7 ਦਸੰਬਰ 2017 ਦੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਨੇ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
‘ਕਾਨੂੰਨੀ ਸਲਾਹਕਾਰ’ ਜਸਵਿਦਰ ਸਿੰਘ ਜੌਲੀ ਅਤੇ ‘ਬੁਲਾਰੇ’ ਪਰਮਿੰਦਰਪਾਲ ਸਿੰਘ ਨੂੰ ਨਾਲ
ਲੈ ਕੇ ਇਕ ਪ੍ਰੈਸ ਕਾਨਫ਼ਰੰਸ ਕੀਤੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਨੇ ਦਿੱਲੀ ਦੇ
ਪੁਲੀਸ ਕਮਿਸ਼ਨਰ, ਦਿੱਲੀ ਵਿਚ ਸੰਸਦ ਮਾਰਗ ਦੇ ਡੀ.ਸੀ.ਪੀ. ਅਤੇ ਨਾਰਥ ਐਵਨਿਊ ਥਾਣੇ ਦੇ
ਐਸ.ਐਚ.ਓ. ਨਾਲ ਮਿਲ ਕੇ
ਡਾ. ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖਤਾਂ ਅਤੇ ਵੀਡੀਓ ਸਬੰਧੀ
ਇਤਰਾਜ਼ ਪੇਸ਼ ਕਰ ਕੇ ਉਸ ਦੇ ਖ਼ਿਲਾਫ਼ ਧਾਰਾਵਾਂ 295, 295 ਏ, 297, 298, 499, 500, 501,
502, 503 ਹੇਠ ਮੁਕੱਦਮਾ ਦਰਜ ਕਰ ਕੇ ਡਾ ਦਿਲਗੀਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ
ਹੈ। ਉਸ ਨੇ ਇਨ੍ਹਾਂ ਸਾਰਿਆਂ ਨਾਲ ਮੁਲਾਕਾਤ ਕੀਤੀ ਹੈ ਜਾਂ ਨਹੀਂ
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਜੇ ਇਨ੍ਹਾਂ ਸੀਨੀਅਰ ਪੁਲਸ ਅਫ਼ਸਰਾਂ ਕੋਲ ਇਨ੍ਹਾਂ
ਵਾਸਤੇ ਏਨਾ ਵਕਤ ਹੈ ਤਾਂ ਵੀ ਉਨ੍ਹਾਂ ਨੂੰ ਹਰਮੀਤ ਸਿੰਘ ਦੀਆਂ ਗੱਲਾਂ ਸੁਣ ਕੇ ਸਿਰਫ਼ ਹਾਸਾ
ਹੀ ਆਇਆ ਹੋਵੇਗਾ।
ਦਿੱਲੀ ਪੁਲੀਸ ਦੇ ਅਫ਼ਸਰ ਬਹੁਤ ਸਿਆਣੇ ਹਨ। ਉਹ ਕਾਨੂੰਨ ਜਾਣਦੇ ਹਨ।
ਉਨ੍ਹਾਂ ਨੂੰ ਇਨ੍ਹਾਂ ਧਾਰਾਵਾਂ ਦੇ ਖੇਤਰ ਪਤਾ ਹੈ। ਇਹ ਧਾਰਾਵਾਂ ਉਨ੍ਹਾਂ 'ਤੇ ਲਗਦੀਆਂ
ਹਨ ਜੋ ਭਾਰਤ ਵਿਚ ਰਹਿੰਦੇ ਹਨ ਅਤੇ ਜਿਨ੍ਹਾਂ ਭਾਰਤੀ ਜਾਂ ਵਿਦੇਸ਼ੀ ਲੋਕਾਂ ਨੇ ਭਾਰਤ ਵਿਚ
ਕੋਈ ਅਜਿਹੀ ਹਰਕਤ ਕੀਤੀ ਹੋਵੇ ਜਾਂ ਬਿਆਨ ਦਿੱਤਾ ਹੋਵੇ ਜੋ ਇਨ੍ਹਾਂ ਧਾਰਾਵਾਂ ਮੁਤਬਿਕ
