Share on Facebook

Main News Page

ਬਾਣੀ ਸੁਖਮਨੀ ਅਤੇ ਸਾਧਾਂ ਦੇ ਝੂਠ
-: ਮੱਖਣ ਸਿੰਘ ਪੁਰੇਵਾਲ
ਦਸੰਬਰ 17, 2017

ਸੁਖਮਨੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 262 ਤੋਂ ਸ਼ੁਰੂ ਹੁੰਦੀ ਹੈ। ਇਹ ਬਾਣੀ ਕੁੱਝ ਸਰਲ ਹੋਣ ਦੇ ਕਾਰਨ ਛੇਤੀਂ ਸਮਝ ਵਿੱਚ ਪੈ ਜਾਂਦੀ ਹੈ। ਰੋਜ਼ਾਨਾ ਨਿੱਤਨੇਮ ਤੋਂ ਬਾਅਦ ਸ਼ਾਇਦ ਇਹ ਹੀ ਬਾਣੀ ਹੋਵੇਗੀ ਜੋ ਦੁਨੀਆ ਵਿੱਚ ਸਭ ਤੋਂ ਵੱਧ ਪੜ੍ਹੀ ਜਾਂਦੀ ਹੋਵੇਗੀ। ਬਹੁਤ ਸਾਰੇ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਹਫਤਾਵਾਰੀ ਇਸ ਦੇ ਪਾਠ ਬੀਬੀਆਂ ਵਲੋਂ ਕੀਤੇ ਜਾਂਦੇ ਹਨ। ਇਸ ਦੇ ਨਾਮ 'ਤੇ ਕਈ ਸਭਾ ਸੁਸਾਇਟੀਆਂ ਵੀ ਬਣੀਆਂ ਹੋਈਆਂ ਹਨ। ਖੁਸ਼ੀ ਅਤੇ ਗਮੀ ਦੇ ਮੌਕੇ ਜਿਹੜੇ ਵਿਆਕਤੀ ਅਖੰਡਪਾਠ ਜਾਂ ਸਹਿਜਪਾਠ ਨਹੀਂ ਕਰਵਾਉਂਦੇ ਉਹ ਸੁਖਮਨੀ ਦਾ ਪਾਠ ਜਰੂਰ ਕਰਵਾਉਂਦੇ ਹਨ।

ਡੇਰਿਆਂ ਵਾਲੇ ਕਥਿਤ ਸਾਧ ਸੰਤ ਇਹ ਬਾਣੀ ਪੜ੍ਹਨ ਤੇ ਬਹੁਤ ਜੋਰ ਦਿੰਦੇ ਹਨ। ਇਸ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਬਾਣੀ ਵਿਚ, ਸਾਧ, ਸੰਤ ਅਤੇ ਬ੍ਰਹਮਗਿਆਨੀ ਦੀ ਉਸਤਤ ਕੀਤੀ ਗਈ ਹੈ। ਇਸੇ ਕਰਕੇ ਕਈ ਡੇਰਿਆਂ ਵਾਲੇ ਸਾਧ-ਸੰਤ ਇਸ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਆਪਣੇ ਤੇ ਢਕਾਉਣ ਦਾ ਯਤਨ ਕਰਦੇ ਹਨ। ਉਂਜ ਵੀ ਡੇਰੇਦਾਰਾਂ ਦੇ ਸ਼ਰਧਾਲੂ ਇਸ ਬਾਣੀ ਦਾ ਪਾਠ ਕਰਕੇ ਸਾਧਾਂ ਸੰਤਾਂ ਤੇ ਅੰਨੀ ਸ਼ਰਧਾ ਰੱਖਣ ਲੱਗ ਪੈਂਦੇ ਹਨ।

ਬਹੁਤੇ ਡੇਰੇਦਾਰ ਇਹ ਵੀ ਪ੍ਰਚਾਰ ਕਰਦੇ ਹਨ ਕਿ ਇਸ ਦੇ ਪਾਠ ਕਰਨ ਨਾਲ 24 ਘੰਟੇ ਸਫਲ ਹੋ ਜਾਂਦੇ ਹਨ ਕਿਉਂਕਿ ਇਸ ਬਾਣੀ ਵਿੱਚ 24 ਸਲੋਕ ਅਤੇ 24 ਅਸਟਪਦੀਆਂ ਹਨ। ਇਸ ਬਾਣੀ ਦੇ ਅੱਖਰ ਵੀ 24000 ਹਨ। ਹਰ ਬੰਦਾ 24 ਘੰਟਿਆਂ ਵਿੱਚ 24000 ਸਾਹ ਲੈਂਦਾ ਹੈ ਇਸ ਲਈ ਉਸ ਦੇ ਸਾਰੇ ਸਾਹ ਸਫਲ ਹੋ ਜਾਂਦੇ ਹਨ।

