Share on Facebook

Main News Page

ਕੀ ਸੀ ਅਸਲ ਮਾਜਰਾ ਪ੍ਰਚਾਰਕਾਂ ਦੀ ਏਕਤਾ ਜਾਂ ਉਹਨਾਂ ਦੇ ਆਪਸੀ ਤਾਲਮੇਲ ਸੰਬੰਧੀ ?
-: ਮੋਗੇ ਵਾਲੇ
13 Jan 2018

* ਸਾਡੀ ਚੁੱਪੀ ਸਮੇਂ ਦੀ ਨਾਜ਼ੁਕਤਾ ਸੀ, ਪਰ ਹਾਲਾਤ ਹੋਰ ਖਰਾਬ ਨਾ ਹੋਣ, ਇਸ ਲਈ ਸਾਰਾ ਮਾਜ਼ਰਾ ਕੌਮ ਦੇ ਸਾਹਮਣੇ ਰੱਖ ਰਹੇ ਹਾਂ, ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,

ਪਿਛਲੇ ਸਮੇਂ ਦੁਰਾਨ ਤੱਤ ਗੁਰਮਤਿ ਪ੍ਰਚਾਰ ਅੰਦਰ ਆਈ ਕਰਾਂਤੀ ਕਾਰਨ ਸਾਰੇ ਹਿ ਗੂਰੂ ਨਾਨਕ ਦੀ ਵਿਚਾਰ ਧਾਰਾ ਨੂੰ ਪਿਆਰ ਕਰਨ ਵਾਲੇ ਵੀਰਾਂ ਵਿੱਚ ਉਤਸ਼ਾਹ ਪੈਂਦਾ ਹੋਇਆ । ਕੌਮ ਅੰਦਰ ਹੋਈਆਂ ਘਟਨਾਵਾਂ ਨਾਲ ਨਜਿੱਠਣ ਲਈ ਗੁਰਮਤਿ ਗਾਡੀ ਰਾਹ ਤੇ ਚੱਲਣ ਵਾਲੇ ਪ੍ਰਚਾਰਕ ਜਦੋਂ ਸਾਂਝੀਆਂ ਸਟੇਜਾਂ ਉੱਪਰ ਨਜ਼ਰ ਆਏ, ਤਾਂ ਨਿਰੋਲ ਗੁਰਮਤਿ ਨੂੰ ਪਿਆਰ ਕਰਨ ਵਾਲਿਆਂ ਵਿੱਚ ਆਸ ਬੱਝੀ, ਕਿ ਹੁਣ ਪ੍ਰਚਾਰਕ ਇਕੱਠੇ ਹੋ ਕੇ ਸਾਂਝੇ ਰੂਪ 'ਚ ਕੌਮ ਨੂੰ ਸੁਚੱਜੀ ਅਗਵਾਈ ਦੇਣਗੇ ।

ਪਰ ਪਿਛਲੇ ਸਮੇਂ ਦੌਰਾਨ ਜੋ ਸੱਜਣ ਪ੍ਰਚਾਰਕਾਂ ਨੂੰ ਲਗਾਤਾਰ ਸੁਣਦੇ ਸਮਝਦੇ ਰਹਿੰਦੇ ਹਨ, ਉਹਨਾਂ ਮਹਿਸੂਸ ਕੀਤਾ ਕਿ ਪ੍ਰਚਾਰਕਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਆਈ ਹੈ । ਕਿਉਂਕਿ ਕੌਮ ਦਾ ਦਰਦ ਰੱਖਣ ਵਾਲੇ ਵੀਰ ਪ੍ਰਚਾਰਕਾਂ ਤੋਂ ਆਪਣੀਆਂ ਨਿੱਜੀ ਜੱਥੇਬੰਦੀਆਂ ਦੇ ਟੀਮ ਵਰਕ ਤੋਂ ਨਿੱਕਲ ਕੇ ਸਮੂਹਿਕ ਰੂਪ ਵਿੱਚ ਸਾਂਝੀ ਟੀਮ ਬਣਾਕੇ ਕੰਮ ਕਰਨ ਦੀ ਊਮੀਦ ਰੱਖਦੇ ਹਨ ਜਿਸ ਏਕਤਾ ਨਾਲ ਆਮ ਸਿਖਾਂ ਉੱਪਰ ਇਸ ਦਾ ਵਧੀਆ ਪਰਭਾਵ ਪਵੇ ਅਤੇ ਇਸ ਲਹਿਰ ਨੂੰ ਬਹੁਤਾ ਬਲ ਮਿਲੇ ।

