Share on Facebook

Main News Page

ਭੱਟ ਸਹਿਬਾਨ ਦੀ ਬਾਣੀ ਦਾ ਸੱਚ
-: ਬਲਦੇਵ ਸਿੰਘ ਟੋਰਾਂਟੋ

ਭੱਟ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖੜਵਾਂ ਅੰਗ ਹੈ ਜੋ ਸਮੁੱਚੀ ਬਾਣੀ ਦੀ ਤਰ੍ਹਾਂ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੁਭਾਇਮਾਨ ਗਿਆਨ ਗੁਰੂ ਦਾ ਦਰਜਾ ਰੱਖਦੀ ਹੈ, ਜਿਸ ਨੂੰ ਸਿੱਖ ਹਮੇਸ਼ਾ ਨਤਮਸਤਕ ਹੁੰਦਾ ਹੈ। ਸਮੇਂ-ਸਮੇਂ ਅਨੁਸਾਰ ਭੱਟ ਬਾਣੀ ਪ੍ਰਤੀ ਵੱਖਰੀਆਂ-ਵੱਖਰੀਆਂ ਵੀਚਾਰਧਾਰਾਵਾਂ ਪੜ੍ਹਨ ਵੇਖਣ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। ਗੁਰਬਾਣੀ ਦਾ ਵਿਦਿਆਰਥੀ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਇਆਂ ਮਨ ਬਣਾਇਆ ਕਿ ਇਸ ਵੱਡਮੁੱਲੀ ਰਚਨਾ ਨੂੰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਝਰੋਖੇ ਵਿਚੋਂ ਸਮਝਣ ਦਾ ਯਤਨ ਕੀਤਾ ਜਾਏ ਕਿਉਂਕਿ ਮਹਲਾ ਪੰਜਵਾਂ, ਪੰਜਵੇਂ ਨਾਨਕ ਜੀ ਵੱਲੋਂ ਇਸ ਰਚਨਾ ਨੂੰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਸਿਰਲੇਖ ਹੇਠ ਮੁਖਬੰਦ ਲਿਖਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਵਾਨਗੀ ਦਿੱਤੀ ਗਈ ਹੈ। ਮਹਲਾ ਪੰਜਵਾਂ ਵੱਲੋਂ ਇਸ ਰਚਨਾ ਨੂੰ ਦਿੱਤਾ ਸਿਰਲੇਖ ‘ਮੂਲ ਮੰਤ੍ਰ’ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਇਹ ਰਚਨਾ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਉੱਪਰ ਪੂਰਨ ਤੌਰ ’ਤੇ ਖਰੀ ਉਤਰਦੀ ਹੈ ਅਤੇ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਨੂੰ ਨਕਾਰਦੀ ਹੈ।

ਗੁਰਬਾਣੀ ਰਚਣਹਾਰਿਆਂ ਨੇ ਗੁਰਬਾਣੀ ਸਿਧਾਂਤ ਨੂੰ ਬੜੇ ਯੋਜਨਾ ਬੱਧ ਤਰੀਕੇ ਨਾਲ ਸਿਰਜਿਆ ਹੈ। ਇਸ ਸਿਧਾਂਤਕ ਰਚਨਾ ਨੂੰ ਪ੍ਰਚਾਰਿਆ ਇਸ ਤਰ੍ਹਾਂ ਜਾਂਦਾ ਹੈ ਕਿ ਇਹ ਅਗਾਧ ਬੋਧ ਹੈ ਭਾਵ ਨਾ ਜਾਣਿਆ ਜਾਣ ਵਾਲਾ ਸੱਚ ਹੈ। ਇਸ ਸਿਧਾਂਤਕ ਵੱਡਮੁੱਲੀ ਰਚਨਾ ਨੂੰ ਨਾ ਜਾਣਿਆ ਜਾਣ ਵਾਲਾ ਕਹਿ ਕਿ ਖਹਿੜਾ ਛੁਡਾਉਣਾ, ਇਸ ਨੂੰ ਸਿਧਾਂਤਕ ਤੌਰ ਉੱਪਰ ਪਿੱਠ ਦੇਣ ਦੇ ਬਰਾਬਰ ਹੈ।

