ ਦਲ ਦੀ ਹੋਂਦ ਵਿੱਚ ਆਉਣ ਉਪਰੰਤ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਰੇਲਵੇ ਦੇ ਇੰਜਣ ਵਾਂਗ ਕਾਂਟਾ ਬਦਲਿਆ ਤੇ ਸੁਖਬੀਰ ਸਿੰਘ ਬਾਦਲ ਨਾਲ ਗੰਢਤੁਪ ਕਰਕੇ ਬਾਦਲ ਦਲ ਨਾਲ ਨਾਤਾ ਜੋੜ ਲਿਆ। 2011 ਵਿੱਚ ਹੋਈ ਸ਼੍ਰੋਮਣੀ ਕਮੇਟੀ ਦੀ ਚੋਣ ਸਮੇਂ ਸੰਤ ਸਮਾਜ ਦੇ ਖਾਤੇ ਵਿੱਚ ਬਾਬਾ ਧੁੰਮਾਂ ਨੂੰ 30 ਟਿਕਟਾਂ ਦੇਣ ਦਾ ਡਰਾਮਾ ਕੀਤਾ ਗਿਆ ਜਿਹੜੀਆ ਅਸਿੱਧੇ ਤੌਰ ਤੇ ਬਾਦਲ ਦਲ ਦੇ ਆਗੂਆਂ ਕੋਲ ਹੀ ਆ ਗਈਆ। ਉਸ ਤੋ ਬਾਅਦ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਆਪਣੀਆ ਰਾਜਸੀ ਸਰਗਰਮੀਆ ਤੇਜ ਕਰ ਦਿੱਤੀਆ ਤੇ ਪਹਿਲੇ ਫੇਜ ਵਿੱਚ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਯਾਦਗਾਰ ਦੀ ਉਸਾਰੀ ਕਰਵਾ ਕੇ ਨਾਮਣਾ ਖੱਟਿਆ। ਇਸ ਦੇ ਨਾਲ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਥੜਾ ਸਾਹਿਬ ਦੀ ਕਾਰ ਸੇਵਾ ਵੀ ਲੈ ਲਈ ਜੋ ਅੱਜ ਵੀ ਜਾਰੀ ਹੈ ਜਦ ਕਿ ਟਕਸਾਲ ਸਿਰਫ ਸਿੱਖਾਂ ਦੀ ਵਿਦਿਅਕ ਯੂਨੀਵਰਸਿਟੀ ਹੈ ਜਿਥੋ ਹਰ ਸਾਲ ਸਿੱਖ ਪ੍ਰਚਾਰਕ ਧਾਰਮਿਕ ਵਿਦਿਆ ਲੈ ਕੇ ਨਿਕਲਦੇ ਹੁੰਦੇ ਸਨ।

ਸ੍ਰ ਗੋਬਿੰਦ ਸਿੰਘ ਲੋਗੋਵਾਲ ਜਿਸ ਦਿਨ ਪ੍ਰਧਾਨ ਬਣੇ ਸਨ ਤੇ ਉਸ ਤੋ ਬਾਅਦ ਵੀ ਕਈ ਵਾਰੀ ਕਹਿ ਚੁੱਕੇ ਹਨ ਕਿ ਉਹ ਪੰਥਕ ਏਕਤਾ ਦੀ ਮਿਹੰਮ ਸ਼ੁਰੂ ਕਰਨਗੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਦੇ ਸਾਥੀਆ ਵੱਲੋ ਆਪਣੇ ਸਮਾਜਿਕ ਵਿਰੋਧੀ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਹਮਲਾ ਕਰਕੇ ਉਸ ਦੇ ਇੱਕ ਸਾਥੀ ਭਾਈ ਭੁਪਿੰਦਰ ਸਿੰਘ ਨੂੰ ਗੋਲੀਆ ਨਾਲ ਮਾਰ ਮੁਕਾਇਆ ਤੇ ਬਾਬਾ ਧੁੰਮਾਂ ਨੇ ਇਸ ਕਤਲ ਨੂੰ ਤਸਲੀਮ ਵੀ ਕੀਤਾ ਕਿ ਢੱਡਰੀਆ ਵਾਲੇ ਦੀ ਜ਼ੁਬਾਨ ਨੂੰ ਬੰਦ ਕਰਨ ਇਹ ਕਾਰਵਾਈ ਟਕਸਾਲ ਨਾਲ ਸਬੰਧਿਤ ਸਿੰਘਾਂ ਨੇ ਕੀਤੀ ਹੈ ਤੇ ਇਹ ਜਰੂਰੀ ਵੀ ਸੀ। ਬਾਬਾ ਧੁੰਮਾਂ ਦੇ ਬਿਆਨ ਤੋਂ ਬਾਅਦ ਵੀ ਸਰਕਾਰ ਘੋਗੜਕੰਨੀ ਬਣੀ ਰਹੀ ਤੇ ਕੋਈ ਐਕਸ਼ਨ ਨਹੀਂ ਕੀਤਾ ਜਦ ਕਿ ਅੱਜ ਇੱਕ ਪ੍ਰਵਾਸੀ ਸਿੱਖ ਜਗਤਾਰ ਸਿੰਘ ਜੱਗੀ ਜੌਹਲ ਨੂੰ ਪਿਛਲੇ ਕਰੀਬ ਡੇਢ ਮਹੀਨੇ ਤੋ ਪੁਲੀਸ ਵੱਖ ਵੱਖ ਕਤਲਾਂ ਦੇ ਦੋਸ਼ ਵਿੱਚ ਪੁੱਛਗਿੱਛ ਕਰ ਰਹੀ ਹੈ ਤੇ ਉਸ ਦਾ ਦੋਸ਼ ਸਿਰਫ ਇੰਨਾ ਹੈ ਕਿ ਉਸ ਨੇ ਹਿੰਦੂ ਆਗੂਆਂ ਦੇ ਮਿੱਥ ਕੇ ਕੀਤੇ ਗਏ ਕਾਤਲਾਂ ਨੂੰ ਆਰਥਿਕ ਸਹਾਇਤਾ ਕੀਤੀ ਸੀ ਪਰ ਬਾਬਾ ਧੁੰਮਾਂ ਵੱਲੋ ਦੋਸ਼ ਕਬੂਲ ਕਰ ਲੈ ਜਾਣ ਦੇ ਬਾਵਜੂਦ ਵੀ ਨਾ ਬਾਦਲ ਸਰਕਾਰ ਤੇ ਨਾ ਹੀ ਹੁਣ ਲੋੜੀਦੀ ਕਾਰਵਾਈ ਕਰਨ ਦੀ ਲੋੜ ਸਮਝੀ ਹੈ ਜੋ ਆਪਣੇ ਆਪ ਵਿੱਚ ਇੱਕ ਸਵਾਲ ਹੈ ਤੇ ਕੰਧ 'ਤੇ ਲਿਖਿਆ ਸੱਚ ਪੜਿਆ ਜਾ ਸਕਦਾ ਹੈ। ਭਾਈ ਢੱਡਰੀਆ ਵਾਲਾ ਬਾਰ ਬਾਰ ਕਹਿੰਦਾ ਰਿਹਾ ਕਿ ਉਹਨਾਂ 'ਤੇ ਹਮਲਾ ਕਰਵਾਉਣ ਵਾਲਾ ਬਾਬਾ ਹਰਨਾਮ ਸਿੰਘ ਧੁੰਮਾਂ ਹੈ ਪਰ ਉਸ ਦੀ ਵੀ ਕਿਸੇ ਨੇ ਨਹੀਂ ਸੁਣੀ। ਭਾਈ ਢੱਡਰੀਆ ਵਾਲੇ ਦੇ ਮੁਤਾਬਕ ਉਸ ਉਪਰ 30 ਹਥਿਆਰਬੰਦ ਵਿਅਕਤੀਆ ਨੇ ਹਮਲਾ ਕੀਤਾ ਜਿਹਨਾਂ ਵਿੱਚੋ ਸਿਰਫ 11 ਫੜੇ ਗਏ ਹਨ ਤੇ ਬਾਕੀਆ ਬਾਰੇ ਪੁਲੀਸ ਟਾਲ ਮਟੋਲ ਕਰ ਰਹੀ ਹੈ। ਇੱਕ ਦੇਸ਼ ਵਿੱਚ ਕਨੂੰਨੀ ਤੌਰ ਤੇ ਸਰਕਾਰਾਂ ਦੋਹਰੇ ਮਾਪਦੰਡ ਅਪਨਾ ਰਹੀਆ ਹਨ।

