Share on Facebook

Main News Page

ਸਹਸਕ੍ਰਿਤੀ : ਭਾਖਾ ਅਤੇ ਸ਼ੈਲੀ
-: ਹਰਜਿੰਦਰ ਸਿੰਘ ਘੜਸਾਣਾ
harjindersinghgharsana@gmail.com

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੧੩੫੩ ਤੋਂ ਆਰੰਭ ਹੋ ਕੇ ੧੩੬੧ ਤਕ ਬਾਣੀ ਸਹਸਕ੍ਰਿਤੀ ਦਾ ਵਿਸਤਾਰ ਹੈ। ਬਚਪਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਠਨ-ਪਾਠ ਸਮੇਂ ਉਪਰੋਕਤ ਬਾਣੀ ਦੇ ਪਾਠ ਉਚਾਰਨ ਵਕਤ ਬਹੁਤ ਔਖ ਮਹਿਸੂਸ ਹੁੰਦੀ ਸੀ। ਵਿਸਰਾਮ, ਅਰਥ ਦਾ ਬੋਧ ਨਾ ਹੋਣ ਕਰਕੇ, ਔਖ ਬਹੁਤ ਦੇਰ ਝੱਲਣੀ ਪਈ । ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤੀ ਤੋਂ ਬਾਅਦ ਉਚਾਰਨ ਵਾਲੀ ਔਖ ਭਾਵੇਂ ਦੂਰ ਹੋ ਗਈ, ਐਪਰ ਉਪਰੋਕਤ ਬਾਣੀ ਨੂੰ ਪੜ੍ਹ ਕੇ ਇਹ ਮਹਿਸੂਸ ਹੋਣ ਲਗਾ ਕਿ, ਜੇਕਰ ਸੰਸਕ੍ਰਿਤ ਭਾਖਾ ਦਾ ਇਲਮ ਹੋਵੇ ਤਾਂ ਉਪਰੋਕਤ ਬਾਣੀ ਨੂੰ ਹੋਰ ਭੀ ਬਾਰੀਕੀ ਨਾਲ ਵਿਵੇਚਿਆ ਜਾ ਸਕਦਾ ਹੈ। ਸੰਸਕ੍ਰਿਤ ਦਾ ਜਦੋਂ ਬੋਧ ਹੋਇਆ, ਤਾਂ ਇਹ ਗੱਲ ਧਿਆਨ-ਗੋਚਰੀ ਹੋਈ ,ਕਿ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਬਾਣੀ ਸਹਸਕ੍ਰਿਤੀ ਅਜੋਕੀ ਭਾਸ਼ਾ ਸੰਸਕ੍ਰਿਤ ਚ ਨਹੀਂ ਹੈ।

ਸੋ, ਉਪਰੋਕਤ ਬਾਣੀ ਸੰਬੰਧੀ ਕੁੱਝ ਵੀਚਾਰ, ਜੋ ਕਿ ਉਕਤ ਬਾਣੀ ਦੇ ਵਿਸ਼ੇ-ਵਸਤੂ ਸੰਬੰਧੀ ਇਲਮ ਵਿੱਚ ਵਾਧਾ ਕਰਨਗੇ, ਨੂੰ ਸਾਂਝਾ ਕਰਨ ਦਾ ਯਤਨ ਕਰ ਰਿਹਾ ਹਾਂ।

ਤਰਤੀਬ :
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੧੩੫੩ ਉਪਰ ਗੁਰੂ ਨਾਨਕ ਸਾਹਿਬ ਜੀ ਦਾ ਇਕ ਸ਼ਬਦ ਸਲੋਕ ਸਹਸਕ੍ਰਿਤੀ ਸਿਰਲੇਖ ਨਾਲ ਆਰੰਭ ਹੁੰਦਾ ਹੈ। ਇਕ ਸ਼ਬਦ ਤੋਂ ਬਾਅਦ ਤਿੰਨ ਸ਼ਬਦ ਗੁਰੂ ਅੰਗਦ ਸਾਹਿਬ ਜੀ ਦੇ ਹਨ। ਇਸ ਤਰ੍ਹਾਂ ਇਹ ਮਜ਼ਮੂਨ ਪੰਨਾਂ ੧੩੫੩ ਉਪਰ ਹੀ ਸਮਾਪਤ ਹੋ ਜਾਂਦਾ ਹੈ । ਫਿਰ ਪੰਨਾਂ ੧੩੫੩ ਤੇ ਹੀ ਹੇਠਲੇ ਪਾਸਿਓਂ ਗੁਰੂ ਅਰਜਨ ਸਾਹਿਬ ਜੀ ਦੇ ਸਲੋਕ ਉਕਤ ਸਿਰਲੇਖ ਨਾਲ ਹੀ ਅਰੰਭ ਹੁੰਦੇ ਹਨ। ਜੋ ਪੰਨਾ ੧੩੬੦ ਤਕ ਚਲਦੇ ਹਨ। ਇਹਨਾਂ ਸ਼ਬਦਾਂ ਦੀ ਗਿਣਤੀ ੬੭ ਹੈ, ਜੋ ਕਿ ਇੱਕੋ ਮਜ਼ਮੂਨ ਵਿੱਚ ਪਰੋਤੇ ਹੋਏ ਹਨ। ਪੰਨਾਂ ੧੩੬੦ ਤੇ ਹੀ ਨਵਾਂ ਮਜ਼ਮੂਨ ਮਹਲਾ ੫ ਗਾਥਾ ਸਿਰਲੇਖ ਨਾਲ ਆਰੰਭ ਹੁੰਦਾ ਹੈ,ਜੋ ੨੪ ਸਲੋਕਾਂ ਦਾ ਹੈ। ਪੰਨਾ ੧੩੬੧ ਤੇ ਸਮਾਪਤ ਹੋ ਜਾਂਦਾ ਹੈ।