ਜੁਰਮ ਬਣਦਾ ਹੈ। ਜੇ ਕਿਸੇ “ਵਿਦੇਸ਼ੀ ਸ਼ਹਿਰੀ” ਨੇ “ਵਿਦੇਸ਼ ਵਿਚ”
ਕੋਈ ਲਿਖਤ ਜਾਂ ਵੀਡੀਓ ਜਾਰੀ ਕੀਤੀ ਹੈ ਤਾਂ ਉਹ ਇਸ ਕਾਨੂੰਨ ਦੀ ਜ਼ਦ ਵਿਚ ਨਹੀਂ ਆਉਂਦੀ।
ਸ਼ਾਇਦ ਇਹ ਨਹੀਂ ਜਾਣਦੇ ਕਿ ਡਾ. ਦਿਲਗੀਰ ਦੀ ਤਾਂ ਹਰ ਲਿਖਤ ਵਿਦੇਸ਼ੀ ਪਬਲਿਸ਼ਰ ਦੀ ਛਾਪੀ
ਹੋਈ ਹੈ ਤੇ ਹਰ ਵੀਡੀਓ ਵਿਦੇਸ਼ ਵਿਚ ਰਿਕਾਰਡ ਤੇ ਰਲੀਜ਼ ਹੋਈ ਹੈ। ਉਂਞ ਤਾਂ ਕਿਸੇ ਭਾਰਤੀ
ਸ਼ਹਿਰੀ ਦੀ ਵੀਡੀਓ ਵੀ ਇਕ ਦਮ ਇਸ ਜ਼ਦ ਹੇਠ ਨਹੀਂ ਆਉਂਦੀ ਕਿਉਂ ਕਿ ਹਰ ਇਕ ਨੂੰ ਬੋਲਣ ਤੇ
ਵਿਚਾਰ ਰੱਖਣ ਦਾ ਹੱਕ ਹੈ।
ਚਲੋ ਮੰਨ ਲਓ ਕਿ ਕੋਈ ਪੁਲੀਸ
ਅਫ਼ਸਰ ਗ਼ਲਤੀ ਨਾਲ ਇਨ੍ਹਾਂ ਦੇ ਅਸਰ ਹੇਠ ਆ ਕੇ ਕਾਨੂੰਨ ਨੂੰ ਅੱਖੋ ਪਰੋਖੇ ਕਰ ਕੇ
ਐਫ਼.ਆਈ.ਆਰ. ਦਰਜ ਕਰਨ ਦੀ ਗ਼ਲਤੀ ਕਰ ਵੀ ਲੈਂਦਾ ਹੈ ਤਾਂ ਇਸ ਹਿਸਾਬ ਨਾਲ ਭਲਕੇ ਬੰਤਾ ਸਿੰਘ
ਕਥਾਕਾਰ, ਪਿੰਦਰਪਾਲ ਸਿੰਘ ਕਥਾਕਾਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ (ਭਾਜਪਾ ਆਗੂ)
ਪਰਮਜੀਤ ਰਾਣਾ, ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ
'ਤੇ ਵੀ ਐਫ਼.ਆਈ.ਆਰ. ਦਰਜ ਹੋ ਸਕਦੀਆਂ ਹਨ ਕਿਉਂ ਕਿ ਬੰਤਾ ਸਿੰਘ ਤੇ ਕਈ ਹੋਰ ਕਥਾਕਾਰਾਂ
ਦੀਆਂ ਗੱਲਾਂ ਪੰਥ ਵਿਚ ਦੁਬਿਧਾ ਪੈਦਾ ਕਰਦੀਆਂ ਹਨ ਤੇ ਇਹ ਇਸ ਕਮੇਟੀ ਦੇ ਪ੍ਰਬੰਧਕ ਹਨ।
ਇੰਞ ਤਾਂ ਪਰਮਜੀਤ ਸਿੰਘ ਸਰਨਾ ਤੇ ਤਰਸੇਮ ਸਿੰਘ ਅਤੇ ਸਿੱਖ ਮਿਸ਼ਨਰੀ ਹਰ ਰੋਜ਼ ਇਕ ਅੱਧੀ
ਐਫ਼.ਆਈ.ਆਰ. ਦਰਜ ਕਰਵਾ ਸਕਦੇ ਹਨ। ਅਜਿਹੀਆਂ ਐਫ਼.ਆਈ.ਆਰ. ਦਿੱਲੀ ਤੋਂ ਸਿਵਾ ਹੋਰ ਸੂਬਿਆਂ
ਵਿਚ ਵੀ ਦਰਜ ਹੋ ਸਕਦੀਆਂ ਹਨ। ਇਸ ਨਾਲ ਤਾਂ ਬੰਤਾ ਸਿੰਘ ਕਥਾਕਾਰ, ਪਿੰਦਰਪਾਲ ਸਿੰਘ