ਇਸ ਲੇਖ ਵਿੱਚ ਇਹੀ ਵਿਚਾਰ ਕਰਨੀ ਹੈ ਕਿ ਵਾਕਿਆ ਹੀ ਇਸ ਬਾਣੀ ਦੇ 24000 ਅੱਖਰ ਹਨ ਅਤੇ ਸਾਹ ਵੀ 24 ਘੰਟਿਆਂ ਵਿੱਚ 24000 ਹੀ ਆਉਂਦੇ ਹਨ? ਉਂਜ 9 ਕੁ ਸਾਲ ਪਹਿਲਾਂ ਵੀ ਇੱਕ ਲੇਖ ਇਸ ਵਿਸ਼ੇ ਤੇ ਇੱਥੇ ਸਿੱਖ ਮਾਰਗ ਤੇ ਛਪ ਚੁੱਕਾ ਹੈ। ਪਰ ਉਸ ਲੇਖ ਵਿੱਚ ਅੱਖਰਾਂ ਦੀ ਗਿਣਤੀ ਕੁੱਝ ਅਧੂਰੀ ਸਪਸ਼ਟ ਹੁੰਦੀ ਸੀ। ਆਮ ਪਾਠਕ ਉਸ ਤੋਂ ਭੁਲੇਖਾ ਖਾ ਸਕਦੇ ਹਨ। ਪਰ ਹੁਣ ਇਸ ਲੇਖ ਵਿੱਚ ਹਰ ਇੱਕ ਅੱਖਰ ਦੀ ਗਿਣਤੀ, ਸਾਰੀਆਂ ਲਗਾਂ-ਮਾਤਰਾਂ ਦੀ ਗਿਣਤੀ ਅਤੇ ਨਾਲ ਹੀ ਸਾਰੇ ਪੈਰਾਂ ਵਿੱਚ ਪਾਏ ਗਏ ਅੱਖਰਾਂ ਦੀ ਗਣਤੀ ਕਰਕੇ ਦੱਸੀ ਹੈ, ਤਾਂ ਕਿ ਕਿਸੇ ਨੂੰ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਾ ਰਹੇ। ਸਮਾ ਤਾਂ ਭਾਵੇਂ ਮੇਰਾ ਕਾਫੀ ਲੱਗ ਗਿਆ ਹੈ, ਪਰ ਇਸ ਕੀਤੀ ਹੋਈ ਗਿਣਤੀ ਨੂੰ ਨਾ ਤਾਂ ਕੋਈ ਰੱਦ ਕਰ ਸਕਦਾ ਹੈ ਅਤੇ ਨਾ ਹੀ ਥੋੜੇ ਕੀਤੇ ਇਸ ਤੋਂ ਮੁੱਕਰ ਸਕਦਾ ਹੈ। ਹਾਂ ਪੈਰਾਂ ਵਿੱਚ ਪਏ ਹੋਏ ਕਿਸੇ ਅੱਖਰ ਦੀ ਥੋੜੀ ਜਿਹੀ ਗੁੰਜਾਇਸ਼ ਹੋ ਸਕਦੀ ਹੈ ਕਿ ਕਿਤੇ ਵੱਧ ਘੱਟ ਪਿਆ ਹੋਵੇ। ਲਓ ਪੜ੍ਹ ਦੇਖ ਲਓ ਪਹਿਲਾਂ ਇਹ ਗਿਣਤੀ ਬਾਕੀ ਵਿਚਾਰ ਅੱਗੇ ਕਰਦੇ ਹਾਂ:

 

ੳ ਅ ੲ ਸ ਹ - ਤੱਕ ਪਹਿਲੀ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 6,293

ਕ ਖ ਗ ਘ ਙ - ਤੱਕ ਦੂਜੀ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 3,418

ਚ ਛ ਜ ਝ ਞ - ਤੱਕ ਤੀਜੀ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 1,326

ਟ ਠ ਡ ਢ ਣ - ਤੱਕ ਚੌਥੀ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 456

ਤ ਥ ਦ ਧ ਨ - ਤੱਕ ਪੰਜਵੀਂ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 5,425

ਪ ਫ ਬ ਭ ਮ - ਤੱਕ ਛੇਵੀਂ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 4,164

ਯ ਰ ਲ ਵ ੜ - ਤੱਕ ਸੱਤਵੀਂ ਪਾਲ ਦੇ ਅੱਖਰਾਂ ਦੀ ਕੁੱਲ ਗਿਣਤੀ = 3,294

ਖੁੱਲੇ ਮੂੰਹ ਵਾਲੇ ਊੜੇ (ਓ) ਦੀ ਕ਼ੁੱਲ ਗਿਣਤੀ = 49

ਇੱਕ ਉਅੰਕਾਰ ਦੀ ਗਿਣਤੀ = 1

ਪੈਰੀਂ ਰਾਰੇ ਅੱਖਰ ਦੀ ਕ਼ੁੱਲ ਗਿਣਤੀ = 607

ਕਿਉਂਕਿ ਪੈਰਾਂ ਵਾਲੇ ਰਾਰੇ ਅੱਖਰ ਦੀ ਅਵਾਜ਼ ਪੂਰੀ ਆਉਂਦੀ ਹੈ ਇਸ ਲਈ ਇਸ ਨੂੰ ਇੱਕ ਪੂਰੇ ਅੱਖਰ ਵਿੱਚ ਹੀ ਗਿਣਿਆ ਜਾਵੇਗਾ। ਮਿਸਾਲ ਦੇ ਤੌਰ 'ਤੇ ਇਸਤ੍ਰੀ ਅਤੇ ਇਸਤਰੀ ਦੋਵੇਂ ਤਰ੍ਹਾਂ ਲਿਖਿਆ ਜਾਂਦਾ ਹੈ। ਉਂਜ ਵੀ ਹੁਣ ਯੂਨੀਵਰਸਿਟੀਆਂ ਵਾਲੇ ਕਈ ਵਿਦਵਾਨ ਪੈਰਾਂ ਵਾਲੇ ਰਾਰੇ ਦੀ ਥਾਂ ਤੇ ਪੂਰਾ ਰਾਰਾ ਹੀ ਲਿਖਣ ਵਿੱਚ ਵਰਤਦੇ ਹਨ।

ਉਪਰ ਲਿਖੀ ਅੱਖਰਾਂ ਦੀ ਕੁੱਲ ਗਿਣਤੀ ਦਾ ਜੋੜ ਬਣਦਾ ਹੈ = 25,033

ਇਸ ਉਪਰ ਵਾਲੀ ਗਿਣਤੀ ਤੋਂ ਬਿਨਾ ਬਾਕੀ ਹੋਰ ਗਿਣਤੀ ਇਸ ਤਰ੍ਹਾਂ ਹੈ:

ਪੈਰਾਂ ਵਿੱਚ ਪੈਣ ਵਾਲੇ ਅੱਧੇ ਅੱਖਰਾਂ ਦੀ ਕੁੱਲ ਗਿਣਤੀ ਬਣਦੀ ਹੈ = 24

ਲਗਾਂ-ਮਾਤਰਾਂ (ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਵਾਂ ਦੁਲਾਵਾਂ ਕੰਨਾ ਆਦਿਕ) ਦੀ ਕੁੱਲ ਗਿਣਤੀ ਬਣਦੀ ਹੈ= 14,673

ਡੰਡੀਆਂ ਦੀ ਕੁੱਲ ਗਿਣਤੀ ਬਣਦੀ ਹੈ = 2,268

ਹਿੰਦਸਿਆਂ ਦੀ ਕ਼ੁੱਲ ਗਿਣਤੀ ਬਣਦੀ ਹੈ = 256

ਇਹ ਸਾਰੀ ਗਿਣਤੀ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਇਹ ਕਿਸੇ ਵੀ ਤਰ੍ਹਾਂ ਪੂਰੀ 24000 ਨਹੀਂ ਬਣ ਸਕਦੀ ਜਿਵੇਂ ਕਿ ਡੇਰੇਦਾਰ ਸਾਧ ਪ੍ਰਚਾਰਦੇ ਹਨ। ਉਂਜ ਵੀ ਲਗਾਂ-ਮਾਤਰਾਂ ਤੋਂ ਬਿਨਾ ਨਾ ਤਾਂ ਬਾਣੀ ਠੀਕ ਉਚਾਰੀ ਜਾ ਸਕਦੀ ਹੈ ਅਤੇ ਨਾ ਹੀ ਸਮਝੀ ਜਾ ਸਕਦੀ ਹੈ। ਜੇ ਕਰ ਇਹ ਲਗਾਂ-ਮਾਤਰਾਂ ਵੀ ਨਾਲ ਜੋੜ ਲਈਆਂ ਜਾਣ ਤਾਂ ਇਹ ਗਿਣਤੀ ਬਣ ਜਾਂਦੀ ਹੈ= 39,706

ਜੇ ਕਰ ਇਹਨਾ ਵਿੱਚ ਪੈਰਾਂ ਵਾਲੇ ਅੱਧੇ ਅੱਖਰਾਂ ਦੀ ਗਣਤੀ ਅੱਧੇ ਗਿਣਕੇ ਨਾਲ ਜੋੜਿਆ ਜਾਵੇ ਤਾਂ 24 ਦਾ ਅੱਧ 12 ਹੋਰ ਜਮਾ ਕਰ ਲਓ ਤਾਂ ਇਹ ਬਣ ਜਾਣਗੇ=39,018

ਕਿਉਂਕਿ ਡੰਡੀਆਂ ਅਤੇ ਹਿੰਦਸੇ ਉਚਾਰਨ ਵਿੱਚ ਨਹੀਂ ਆਉਂਦੇ ਇਸ ਕਰਕੇ ਉਹਨਾ ਨੂੰ ਗਿਣਤੀ ਵਿੱਚ ਨਹੀਂ ਜੋੜਿਆ ਜਾ ਸਕਦਾ। ਸਿਰਫ ਮਹੱਲਾ ਨਾਲ ਆਏ ਹਿੰਦਸੇ ਹੀ ਉਚਾਰਨ ਵਿੱਚ ਆਉਂਦੇ ਹਨ।

 

ਆਓ ਹੁਣ 24 ਘੰਟੇ ਦਿਨ-ਰਾਤ ਵਿਚਲੇ 24,000 ਸਾਹਾਂ ਬਾਰੇ ਵੀ ਵਿਚਾਰ ਕਰ ਲਈਏ।

ਸਾਹ ਲੈਣ ਦੀ ਗਿਣਤੀ ਉਮਰ, ਕੰਮ, ਮੌਸਮ ਅਤੇ ਹੋਰ ਕਈ ਗੱਲਾਂ ਤੇ ਨਿਰਭਰ ਕਰਦੀ ਹੈ। ਇਹ ਕਦੀ ਵੀ ਸਾਰਿਆਂ ਦੀ ਇਕੋ ਜਿਹੀ ਨਹੀ ਹੋ ਸਕਦੀ। ਜੋ ਜਾਣਕਾਰੀ ਇੰਟਰਨੈੱਟ ਤੋਂ ਮੈਂ ਲਈ ਹੈ ਉਹ ਇਸ ਤਰ੍ਹਾਂ ਹੈ:

ਬੱਚੇ ਦੇ ਜੰਮਣ ਤੋਂ 6 ਹਫਤੇ ਤੱਕ 30-40 ਸਾਹ ਇੱਕ ਮਿੰਟ ਵਿੱਚ (43,200-57,600 ਸਾਹ 24 ਘੰਟੇ ਵਿਚ)

ਛੇ ਮਹੀਨੇ ਤੋਂ 25-40 ਸਾਹ ਇੱਕ ਮਿੰਟ ਵਿੱਚ (36,000- 57,600 ਸਾਹ 24 ਘੰਟੇ ਵਿਚ)

ਤਿੰਨ ਸਾਲ ਤੋਂ 20-30 ਸਾਹ ਇੱਕ ਮਿੰਟ ਵਿੱਚ (28,800- 43,200 ਸਾਹ 24 ਘੰਟੇ ਵਿਚ)

ਛੇ ਸਾਲ ਤੋਂ 18-25 ਸਾਹ ਇੱਕ ਮਿੰਟ ਵਿੱਚ (25,920-36,000 ਸਾਹ 24 ਘੰਟੇ ਵਿਚ)

ਦਸ ਸਾਲ ਤੋਂ 17-23 ਸਾਹ ਇੱਕ ਮਿੰਟ ਵਿੱਚ (24,480-33,120 ਸਾਹ 24 ਘੰਟੇ ਵਿਚ)

ਜੁਆਨੀ ਵਿੱਚ 12-18 ਸਾਹ ਇੱਕ ਮਿੰਟ ਵਿੱਚ (17,280- 25,920 ਸਾਹ 24 ਘੰਟੇ ਵਿਚ)

ਪੈਂਹਠ ਸਾਲ ਵਿੱਚ 12-28 ਸਾਹ ਇੱਕ ਮਿੰਟ ਵਿੱਚ (17,280-40,320 ਸਾਹ 24 ਘੰਟੇ ਵਿਚ)

ਅੱਸੀ ਸਾਲ ਵਿੱਚ 10-30 ਸਾਹ ਇੱਕ ਮਿੰਟ ਵਿੱਚ (14,400- 43,200 ਸਾਹ 24 ਘੰਟੇ ਵਿਚ)

 

ਸੋ ਸਪਸ਼ਟ ਹੈ ਕਿ ਨਾ ਤਾਂ ਸੁਖਮਨੀ ਸਾਹਿਬ ਦੇ 24,000 ਅੱਖਰ ਹਨ ਅਤੇ ਨਾ ਹੀ 24 ਘੰਟਿਆਂ ਵਿੱਚ ਹਰ ਇੱਕ ਪ੍ਰਾਣੀ ਪੂਰੇ 24,000 ਸਾਹ ਹੀ ਲੈ ਸਕਦਾ ਹੈ।

 

ਪਰ ਡੇਰਿਆਂ ਵਾਲੇ ਸਾਧਾਂ ਨੂੰ ਗੱਪਾਂ ਮਾਰਨ ਤੋਂ ਕੋਈ ਨਹੀਂ ਰੋਕ ਸਕਦਾ। ਲਓ ਹੁਣ ਦੇਖ ਲਓ ਸਭ ਤੋਂ ਵੱਡੇ ਮਹਾਂ-ਪੁਰਸ਼ ਅਥਵਾ ਵੱਡੇ ਗੱਪੀ ਬ੍ਰਹਮਗਿਆਨੀ ਦੀ ਲਿਖਤ ਜਿਹੜੇ ਕਹਿੰਦੇ ਹਨ ਕਿ ਗੁਰੂ ਜੀ ਧਰਮ ਦੀ ਠੇਕੇਦਾਰੀ ਸਾਨੂੰ ਹੀ ਦੇ ਕੇ ਗਏ ਸਨ। ਜੋ ਸਾਡੀਆਂ ਗੱਪਾਂ ਨਾਲ ਸਹਿਮਤ ਨਹੀਂ ਉਸ ਨੂੰ ਸਿੱਖ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਇਸੇ ਕਰਕੇ ਇਹ ਗੁਰਦੁਆਰਿਆਂ ਵਿੱਚ ਹੜਦੰਗ ਮਚਾਉਂਦੇ ਹਨ, ਹਮਲੇ ਕਰਦੇ ਹਨ ਅਤੇ ਜਾਨੋਂ ਮਾਰਨ ਤੱਕ ਵੀ ਜਾਂਦੇ ਹਨ ਜਿਵੇਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਇੱਕ ਸਾਥੀ ਮਾਰ ਦਿੱਤਾ ਸੀ। ਘੱਗੇ ਤੇ ਕਈ ਵਾਰੀ ਹਮਲੇ ਹੋ ਚੁੱਕੇ ਹਨ। ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਹੈ ਕਿ ਗੁਰਦੁਆਰੇ ਢੁਆਉਣ ਵਾਲਾ ਅਤੇ ਧਰਮ ਦੇ ਨਾਮ ਤੇ ਫਿਰਕਾ-ਪ੍ਰਸਤੀ ਫੈਲਾ ਕੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਸਾਧ ਵੀ ਸਾਰੀ ਸਿੱਖਿਆ ਇਸ ਗੱਪੀ ਸਾਧ ਤੋਂ ਹੀ ਲੈ ਕੇ ਆਇਆ ਸੀ। ਜਿਸ ਨੂੰ ਕਿ ਪਗੜੀ ਧਾਰੀ ਅਤੇ ਕਈ ਗੈਰ ਪਗੜੀ ਧਾਰੀ ਲੋਕ ਝੂਠ ਬੋਲ-ਬੋਲ ਕੇ ਮਹਾਨ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਹਨਾ ਦੋਹਾਂ ਦੀਆਂ ਕਈ ਗੱਪਾਂ ਬਿੱਲਕੁੱਲ ਮਿਲਦੀਆਂ ਹਨ। ਮਰਦਾਨੇ ਨੂੰ ਪਿਛਲੇ ਜਨਮ ਵਿੱਚ ਬਰਾਂਡੀ ਪਿਲਾਉਣ ਦੀ ਗੱਲ ਤਾਂ ਕਈਆਂ ਨੇ ਸੁਣੀ ਹੀ ਹੋਵੇਗੀ। ਹੋਰ ਜੋ ਵੀ ਮਨਮਤੀ ਕੂੜ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਉਸ ਨੂੰ ਇਹ ਸਾਰੇ ਹੀ ਸਾਧ ਠੀਕ ਮੰਨਦੇ ਹਨ। ਜੇ ਕਰ ਵਿਸ਼ਕਰਮਾ ਆਪਣੇ ਖਰਾਦ ਤੇ ਚਾੜ੍ਹ ਕੇ ਸੂਰਜ ਨੂੰ ਛਿੱਲ ਸਕਦਾ ਹੈ ਤਾਂ ਇਹ ਸੀਨਾ ਬਸੀਨਾ ਵਾਲੇ ਕਥਿਤ ਬ੍ਰਹਮ ਗਿਆਨੀ ਕਿਹੜਾ ਪਿਛੇ ਰਹਿ ਸਕਦੇ ਹਨ। ਇਹ ਵੀ ਤਾਂ ਬੀਬੀਆਂ ਦੇ ਵਰਤ ਰਖਾ ਕੇ ਸੂਰਜ ਨੂੰ ਚੜ੍ਹਨ ਤੋਂ ਰੋਕ ਹੀ ਦਿੰਦੇ ਹਨ।

