ਸਿੱਖ ਇਤਿਹਾਸ ਦੇ ਲੱਹੂ ਭਿੱਜੇ ਪੰਨੇ
ਇੱਕ ਵਿਲੱਖਣ ਸਥਾਨ ਰੱਖਦੇ ਹਨ, ਪਰ ਜੇਕਰ ਸੰਸਾਰ ਦੇ ਸਾਰੇ ਰਹਿਬਰਾਂ ਦਾ ਇਤਿਹਾਸ
ਇੱਕ ਪਾਸੇ ਰੱਖੀਏ ਤਾਂ ਦੂਜੇ ਪਾਸੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ
ਅਦੁੱਤੀ ਸਫਰ ਵਿੱਚੋ ਪੋਹ ਮਹੀਨੇ ਦੀਆਂ ਸੱਤ ਰਾਤਾਂ (੬-੭ ਪੋਹ ਤੋਂ ਲੈ ਕੇ ੧੩ ਪੋਹ) ਦਾ
ਇਤਿਹਾਸ ਅਗੰਮੀ ਥਾਂ ਰੱਖਦਾ ਹੈ। ਇਸ ਸਮੇਂ ਵਿੱਚ ਗੁਰੂ ਸਾਹਿਬ ਦੇ ਪਰਿਵਾਰ ਦੇ ਪੰਜ ਜੀਅ
ਤੇ ਅਨੇਕਾਂ ਸਿੰਘ ਸ਼ਹੀਦੀ ਜਾਮ ਪੀ ਗਏ।
ਸਫਰ-ਏ-ਸ਼ਹਾਦਤ
ਦਾ ਇਹ ਸਫਰ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਰਹਿੰਦ ਤੱਕ ਚੱਲਦਾ ਹੈ।
ਗੁਰੂ ਸਾਹਿਬ ਦਾ ਪਰਿਵਾਰ ਸਰਸਾ ਨਦੀ ਤੇ "ਆਸਾ ਕੀ ਵਾਰ" ਦੇ ਪਾਠ ਤੱਕ ਇੱਕਠਾ ਸੀ, ਇਸ
ਤੋਂ ਬਾਅਦ ਪਰਿਵਾਰ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਬਹੁਤ ਹੀ ਕੀਮਤੀ ਸਮਾਨ, ਬਹੁੱਤ ਸਾਰੇ
ਗ੍ਰੰਥ ਤੇ ਸਿੰਘ ਸਰਸਾ ਨਦੀ ਦੀ ਭੇਟ ਚੜ ਗਏ। ਮਾਫ ਕਰਨਾ ਸਾਡਾ ਪਰਿਵਾਰ ਉਸ ਦਿਨ ਤੋਂ
ਬਾਅਦ ਇੱਕਠਾ ਨਹੀਂ ਸਕਿਆ।
ਕਦੀ ਮਹਿਸੂਸ ਕਰੋ ਗੁਰੂ ਸਾਹਿਬ ਨੇ ਪਰਿਵਾਰ ਤੇ ਸਿੱਖਾਂ ਸਮੇਤ ਉਹ ਬਿਖੜੇ ਪੈਂਡੇ ਕਿਵੇ
ਸਰ ਕੀਤੇ ਹੋਣਗੇ?? ਕਲਗੀਆਂ ਵਾਲੇ ਪਾਤਸ਼ਾਹ ਨੇ ਨੰਗੇ ਪੈਰਾਂ ਨਾਲ ਜੰਗਲਾਂ ਵਿੱਚ ਕਿਵੇ
ਸਫਰ ਕੀਤਾ ਹੋਵੇਗਾ? ? ਛੋਟੇ ਸਾਹਿਬਜ਼ਾਦੇ ਸਾਹਿਬਾਨ ਕੁੰਮੇ ਮਾਸ਼ਕੀ ਦੀ ਝੁੱਗੀ ਤੇ ਠੰਢੇ
ਬੁਰਜ ਵਿੱਚ ਸੀਤ ਹਵਾਵਾਂ ਵਿੱਚ ਕਿਵੇਂ ਰਹੇ ਹੋਣਗੇ???