ਸਵਈਏ ਬਾਣੀ ਦੀ ਸ਼ੁਰੂਆਤ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਸਿਰਲੇਖ ਹੇਠ ‘ਸਵਯੇ ਮੁਖਬਾਕ੍ਹ ਮਹਲਾ 5’ ਦੇ ਨਾਲ ਹੁੰਦੀ ਹੈ ਜੋ ਭੱਟ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਮਹਲਾ ਪੰਜਵਾਂ ਵੱਲੋਂ ਭੱਟ ਸਾਹਿਬਾਨ ਦੀ ਬਾਣੀ, ਭੱਟ ਸਾਹਿਬਾਨ ਵੱਲੋਂ ਉਚਾਰਨ ਦਾ ਉਦੇਸ਼, ਵਿਸ਼ਾ, ਮਨੋਰਥ ਪਹਿਲੇ 20 ਸਵਈਯਾਂ ਵਿੱਚ ਮੁਖਬਾਕ੍ਹ੍ਹ (ਭੂਮਿਕਾ) ਨੂੰ ਮੁਖਬੰਦ ਦੇ ਰੂਪ ਵਿੱਚ ਸਮਝਾਇਆ ਹੈ। ਇਸ ਤੋਂ ਇਹ ਪ੍ਰਤੱਖ ਰੂਪ ਵਿੱਚ ਸਮਝ ਪੈਂਦੀ ਹੈ ਕਿ ਭੱਟ ਸਾਹਿਬਾਨ ਵੱਲੋਂ ਭੱਟ ਬਾਣੀ ਅਕਾਲ ਪੁਰਖ ਦੀ ਉਸਤਤ ਵਿੱਚ ਗੁਰਮਤਿ ਦੇ ਮੂਲ ਸਿਧਾਂਤ ਨੂੰ ਸਮਰਪਤ ਹੋਣ ਕਰਕੇ ਅਵਤਾਰਵਾਦ ਦੀ ਕਰਮਕਾਂਡੀ ਵਿਚਾਰਧਾਰਾ ਨੂੰ ਖੰਡਨ ਕਰਨ ਦੇ ਉਦੇਸ਼ ਨਾਲ ਉਚਾਰਨ ਕੀਤੀ ਗਈ ਹੈ। ਇਹ ਵੀ ਸਪੱਸ਼ਟ ਹੁੰਦਾ ਹੈ ਕਿ ਭੱਟ ਸਾਹਿਬਾਨ ਦਾ ਆਪਾ ਕਿਵੇਂ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਤੋਂ ਨਿਛਾਵਰ ਹੈ।

ਜੇਕਰ ਮੂਲ ਮੰਤ੍ਰ ਦੇ ਸਿਧਾਂਤ ਨੂੰ ਮੁਖ ਰੱਖ ਕੇ ਹੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਭੱਟ ਸਵਈਏ ਬਾਣੀ ਉੱਪਰ ਕਿਸੇ ਕਿਸਮ ਦਾ ਵਿਰੋਧੀ ਸੱਜਣਾਂ ਵੱਲੋਂ ਕੋਈ ਇਤਰਾਜ਼ ਰਹਿ ਹੀ ਨਹੀਂ ਜਾਂਦਾ। ਜਿਨ੍ਹਾਂ ਸੱਜਣਾਂ ਨੂੰ ਭੱਟ ਬਾਣੀ ਦੇ ਵਿਰੋਧੀ ਕਿਹਾ ਜਾਂਦਾ ਹੈ ਦਾਸ ਉਨ੍ਹਾਂ ਨੂੰ ਭੱਟ ਬਾਣੀ ਦੇ ਵਿਰੋਧੀ ਨਹੀਂ ਸਮਝਦਾ ਕਿਉਂਕਿ ਜਿਸ ਕਿਸਮ ਦੀ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੀ ਬਾਣੀ ਦੀ ਵਿਆਖਿਆ ਕਰ ਦਿੱਤੀ ਗਈ ਹੈ, ਉਹ ਵਿਆਖਿਆ ਗੁਰਮਤਿ ਸਿਧਾਂਤ ਨਾਲ ਮੇਲ ਨਾ ਖਾਂਦੀ ਹੋਣ ਕਾਰਨ ਹੀ ਵਿਰੋਧ ਕਰਦੇ ਹੋ ਸਕਦੇ ਹਨ। ਪਰ ਬਾਣੀ ਦਾ ਵਿਰੋਧ ਜਾਇਜ਼ ਨਹੀਂ ਮੰਨਿਆ ਜਾ ਸਕਦਾ।

ਮਹਲਾ 5 ਵੱਲੋਂ ਭੱਟ ਸਵਈਆਂ ਨੂੰ ਮਾਨਤਾ ਦੇਣ ਦੀ ਤਰਤੀਬ:

ਸਭ ਤੋਂ ਪਹਿਲਾਂ ਸਵਯੇ ਬਾਣੀ ਦਾ ਸਿਰਲੇਖ, ਮੂਲ ਸਿਧਾਂਤ, ਮੂਲ ਮੰਤ੍ਰ ਅਤੇ ਫਿਰ “ਸਵਯੇ ਸ੍ਰੀ ਮੁਖਬਾਕ੍ਹ ਮਹਲਾ 5॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਸਵਯੇ ਸ੍ਰੀ ਮੁਖਬਾਕ੍ਹ ਮਹਲਾ 5

ਮੂਲ ਮੰਤ੍ਰ ਦੇ ਸਿਰਲੇਖ ਹੇਠ ਮਹਲਾ 5 ਵੱਲੋਂ ਉਚਾਰਣ ਪਹਿਲੇ 20 ਸਵਈਯੇ ਨਾਨਕ ਨਾਮ ਦੀ ਮੋਹਰ ਹੇਠ ਭੂਮਿਕਾ, ਮੁਖਬੰਦ ਦੇ ਰੂਪ ਵਿੱਚ ਹਨ। ਇਸ ਤੋਂ ਅੱਗੇ ਭੱਟ ਸਾਹਿਬਾਨ ਦੇ ਸਵਈਯੇ ਸ਼ੁਰੂ ਹੁੰਦੇ ਹਨ।

ਨਾਨਕ ਨਾਮ ਹੇਠ ਜੋ ਬਾਣੀ ਹੈ ਉਸ ਵਿੱਚ ਮਹਲਾ 1 ਮਹਲਾ 2 ਮਹਲਾ 3 ਮਹਲਾ 4 ਮਹਲਾ 5 ਮਹਲਾ 9 ਹਰੇਕ ਜਗ੍ਹਾ ਮਹਲਾ ਸ਼ਬਦ ਹੀ ਆਉਂਦਾ ਹੈ। ਪਰ ਭੱਟ ਸਾਹਿਬਾਨ ਵੱਲੋਂ ਉਚਾਰਨ ਕੀਤੀ ਗਈ ਬਾਣੀ ਵਿੱਚ ਸ਼ਬਦ ‘ਮਹਲਾ’ ਦੀ ਥਾਂ ‘ਮਹਲੇ’ ਆਉਂਦਾ ਹੈ। ਮਹਲੇ ਪਹਿਲੇ ਦਾ ਮਤਲਬ ਹੈ ਮਹਲੇ ਪਹਿਲੇ ਨਾਨਕ ਪਾਤਸ਼ਾਹ ਜੀ ਦੇ ਸਮੇਂ ਉਚਾਰਣ ਕੀਤੀ ਬਾਣੀ। ਮਹਲੇ ਦੂਜੇ ਦਾ ਮਤਲਬ ਹੈ ਮਹਲੇ ਦੂਜੇ ਦੇ ਸਮੇਂ ਉਚਾਰਣ ਕੀਤੀ ਗਈ ਬਾਣੀ। ਇਸ ਤਰ੍ਹਾਂ ਅੱਗੇ ਤੋਂ ਅੱਗੇ ਮਹਲੇ ਸ਼ਬਦ ਮਹਲੇ ਪੰਜਵੇਂ ਜੀ ਤੱਕ ਚਲਦਾ ਹੈ।

ਅੱਗੇ ਤੁਰਨ ਤੋਂ ਪਹਿਲਾਂ ਮਹਲਾ ਦੇ ਅਰਥ ਸਮਝਣੇ ਵੀ ਬੜੇ ਜ਼ਰੂਰੀ ਹਨ ਜੋ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਦਿੱਤੇ ਗਏ ਹਨ। ਮਹਾਨ ਕੋਸ਼ - ਦੇਖੋ ਮਹਲ, ਦਬਿਸਤਾਨੇ ਮਜਾਹਬ ਦਾ ਕਰਤਾ ਲਿਖਦਾ ਹੈ ਕਿ ਹਲੂਲ ਦਾ ਥਾਂ ਮਹਲ ਹੈ। ਇਸੇ ਲਈ ਗੁਰੂ ਨਾਨਕ ਦੇਵ ਜੀ ਦੇ ਜਾਨਸ਼ੀਨ ਮਹਲ ਕਹੇ ਜਾਂਦੇ ਹਨ ਕਿ ਇਕ ਗੁਰੂ ਆਪਣੇ ਤਾਈਂ ਦੂਜੇ ਵਿੱਚ ਹਲੂਲ (ਉਤਾਰਦਾ) ਹੈ, ਭਾਵ ਲੀਨ ਕਰਦਾ ਹੈ। (ਮਹਾਨ ਕੋਸ਼)।