ਇਸ ਟਕਸਾਲੀ ਗੁਰਬਚਨ ਸਿੰਘ ਨੇ ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਗੱਪਾਂ ਇਸ ਤਰ੍ਹਾਂ ਦੀਆਂ ਮਾਰੀਆਂ ਹੋਈਆਂ ਹਨ। ਇਸ ਤੋਂ ਸਿੱਖਿਆ ਲੈ ਕੇ ਆਏ ਸਾਧ ਨੇ ਵੀ ਹੂ-ਬ-ਹੂ ਉਹੀ ਗੱਪਾਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਭਾਂਵੇਂ ਕਿ ਸਾਰੀਆਂ ਗੱਪਾਂ ਮਾਰਨ ਦਾ ਸਬੱਬ ਨਹੀਂ ਬਣਿਆਂ ਜਾਂ ਸਾਰੀਆਂ ਬਾਹਰ ਆਮ ਲੋਕਾਈ ਵਿੱਚ ਨਹੀਂ ਆਈਆਂ। ਪਰ ਜਿਤਨੀਆਂ ਕੁ ਆਈਆਂ ਹਨ ਉਹ ਤਕਰੀਬਨ ਮਿਲਦੀਆਂ ਜੁਲਦੀਆਂ ਹੀ ਹਨ। ਸਾਰੀ ਦੁਨੀਆ ਦੇ ਸਿੱਖ ਇੱਕ ਗੱਲ ਦੀ ਬਹੁਤ ਰੌਲੀ ਪਉਂਦੇ ਹਨ ਕਿ ਸਿੱਖ ਇੰਡੀਆ ਵਿੱਚ ਗੁਲਾਮ ਹਨ। ਪੰਜਾਬ ਦੇ ਪਾਣੀ ਅਤੇ ਕਈ ਹੋਰ ਮੁੱਦਿਆਂ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ। ਪਰ ਬੋਲਣ ਲਿਖਣ ਦੀ ਅਜ਼ਾਦੀ ਤਾਂ ਸਾਰਿਆਂ ਕੋਲ ਇਕੋ ਜਿਹੀ ਹੈ ਜਾਂ ਕਿ ਨਹੀਂ। ਜੇ ਹੈ ਤਾਂ ਇਹ ਝੂਠ ਬੋਲਣ ਬਾਲੇ ਕਥਿਤ ਟਕਸਾਲੀ ਤਾਂ ਉਹ ਵੀ ਦੇਣ ਨੂੰ ਤਿਆਰ ਨਹੀਂ। ਹਾਲੇ ਤਾਂ ਇਹਨਾ ਕੋਲੋ ਕੋਈ ਰਾਜਸੀ ਤਾਕਤ ਵੀ ਨਹੀਂ ਰਾਜਸੀ ਲੋਕਾਂ ਦੀ ਸ਼ਹਿ ਹੀ ਹੈ। ਜੇ ਕਰ ਰਾਜਸੀ ਤਾਕਤ ਵੀ ਪੂਰੀ ਹੋਵੇ ਤਾਂ ਇਹ ਤਾਂ ਚੱਜ ਨਾਲ ਕਿਸੇ ਨੂੰ ਜੀਊਣ ਵੀ ਨਾ ਦੇਣ। ਆਪਣੇ ਤੋਂ ਵੱਖਰੇ ਵਿਚਾਰਾਂ ਵਾਲਿਆਂ ਨਾਲ ਹੁਣ ਤੱਕ ਸਾਰੀ ਦੁਨੀਆ ਵਿੱਚ ਇਹ ਕਿਤਨੇ ਲੋਕਾਂ ਤੇ ਹਮਲੇ ਕਰ ਚੁੱਕੇ ਹਨ? ਕਿਤਨਿਆਂ ਗੁਰਦੁਆਰਿਆਂ ਵਿੱਚ ਖਰੂਦ ਪਾ ਚੁੱਕੇ ਹਨ? ਗਾਲ੍ਹਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੋਵੇਗਾ ਜਿਤਨੀਆਂ ਇਹ ਸ਼ੋਸ਼ਲ ਮੀਡੀਆ ਅਤੇ ਯੂ-ਟਿਊਬ ਤੇ ਕੱਢਦੇ ਹਨ। ਤਾਂ ਹੀ ਬਹੁਤ ਸਾਰੇ ਵੀਡੀਓ ਥੱਲੇ ਕੁਮਿੰਟ ਕਰਨ ਦੀ ਸੁਵਿਧਾ ਬੰਦ ਕਰ ਦਿੰਦੇ ਹਨ। ਮਾਨ ਦੇ ਦੋ ਕਥਿਤ ਜਥੇਦਾਰ ਗਾਲ੍ਹਾਂ ਕੱਢਣ ਦੀ ਖਾਸ ਮੁਹਾਰਤ ਰੱਖਦੇ ਹਨ। ਇਹ ਟਕਸਾਲੀ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਇੱਕ ਸਾਥੀ ਦਾ ਕਤਲ ਕਰ ਚੁੱਕੇ ਹਨ। ਪ੍ਰੋ: ਦਰਸ਼ਨ ਸਿੰਘ ਤੇ ਵੀ ਕਈ ਵਾਰੀ ਹਮਲੇ ਹੋ ਚੁੱਕੇ ਹਨ। ਫਿਰ ਕਿਉਂ ਨਾ ਅਜਿਹੇ ਬੰਦਿਆਂ ਨੂੰ ਧਰਮ ਦੇ ਨਾਮ ਤੇ ਝੂਠ ਬੋਲਣ ਵਾਲੇ ਟਕਸਾਲੀ ਗੁੰਡੇ ਕਿਹਾ ਜਾਵੇ? ਜੇ ਕਰ ਮੇਰੀ ਇਹ ਸ਼ਬਦਾਵਲੀ ਠੀਕ ਨਹੀਂ ਹੈ ਤਾਂ ਤੁਸੀਂ ਦੱਸੋ ਕਿ ਠੀਕ ਕਿਹੜੀ ਹੋ ਸਕਦੀ ਹੈ? ਕੀ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁੰਡਾ ਗਰਦੀ ਕਰਨ ਦਾ ਵੀ ਗੁਰੂ ਜੀ ਇਹਨਾ ਨੂੰ ਠੇਕਾ ਦੇ ਕੇ ਗਏ ਸਨ?