ਭਾਸ਼ਾ ਅਤੇ ਸ਼ੈਲੀ :
1500 (BC) ਤੋਂ 500 (BC) ਤਕ ਵੈਦਿਕ (ਜਿਸ ਭਾਖਾ ਵਿੱਚ ਵੇਦ ਲਿਖੇ ਗਏ ਹਨ) ਅਤੇ ਸੰਸਕ੍ਰਿਤ ਦਾ ਸਮਾਂ ਹੈ। 500(BC) ਤੋਂ ਲੈਕੇ ਈਸਵੀ ਸੰਨ(AD) ਦੇ ਅਰੰਭ ਤਕ ਪਾਲੀ ਭਾਖਾ ਦਾ ਵਿਸਤਾਰ ਹੋਇਆ । ਇਹ ਪਹਿਲੀ ਸੰਜੋਗਾਤਮਕ ਭਾਖਾ ਸੀ, ਜਿਸ ਨੇ ਸੰਸਕ੍ਰਿਤ ਤੋਂ ਅਲਗ ਹੋ ਕੇ ਵੱਖਰੇ ਸ਼ਬਦ-ਰੂਪ ਅਤੇ ਸ਼ੈਲੀ ਕਾਇਮ ਕੀਤੀ। ਇਸ ਵਿੱਚੋਂ ਹੀ ਈਸਵੀ ਸੰਨ ਦੀ ਅਰੰਭਤਾ ਵੇਲੇ ਪ੍ਰਾਕ੍ਰਿਤਾਂ ਦਾ ਆਗਾਜ਼ ਹੋਇਆ। ਜਿਸ ਦਾ ਸਮਾਂ 500 ਈਸਵੀ ਸੰਨ ਤਕ ਦਾ ਹੈ। ਇਹ ਭਾਖਾ ਬੋਲਚਾਲ ਵਿੱਚ ਵਧੇਰੇ ਪ੍ਰਯੋਗ ਹੋਣ ਕਰਕੇ ਪੂਰੇ ਭਾਰਤ ਵਿੱਚ ਵੱਖਰੇ-ਵੱਖਰੇ ਨਾਮਾਂ ਸਹਿਤ ਜਾਣੀ ਗਈ । ਬਾਣੀ ਸਹਸਕ੍ਰਿਤੀ ਪਾਲੀ ਭਾਖਾ (ਜਿਸ ਵਿੱਚ ਬੌਧ ਧਰਮ ਦਾ ਸਾਹਿਤ ਲਿਖਿਆ ਗਿਆ) ਅਤੇ ਪ੍ਰਾਕ੍ਰਿਤਾਂ ਦੀ ਸ਼ਾਖ ਅਰਧ-ਮਾਗਧੀ ਦਾ ਮਿਸ਼ਰਨ ਹੈ । ਚੂੰਕਿ ਆਮਮੂਨ ਬੋਲ-ਚਾਲ ਵਿੱਚੋਂ ਸੰਸਕ੍ਰਿਤ ਖਤਮ ਹੋ ਗਈ ਸੀ, ਐਪਰ ਧਾਰਮਿਕ-ਵਿਅਕਤੀ ਵੀਚਾਰ, ਸੰਵਾਦ ਲਈ ਖੇਤਰੀ ਬੋਲੀ ਬੋਲਦੇ ਸਨ। ਜਿਸ ਵਿੱਚ ਸੰਸਕ੍ਰਿਤ ਦੇ ਕੁੱਝ ਤਤਸਮ ਅਤੇ ਕੱਝ ਤਦਭਵ ਲਫ਼ਜ਼ ਹੁੰਦੇ ਸਨ। ਭਾਸ਼ਾਈ ਪਿੰਡਾ (ਸ਼ੈਲੀ) ਪ੍ਰਾਕ੍ਰਿਤ ਤੇ ਸੰਸਕ੍ਰਿਤ ਦੀ ਅਤੇ ਕੁੱਝ ਵਿਆਕਰਨਿਕ ਨੇਮ ਸੰਸਕ੍ਰਿਤ ਅਤੇ ਕੁੱਝ ਪ੍ਰਾਕ੍ਰਿਤ ਦੇ ਪ੍ਰਯੋਗ ਕਰਦੇ ਸਨ। ਪਾਲੀ ਭਾਖਾ ਵਿੱਚ ਇੱਕ ਪੁਸਤਕ ਲਲਿਤ-ਵਿਸਤਰ(ललित-विस्तर) ਨਾਮ ਕਰਕੇ ਹੈ ।

