Share on Facebook

Main News Page

 ਸਿਆਸੀ ਮਜਬੂਰੀ
ਕੈਪਟਨ ਦੀ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ‘ਨਾਮ ਚਰਚਾ’ ਕਰਨ ਅਤੇ ਡੇਰੇ ਖੋਲ੍ਹਣ ਲਈ ਹਰੀ ਝੰਡੀ ਦਿੱਤੀ

ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਅਮਰਿੰਦਰ ਦੀ ਸਰਕਾਰ ਨੇ ਚੁੱਪ ਚੁਪੀਤੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ‘ਨਾਮ ਚਰਚਾ’ ਕਰਨ ਅਤੇ ਡੇਰੇ ਖੋਲ੍ਹਣ ਲਈ ਹਰੀ ਝੰਡੀ ਦੇ ਦਿੱਤੀ ਹੈ। ਕਰੀਬ ਛੇ ਮਹੀਨੇ ਦੇ ਵਕਫ਼ੇ ਮਗਰੋਂ ਪੰਜਾਬ ’ਚ ਡੇਰਾ ਸਿਰਸਾ ਦੇ ‘ਨਾਮ ਚਰਚਾ ਘਰ’ ਖੁੱਲ੍ਹਣ ਲੱਗੇ ਹਨ। ਪੁਲੀਸ ਅਫਸਰਾਂ ਨੇ ਜ਼ਬਾਨੀ ਕਲਾਮੀ ਪ੍ਰਬੰਧਕਾਂ ਨੂੰ ‘ਨਾਮ ਚਰਚਾ’ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਹੈ। ਡੇਰਾ ਸਿਰਸਾ ਦੇ ਪੰਜਾਬ ਵਿਚਲੇ ਮੁੱਖ ਡੇਰਾ ਸਲਾਬਤਪੁਰਾ ’ਚ 14 ਜਨਵਰੀ ਤੋਂ ‘ਨਾਮ ਚਰਚਾ’ ਹੋਣੀ ਸ਼ੁਰੂ ਹੋ  ਗਈ ਹੈ ਜਦੋਂ ਕਿ ਬਠਿੰਡਾ ਮਲੋਟ ਮਾਰਗ ’ਤੇ ਪੈਂਦੇ ‘ਨਾਮ ਚਰਚਾ ਘਰ’ ਵਿਚ ਬੀਤੇ ਕੱਲ ਨਾਮ ਚਰਚਾ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ।

ਇਨ੍ਹਾਂ ਡੇਰਿਆਂ ਤੇ ਨਾਮ ਚਰਚਾ ਘਰਾਂ ਵਿਚ ਆਖਰੀ ਦਫਾ ਅਗਸਤ 2017 ਦੇ ਪਹਿਲੇ ਹਫਤੇ ‘ਨਾਮ ਚਰਚਾ’ ਹੋਈ ਸੀ। ਉਸ ਮਗਰੋਂ ਡੇਰਾ ਸਿਰਸਾ ’ਚ ਸੱਤ ਅਗਸਤ ਤੋਂ 15 ਅਗਸਤ 2017 ਤੱਕ ਸਮਾਗਮ ਹੋਏ ਸਨ। ਕਾਂਗਰਸ ਹਕੂਮਤ ਹੁਣ ਅੰਦਰੋਂ ਅੰਦਰੀ ਡੇਰਾ ਪੈਰੋਕਾਰਾਂ ਨੂੰ ਖੁਸ਼ ਵੀ ਰੱਖਣਾ ਚਾਹੁੰਦੀ ਹੈ ਜਿਸ ਵਜੋਂ ਪੁਲੀਸ ਅਫਸਰ ਵੀ ਇਸ ਮਾਮਲੇ ’ਚ ‘ਦਿਆਲਤਾ’ ਦਿਖਾ ਰਹੇ ਹਨ। ਡੇਰਾ ਸਿਰਸਾ ਤਰਫ਼ੋਂ 14 ਜਨਵਰੀ ਨੂੰ ਡੇਰਾ ਸਲਾਬਤਪੁਰਾ ਵਿਚ ਸ਼ਾਹ ਸਤਿਨਾਮ ਜੀ ਦਾ ਜਨਮ ਦਿਹਾੜਾ ਮਨਾਇਆ ਸੀ ਜਿਸ ਦੀ ਪ੍ਰਵਾਨਗੀ ਲੈਣ ਲਈ ਦਰਖਾਸਤ ਐਸ.ਡੀ.ਐਮ ਰਾਮਪੁਰਾ ਨੂੰ ਦਿੱਤੀ ਗਈ ਸੀ।