ਪਰ ਆਪਸੀ ਤਾਲਮੇਲ ਦੀ ਕਮੀ ਕਾਰਨ ਫੁੱਟ ਪਾਉ ਤਾਕਤਾਂ ਨੇ ਆਪਣਾ ਕੰਮ ਸ਼ੂਰੂ ਕਰ ਦਿੱਤਾ ਅਤੇ ਅਲੱਗ ਅਲੱਗ ਪ੍ਰਚਾਰਕਾਂ ਕੀ ਸਮਰਥੱਕ ਵੀ ਸ਼ੋਸ਼ਲ ਮੀਡੀਆ ਉੱਪਰ ਆਪਸ ਵਿੱਚ ਪ੍ਰਚਾਰਕਾਂ ਨੂੰ ਲੈਕੇ ਬਹਿਸਣ ਲੱਗ ਪਏ । ਜਿਸ ਕਾਰਨ ਆਪਸੀ ਤਾਲਮੇਲ ਦੀ ਕਮੀ ਆਪਸੀ ਤਰੇੜਾਂ ਦਾ ਰੂਪ ਲੈਂਦੀ ਨਜ਼ਰ ਆਉਣ ਲੱਗੀ, ਇਹ ਸਭ ਦੇਖ ਗੁਰਮਤਿ ਨੂੰ ਪਿਆਰ ਕਰਨ ਵਾਲੇ ਵੀਰ ਚਿੰਤਾ ਵਿੱਚ ਸਨ। ਅਤੇ ਪ੍ਰਚਾਰਕਾਂ ਦਾ ਆਪਸੀ ਤਾਲਮੇਲ ਬਨਾਉਣ ਲਈ ਕੋਸ਼ਿਸ਼ਾਂ ਕਰਨ ਲੱਗੇ ਹੋਏ ਸਨ।

ਏਸੇ ਲੜੀ ਤਹਿਤ ਅਸੀਂ ਕੁਝ ਵੀਰਾਂ (ਮੋਗੇ ਵਾਲੇ) ਨੇ ਪ੍ਰਚਾਰਕਾਂ ਨੂੰ ਮਿਲ ਕੇ ਆਪਸ ਵਿੱਚ ਬੈਠ ਕੇ ਤਾਲਮੇਲ ਬਿਠਾਉਣ ਅਤੇ ਜੇ ਕਰ ਕੋਈ ਗਿਲੇ ਸ਼ਿਕਵੇ ਹਨ ਤਾਂ ਉਹਨਾਂ ਦਾ ਨਿਵਾਰਣ ਕਰਨ ਲਈ ਕਿਹਾ ।

ਇਸ ਲਈ ਸਾਡੀ ਟੀਮ ਜਿਸ ਵਿੱਚ ਵੀਰ ਰਸ਼ਪਾਲ ਸਿੰਘ ਖਾਲਸਾ ਮੋਗਾ, ਵੀਰ ਏਕਮਕਾਰ ਸਿੰਘ ਚੁੱਪਕੀਤੀ (ਏਕਮ ਚੁੱਪਕੀਤੀ),ਵੀਰ ਗੁਰਪ੍ਰੀਤ ਸਿੰਘ ਟੱਲੇਵਾਲ,ਵੀਰ ਬਲਜਿੰਦਰ ਸਿੰਘ ਜਿੰਦਾ ਸਾਫੂਵਾਲਾ, ਤੇ ਵੀਰ ਗੁਰਬਿੰਦਰ ਸਿੰਘ ਖਾਲਸਾ ਮੋਗਾ ਪਹਿਲੀ ਵਾਰ 17-10-17 ਨੂੰ ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮਿਲੇ ਜਿਸ ਤੇ ਦੋਵੇਂ ਪ੍ਰਚਾਰਕਾਂ ਵੱਲੋਂ ਮੁੱਢਲੇ ਰੂਪ ਵਿੱਚ ਹਾਂ ਪੱਖੀ ਹੁੰਗਾਰਾ ਮਿਲਿਆ। ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਡਾ ਉਦੇਸ਼ ਇੱਕ ਹੈ । ਅੰਦਾਜ਼ਨ ਬਹੁਤਾ ਵਿਚਾਰਧਾਰਕ ਵਿਖਰੇਵਾਂ ਨਹੀਂ ਬਸ ਕੰਮ ਕਰਨ ਦਾ ਤਰੀਕਾ ਵੱਖੋ ਵੱਖਰਾ ਹੋ ਸਕਦਾ ਹੈ । ਦੋਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਮਿਲ ਬੈਠ ਕੇ ਸਾਂਝੀ ਵਿਉਂਤਬੰਦੀ ਲਈ ਹਰ ਤਰੀਕੇ ਤਿਆਰ ਹਨ।

ਸ਼ੋਸ਼ਲ ਮੀਡੀਆ 'ਤੇ ਹੋ ਰਹੇ ਬੇਲੋੜੇ ਵਿਵਾਦਾਂ ਬਾਰੇ ਗੱਲ ਕਰਦਾ ਸਮੇਂ ਦੋਵਾਂ ਨੇ ਮੰਨਿਆਂ ਕਿ ਕੁਝ ਅਨਸਰਾਂ ਦੁਆਰਾ ਸੰਗਤ ਅੰਦਰ ਪ੍ਰਚਾਰਕਾਂ ਨੂੰ ਲੈਕੇ ਆਪਸੀ ਧੜੇਬੰਦੀ ਦਾ ਮਹੌਲ ਪੈਦਾ ਕੀ ਜਾ ਰਿਹਾ ਹੈ। ਦੋਵਾਂ ਮੰਨਿਆਂ ਕਿ ਰੇਡੀਓ ਵਿਰਸਾ ਨਾਮੀ ਰੇਡੀਓ ਚਲਾ ਰਹੇ ਹਰਨੇਕ ਸਿੰਘ ਨਿਊਜ਼ੀਲੈਂਡ ਤੇ ਉਸ ਦੀ ਟੀਮ ਇਕੱਲੇ ਭਾਈ ਰਣਜੀਤ ਸਿੰਘ ਨੂੰ ਉਭਾਰ ਕੇ ਤੇ ਦੂਸਰੇ ਪ੍ਰਚਾਰਕਾਂ ਨੂੰ ਜਿਸ ਤਰਾਂ ਭੱਦੀ ਸ਼ਬਦਾਵਲੀ ਵਰਤ ਰਹੇ ਹਨ। ਜਿਸ ਨਾਲ ਸੰਗਤ ਨੂੰ ਇਹ ਸਭ ਪ੍ਰਚਾਰਕਾਂ ਦਾ ਆਪਸੀ ਵਿਰੋਧ ਪ੍ਰਤੀਤ ਹੋ ਰਿਹਾ ਹੈ । ਸੋ ਇਕੱਠੇ ਬੈਠ ਸੰਗਤ ਨੂੰ ਇਸ ਭਰਮ ਚੋਂ ਕੱਢਣਾ ਜਰੂਰੀ ਹੈ ।