ਇਸ ਪੁਸਤਕ ਦਾ ਜਿਕਰ ਮੋਨੀਅਰ-ਵਿਲਿਅਮ ਨੇ ਕੀਤਾ ਹੈ। ਉਕਤ ਪੁਸਤਕ ਬੜ੍ਹੀ ਜਦੋ-ਜਹਿਦ ਨਾਲ ਪ੍ਰਾਪਤ ਕਰਕੇ ਪੜ੍ਹੀ ਤਾਂ ਬਹੁਤ ਹੀ ਪ੍ਰਮਾਣੀਕ ਜਾਣਕਾਰੀ ਪ੍ਰਾਪਤ ਹੋਈ। ਉਂਞ ਇਸ ਪੁਸਤਕ ਵਿੱਚ ਮਹਾਤਮਾ ਬੁੱਧ ਦੇ ਜੀਵਨ ਨਾਲ ਸੰਬੰਧਤ ਸਾਖੀਆਂ ਹਨ। ਐਪਰ ਇਸ ਵਿੱਚ ਗੀਤ ਜੋ ਪਾਲੀ, ਪ੍ਰਾਕ੍ਰਿਤ ਦੇ ਮਿਸ਼ਰਨ ਵਿੱਚ ਹਨ, ਦੀ ਸ਼ੈਲੀ ਬਿਲਕੁਲ ਬਾਣੀ ਸਹਸਕ੍ਰਿਤੀ ਦੀ ਸ਼ੈਲੀ ਨਾਲ ਮਿਲਦੀ-ਜੁਲਦੀ ਹੈ। ਬਾਣੀ ਸਹਸਕ੍ਰਿਤੀ ਵਿੱਚ ਭੀ ਪ੍ਰਾਕ੍ਰਿਤ ਭਾਖਾ ਦੇ ਲਫ਼ਜ਼ਾਂ ਦੀ ਭਰਮਾਰ ਹੈ।

ਕੁੱਝ ਲਫ਼ਜ਼ਾਂ ਨੂੰ ਖੇਤਰੀ ਰੂਪ ਵਿੱਚ, ਜੋ ਪੰਜਾਬੀ ਬਣ ਚੁਕੇ ਸਨ ਨੂੰ ਅੰਤ ਟਿੱਪੀ ਲਾ ਕੇ ਸੰਸਕ੍ਰਿਤ ਦੇ ਰੂਪ ਵਾਲਾ ਬਣਾਇਆ ਗਿਆ ਹੈ। ਚੂੰਕਿ ਸਧੂੱਕੜੀ(ਸਾਧੂ)ਭਾਖਾ ਬੋਲਣ ਵਾਲੇ ਵਿਅਕਤੀ ਪਾਲੀ,ਪ੍ਰਾਕ੍ਰਿਤ ਆਦਿ ਭਾਖਾਵਾਂ ਦੇ ਲਫ਼ਜ਼ਾਂ ਨੂੰ ਸੰਸਕ੍ਰਿਤ ਦੀ ਸ਼ੈਲੀ ਅਨੁਸਾਰ ਹਿੰਦੀ ਪਿੰਡਾ ਬਣਾ ਕੇ ਬੋਲਦੇ ਸਨ । ਜਿਸ ਤਰ੍ਹਾਂ ਪ੍ਰਚਲਤ ਕਹਾਵਤ ਹੈ, ਅਨੁਸੁਆਰ ਲਗੰਤੰ ਸੰਸਕ੍ਰਿਤ ਬਣੰਤੰ। ਭਾਵ ਹਰ ਲਫ਼ਜ਼ ਨੂੰ ਅਨੁਸੁਆਰ (ਟਿੱਪੀ, ਬਿੰਦੀ) ਲਗਾ ਕੇ ਸੰਸਕ੍ਰਿਤ ਦੇ ਲਫ਼ਜ਼ਾਂ ਵਰਗਾ ਬਣਾ ਲਿਆ ਜਾਂਦਾ ਸੀ । ਸਹਸਕ੍ਰਿਤੀ ਵਿੱਚ ਭੀ ਇਸ ਤਰ੍ਹਾਂ ਦਾ ਹੀ ਤਰੀਕਾ ਅਪਨਾਇਆ ਗਿਆ ਹੈ । ਜਿਸ ਤਰ੍ਹਾਂ ਸੰਸਕ੍ਰਿਤ ਦੇ ਸਮਾਧਿ (समाधि) ਲਫ਼ਜ਼ ਨੂੰ ਖੇਤਰੀ ਰੂਪ ਵਿੱਚ ਪੰਜਾਬੀ ਰੂਪ ਸਮਾਧੰ ਟਿੱਪੀ ਲਾ ਕੇ ਬਣਾਇਆ ਗਿਆ ਹੈ । ਇਸ ਤਰ੍ਹਾਂ ਹੀ ਨਿਹਫਲੰ ਲਫ਼ਜ਼ ਸਾਧੂ ਭਾਸ਼ਾ ਦਾ ਨਿਹਫਲ ਹੈ,ਜੋ ਪ੍ਰਾਕ੍ਰਿਤ ਵਿੱਚੋਂ ਆਇਆ ਹੈ। ਇਸ ਨੂੰ ਟਿੱਪੀ ਲਾ ਕੇ ਸੰਸਕ੍ਰਿਤ ਸ਼ੈਲੀ ਵਤ ਬਣਾਇਆ ਗਿਆ ਹੈ। ਪ੍ਰਾਕ੍ਰਿਤ ਭਾਖਾ ਦਾ ਪਛੇਤਰ ਅਹ ਭੀ ਵਰਤਿਆ ਗਿਆ ਹੈ, ਜਿਵੇਂ ਬ੍ਰਾਹਮਣਹ,ਆਤਮਹ ਆਦਿ। ਕਿਰਿਆ-ਰੂਪ ਭੀ ਸੰਸਕ੍ਰਿਤ ਦੇ ਕਿਰਿਆ-ਰੂਪਾਂ ਤੋਂ ਵੱਖ ਵਰਤੇ ਹਨ । ਸੰਸਕ੍ਰਿਤ ਵਿੱਚ ਖਾਸ ਕਰਕੇ ਪੁਲਿੰਗ ਲਫ਼ਜ਼ਾਂ ਦੇ ਅੰਤ ਵਿਸਰਗਾਂ (:) ਦਾ ਪ੍ਰਯੋਗ ਹੁੰਦਾ ਹੈ। ਪਾਲੀ, ਪ੍ਰਾਕ੍ਰਿਤ, ਅਪਭ੍ਰੰਸ਼ ਵਿੱਚ ਵਿਸਰਗਾਂ ਲੋਪ ਹੋ ਗਈਆਂ ਸਨ । ਵਿਸਰਗਾਂ ਦੇ ਥਾਂ ਪ੍ਰਾਕ੍ਰਿਤ ਵਿੱਚ ਹ ਅਕਰਾਂਤ(ਅੰਤ-ਮੁਕਤਾ) ਪ੍ਰਯੋਗ ਹੋਣ ਲਗ ਪਿਆ ਸੀ, ਅਜੋਕੀ ਪੰਜਾਬੀ ਵਿੱਚ ਵਿਸਰਗਾਂ ਦੀ ਥਾਂ ਹ ਆਉਂਦਾ ਹੈ। ਬਾਣੀ ਸਹਸਕ੍ਰਿਤੀ ਵਿੱਚ ਵਿਸਰਗਾਂ ਦੀ ਥਾਵੇਂ ਪ੍ਰਾਕ੍ਰਿਤ ਦੀ ਸ਼ੈਲੀ ਮੂਜਬ ਹ ਆਉਂਦਾ ਹੈ । ਪਾਲੀ ਅਤੇ ਅਰਧ-ਮਾਗਦੀ ਦਾ ਮਿਸ਼ਰਨ ਹੋਣ ਕਰਕੇ ਸਹਸਕ੍ਰਿਤੀ ਵਿੱਚ ਕਈ ਪ੍ਰਕਾਰ ਦੀ ਸ਼ੈਲੀ ਆਈ ਹੈ, ਜਿਵੇਂ :