ਦਸਮ ਪਿਤਾ ਜੀ ਦੇ ਦੁਲਾਰਿਆਂ ਦੀ ਕੁਰਬਾਨੀ ਨੂੰ ਯਾਦ ਕਰ ਕੇ
ਹਿਰਦੇ ਵਲੂੰਧਰੇ ਜਾਂਦੇ ਹਨ, ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਸ਼ਹੀਦੀ
ਜੋੜ-ਮੇਲਿਆਂ ਤੇ ਜੁੜਨ ਵਾਲੀ ਕੋਈ ਗੱਲ ਨਹੀਂ ਹੁੰਦੀ। ਪਰ ਅਫ਼ਸੋਸ ਅਸੀਂ ਇਹ
ਸ਼ਹੀਦੀ ਦਿਹਾੜੇ ਸਿਰਫ ਤੇ ਸਿਰਫ ਜੀਭ ਦੇ ਸਵਾਦਾਂ ਤੱਕ ਹੀ ਸੀਮਿਤ ਰੱਖ ਲਏ ਹਨ, ਲੰਗਰਾਂ
ਵਿੱਚ ਤਰਾਂ-ਤਰਾਂ ਦੇ ਪਕਵਾਨ ਬਣਦੇ ਹਨ। ਸਾਡਾ ਦਸਵੰਧ ਸਿਰਫ ਤੇ ਸਿਰਫ ਲੰਗਰਾਂ 'ਤੇ ਖਰਚ
ਹੋ ਰਿਹਾ ਹੈ।
ਪਰ ਅਜੋਕੇ ਸਮੇਂ ਵਿੱਚ ਫ਼ਤਿਹਗੜ ਸਾਹਿਬ ਦੀ "ਸ਼ਹੀਦੀ
ਸਭਾ" ਦਾ ਸਿਆਸੀ ਅਤੇ ਵਪਾਰੀਕਰਨ ਹੋਣ ਕਰਕੇ "ਰੂਹਾਨੀ ਸ਼ਾਨ" ਨੂੰ ਢਾਅ ਲੱਗਣ ਲੱਗੀ।
ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੀ-ਆਪਣੀ ਪਿੱਠ ਥਾਪੜਨ ਤੇ ਵਿਰੋਧੀਆਂ ਧਿਰਾਂ ਲਈ ਭੱਦੀ
ਸ਼ਬਦਾਵਲੀ ਦੀ ਵਰਤੋਂ ਕਰਦੀਆਂ ਹਨ। ਵੱਖ-ਵੱਖ ਸਿਆਸੀ ਦਲਾਂ ਦਾ ਜ਼ੋਰ ਸਿਰਫ ਤੇ ਸਿਰਫ
ਸ਼ਕਤੀ ਪਰਦਰਸ਼ਨ ਕਰਨ ਤੇ ਲੱਗਾ ਹੁੰਦਾ ਹੈ। ਸਿਆਸੀ ਦਲਾਂ ਨੂੰ ਮੇਰੀ ਬੇਨਤੀ ਹੈ ਕਿ
ਰੋਟੀਆਂ ਸੇਕਣ ਨੂੰ ਹੋਰ ਬਹੁੱਤ ਥਾਂਵਾਂ ਹਨ, ਫਤਹਿਗੜ ਸਾਹਿਬ ਦੀ ਪਵਿੱਤਰ ਧਰਤੀ ਜਿਸ
ਵਿੱਚ ਮੇਰੇ ਦਸ਼ਮੇਸ਼ ਪਿਤਾ ਜੀ ਦੇ ਦੁਲਾਰਿਆਂ ਦਾ ਤੇ ਮਾਤਾ ਗੁੱਜਰ ਕੌਰ ਜੀ ਦਾ ਖ਼ੂਨ
ਡੁੱਲਿਆ ਹੈ ਉੱਥੇ ਕੁੱਕੜ-ਖੇਹ ਉਡਾਉਣੀ ਬੰਦ ਕਰੋ।