ਭਾਈ ਰਣਜੀਤ ਸਿੰਘ ਹੋਰਾਂ ਇਤਰਾਜ਼ ਜ਼ਾਹਰ ਕੀਤਾ ਕਿ ਖਾਲਸਾ ਨਿਊਜ਼ ਅਤੇ ਭਾਈ ਪ੍ਰਭਦੀਪ ਸਿੰਘ ਵਲੋਂ ਰੇਡੀਓ ਸਿੰਘਨਾਦ ਉੱਪਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮਿਲ ਬੈਠਣ ਦਾ ਮਾਹੌਲ ਨਹੀਂ ਬਣ ਰਿਹਾ, ਸੋ ਉਹਨਾਂ ਦੇ ਕਹਿਣ 'ਤੇ ਅਸੀਂ ਵਿਸ਼ਵਾਸ਼ ਦਿਵਾਇਆ ਕਿ ਅਸੀਂ ਪ੍ਰਭਦੀਪ ਸਿੰਘ ਨਾਲ ਗੱਲ ਕਰਕੇ ਉਹਨਾਂ ਨੂੰ ਭਾਈ ਰਣਜੀਤ ਸਿੰਘ ਬਾਰੇ ਗੱਲ ਕਰਨ ਤੋਂ ਰੋਕਾਂਗੇ ਤਾਂ ਕਿ ਸੁਚੱਜਾ ਮਹੌਲ ਬਣ ਸਕੇ । ਇਸ ਸਬੰਧ ਵਿੱਚ ਅਸੀਂ ਭਾਈ ਪ੍ਰਭਦੀਪ ਸਿੰਘ, ਖਾਲਸਾ ਨਿਊਜ਼ ਤੇ ਵਰਿੰਦਰ ਸਿੰਘ ਗੋਲਡੀ ਆਦਿਕ ਸਿੰਘਾਂ ਨੂੰ ਰੋਕਿਆ ਕਿ ਭਾਈ ਰਣਜੀਤ ਸਿੰਘ ਬਾਰੇ ਕੋਈ ਗੱਲ ਨਾ ਕਰੋ । ਤੇ ਓਹ ਸਾਡੇ ਦੁਆਰਾ ਅਰੰਭੇ ਮਿਸ਼ਨ ਦੀ ਸਾਰਥਿਕਤਾ ਨੂੰ ਸਮਝਦੇ ਹੋਏ ਮੰਨ ਗਏ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਾਨੂੰ ਇਹ ਭੀ ਸਲਾਹ ਦਿੱਤੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਦੋਵੇਂ ਹਰਨੇਕ ਸਿੰਘ ਨਿਊਜ਼ੀਲੈਂਡ ਨੂੰ ਫੋਨ ਕਰਕੇ ਸੁਲਾਹ ਕਰ ਲੈਣ।

ਦੂਸਰੀ ਵਾਰ ਅਸੀਂ ਭਾਈ ਰਣਜੀਤ ਸਿੰਘ ਨੂੰ ਮਿਲਣ ਲਈ 9-Nov-17  ਨੂੰ ਗਏ । ਉਸ ਦਿਨ ਸਾਡੇ ਨਾਲ ਲੁਧਿਆਣੇ ਤੋਂ ਵੀਰ ਹਰਮਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਮਦਰੱਸਾ ਤੇ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਸਨ। ਉਸ ਦਿਨ ਰੇਡੀਓ ਵਿਰਸਾ ਬਾਰੇ ਅਤੇ ਪਿਛਲੇ ਸਮੇਂ ਦੌਰਾਨ ਭਾਈ ਰਣਜੀਤ ਸਿੰਘ ਵਲੋ ਆਪਣੇ ਸਮਾਗਮਾਂ ਦੌਰਾਨ ਹੋਈਆਂ ਗੱਲਾਂ ਜਿਨ੍ਹਾਂ ਬਾਰੇ ਸ਼ੋਸ਼ਲ ਮੀਡੀਆ ਤੇ ਦੁਬਿਧਾ ਪਾਈ ਗਈ ਸੀ ਉਸ ਬਾਰੇ ਵੀ ਵਿਚਾਰਾਂ ਹੋਈਆਂ । ਦੂਜੀ ਵਾਰ ਭਾਈ ਢੱਡਰੀਆਂ ਵਾਲੇ ਨੇ ਸਾਨੂੰ ਦੁਬਾਰਾ ਭਾਈ ਧੂੰਦੇ ਅਤੇ ਪੰਥਪ੍ਰੀਤ ਨੂੰ ਹਰਨੇਕ ਸਿੰਘ ਨਾਲ ਫੋਨ ਕਰਕੇ ਸੁਲਾਹ ਕਰਨ ਵਾਲੀ ਸਲਾਹ ਨੂੰ ਦੁਹਰਾਇਆ।