                   ਐਸ.ਡੀ.ਐਮ ਸੁਭਾਸ਼ ਖਟਕ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰਵਾਨਗੀ ਲਈ ਪੁਲੀਸ ਤੋਂ ਰਿਪੋਰਟ ਮੰਗੀ ਸੀ ਜਿਸ ਦਾ ਪੁਲੀਸ ਤੋਂ ਕੋਈ ਜੁਆਬ ਨਹੀਂ ਆਇਆ ਜਦੋਂ ਕਿ ਡੀ.ਐਸ.ਪੀ ਰਾਮਪੁਰਾ ਜਸਵਿੰਦਰ ਸਿੰਘ ਚਹਿਲ ਦਾ ਕਹਿਣਾ ਸੀ ਕਿ ਇਸ ਬਾਰੇ ਕੁਝ ਪਤਾ ਨਹੀਂ ਹੈ ਤੇ ਪ੍ਰਵਾਨਗੀ ਸਿਵਲ ਪ੍ਰਸ਼ਾਸਨ ਦਾ ਮਾਮਲਾ ਹੈ। ਡੇਰਾ ਸਲਾਬਤਪੁਰਾ ’ਚ ਡੇਰਾ ਪੈਰੋਕਾਰਾਂ ਨੇ 14 ਜਨਵਰੀ ਨੂੰ ਹਜ਼ਾਰਾਂ ਦਾ ਇਕੱਠ ਕੀਤਾ ਸੀ ਅਤੇ ਡੇਰਾ ਮੁਖੀ ਦੀ ਸੀ.ਡੀ ਵੀ ਸਕਰੀਨ ਤੇ ਚਲਾਈ ਗਈ ਸੀ ਜਿਸ ਤੇ ਪੁਲੀਸ ਨੇ ਥੋੜਾ ਇਤਰਾਜ਼ ਵੀ ਕੀਤਾ ਸੀ। ਉਸ ਮਗਰੋਂ ਹਰ ਐਤਵਾਰ ਰੈਗੂਲਰ ਸਤਸੰਗ ਹੋ ਰਹੀ ਹੈ। ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਦੀ 6 ਦਸੰਬਰ ਨੂੰ ਹੀ ਜ਼ਮਾਨਤ ਹੋਈ ਹੈ ਜਿਨ੍ਹਾਂ ਦੇ ਬੇਟੇ ਅਤੇ ਸਰਪੰਚ ਗੁਰਦੀਪ ਸਿੰਘ ਆਦਮਪੁਰਾ ਨੇ ਦੱਸਿਆ ਕਿ ਉਹ ਦੋ ਤਿੰਨ ਵਿਅਕਤੀ ਆਈ.ਜੀ ਬਠਿੰਡਾ ਨੂੰ ਮਿਲੇ ਸਨ ਜਿਨ੍ਹਾਂ ਨੇ ਨਾਮ ਚਰਚਾ ਕਰਨ ਦੀ ਜ਼ਬਾਨੀ ਪ੍ਰਵਾਨਗੀ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਵਕਤ ਇੱਕ ਘੰਟਾ ਨਾਮ ਚਰਚਾ ਹੁੰਦੀ ਹੈ ਅਤੇ ਐਤਵਾਰੀ ਨਾਮ ਚਰਚਾ ’ਚ ਪੈਰੋਕਾਰਾਂ ਦੀ ਥੋੜੀ ਗਿਣਤੀ ਵਧ ਜਾਂਦੀ ਹੈ। ਬਹੁਤਾ ਵੱਡਾ ਇਕੱਠ ਨਹੀਂ ਹੁੰਦਾ ਹੈ।