ਜੇਕਰ ਪੰਥਕ ਏਕਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਸਮੇਂ ਦੀ ਲੋੜ ਹੈ ਅਤੇ ਗੋਬਿੰਦ ਸਿੰਘ ਲੌਗੋਵਾਲ ਨੇ ਪ੍ਰਧਾਨਗੀ ਦਾ ਆਹੁਦਾ ਸੰਭਾਲਦਿਆ ਹੀ ਐਲਾਨ ਕੀਤਾ ਸੀ ਕਿ ਉਹ ਪੰਥਕ ਏਕਤਾ ਲਈ ਯਤਨ ਕਰਨਗੇ ਤੇ ਫਿਰ ਸ੍ਰ ਲੌਗੋਵਾਲ ਨੂੰ ਚਾਹੀਦਾ ਹੈ ਕਿ ਜੇਕਰ ਉਹ ਪੰਥ ਦੀ ਇੱਕ ਧਿਰ ਕੋਲੋ ਉਸ ਦੇ ਘਰ ਜਾ ਕੇ ਸਿਰੋਪਾ ਲੈ ਕੇ ਬਾਗੋ ਬਾਗ ਹਨ ਤੇ ਬਹੁਤ ਸਾਰੇ ਸਿੱਖਾਂ ਦੀ ਨੁੰਮਾਇੰਦਗੀ ਕਰਦੇ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੇ ਡੇਰੇ ਵਿੱਚ ਜਾ ਕੇ ਉਹਨਾਂ ਕੋਲੋ ਵੀ ਸਿਰੋਪਾ ਲੈਣ ਤਾਂ ਕਿ ਪੰਥਕ ਏਕਤਾ ਦੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ।

ਦੂਸਰੇ ਪਾਸੇ ਦਮਦਮੀ ਟਕਸਾਲ ਦਾ ਰਾਜਸੀ ਆਗੂਆਂ ਦਾ ਕੇਂਦਰ ਬਣਨਾ ਜਿਥੇ ਚਿੰਤਾ ਦਾ ਵਿਸ਼ਾ ਹੈ ਉਥੇ ਧਾਰਮਿਕ ਯੂਨੀਵਰਸਿਟੀ ਵਜੋ ਜਾਣੀ ਰਹਿੰਦੀ ਦਮਦਮੀ ਟਕਸਾਲ ਆਪਣੇ ਉਸ ਕਾਰਜ ਤੋ ਥਿੜਕ ਗਈ ਹੈ ਜਿਹੜਾ ਕਾਰਜ ਸੱਚਖੰਡ ਨਿਵਾਸੀ ਬਾਬਾ ਗੁਰਬਚਨ ਸਿੰਘ ਤੇ ਬਾਬਾ ਕਰਤਾਰ ਸਿੰਘ ਨੇ ਧਰਮ ਪ੍ਰਚਾਰ ਦਾ ਸ਼ੁਰੂ ਕੀਤਾ ਸੀ। ਅਕਾਲੀਆ ਦੇ ਮੋਰਚੇ ਸਮੇਂ ਜਦੋਂ ਅਕਾਲੀਆ ਨੂੰ ਪੰਜ ਵਿਅਕਤੀ ਵੀ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਲਈ ਨਹੀਂ ਲੱਭ ਰਹੇ ਸਨ ਤਾਂ ਉਸ ਵੇਲੇ ਅਕਾਲੀਆ ਨੇ ਜਾ ਕੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆ ਕੋਲ ਮਦਦ ਦੀ ਬੇਨਤੀ ਕੀਤੀ ਤਾਂ ਸੰਤਾਂ ਨੇ ਸਾਰੇ ਪੰਜਾਬ ਵਿੱਚ 37 ਨਗਰ ਕੀਤਰਨਾਂ ਦਾ ਆਯੋਜਨ ਕੀਤਾ ਤੇ ਅਸਿੱਧੇ ਤਰੀਕੇ ਨਾਲ ਅਕਾਲੀਆ ਦੀ ਮਦਦ ਕੀਤੀਤ। ਉਹਨਾਂ ਧਰਮ ਪ੍ਰਚਾਰ ਦੀ ਛਹਿਬਰ ਲਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਮੋਰਚੇ ਵਿੱਚ ਭਾਗ ਲੈਣ ਲਈ ਪ੍ਰੇਰਿਆ ਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ ਸਨ ਪਰ ਅੱਜ ਸਭ ਕੁਝ ਉਲਟ ਹੈ। ਦਮਦਮੀ ਟਕਸਾਲ ਨੇ ਜੇਕਰ ਆਪਣੇ ਵਕਾਰ ਨੂੰ ਬਹਾਲ ਰੱਖਣਾ ਹੈ ਤਾਂ ਉਸ ਨੂੰ ਬਾਦਲ ਦਲ ਦੀ ਰਾਜਸੀ ਸਲਾਹਕਾਰ ਬਨਣ ਦੀ ਬਜਾਏ ਧਰਮ ਪ੍ਰਚਾਰ ਵੱਲ ਵੱਧਣਾ ਪਵੇਗਾ। ਬਾਬ ਧੁੰਮਾਂ ਵੱਲੋ ਲੌਗੋਵਾਲ ਨੂੰ ਸਿਰੋਪਾ ਦੇਣਾ ਇਸ ਕਰਕੇ ਵੀ ਚਰਚਾ ਵਿੱਚ ਹੈ ਕਿਉਕਿ ਲੌਗੋਵਾਲ ਬਾਰੇ ਸਿੱਖ ਜਗਤ ਜਾਣਦਾ ਹੈ ਕਿ ਉਹ ਵੋਟਾਂ ਮੰਗਣ ਲਈ ਸੌਦਾ ਸਾਧ ਦੇ ਡੇਰੇ ਵਿੱਚ ਗਿਆ ਸੀ ਤੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਨੂੰ ਲੈ ਕੇ ਬਾਬਾ ਧੁੰਮਾਂ ਨੇ ਆਪਣੀ ਸਾਥੀ ਸੰਤਾਂ ਨਾਲ ਮੀਟਿੰਗ ਕਰਕੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਬਦਲਣ ਦੀ ਮੰਗ ਕੀਤੀ ਪਰ ਸੁਖਬੀਰ ਬਾਦਲ ਨੇ ਚਿੱਟਾ ਲਫਜ਼ਾਂ ਵਿੱਚ ਇਨਕਾਰ ਕਰ ਦਿੱਤਾ ਸੀ ਤੇ ਬਾਬਾ ਜੀ ਫਿਰ ਉਸੇ ਤਨਖਾਹ ਤੇ ਹੀ ਅਕਾਲੀ ਦਲ ਦੇ ਸਲਾਹਕਾਰ ਬਣੇ ਰਹੇ। ਬਾਬਾ ਧੁੰਮਾਂ ਵੀ ਸੰਗਤਾਂ ਨੂੰ ਸਪੱਸ਼ਟ ਕਰੇ ਕਿ ਕੀ ਉਸ ਨੇ ਸੌਦਾ ਸਾਧ ਨਾਲ ਕੋਈ ਸਮਝੌਤਾ ਕਰ ਲਿਆ? ਸੌਦਾ ਸਾਧ ਦੇ ਡੇਰੇ ਵਿੱਚ ਜਾਣ ਵਾਲੇ ਬਨਾਮ ਪ੍ਰੋਮੀ ਨੂੰ ਸਿਰੋਪਾ ਦੇਣਾ ਤਾਂ ਇਸ ਤਰਾ ਦੇ ਸੰਕੇਤ ਦਿੰਦਾ ਹੈ।

ਬਾਬਾ ਹਰਨਾਮ ਸਿੰਘ ਧੁੰਮਾਂ ਜਿਸ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਆਪਣਾ ਰਾਹ ਦਸੇਰਾ ਮੰਨਦੇ ਹਨ ਉਹਨਾਂ ਨੂੰ ਫਿਰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋ ਭਿੰਡਰਾਂਵਾਲਿਆ ਦੀ ਤਾਜਪੋਸ਼ੀ ਹੋਈ ਸੀ ਤਾਂ ਉਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਮਹਿਤੇ ਪੁੱਜੀਆ ਸਨ ਤੇ ਵੱਖ ਵੱਖ ਸੰਪਰਦਾਵਾਂ ਦੇ ਨੁੰਮਾਇੰਦਿਆ ਤੋ ਇਲਾਵਾ ਸ੍ਰ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਉਸ ਸਮਾਗਮ ਵਿੱਚ ਹਾਜ਼ਰ ਸਨ। ਸ੍ਰ ਬਾਦਲ ਨੇ ਆਪਣੇ ਰਾਜਸੀ ਅੰਦਾਜ ਵਿੱਚ ਜਿਥੇ ਟਕਸਾਲ ਦੀ ਰੱਜ ਕੇ ਪ੍ਰਸੰਸਾ ਕੀਤੀ ਸੀ ਉਥੇ ਇਹ ਵੀ ਕਿਹਾ ਕਿ, '' ਜੇਕਰ ਟਕਸਾਲ ਦੀ ਕੋਈ ਮੰਗ ਹੋਵੇ ਤਾਂ ਉਹ ਸਰਕਾਰ ਵੱਲੋ ਮਹਿਤੇ ਵਿੱਚ ਇੱਕ ਸਰਕਾਰੀ ਤੌਰ ਤੇ ਸੰਗੀਤ ਅਕੈਡਮੀ ਖੋਹਲ ਲਈ ਤਿਆਰ ਹਨ।'' ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਆਪਣੀ ਕਰੀਬ 35 ਮਿੰਟ ਦੇ ਭਾਸ਼ਨ ਵਿੱਚ ਜਿਥੇ ਇੱਕ ਇੱਕ ਸੰਸਥਾ ਤੇ ਬੁਲਾਰੇ ਦਾ ਨਾਮ ਲੈ ਕੇ ਧੰਨਵਾਦ ਕੀਤਾ ਉਥੇ ਇਹ ਵੀ ਕਿਹਾ ਕਿ, ''ਸ੍ਰ ਪਰਕਾਸ਼ ਸਿੰਘ ਬਾਦਲ ਸਰਕਾਰ ਵੱਲੋ ਬਤੌਰ ਮੁੱਖ ਮੰਤਰੀ ਸਮਾਗਮ ਵਿੱਚ ਸ਼ਾਮਲ ਹੋਏ ਹਨ ਤੇ ਉਹ ਟਕਸਾਲ ਵੱਲੋ ਉਹਨਾਂ ਦਾ ਧੰਨਵਾਦ ਕਰਦੇ ਤੇ ਨਾਲ ਹੀ ਇਹ ਵੀ ਕਿਹਾ ਕਿ ਸ੍ਰ ਬਾਦਲ ਨੂੰ ਸ਼ਾਇਦ ਟਕਸਾਲ ਦੀਆ ਪਰੰਪਰਾਵਾਂ ਤੇ ਮਰਿਆਦਾਵਾਂ ਦਾ ਨਹੀਂ ਪਤਾ ਕਿਉਕਿ ਟਕਸਾਲ ਜੋ ਕੁਝ ਵੀ ਮੰਗਦੀ ਆਪਣੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਕੋਲੋ ਮੰਗਦੀ ਹੈ ਕਿਸੇ ਵਿਅਕਤੀ , ਸੰਸਥਾ ਜਾਂ ਸਰਕਾਰ ਕੋਲੋ ਨਹੀਂ ਕਿਉਕਿ ਟਕਸਾਲ ਗੁਰੂ ਸਾਹਿਬ ਤੇ ਸ਼ਹੀਦਾਂ ਤੋ ਵਰਸੋਈ ਹੋਈ ਜਥੇਬੰਦੀ ਹੈ। ਇਸ ਲਈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਟਕਸਾਲ ਦੀ ਆਪਣੀ ਕੋਈ ਮੰਗ ਨਹੀਂ ਹੈ ਤੇ ਸਰਕਾਰ ਨੇ ਜੇਕਰ ਆਪਣੇ ਪੱਧਰ ਤੇ ਕੋਈ ਅਕੈਡਮੀ ਖੋਹਲਣੀ ਹੈ ਤਾਂ ਖੋਹਲੇ ਨਹੀਂ ਖੋਹਲਣੀ ਤੇ ਨਾ ਖੋਹਲੇ।'' ਅੱਜ ਟਕਸਾਲ ਦੇ ਉਸ ਚੌਦਵੇ ਮੁੱਖੀ ਦੇ ਵਾਰਸ਼ ਹੋਣ ਦਾ ਦਾਅਵਾ ਕਰਨ ਵਾਲੇ ਉਸੇ ਬਾਦਲ ਨੂੰ ਕੁਰਸੀ ਤੇ ਬਿਠਾ ਕੇ ਉਸ ਦੇ ਪੈਰਾਂ ਵਿੱਚ ਬੈਠ ਕੇ ਲੱਡੂ ਖਿਲਾਉਦਿਆ ਦੀਆ ਤਸਵੀਰਾਂ ਵੱਖ ਵੱਖ ਅਖਬਾਰਾਂ ਤੇ ਸ਼ੋਸ਼ਲ ਮੀਡੀਏ ਤੇ ਪ੍ਰਕਾਸ਼ਤ ਹੋਈਆ ਜਿਹਨਾਂ ਨੇ ਟਕਸਾਲ ਦੇ ਕੱਦ ਨੂੰ ਬੌਣਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਘਟਨਾ ਤੇ ਸਿਰਫ ਅਫਸੋਸ ਹੀ ਪ੍ਰਗਟ ਕੀਤਾ ਜਾ ਸਕਦਾ ਹੈ।

ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਮੁੜ ਉਹਨਾਂ ਪੂਰਨਿਆ 'ਤੇ ਚੱਲਣਾ ਪਵੇਗਾ ਜਿਹੜੇ ਟਕਸਾਲ ਦੇ ਸੱਚਖੰਡ ਪਿਆਨਾ ਕਰ ਗਏ ਮੁੱਖੀਆ ਨੇ ਪਾਏ ਹਨ। ਸਿਆਸ਼ੀ ਸ਼ੋਹਰਤ ਤਾਂ ਸਿਰਫ ਚੰਦ ਦਿਨਾਂ ਹੀ ਪ੍ਰਾਹੁਣੀ ਹੋ ਸਕਦੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਤੇ ਪ੍ਰਸਾਰ ਦੇ ਕੀਤੇ ਕਾਰਜਾਂ ਨੂੰ ਤਾਂ ਸੰਗਤਾਂ ਇਸ ਫਾਨੀ ਸੰਸਾਰ ਤੋ ਤੁਰ ਜਾਣ ਉਪਰੰਤ ਵੀ ਯਾਦ ਰੱਖਦੀਆ ਹਨ ਤੇ ਸਿੱਖ ਪੰਥ ਵਿੱਚ ਤਾਂ ਅਜਿਹੀਆ ਧਾਰਮਿਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੁੰਦਾ ਹੈ ਜਿਸ ਤਰਾ ਸੰਗਤਾਂ ਅੱਜ ਬਾਬਾ ਗੁਰਬਚਨ ਸਿੰਘ ਤੇ ਬਾਬਾ ਕਰਤਾਰ ਸਿੰਘ ਨੂੰ ਯਾਦ ਕਰਦੀਆ ਹਨ ਅਤੇ ਇਸ ਕੰਧ ਤੇ ਲਿਖੇ ਸੱਚ ਨੂੰ ਭੁੱਲਣਾ ਬਾਬਾ ਧੁੰਮਾਂ ਦੀ ਬੱਜਰ ਗਲਤੀ ਹੋਵੇਗਾ।

ਅੱਜ ਟਕਸਾਲ ਭਾਂਵੇ ਚਾਰ ਪੰਜ ਹਿੱਸਿਆ ਵਿੱਚ ਵੰਡੀ ਹੋਈ ਹੈ ਅਤੇ ਫੱਟੇ ਲੱਗੇ ਹੋਏ ਹਨ, ਪਰ ਕੋਈ ਟਕਸਾਲ ਮੁੱਖੀ ਟਕਸਾਲ ਦੇ ਬਣਾਏ ਨਿਯਮਾਂ, ਮਰਿਆਦਾ ਦੀ ਕਸਵੱਟੀ ਤੇ ਖਰਾ ਨਹੀਂ ਉੱਤਰ ਰਿਹਾ ਜਿਸ ਕਰਕੇ ਧਰਮ ਪ੍ਰਚਾਰ ਨੂੰ ਲੈ ਕੇ ਟਕਸਾਲ ਦੀ ਧਾਰਮਿਕ ਸਰਗਰਮੀਆ ਵਿੱਚ ਇੱਕ ਖੜੋਤ ਪੈਦਾ ਹੋ ਗਈ ਹੈ ਜਿਹੜੀ ਟਕਸਾਲ ਦੀ ਹੋਂਦ ਲਈ ਖਤਰੇ ਦੇ ਸੰਕੇਤ ਹਨ। ਰੱਬ ਖੈਰ ਕਰੇ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top