16-Nov-17 ਉਪਰੰਤ ਭਾਈ ਰਣਜੀਤ ਸਿੰਘ ਦੇ ਸੱਦੇ ਤੇ ਗੁਰਪ੍ਰੀਤ ਸਿੰਘ ਪ੍ਰਮੇਸ਼ਰ ਦੁਆਰ ਗਿਆ ਉਥੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹੁਣ ਧਿਰਾਂ ਤਿੰਨ ਨਹੀਂ ਚਾਰ ਬੈਠਣ ਗੀਆਂ (ਭਾਈ ਧੂੰਦਾ, ਭਾਈ ਢੱਡਰੀਆਂ, ਭਾਈ ਪੰਥਪ੍ਰੀਤ ਤੇ ਹਰਨੇਕ ਸਿੰਘ ਨਿਊਜ਼ੀਲੈਂਡ) ਤਾਂ ਵੀਰ ਗੁਰਪ੍ਰੀਤ ਸਿੰਘ ਟੱਲੇਵਾਲ ਨੇ ਜਵਾਬ ਦਿੱਤਾ ਕਿ ਹਰਨੇਕ ਸਿੰਘ ਰੇਡੀਓ ਵਿਰਸਾ ਤੋਂ ਪ੍ਰਚਾਰਕਾਂ ਬਾਰੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਲਿਖ ਰਿਹਾ ਹੈ ਉਹ ਨਾ ਸਹਿਣ ਯੋਗ ਹੈ, ਨਾਲੇ ਕਿਹਾ ਕਿ ਪ੍ਰਚਾਰਕਾਂ ਦਾ ਕੰਮ ਗਰਾਉਂਡ ਲੈਵਲ ਤੇ ਕੰਮ ਕਰਨਾ ਹੈ ਹਰਨੇਕ ਸਿੰਘ ਦਾ ਇਸ ਨਾਲ ਕੋਈ ਮੇਲ ਨਹੀਂ ਅਤੇ ਨਾ ਹੀ ਉਸ ਨੂੰ ਵਿਦਵਾਨਾਂ ਨਾਲ ਬਿਠਾਉਣਾ ਤੇ ਉਸ ਦੀ ਵਿਦਵਾਨਾਂ ਵਿੱਚ ਗਿਣਤੀ ਕਰਨੀ ਜਾਇਜ਼ ਹੈ । ਤਾਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਤੁਸੀਂ ਭਾਈ ਪੰਥਪ੍ਰੀਤ ਸਿੰਘ ਨਾਲ ਗੱਲ ਕਰੋ।