(ਉ) ਏਕ ਕ੍ਰਿਸਨੰ ਤ ਸਰਬ ਦੇਵ ਦੇਵਾ ਤ ਆਤਮਹ॥ (ਪੰ:/1353)

(ਅ) ਨਾਨਕੁ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ॥ (ਪੰ:/ 1353)

ਉਪਰੋਕਤ (ਉ) ਪੰਗਤੀ ਦੀ ਸ਼ੈਲੀ ਸੰਸਕ੍ਰਿਤ ਦੀ ਹੈ ਅਤੇ ਸੰਸਕ੍ਰਿਤ ਦੀ ਵਿਆਕਰਨ ਦੇ ਮੂਜਬ ਹੈ। ਐਪਰ
(ਅ) ਪੰਗਤੀ ਦੀ ਸ਼ੈਲੀ ਸੰਸਕ੍ਰਿਤ ਨਾਲ ਵਾਸਤਾ ਨਹੀਂ ਰਖਦੀ, ਚੂੰਕਿ ਸੰਸਕ੍ਰਿਤ ਇੱਕ ਸੰਜੋਗਾਤਮਕ ਭਾਖਾ ਹੈ ਜਿਸ ਵਿੱਚ ਅਪੂਰਨ ਕਿਰਿਆ ਹੈ ਨਹੀਂ ਪ੍ਰਯੋਗ ਹੁੰਦੀ । ਉਕਤ ਪੰਗਤੀ ਵਿੱਚ ਪ੍ਰਾਕ੍ਰਿਤ ਦੀ ਸ਼ੈਲੀ ਵਰਤੀ ਗਈ ਹੈ।

ਨਿਹਫਲੰ ਤਸ੍ਯ ਜਨਮਸ੍ਯ ਜਾਵਦ ਬ੍ਰਹਮ ਨ ਬਿੰਦਤੇ॥ (ਪੰ:/1353)

ਉਪਰੋਕਤ ਪੰਗਤੀ ਵਿੱਚ ਨਿਹਫਲੰ ਲਫ਼ਜ਼ ਪ੍ਰਾਕ੍ਰਿਤ ਦਾ ਹੈ ਅਤੇ ਇਹ ਸੰਸਕ੍ਰਿਤ ਨਿਸ਼ਫਲ(निष्फल्) ਤੋਂ ਬਣਿਆ ਹੈ। ਇਹ ਤਬਦੀਲੀ ਭਾਸ਼ਾਈ ਤੌਰ ਤੇ ਹੋਈ ਹੈ।ਚੂੰਕਿ ਸੰਸਕ੍ਰਿਤ ਤੋਂ ਪਾਲੀ ਅਤੇ ਪ੍ਰਾਕ੍ਰਿਤ ਤਕ ਦੇ ਭਾਖਾ-ਪੜਾਅ ਵਿੱਚ ਕੁੱਝ ਅੱਖਰਾਂ ਦੀ ਆਪਸੀ ਤਬਦੀਲੀ ਹੋ ਗਈ ਸੀ। ਸੰਜੋਗਾਤਮਕ ਤੋਂ ਵਿਜੋਗਾਤਮਕ ਰੂਪ ਵਿੱਚ ਕੁੱਝ ਪ੍ਰਮੁੱਖ ਅੱਖਰ ਆਪਸ ਵਿੱਚ ਵਟੀਜ ਗਏ ਸਨ। ਸੰਸਕ੍ਰਿਤ ਦਾ ਮੂਰਧਨ ਅਤੇ ਤਾਲਵੀ ਸ਼ (ष,श) ਪ੍ਰਾਕ੍ਰਿਤ ਵਿੱਚ ਹ ਅਤੇ ਸ ਵਿੱਚ ਤਬਦੀਲ ਹੋ ਗਿਆ ਸੀ। ਸੰਸਕ੍ਰਿਤ ਲਫ਼ਜ਼ ਸ਼ੁਸ਼ਕ(शुष्क) ਪ੍ਰਾਕ੍ਰਿਤ ਵਿੱਚ ਸਹਕੰ(सह्कं) ਬਣ ਗਿਆ, ਜੋ ਬਾਣੀ ਸਹਸਕ੍ਰਿਤੀ (ਸਲੋਕ ੬੪) ਵਿੱਚ ਵਰਤਿਆ ਗਿਆ ਹੈ।