ਕਿੰਨਾ ਵਧੀਆ ਹੋਵੇ ਜੇਕਰ ਸਾਰੇ ਦਲ ਮਿਲ ਕੇ ਇੱਕ
ਕੀਰਤਨ ਸਮਾਗਮ ਕਰਵਾਉਣ, ਜਿੱਥੇ ਸਿਰਫ ਤੇ ਸਿਰਫ ਗੁਰੂ ਸਾਹਿਬ ਤੇ ਸ਼ਹੀਦਾਂ ਦੀ ਗੱਲ ਹੋਵੇ।
ਸਾਨੂੰ ਸਾਰਿਆਂ ਨੂੰ ਇਹਨਾਂ ਕਾਨਫਰੰਸਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਤਾਂ ਕਿ ਇਸ
ਦਿਹਾੜੇ ਦੀ ਪਵਿੱਤਰਤਾ ਬਰਕਰਾਰ ਰੱਖੀ ਜਾ ਸਕੇ।
ਈਸਾਈ ਭਾਈਚਾਰੇ ਵਿੱਚ ਇੱਕ ਸ਼ਹੀਦ ਹੋਏ ਅਤੇ ਉਹਨਾਂ ਨੇ ਸਭ ਨੂੰ ਉਹਨਾਂ ਬਾਰੇ ਦੱਸਿਆ ਅਤੇ
ਸਿੱਖ ਕੌਮ ਦਾ ਪੂਰਾ ਹੀ ਲਹੂ ਭਿਜਿਆ ਇਤਿਹਾਸ ਹੈ,ਅਫਸੋਸ ਸਾਡੇ ਨੌਜਵਾਨ ਵਰਗ ਨੂੰ ਅੱਜ
ਇਤਿਹਾਸ ਦੇ ਲਹੂ ਨਾਲ ਭਿੱਜੇ ਪੰਨਿਆਂ ਨੂੰ ਦੇਖਣ ਅਤੇ ਮਹਿਸੂਸ ਕਰਨ ਦਾ ਸਮਾਂ ਨਹੀਂ ਹੈਲ
ਸ਼ਹੀਦੀ ਦਿਵਸ ਦੇ ਮੌਕੇ 'ਤੇ ਜਾਣਾ ਵੀ ਇਕ ਮਨੋਰੰਜਨ ਅਤੇ ਜੀਭ
ਦੇ ਸਵਾਦ ਦਾ ਸਾਧਨ ਹੀ ਬਣਕੇ ਰਹਿ ਗਿਆ ਹੈ, ਕਿਉਂਕਿ ਨਵੀਂ ਪੀੜੀ ਜੋ ਆਪਣੇ-ਆਪ
ਨੂੰ ਮਾਡਰਨ ਅਖਵਾਉਂਦੀ ਹੈ,ਉਸਨੂੰ ਦਸ਼ਮੇਸ਼ ਪਿਤਾ ਜੀ ਦੇ ਦੁਲਾਰਿਆਂ ਦੇ ਨਾਮ ਤਰਤੀਬਵਾਰ
ਵੀ ਪਤਾ ਨਹੀਂ ਹੁੰਦਾ, ਜੋ ਕਿ ਸਾਡੇ ਸਭ ਲਈ ਸ਼ਰਮ ਵਾਲੀ ਗੱਲ ਹੈ।
ਕਿੰਨਾਂ ਚੰਗਾ ਹੋਵੇ ਅਸੀਂ ਆਪਣੇ ਮਾਣਮੱਤੇ ਇਤਿਹਾਸ ਦੀ ਪੂਰੀ ਜਾਣਕਾਰੀ ਰੱਖੀਏ ਅਤੇ
ਗੁਰਬਾਣੀ ਤੋਂ ਸੇਧ ਲਈਏ, ਤਾਂ ਹੀ ਸਾਡੀ ਸਾਹਿਬਜ਼ਾਦੇ ਸਾਹਿਬਾਨ ਅਤੇ ਮਾਤਾ ਗੁੱਜਰ ਕੌਰ
ਜੀ ਦੀ ਯਾਦ ਮਨਾਈ ਸਫਲੀ ਹੋਵੇਗੀ।