ਉਸ ਤੋਂ ਬਾਅਦ 21-11-17 ਨੂੰ ਭਾਈ ਪੰਥਪ੍ਰੀਤ ਸਿੰਘ ਤੇ 04 Dec17 ਨੂੰ ਭਾਈ ਸਰਬਜੀਤ ਸਿੰਘ ਧੂੰਦਾ ਦੇ ਪੰਜਾਬ ਆਉਣ 'ਤੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ । ਦੋਵਾਂ ਪ੍ਰਚਾਰਕਾਂ ਨੇ ਆਪਣੇ ਵੱਲੋਂ ਪੂਰਨ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ 9-11-17 ਵਾਲੀ ਭਾਈ ਰਣਜੀਤ ਸਿੰਘ ਨਾਲ ਹੋਈ ਮੁਲਾਕਾਤ ਵਿੱਚ ਭਾਈ ਰਣਜੀਤ ਸਿੰਘ ਨੇ ਪਹਿਲਾਂ ਭਾਈ ਸਰਬਜੀਤ ਸਿੰਘ ਧੂੰਦਾ ਨਾਲ ਇਕੱਲੇ ਮਿਲਣ ਦੀ ਮੰਗ ਕੀਤੀ ਸੀ। ਤਾਂ ਭਾਈ ਧੂੰਦਾ ਦੇ ਪੰਜਾਬ ਆਉਣ ਤੇ ਅਸੀਂ ਫੋਨ ਕਰਕੇ ਭਾਈ ਰਣਜੀਤ ਸਿੰਘ ਨੂੰ ਜਾਣਕਾਰੀ ਦਿੱਤੀ ਤੇ ਮਿਲਣ ਲਈ ਕਿਹਾ ਤਾਂ ਕਿ ਬਾਅਦ ਵਿੱਚ ਸਾਂਝੀ ਮੀਟਿੰਗ ਲਈ ਜਲਦੀ ਸਮਾਂ ਨਿਸਚਿਤ ਕੀਤਾ ਜਾ ਸਕੇ ਤਾਂ ਭਾਈ ਰਣਜੀਤ ਸਿੰਘ ਵਲੋਂ ਉਹਨਾਂ ਦੇ ਜੱਥੇ ਦੇ ਸਿੰਘ ਭਾਈ ਗੁਰਪ੍ਰੀਤ ਸਿੰਘ ਨੇ ਫੋਨ ਕਰਕੇ ਕਿਹਾ ਕਿ ਭਾਈ ਸਰਬਜੀਤ ਸਿੰਘ ਧੂੰਦਾ ਨੂੰ ਕਹੋ ਕਿ ਉਹ ਭਾਈ ਰਣਜੀਤ ਸਿੰਘ ਨੂੰ ਫੋਨ ਕਰ ਲੈਣ ਤਾਂ ਸਾਡੇ ਕਹਿਣ ਤੇ ਭਾਈ ਧੂੰਦਾ ਨੇ ਫੋਨ ਕੀਤਾ ਤਾਂ ਭਾਈ ਰਣਜੀਤ ਸਿੰਘ ਨੇ ਉਹਨਾਂ ਨੂੰ ਗੁਰਦੁਆਰਾ ਪ੍ਰਮੇਸ਼ਰ ਦੁਆਰ ਆਕੇ ਮਿਲਣ ਲਈ ਕਿਹਾ ।

ਸਾਡੀ ਟੀਮ ਵੱਲੋਂ ਪ੍ਰਚਾਰਕਾਂ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖ ਕੇ ਇਹ ਫੈਸਲਾ ਲਿਆ ਗਿਆ ਸੀ ਕਿ ਮੀਟਿੰਗ ਕਿਸੇ ਸਾਂਝੇ ਅਸਥਾਨ 'ਤੇ ਹੀ ਹੋਵੇ । ਸੋ ਭਾਈ ਧੂੰਦਾ ਨੇ ਵੀ ਭਾਈ ਰਣਜੀਤ ਸਿੰਘ ਨੂੰ ਕਿਸੇ ਸਾਂਝੀ ਜਗ੍ਹਾ 'ਤੇ ਮਿਲਣ ਲਈ ਕਿਹਾ ਤਾਂ ਪਹਿਲਾਂ ਪਹਿਲ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਸਥਾਨ ਨਿਸਚਿਤ ਕਰਕੇ ਤੁਹਾਨੂੰ ਸ਼ਾਮ ਨੂੰ ਫੋਨ ਕਰਦੇ ਹਾਂ, ਪਰ ਉਹਨਾਂ ਨੇ ਬਾਅਦ ਵਿੱਚ ਕੋਈ ਫੋਨ ਨਹੀਂ ਕੀਤਾ, ਸਗੋਂ ਸਾਡੇ ਵੱਲੋਂ ਕਈ ਵਾਰ ਫੋਨ ਕੀਤਾ ਗਿਆ, ਪਰ ਅਖੀਰ ਭਾਈ ਰਣਜੀਤ ਸਿੰਘ ਵੱਲੋਂ ਕੁਝ ਨਿੱਜੀ ਰੁਝੇਵਿਆਂ ਦਾ ਵੇਰਵਾ ਦੇ ਕੇ ਅਖੀਰ ਮਿਲ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਜੇ ਰਹਿਣ ਦਿਉ ਏਕਤਾ ਨੂੰ।