ਕੁੱਝ ਵਿਸ਼ੇਸ਼ ਤਬਦੀਲੀ :
1. ਪ੍ਰਾਕ੍ਰਿਤਾਂ ਵਿੱਚ ਸੰਸਕ੍ਰਿਤ ਵਿਸਰਗ ਲੋਪ ਹੋ ਗਈ ਸੀ, ਜਿਸ ਦੀ ਥਾਂ ਅਹ ਵਰਤਿਆ ਜਾਂਦਾ ਸੀ। ਬਾਣੀ ਸਹਸਕ੍ਰਿਤੀ ਵਿੱਚ ਇਹ ਸ਼ੈਲੀ ਨਜ਼ਰ ਪੈਂਦੀ ਹੈ।

2. ਸਭ ਤੋਂ ਵੱਡੀ ਤਬਦੀਲੀ ਜੋ ਪ੍ਰਾਕ੍ਰਿਤਾਂ ਵਿੱਚ ਹੋਈ, ਸੰਸਕ੍ਰਿਤ ਦਾ ਸ਼ (ष) ਮੂਰਧਨ ਅਤੇ (क्ष) ਸ਼ੌਰਸ਼ੈਨੀ ਪ੍ਰਾਕ੍ਰਿਤ ਵਿੱਚ ਖ ਵਿੱਚ ਤਬਦੀਲ ਹੋ ਗਏ। ਇਹ ਪ੍ਰਭਾਵ ਅਪਭ੍ਰੰਸ਼ ਤਕ ਰਿਹਾ। ਸਮੱਗਰ ਗੁਰਬਾਣੀ ਵਿੱਚ ਇਹ ਤਬਦੀਲੀ ਦਿਖਾਈ ਦਿੰਦੀ ਹੈ। ਜਿਵੇਂ ਪੁਰਸ਼(पुरुष्) ਪੁਰਖ ਅਤੇ ਲਕਸ਼ਨ(लक्षण) ਲਖਣ/ਲਖਨ ਹੋ ਗਿਆ ।

3. ਸੰਸਕ੍ਰਿਤ ਦੇ (ष,श) ਮੂਰਧਨ ਅਤੇ ਤਾਲਵੀ ਅੱਖਰ ਪ੍ਰਾਕ੍ਰਿਤਾਂ ਦੇ ਅਰੰਭ ਤੋਂ ਹੀ ਸਮਾਪਤ ਹੋ ਗਏ ਸਨ। ਸੰਸਕ੍ਰਿਤ ਤੋਂ ਬਾਅਦ ਕਿਸੇ ਭੀ ਭਾਖਾ ਪੜਾਅ ਵਿੱਚ ਇਹ ਅੱਖਰ ਨਹੀਂ ਰਹੇ। ਇਨ੍ਹਾਂ ਦੀ ਥਾਵੇਂ ਕੇਵਲ ਸ ਹੀ ਰਹਿ ਗਿਆ ਸੀ। ਇਸ ਕਰਕੇ ਸਮਗੱਰ ਗੁਰਬਾਣੀ ਵਿੱਚ ਇਹ ਧੁਨੀਆਂ ਵਰਤੀਆਂ ਹੀ ਨਹੀਂ ਗਈਆਂ । ਪਾਲੀ, ਪ੍ਰਾਕ੍ਰਿਤ, ਅਪਭ੍ਰੰਸ਼ ਦੀ ਵਰਨਮਾਲਾ ਵਿੱਚ ਇਹ ਅੱਖਰ ਮੌਜੂਦ ਹੀ ਨਹੀਂ ਹਨ।