           ਦੱਸਣਯੋਗ ਹੈ ਕਿ ਡੇਰਾ ਮੁਖੀ ਨੂੰ 28 ਅਗਸਤ 2017 ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡੇਰਿਆਂ ਅਤੇ ਨਾਮ ਚਰਚਾ ਘਰਾਂ ’ਤੇ ਪੁਲੀਸ ਹਾਵੀ ਹੋ ਗਈ ਸੀ ਅਤੇ ਪੈਰੋਕਾਰ ਤੇ ਪ੍ਰਬੰਧਕ ਆਊਟ ਹੋ ਗਏ ਸਨ। ਡੇਰਾ ਸਲਾਬਤਪੁਰਾ ਦੀ ਸੁਰੱਖਿਆ ਤੇ ਕਰੀਬ ਅੱਧੀ ਦਰਜਨ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਪੰਜਾਬ ਵਿਚ ਡੇਰਾ ਸਿਰਸਾ ਦੇ ਕਰੀਬ 97 ਡੇਰੇ ਅਤੇ ਨਾਮ ਚਰਚਾ ਘਰ ਹਨ ਜਿਨ੍ਹਾਂ ਦੇ ਹੁਣ ਮੁੜ ਖੁੱਲ੍ਹਣ ਦੇ ਅਸਾਰ ਬਣ ਗਏ ਹਨ। ਸਲਾਬਤਪੁਰਾ ਡੇਰਾ ਦੀ ਕੰਟੀਨ ਵੀ ਮੁੜ ਖੁੱਲ੍ਹ ਗਈ ਹੈ। ਡੇਰੇ ਤੇ ਪੈਰੋਕਾਰ ਆਪਣਾ ਠੀਕਰੀ ਪਹਿਰਾ ਵੀ ਲਾਉਣ ਲੱਗੇ ਹਨ। ਬਠਿੰਡਾ ਮਲੋਟ ਰੋਡ ਤੇ ਪੈਂਦੇ ਨਾਮ ਚਰਚਾ ਘਰ ਨੂੰ ਮੁੜ ਖੁਲ੍ਹਾਉਣ ’ਤੇ ਇੱਕ ਕਾਂਗਰਸੀ ਨੇਤਾ ਦਾ ਹੱਥ ਹੈ ਜੋ ਅੱਜ ਕੱਲ ਸੁਰਖੀਆ ਵਿਚ ਹੈ। ਸੂਤਰ ਦੱਸਦੇ ਹਨ ਕਿ ਇੱਕ ‘ਡੀਲ’ ਤਹਿਤ ਨਾਮ ਚਰਚਾ ਮੁੜ ਡੇਰਿਆਂ ਵਿਚ ਸ਼ੁਰੂ ਹੋਈ ਹੈ।

          ਪੁਲੀਸ ਅਫਸਰਾਂ ਨੇ ਲਿਖਤੀ ਰੂਪ ਵਿਚ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। ਦੂਸਰੀ ਤਰਫ਼ ਪੁਲੀਸ ਮੌੜ ਧਮਾਕੇ ਦੀ ਜਾਂਚ ਵਿਚ ਡੇਰਾ ਸਿਰਸਾ ਤੇ ਸੂਈ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਪੰਚਕੂਲਾ ਹਿੰਸਾ ਮਗਰੋਂ ਜੋ ਡੇਰਾ ਆਗੂ ਤੇ ਪੈਰੋਕਾਰ ਜੇਲ੍ਹਾਂ ਵਿਚ ਬੰਦ ਸਨ, ਉਨ੍ਹਾਂ ਦੀਆਂ ਜ਼ਮਾਨਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਕਰਕੇ ਇਹ ਪ੍ਰਬੰਧਕ ਮੁੜ ਡੇਰਿਆਂ ਦੇ ਬੂਹੇ ਖੋਲ੍ਹਣਾ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਪੰਚਕੂਲਾ ਹਿੰਸਾ ਮਗਰੋਂ ਡੇਰਾ ਪੈਰੋਕਾਰਾਂ ਨੂੰ ਡਰਾ ਡਰਾ ਕੇ ਕਈ ਪੁਲੀਸ ਥਾਣੇਦਾਰਾਂ ਨੇ ਹੱਥ ਵੀ ਰੰਗੇ ਹਨ ਜਿਨ੍ਹਾਂ ਚੋਂ ਇੱਕ ਥਾਣੇਦਾਰ ਦੀ ਰਿਪੋਰਟ ਸਰਕਾਰ ਤੱਕ ਵੀ ਪੁੱਜੀ ਹੈ।

ਸ਼ਾਂਤੀ ਪੂਰਬਕ ਕਰ ਸਕਦੇ ਹਨ : ਛੀਨਾ
ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਦੇ ਸਲਾਬਤਪੁਰਾ ਡੇਰਾ ਦਾ ਇੱਕ ਵਫਦ ਉਨ੍ਹਾਂ ਨੂੰ ਮਿਲਿਆ ਸੀ ਜਿਨ੍ਹਾਂ ਨੇ ਨਾਮ ਚਰਚਾ ਸ਼ੁਰੂ ਕਰਨ ਦੀ ਮੰਗ ਰੱਖੀ ਸੀ। ਉਨ੍ਹਾਂ ਨੇ ਵਫ਼ਦ ਨੂੰ ਸਭ ਕੁਝ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਸ਼ਰਤ ਤੇ ਆਗਿਆ ਦਿੱਤੀ ਹੈ ਅਤੇ ਸਪੱਸ਼ਟ ਆਖਿਆ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਕਿਸੇ ਸੂਰਤ ਵਿਚ ਖਰਾਬ ਨਹੀਂ ਹੋਣੀ ਚਾਹੀਦੀ।

Source: http://viapunjab.blogspot.ca/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top