ਕਥਾਕਾਰ ਪਰਮਜੀਤ ਰਾਣਾ, ਮਨਜੀਤ ਸਿੰਘ ਜੀ.ਕੇ ਅਤੇ ਮਨਜਿੰਦਰ ਸਿੰਘ ਸਰਸਾ ਸਾਰਾ ਸਾਲ ਹਰ
ਪਾਸੇ ਕਚਹਿਰੀਆਂ ਵਿਚ ਤਾਰੀਖ਼ਾਂ ਹੀ ਭੁਗਤਦੇ ਰਿਹਾ ਕਰਨਗੇ। ਇਹੋ ਜਿਹੀ ਐਫ਼.ਆਈ.ਆਰ. ਦੀ
ਪਿਰਤ ਤਾਂ ਸਾਰੇ ਹੀ ਸ਼ੁਰੂ ਕਰ ਸਕਦੇ ਹਨ।
ਹਰਮੀਤ ਸਿੰਘ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ “ਕਾਨੂਨੀ ਸਲਾਹਕਾਰ”
ਨੇ ਇਹ ਮਜ਼ਾਕ ਵਾਲੀ ਸਲਾਹ ਦਿੱਤੀ ਹੈ। ਉਸ ਦੀ ਇਸ ਹਰਕਤ ਤੋਂ ਮੈਂ ਇਹ ਕਹਿ ਸਕਦਾ ਹਾਂ ਕਿ
ਦਿੱਲੀ ਦੇ ਪੁਲਸ ਅਫ਼ਸਰ ਇਨ੍ਹਾਂ ਦੀ ਮੰਗ ਸੁਣ ਕੇ ਇਨ੍ਹਾਂ ਦੀ ਬੇਸਮਝੀ 'ਤੇ ਠਹਾਕੇ ਮਾਰ
ਕੇ ਹੱਸੇ ਹੋਣਗੇ। ਦੂਜਾ, ਇਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ
ਦੇ “ਕਾਨੂੰਨੀ ਸਲਾਹਕਾਰ” ਕਾਨੂੰਨ ਬਾਰੇ ਕਿੰਨੇ ਬੇਸਮਝ ਹਨ; ਯਕੀਨਨ ਉਹ ਤਕਰੀਬਨ ਹਰ
ਮੁਕੱਦਮਾ ਹਾਰ ਜਾਂਦੇ ਹੋਣਗੇ।
ਇਹ ਹੋਰ ਮਜ਼ੇਦਾਰ ਗੱਲ ਇਹ ਹੈ
ਕਿ ਜੇ ਇਨ੍ਹਾਂ ਦੀ ਖ਼ਾਹਿਸ਼ ਪੂਰੀ ਕੀਤੀ ਜਾਵੇ ਤੇ ਇਸ ਸਬੰਧੀ ਐਫ਼.ਆਈ.ਆਰ. ਦਰਜ ਕੀਤੀ ਜਾਵੇ
ਤਾਂ ਹਰ ਰੋਜ਼ ਹਜ਼ਾਰਾਂ ਐਫ਼.ਆਈ.ਆਰ. ਦਰਜ ਹੋਇਆ ਕਰਗੀਆਂ ਕਿਉਂਕਿ ਵਿਦੇਸ਼ਾਂ ਵਿਚ ਸੋਸ਼ਲ
ਮੀਡੀਆ 'ਤੇ ਹਜ਼ਾਰਾਂ ਵੀਡੀਓ ਹਨ ਜਿਨ੍ਹਾਂ ਵਿਚ ਲੇਖਕਾਂ ਨੇ ਇਤਿਹਾਸ ਅਤੇ ਮਰਿਾਦਾ ਬਾਰੇ
ਆਪੋ ਆਪਣੇ ਵਿਚਾਰ ਰੱਖੇ ਹੋਣਗੇ।
ਹੋਰ ਦਿਲਚਸਪ ਗੱਲ ਇਹ ਹੈ ਕਿ
ਡਾ ਦਿਲਗੀਰ ਦੀਆਂ ਕਿੰਨੀਆਂ ਹੀ ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ
ਇਕ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਛਾਪੀ ਹੋਈ ਹੈ ਅਤੇ ਪੰਜ ਜਿਲਦਾਂ ਵਿਚ
“ਸਿੱਖ ਤਵਾਰੀਖ਼” ਦੀਆਂ 300 ਤੋਂ ਵਧ ਕਾਪੀਆਂ ਖ਼ਰੀਦੀਆਂ ਵੀ ਸਨ। ਇਹ ਕਮੇਟੀ ਦਿਲਗੀਰ ਦੀਆਂ
ਘਟੋ-ਘਟ ਦਸ ਕਿਤਾਬਾਂ ਵੇਚ ਵੀ ਰਹੀ ਹੈ।