ਸਹਸਕ੍ਰਿਤੀ ਨਾਮ ਸੰਬੰਧੀ :
ਜਿਸ ਤਰ੍ਹਾਂ ਉੱਪਰ ਵੀਚਾਰ ਸਾਂਝੇ ਕੀਤੇ ਹਨ ਕਿ ਭਾਖਾਈ-ਪੜਾਅ ਕਰਕੇ ਕੁੱਝ ਅੱਖਰ ਆਪਸ ਵਿੱਚ ਜਲ-ਵਾਯੂ ਕਰਕੇ ਵਟੀਜ ਗਏ ਸਨ । ਲਫ਼ਜ਼ ਸਹਸਕ੍ਰਿਤੀ ਨਾਉਂ ਭੀ ਇਸ ਹੀ ਪੈਦਾ ਹੋਇਆ ਹੈ। ਸੰਸਕ੍ਰਿਤ ਲਫ਼ਜ਼ ਦਾ ਉਪਸਰਗ सं ਪ੍ਰਾਕ੍ਰਿਤ ਵਿੱਚ ਹ ਬਣ ਗਿਆ । ਜਿਵੇਂ ਲਫ਼ਜ਼ संश्य,ਸਹਸਾ ਬਣ ਗਿਆ,ਇਸ ਤਰ੍ਹਾਂ ਹੀ संस्कृत ਲਫ਼ਜ਼ ਪਾਲੀ,ਪ੍ਰਾਕ੍ਰਿਤ ਦੇ ਸਾਹਿਤ ਵਿੱਚ ਸਹਸਕ੍ਰਿਤ ਬਣ ਗਿਆ । ਇਸ ਤਰ੍ਹਾਂ ਹੀ ਸਹਸਕ੍ਰਿਤ ਤੋਂ ਬਾਣੀ ਦਾ ਨਾਮ ਸਹਸਕ੍ਰਿਤੀ ਬਣਿਆ ਹੈ। ਖਿਆਲ ਹੈ ਕਿ ਸੰਸਕ੍ਰਿਤ ਸਾਹਿਤ ਭਾਸ਼ਾ ਦੇ ਮੁਕਾਵਲੇ ਤੇ ਹੀ ਖੇਤਰੀ ਲੋਕ ਬੋਲੀ ਪ੍ਰਾਕ੍ਰਿਤ ਨੂੰ ਸਹਸਕ੍ਰਿਤੀ ਦਾ ਨਾਉਂ ਦੇ ਕੇ ਵਰਤਿਆ ਗਿਆ ਹੋਵੇ। ਰਾਮਕਲੀ ਰਾਗ ਵਿੱਚ ਵਰਤਿਆ ਲਫ਼ਜ਼ ਸਹਸਕਿਰਤਾ ਭੀ ਉਪਰੋਕਤ ਲਫ਼ਜ਼ ਹੀ ਹੈ ।

ਨਿਸ਼ਕਰਸ਼ :
ਸਮੁੱਚੀ ਵੀਚਾਰ ਦਾ ਭਾਵ ਹੈ ਕਿ, ਸਹਸਕ੍ਰਿਤ ਬਾਣੀ ਪਾਲੀ, ਪ੍ਰਾਕ੍ਰਿਤ ਅਤੇ ਅਰਧ-ਮਾਗਧੀ ਭਾਖਾ ਵਿੱਚ ਹੈ। ਇਸ ਦਾ ਪਿੰਡਾ ਸੰਸਕ੍ਰਿਤ ਦੀ ਸ਼ੈਲੀ ਵਾਲਾ ਹੈ, ਐਪਰ ਸਿੱਧਾ ਸੰਸਕ੍ਰਿਤ ਨਾਲ ਇਸ ਬਾਣੀ ਦਾ ਕੋਈ ਤੁਅੱਲੁਕ ਨਹੀਂ ਹੈ। ਲਫ਼ਜ਼ਾਂ ਦੀ ਬਣਤਰ ਅਤੇ ਸ਼ੈਲੀ ਮੂਜਬ ਪ੍ਰਾਕ੍ਰਿਤ ਨਾਲਾ ਨਾਤਾ ਜੁੜਦਾ ਹੈ।