ਵੀਰੋ ! ਸਾਡੇ ਵੱਲੋਂ ਏਕਤਾ ਦਾ ਕਾਰਜ ਕੌਮੀ ਲੋੜ ਸਮਝ ਕਿ ਅਰੰਭ ਕੀਤਾ ਗਿਆ ਸੀ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਚਾਰਕਾਂ ਤੋਂ ਮਿਲ ਬੈਠਣ ਦੀ ਉਮੀਦ ਰੱਖਦੇ ਹਾਂ। ਅਸੀਂ ਨਿੱਜੀ ਤੌਰ 'ਤੇ ਕਿਸੇ ਵੀ ਪ੍ਰਚਾਰਕ ਦੇ ਵਿਰੋਧੀ ਜਾਂ ਸਹਿਯੋਗੀ ਨਹੀਂ ਅਤੇ ਨਾ ਹੀ ਕਿਸੇ ਧੜੇ ਦੇ ਪ੍ਰਭਾਵ ਹੇਠ ਹਾਂ। ਅਸੀਂ ਕੌਮ ਅਤੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਜਵਾਬ ਦੇਹ ਨਹੀਂ ਹਾਂ। ਹਾਂ ਇਹ ਗੱਲ ਭਾਈ ਪ੍ਰਭਦੀਪ ਸਿੰਘ ਹੋਈ ਸੀ ਕਿ ਅਸੀਂ ਜੇ ਇਸ ਕਾਰਜ ਦੀ ਜਿਮੇਵਾਰੀ ਚੱਕੀ ਹੈ, ਤਾਂ ਤੁਹਾਨੂੰ ਸਾਰੀ ਅੱਪਡੇਟ ਭੀ ਦੇਵਾਂਗੇ, ਪਰ ਸਾਡੇ ਦੁਆਰਾ ਧਾਰੀ ਚੁੱਪੀ ਦੀ ਨਾਜ਼ੁਕਤਾ ਸਮਝਦੇ ਨੂੰ ਹੋਏ ਆਸ ਹੈ ਕਿ ਭਾਈ ਸਾਬ ਸਾਨੂੰ ਦੋਸ਼ੀ ਕਰਾਰ ਦਿੰਦੇ ਹੋਏ ਗੁੰਮਸ਼ੁਦਾ ਹੋਣ ਦੀ ਕਤਾਰ ਵਿੱਚ ਖੜਾ ਨਹੀਂ ਕਰਨਗੇ।

ਹੋਈਆਂ ਭੁੱਲਾਂ ਦੀ ਖ਼ਿਮਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਰਸ਼ਪਾਲ ਸਿੰਘ ਖਾਲਸਾ ਮੋਗਾ
ਗੁਰਪ੍ਰੀਤ ਸਿੰਘ
ਏਕਮਕਾਰ ਸਿੰਘ (ਏਕਮ ਚੁੱਪਕੀਤੀ)
ਗੁਰਬਿੰਦਰ ਸਿੰਘ ਮੋਗਾ
ਬਲਜਿੰਦਰ ਸਿੰਘ ਜਿੰਦਾ
ਹਰਮਿੰਦਰ ਸਿੰਘ ਲੁਧਿਆਣਾ
ਗੁਰਸੇਵਕ ਸਿੰਘ ਮਦਰੱਸਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top