ਬਾਣੀ ਭਾਵੇਂ ਕੋਈ ਵੀ ਕਿਤਿਉਂ ਵੀ ਪੜ੍ਹ ਲਓ ਸਾਰੀ ਇਕੋ ਜਿਹੀ ਹੀ ਹੈ। ਵਿਚਾਰ ਨਾਲ ਪੜ੍ਹੀ ਹੋਈ ਸਾਰੀ ਬਾਣੀ ਹੀ ਸੁਖ ਦੇਣ ਵਾਲੀ ਹੈ ਅਤੇ ਸਾਰੀ ਬਾਣੀ ਵਿੱਚ ਹੀ ਅੰਮ੍ਰਿਤ ਹੈ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਪੰਨਾ ੯੮੨॥

ਇੱਥੇ ਸਾਰੇ ਦਾ ਮਤਲਬ ਇਹ ਨਹੀਂ ਕਿ ਅੰਮ੍ਰਿਤ ਬਹੁਤੇ ਹਨ ਅਤੇ ਉਹ ਬਹੁਤ ਸਾਰੇ ਗੁਰਬਾਣੀ ਵਿੱਚ ਹਨ। ਸਾਰੇ ਦਾ ਮਤਲਬ ਹਰ ਥਾਂ ਗੁਰਬਾਣੀ ਵਿੱਚ ਅੰਮ੍ਰਿਤ ਹੈ ਅਤੇ ਉਹ ਨਾਮ ਵਾਲਾ ਅੰਮ੍ਰਿਤ ਇਕੋ ਹੀ ਹੈ। ਉਸ ਨਾਮ ਅੰਮ੍ਰਿਤ ਨੂੰ ਮਨ ਨੇ ਹੀ ਪੀਣਾ ਹੈ।

ਸਲੋਕ ਮਹਲਾ ੨॥ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੀੑ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ॥ ੧॥ (ਪੰਨਾ ੧੨੩੮)

ਇਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਜਿਹੜੇ ਕਥਿਤ ਸਾਧ ਸੰਤ ਸੁਖਮਨੀ ਬਾਣੀ ਪੜ੍ਹਨ ਤੇ ਜੋਰ ਦਿੰਦੇ ਹਨ ਉਹ ਆਪ ਅਤੇ ਉਹਨਾ ਦੇ ਚੇਲੇ ਕਰਮ ਕਾਂਡ ਅਤੇ ਸੁੱਚ ਭਿੱਟ ਸਭ ਤੋਂ ਜ਼ਿਆਦਾ ਕਰਦੇ ਹਨ। ਜਿਸ ਤੋਂ ਸਾਫ ਜ਼ਾਹਰ ਹੈ ਕਿ ਇਹ ਸਾਰੇ ਤੋਤਾ ਰਟਨ ਹੀ ਕਰਦੇ ਹਨ ਇਸ ਬਾਣੀ ਨੂੰ ਵਿਚਾਰਦੇ ਬਿੱਲਕੁੱਲ ਨਹੀਂ। ਜੇ ਵਿਚਾਰਦੇ ਹੁੰਦੇ ਤਾਂ ਇਹਨਾ ਪੰਗਤੀਆਂ ਤੇ ਅਮਲ ਨਾ ਕਰਦੇ? ਇਹ ਵੀ ਸੁਖਮਨੀ ਵਿਚੋਂ ਹੀ ਹਨ:

ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੂ ਨ ਬਿਖਿਆ ਟਰੈ॥ ਜਲਿ ਧੋਵੈ ਬਹੁ ਦੇਹ ਅਨੀਤਿ॥ ਸੁਧ ਕਹਾ ਹੋਇ ਕਾਚੀ ਭੀਤਿ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ॥ ੩॥ ਪੰਨਾ ੨੬੫॥

ਉਂਜ ਤਾਂ ਇਸ ਤੀਜੀ ਅਸਟਪਦੀ ਵਿੱਚ ਸਾਰੇ ਪਖੰਡਾਂ ਦੇ ਪਾੜਛੇ ਉਧੇੜੇ ਪਏ ਹਨ ਪਰ ਸਿਆਣਿਆਂ ਲਈ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ ਜੋ ਕਿ ਉਪਰਲੀਆਂ ਪੰਗਤੀਆਂ ਵਿੱਚ ਸੌਖਿਆਂ ਹੀ ਸਮਝ ਆ ਸਕਦਾ ਹੈ। ਸਫਾਈ ਰੱਖਣੀ ਬਹੁਤ ਜਰੂਰੀ ਹੈ। ਉਹ ਭਾਵੇਂ ਸਰੀਰ ਦੀ ਹੋਵੇ, ਘਰ ਦੇ ਅੰਦਰ ਦੀ ਹੋਵੇ, ਘਰ ਦੇ ਬਾਹਰ ਦੀ ਹੋਵੇ, ਸੜਕਾਂ, ਬਜ਼ਾਰਾਂ ਅਤੇ ਜਾਂ ਫਿਰ ਹੋਰ ਸਾਰੇ ਪਬਲਿਕ ਅਦਾਰਿਆਂ ਪਾਰਕਾਂ ਆਦਿਕ ਦੀ ਹੋਵੇ। ਸਾਰੀ ਦੁਨੀਆਂ ਦੇ ਲੋਕ, ਤੁਹਾਡੇ ਸਾਡੇ ਸਭ ਦੇ ਸਮੇਤ ਇਹ ਜਾਣਦੇ ਹਨ ਕਿ ਇੰਡੀਆ ਦੇ ਲੋਕ ਸਭ ਤੋਂ ਵੱਧ ਧਰਮ ਦੇ ਨਾਮ ਤੇ ਸੁੱਚ ਭਿੱਟ ਅਤੇ ਕਰਮ ਕਾਂਡ ਕਰਦੇ ਹਨ। ਸਿੱਖ ਵੀ ਕਿਸੇ ਤੋਂ ਪਿੱਛੇ ਨਹੀਂ ਅੱਗੇ ਹੀ ਹੋਣਗੇ। ਪਰ ਜੇ ਕਰ ਸਫਾਈ ਦੇ ਪੱਖੋਂ ਦੇਖਿਆ ਜਾਵੇ ਤਾਂ ਇੰਡੀਆ ਸ਼ਾਇਦ ਸਾਰੀ ਦੁਨੀਆ ਵਿਚੋਂ ਗੰਦਾ ਦੇਸ਼ ਹੋਵੇਗਾ। ਜਿਸ ਤੋਂ ਸਾਫ ਜ਼ਾਹਰ ਹੈ ਕਿ ਇੰਡੀਆ ਦੇ ਲੋਕ ਸਾਰੀ ਦੁਨੀਆ ਵਿਚੋਂ ਕਰਮਕਾਂਡੀ ਅਤੇ ਪਖੰਡੀ ਹਨ। ਧਰਮ ਉਹਨਾ ਦਾ ਭਾਵੇਂ ਕੋਈ ਵੀ ਹੋਵੇ।

ਜਿਵੇਂ ਕਥਿਤ 84 ਲੱਖ ਜੂਨਾਂ ਦੇ ਗੇੜ ਨੂੰ ਕੱਟਣ ਲਈ ਗੁ: ਬਉਲੀ ਸਾਹਿਬ ਦੀਆਂ 84 ਪੌੜੀਆਂ ਤੇ 84 ਵਾਰੀ ਇਸ਼ਨਾਨ ਕਰਕੇ ਜਪੁਜੀ ਦੇ 84 ਪਾਠ ਕਰਨ ਨਾਲ ਆਪਣੀ 84 ਕੱਟੀ ਜਾਂਦੀ ਸਮਝਦੇ ਹਨ। ਉਹ ਇਹੀ ਸਮਝਦੇ ਹਨ ਕਿ ਇੱਕ ਵਾਰੀ ਹੱਠ ਕਰਕੇ ਇਸ ਤਰ੍ਹਾਂ ਕਰ ਲਓ ਫਿਰ ਸਾਰੀ ਜਿੰਦਗੀ ਜੋ ਮਰਜੀ ਕਰੋ। ਐਸ਼ ਕਰੋ। ਕਿਉਂਕਿ 84 ਤਾਂ ਹੁਣ ਕੱਟੀ ਗਈ ਹੈ। ਇਸੇ ਤਰ੍ਹਾਂ ਸੁਖਮਨੀ ਦਾ ਪਾਠ ਘੰਟਾ ਕੁ ਲਾ ਕੇ ਕਰਨ ਨਾਲ ਆਪਣੇ 24 ਘੰਟੇ ਸਫਲ ਕੀਤੇ ਸਮਝ ਲੈਂਦੇ ਹਨ। ਤਾਂ ਕੀ ਫਿਰ ਬਾਕੀ ਦੇ 23 ਘੰਟੇ ਜੋ ਮਰਜ਼ੀ ਕਰਨ ਦੀ ਖੁੱਲ ਮਿਲ ਜਾਂਦੀ ਹੈ?

