Share on Facebook

Main News Page

ਬਠਿੰਡਾ ਸ਼ਹਿਰ ਦੇ ਸਭ ਮੁੱਖ ਗੁਰਦੁਆਰਿਆਂ ਦੀ ਸੰਗਤ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿੱਤੀ ਮਾਨਤਾ

ਬਠਿੰਡਾ, 3 ਜਨਵਰੀ 2018: ਬਠਿੰਡਾ ਸ਼ਹਿਰ ਦੇ ਸਾਰੇ ਹੀ ਮੁੱਖ ਗੁਰਦੁਆਰਿਆਂ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਸ਼ਹਿਰ ਦੇ ਕੇਂਦਰੀ ਸਥਾਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਆਪਣੀ ਹਾਜਰੀ ਲਵਾ ਕੇ ਸ਼੍ਰੋਮਣੀ ਕਮੇਟੀ ਵਾਲੋਂ ਜਾਰੀ ਕੀਤੇ ਜਾ ਰਹੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦਿੱਤੀ।

ਇਹ ਦੱਸਣ ਯੋਗ ਹੈ ਕਿ ਚਿਰਾਂ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰਪੁਰਬਾਂ ਮੌਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਲ੍ਹਾ ਮੁਬਾਰਕ ਜਿਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹੇਠ ਹੈ; ਵਿਖੇ ਸਮੁੱਚੇ ਸ਼ਹਿਰ ਦੇ ਗੁਰਦੁਆਰਿਆਂ ਦੀਆਂ ਪ੍ਰਭਾਤ ਫੇਰੀਆਂ ਇਕੱਤਰ ਹੋਇਆ ਕਰਦੀਆਂ ਸਨ, ਪਰ ਇਸ ਵਾਰ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ, ਤਾਂ ਮੁੱਖ ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧਕਾਂ ਨੇ ਐਨ ਮੌਕੇ ’ਤੇ ਪ੍ਰੋਗਰਾਮ ਉਲੀਕ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ ਜੋ ਹਰ ਸਾਲ 5 ਜਨਵਰੀ ਨੂੰ ਹੀ ਆਉਂਦਾ ਹੈ ਨੂੰ ਮਨਾਇਆ ਜਾਵੇ ਅਤੇ ਗੁਰਪੁਰਬ ਦੇ ਸਬੰਧ ਵਿੱਚ ਸ਼ਹਿਰ ਦੀਆਂ ਸਮੁੱਚੀਆਂ ਪ੍ਰਭਾਤ ਫੇਰੀਆਂ, ਸ਼ਹਿਰ ਦੇ ਕੇਂਦਰੀ ਸਥਾਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 21 ਪੋਹ/ 3 ਜਨਵਰੀ ਨੂੰ ਇਕੱਤਰ ਹੋਣ।

ਉਲੀਕੇ ਗਏ ਇਸ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ 4.00 ਵਜੇ ਤੋਂ 8.00 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਜੋਗੀ ਨਗਰ ; ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀ, ਕੈਂਟ ਰੋਡ, ਧੋਬੀਆਨਾ ; ਗੁਰਦੁਆਰਾ ਤੁੰਗਵਾਲੀ, ਪ੍ਰਤਾਪ ਨਗਰ ; ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ, ਧੋਬੀਆਨਾ ; ਗੁਰਦੁਆਰਾ ਸ਼ਹੀਦ ਭਾਈ ਮਤੀਦਾਸ ਜੀ, ਭਾਈ ਮਤੀਦਾਸ ਨਗਰ ; ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ; ਗੁਰਦੁਆਰਾ ਗੁਰੂ ਅਮਰਦਾਸ ਜੀ, ਅਮਰਪੁਰਾ ਬਸਤੀ ; ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਜ਼ੀ ਰਤਨ ; ਗੁਰਦੁਆਰਾ ਨਾਨਕਸਰ, ਚੰਦਸਰ ਬਸਤੀ, ਬੀਬੀਵਾਲਾ ਮੇਨ ਰੋਡ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਸਮੇਤ 11 ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਭਾਤ ਫੇਰੀਆਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਆਈਆਂ ਅਤੇ ਸਭਨਾ ਪ੍ਰਭਾਤ ਫੇਰੀਆਂ ਦੇ ਜਥਿਆਂ ਨੇ ਵਾਰੋ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸ਼ਬਦ ਗਾਇਨ ਕਰਕੇ ਆਪਣੀ ਹਾਜਰੀ ਲਵਾਈ ਅਤੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਭਾਤ ਫੇਰੀ ਦੇ ਜਥਿਆਂ ਨੇ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ’ਤੇ ਸ਼ਬਦ ਗਾਇਨ ਕੀਤੇ ਅਤੇ ਸਭਨਾਂ ਪ੍ਰਭਾਤ ਫੇਰੀਆਂ ਨੂੰ ਜੀ ਆਇਆਂ ਕਿਹਾ ਅਤੇ ਅਖੀਰ ’ਤੇ ਦਰਬਾਰ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਸ਼ਬਦ ਗਾਇਨ ਕਰਨ ਉਪ੍ਰੰਤ ਅਨੰਦ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰ ਕੇ ਪੂਰੇ ਸਾਮਗਮ ਦੀ ਸਮਾਪਤੀ ਕੀਤੀ।

ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਸਿੱਧੂ, ਭਾਈ ਸੁਖਦੇਵ ਸਿੰਘ ਐੱਸ.ਐੱਮ. ਬੈਟਰੀਜ਼, ਭਾਈ ਕਿਰਪਾਲ ਸਿੰਘ, ਭਾਈ ਜਗਤਾਰ ਸਿੰਘ ਖ਼ਾਲਸਾ, ਭਾਈ ਗੁਰਮੇਲ ਸਿੰਘ ਸੇਵਾ ਮੁਕਤ ਐੱਸ.ਡੀ.ਓ., ਭਾਈ ਮੇਜਰ ਸਿੰਘ, ਭਾਈ ਦਰਸ਼ਨ ਸਿੰਘ ਸੇਵਾ ਮੁਕਤ ਐੱਸ.ਡੀ.ਓ. ਨੇ ਪਹੁੰਚੇ ਸਭਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁਖੀਆਂ ਅਤੇ ਪ੍ਰਭਾਤ ਫੇਰੀਆਂ ਦੇ ਇੰਚਾਰਜਾਂ; ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਕੈਪਟਨ ਮੱਲ ਸਿੰਘ, ਭਾਈ ਮਾਨ ਸਿੰਘ, ਭਾਈ ਭੂਪਿੰਦਰ ਸਿੰਘ ਚਹਿਲ, ਭਾਈ ਨੈਬ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਦਰਸ਼ਨ ਸਿੰਘ ਮਾਖਾ, ਭਾਈ ਦਵਿੰਦਰ ਸਿੰਘ, ਭਾਈ ਪ੍ਰੀਤਮ ਸਿੰਘ ਮੋਦੀ, ਭਾਈ ਰਾਜਾ ਸਿੰਘ, ਲੱਕੀ, ਭਾਈ ਗੁਰਮੀਤ ਸਿੰਘ, ਡਾ: ਬਚਿੱਤਰ ਸਿੰਘ, ਭਾਈ ਮਿੱਠੂ ਸਿੰਘ, ਬੀਬੀ ਮਨਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਬਲਦੇਵ ਕੌਰ ਸ਼ਾਮਲ ਸਨ ਨੂੰ ਗੁਰੂ ਘਰ ਦੀ ਬਖ਼ਸ਼ਿਸ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ’ਚ ਸਥਿਤ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੌਰ ’ਤੇ ਪਬਲਿਸ਼ ਕਰਵਾਇਆ ਗਿਆ ਨਾਨਕਸ਼ਾਹੀ ਕੈਲੰਡਰ ਸੰਮਤ 550 (2018-19) ਰੀਲੀਜ਼ ਕੀਤੇ ਅਤੇ ਸੰਗਤ ਵਿੱਚ ਵੰਡਿਆ ਗਿਆ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਸਿੱਧੂ ਨੇ ਕਿਹਾ ਭਵਿੱਖ ਵਿੱਚ ਹਰ ਸਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ 23 ਪੋਹ/ 5 ਜਨਵਰੀ ਨੂੰ ਮਨਾਇਆ ਜਾਇਆ ਕਰੇਗਾ ਅਤੇ 21 ਪੋਹ/ 3 ਜਨਵਰੀ ਨੂੰ ਇਸੇ ਸਥਾਨ ’ਤੇ ਸਮੁੱਚੇ ਸ਼ਹਿਰ ਦੇ ਗੁਰਦੁਆਰਾ ਸਾਹਿਬਾਨਾਂ ਦੀ ਪ੍ਰਭਾਤ ਫੇਰੀਆਂ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇਕੱਤਰ ਕਰਨ ਦਾ ਪ੍ਰਬੰਧ ਕੀਤਾ ਜਾਇਆ ਕਰੇਗਾ। ਉਨ੍ਹਾਂ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਅਤੇ ਪ੍ਰਭਾਤ ਫੇਰੀਆਂ ਦੇ ਇੰਚਾਰਜਾਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਭਾਤ ਫੇਰੀਆਂ ਦੀ ਬੁਕਿੰਗ ਕਰਦੇ ਸਮੇਂ ਹਰ ਸਾਲ 21 ਪੋਹ/ 3 ਜਨਵਰੀ ਦਾ ਦਿਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਈ ਰਾਖਵਾਂ ਰੱਖਣ।

ਉਪ੍ਰੰਤ ਸਵੇਰੇ 10 ਵਜੇ ਗੁਰਪੁਰਬ ਦੇ ਸਬੰਧ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਅਰੰਭ ਕੀਤਾ ਗਿਆ ਜਿਸ ਦਾ ਭੋਗ 23 ਪੋਹ/ 5 ਜਨਵਰੀ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ ਅਤੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਦੀਬਾਨ ਸਜਾਏ ਜਾਣਗੇ। ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਇਲਾਵਾ ਸ਼ਹਿਰ ਦੇ ਤਕਰੀਬਨ ਇੱਕ ਦਰਜਨ ਅਤੇ ਪਿੰਡਾਂ ਦੇ 90% ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਗੁਰਪੁਰਬ ਦੇ ਸਬੰਧ ਵਿੱਚ ਅੱਜ ਅਖੰਡਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਅਤੇ 23 ਪੋਹ/ 5 ਜਨਵਰੀ ਨੂੰ ਭੋਗ ਉਪ੍ਰੰਤ ਉਚੇਚੇ ਦੀਵਾਨ ਸਜਾ ਕੇ ਗੁਰਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top