ਤਰਤੀਬ ਸੰਬੰਧੀ ਵੀਚਾਰ :
ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਂ ੧੩੫੩ ਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਨਾਲ ਮਜ਼ਮੂਨ ਦੀ ਅਰਭੰਤਾ ਹੁੰਦੀ ਹੈ।ਇਸ ਮਜ਼ਮੂਨ ਵਿੱਚ ਚਾਰ ਸ਼ਬਦ ਹਨ,ਕੁੱਝ ਵਿਦਵਾਨ ਉਕਤ ਚਾਰੇ ਸ਼ਬਦਾਂ ਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਰਚੇ ਹੋਏ ਮੰਨਦੇ ਹਨ। ਐਪਰ ਅਸਾਂ ਉੱਪਰ ਦੱਸੀ ਤਰਤੀਬ ਵਿੱਚ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਅਤੇ ਤਿੰਨ੍ਹ ਸ਼ਬਦ ਗੁਰੂ ਅੰਗਦ ਸਾਹਿਬ ਵੱਲੋਂ ਬਖਸ਼ਸ਼ ਕੀਤੇ ਮੰਨੇ ਹਨ । ਇਸ ਦਾ ਕਾਰਨ ਇਹ ਹੈ ਕਿ ਹੱਥ ਲਿਖਤੀ ਬੀੜਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਪੜ੍ਹਿ ਪੁਸਤਕ ਸੰਧਿਆ ਬਾਦੰ ਦੀ ਸਮਾਪਤੀ ਤੋਂ ਬਾਅਦ ੴ ਦਾ ਮੰਗਲ ਸੁਭਾਇਮਾਨ ਹੈ। ਇਸ ਮੰਗਲ ਦਾ ਭਾਵੇਂ ਮੌਜੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਭਾਵ ਹੈ, ਐਪਰ ਕਰਤਾਰਪੁਰੀ ਬੀੜ (ਉਤਾਰਾ) ਵਿੱਚ ਅਤੇ ਪ੍ਰਮਾਣਿਕ ਦਮਦਮੀ ਸ਼ਾਖ ਦੀਆਂ ਬੀੜਾਂ ਵਿੱਚ ਮੌਜੂਦ ਹੈ। ਬਲਾਕਾਂ ਰਾਹੀ ਛਪਵਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਿੱਚ ਭੀ ਉਕਤ ਮੰਗਲ ਵਿਦਮਾਨ ਸੀ। ਸ਼ਬਦਾਰਥ ਐਡੀਸ਼ਨ ੧੯੭੯-੮੦ ਵਿੱਚ ਭੀ ਇਹ ਮੰਗਲ ਸਸ਼ੋਭਤ ਹੈ,ਜਿਸ ਦੀ ਤਸਵੀਰ ਨਾਲ ਨੱਥੀ ਕੀਤੀ ਜਾ ਰਹੀ ਹੈ। ਭਾਈ ਜੋਧ ਸਿੰਘ ਜੀ ਦੀ ਪੁਸਤਕ ਸ਼੍ਰੀ ਕਰਤਾਰਪੁਰੀ ਬੀੜ ਦੇ ਦਰਸ਼ਨ ਦੇ ਪੰਨੇ 118 ਨੂੰ ਪਾਠਕ ਦੇਖ ਸਕਦੇ ਹਨ ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੪੮ ਤੇ ਵਾਰ ਮਾਝ ਵਿੱਚ ਮਹਲਾ ੨ ਸਿਰਲੇਖ ਨਾਲ ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮੁ ਨ ਬਿੰਦਤੇ ੨੩ ਨੰਬਰ ਪਉੜੀ ਨਾਲ ਲੱਗਾ ਹੋਇਆ ਹੈ। ਵਾਰ ਆਸਾ ਵਿੱਚ ਪੰਨਾਂ ੪੬੯ ਤੇ ੧੨ ਨੰਬਰ ਪਉੜੀ ਨਾਲ ਮ:੨,ਜੋਗੁ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ ਅੰਕਿਤ ਹੈ। ਤਿੰਨ੍ਹ ਨੰਬਰ ਸਲੋਕ ਭੀ ਵਾਰ ਆਸਾ ਦੀ ੧੨ਵੀਂ ਪਉੜੀ ਨਾਲ ਹੀ ਮ:੨,ਏਕ ਕ੍ਰਿਸਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ॥ ਕਰਕੇ ਸਸ਼ੋਭਤ ਹੈ। ਬਾਣੀ ਸਹਸਕ੍ਰਿਤੀ ਦੀ ਤਰਤੀਬ ਵਿੱਚ ਗੁਰੂ ਨਾਨਕ ਸਾਹਿਬ ਜੀ ਇੱਕ ਸ਼ਬਦ ਤੋਂ ਬਾਅਦ ੴ ਮੰਗਲ ਦਾ ਆਉਣਾ, ਇਹ ਦਸਦਾ ਹੈ ਕਿ ਅਗਲੇਰੇ ਤਿੰਨ੍ਹ ਸ਼ਬਦਾਂ ਦਾ ਜੋਟਾ ਗੁਰੂ ਅੰਗਦ ਸਾਹਿਬ ਦੇ ਸ਼ਬਦਾਂ ਦਾ ਹੈ। ਇਸ ਤਰ੍ਹਾਂ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਤਿੰਨ੍ਹ ਸ਼ਬਦ ਗੁਰੂ ਅੰਗਦ ਸਾਹਿਬ ਜੀ ਦੇ ਹਨ।

ਬਾਣੀ ਗਾਥਾ ਦੀ ਭਾਸ਼ਾ ਤੇ ਸ਼ੈਲੀ ਅਤੇ ਬਾਣੀ ਸਹਸਕ੍ਰਿਤੀ ਦੇ ਸ਼ਬਦ-ਜੋੜਾਂ ਸੰਬੰਧੀ ਸਾਂਝ ਅਗਲੇਰੇ ਲੇਖ ਵਿੱਚ ਸਾਂਝੀ ਕੀਤੀ ਜਾਵੇਗੀ।

ਭੁੱਲ-ਚੁਕ ਦੀ ਖ਼ਿਮਾਂ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top