ਸੋ ਭਰਾਵੋ ਬੇਨਤੀ ਇਹੀ ਹੈ ਕਿ ਇਹਨਾ ਸਾਧਾਂ ਦੀਆਂ ਗੱਪਾਂ ਦੇ ਵਿਸ਼ਵਾਸ਼ ਨਾ ਕਰੋ। ਬਾਣੀ ਜਿਹੜੀ ਮਰਜੀ ਜਿੱਥੋਂ ਮਰਜੀ ਪੜ੍ਹੋ। ਜੇ ਕਰ ਵਿਚਾਰ ਕੇ ਪੜ੍ਹੀ ਜਾਵੇ ਤਾਂ ਸਾਰੀ ਬਾਣੀ ਹੀ ਸੁਖ ਦੇਣ ਵਾਲੀ ਹੈ। ਜੇ ਕਰ ਕਿਸੇ ਪਾਠਕ/ਲੇਖਕ ਨੂੰ ਅੱਖਰਾਂ ਦੇ ਜੋੜ ਕਰਨ ਵਿੱਚ ਕੋਈ ਗਲਤੀ ਲੱਭੇ ਤਾਂ ਉਹ ਹੇਠਾਂ ਲਿਖ ਕੇ ਦੱਸ ਸਕਦਾ ਹੈ। ਮੈਂ ਉਸ ਨੂੰ ਠੀਕ ਕਰ ਦੇਵਾਂਗਾ। ਗਿਣਤੀਆਂ ਮਿਣਤੀਆਂ ਦੇ ਪਾਠ ਕਰਨ ਵਾਲਾ ਕੋਈ ਧਰਮ ਨਹੀਂ ਹੁੰਦਾ। ਧਰਮ ਇੱਕ ਜੀਵਨ ਜਾਂਚ ਹੁੰਦਾ ਹੈ। ਜੇ ਕਰ ਕੋਈ ਪਾਠਕ/ਲੇਖਕ ਇਸ ਲੇਖ ਵਿੱਚ ਲਿਖੇ ਮੇਰੇ ਨਾਲ ਸਹਿਮਤ ਨਹੀਂ ਤਾਂ ਉਹ ਆਪਣੇ ਵਿਚਾਰ ਲਿਖ ਸਕਦਾ ਹੈ। ਪਰ ਇਤਨੀ ਗੱਲ ਤੁਹਾਨੂੰ ਮੈਂ ਜਰੂਰ ਦੱਸ ਦਿੰਦਾ ਹਾਂ ਕਿ ਮੈਂ ਬਹੁਤ ਸਾਲ ਪਹਿਲਾਂ ਹੀ ਮਾਨਸਿਕ ਗੁਲਾਮੀ ਲਾਹ ਕੇ ਸੁੱਟ ਦਿੱਤੀ ਸੀ ਇਸ ਲਈ ਮੈਂ ਕਿਸੇ ਵੀ ਕਥਿਤ ਸਾਧ ਸੰਤ ਦੀ ਜਾਂ ਕਥਿਤ ਅਖੌਤੀ ਜਥੇਦਾਰਾਂ ਦੀ ਕਹੀ ਹੋਈ ਕੋਈ ਵੀ ਗੱਲ ਜੋ ਕਿ ਸੱਚ ਤੇ ਪੂਰੀ ਨਾ ਉਤਰਦੀ ਹੋਵੇ, ਕਦੀ ਵੀ ਨਹੀਂ ਮੰਨੀ ਅਤੇ ਨਾ ਹੀ ਅਗਾਂਹ ਨੂੰ ਕੋਈ ਮੰਨਣੀ ਹੈ। ਜੇ ਕਰ ਤੁਸੀਂ ਵੀ ਸੱਚ ਨਾਲ ਖੜਦੇ ਹੋ ਤਾਂ ਤੁਸੀਂ ਵੀ ਮਾਨਸਕਿ ਗੁਲਾਮੀ ਤੋਂ ਅਜ਼ਾਦ ਹੋ ਅਤੇ ਜੇ ਕਰ ਝੂਠ ਨਾਲ ਖੜਦੇ ਹੋ ਤਾਂ ਸਾਫ ਜ਼ਾਰਹ ਹੈ ਕਿ ਤੁਸੀਂ ਕਿਸੇ ਦੇ ਮਾਨਸਿਕ ਗੁਲਾਮ ਹੋ। ਮਾਨਸਿਕ ਗੁਲਾਮੀ ਵਾਲਾ ਬੰਦਾ ਕਦੀ ਵੀ ਧਰਮੀ ਨਹੀਂ ਹੋ ਸਕਦਾ। ਧਰਮ ਦੇ ਭੇਖ ਵਿੱਚ ਇੱਕ ਪਖੰਡੀ ਜ਼ਰੂਰ ਹੋ ਸਕਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top