ਹਲੂਲ ਉਤਾਰਨ ਦਾ ਮਤਲਬ ਹੈ – ਉੱਤਰ ਅਧਿਕਾਰੀ ਦਾ ਪੂਰਵ ਅਧਿਕਾਰੀ ਦੀ ਵਿਚਾਰਧਾਰਾ ਵਿੱਚ ਸਮੋਅ ਜਾਣਾ।

ਉੱਪਰ ਦਿੱਤੇ ਹਵਾਲੇ ਤੋਂ ਮਹਾਨ ਕੋਸ਼ ਅਨੁਸਾਰ ਇਹ ਵੀ ਸਿੱਧ ਹੁੰਦਾ ਹੈ ਕਿ ਜਿਸ ਤਰ੍ਹਾਂ ਮਹਲਾ ਪਹਿਲਾ ਮੂਲ ਸਿਧਾਂਤ ੴ ਸਰਬ-ਵਿਆਪਕ (One Universal Truth) ਇਕੁ ਬ੍ਰਹਿਮੰਡੀ ਸੱਚ ਵਿੱਚ ਲੀਨ ਹੈ, ਨੂੰ ਸਮਰਪਤ ਹੈ। ਇਸੇ ਤਰ੍ਹਾਂ ਮਹਲਾ ਦੂਜਾ ਵੀ ੴ ਸਰਬ-ਵਿਆਪਕ ਦੇ ਮੂਲ ਸਿਧਾਂਤ ਵਿੱਚ ਲੀਨ ਹੈ, ਨੂੰ ਸਮਰਪਤ ਹੈ। ਇਸੇ ਤਰ੍ਹਾਂ ਅੱਗੇ ਤੋਂ ਅੱਗੇ ਮਹਲਾ ਸ਼ਬਦ ਆਉਂਦਾ ਹੈ ਜਿਸ ਤੋਂ ਆਪਣੇ ਆਪ ਹੀ ਮਹਾਨ ਕੋਸ਼ ਦੇ ਹਵਾਲੇ ਤੋਂ ਮਹਲਾ ਦੇ ਅਰਥ ਨਾਨਕ ਘਰਿ ਦਾ ਮੂਲ ਸਿਧਾਂਤ ਵਿੱਚ ਲੀਨ ਹੋਣਾ ਭਾਵ ਸਮਰਪਤ ਹੋਣਾ ਹੀ ਸਿੱਧ ਹੁੰਦੇ ਹਨ, ਜਿਸ ਸੱਚ ਨੂੰ ਨਾਨਕ ਪਾਤਸਾਹ, ਮਹਲਾ ਪਹਿਲਾ ਸਮਰਪਤ ਹੈ ਭਾਵ ਜਿਸ ਸੱਚ ਵਿੱਚ ਲੀਨ ਹੈ, ਉਸੇ ਸੱਚ ਨੂੰ ਲਹਣਾ ਜੀ, ਮਹਲਾ ਦੂਜਾ ਸਮਰਪਤ ਹੈ ਭਾਵ ਉਸੇ ਸੱਚ ਵਿੱਚ ਲੀਨ ਹੈ। ਇਸੇ ਤਰ੍ਹਾਂ ਲੜੀ ਅੱਗੇ ਤੋਂ ਅੱਗੇ ਚਲਦੀ ਹੈ। ਦਰਅਸਲ ਬਾਣੀ ਸੰਸਾਰ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966)

ਜੋਤਿ – ਵਿਚਾਰਧਾਰਾ, ਗਿਆਨ ਦਾ ਪ੍ਰਕਾਸ਼। ਮਹਲਾ – ਲੀਨ, ਸਮਰਪਤ। ਮਹਲਾ ਪਹਿਲਾ ਤੋਂ ਬਾਅਦ ਕਾਇਆ ਭਾਵ ਸਰੀਰ ਹੀ ਬਦਲਿਆ, ਵਿਚਾਰਧਾਰਾ ਨਹੀਂ ਬਦਲੀ। ਜਿਹੜੀ ਵਿਚਾਰਧਾਰਾ ਨਾਨਕ ਜੀ ਦੀ ਸੀ ਉਸੇ ਹੀ ਵਿਚਾਰਧਾਰਾ ਵਿੱਚ ਲਹਣਾ ਜੀ ਲੀਨ ਭਾਵ ਉਸੇ ਵਿਚਾਰਧਾਰਾ ਨੂੰ ਸਮਰਪਤ ਹਨ।

ਸ਼ੁਰੂ ਵਿੱਚ ਮੂਲ ਮੰਤ੍ਰ ਦੇ ਸਿਰਲੇਖ ਹੇਠ “ਸਵਯੇ ਸ੍ਰੀ ਮੁਖਬਾਕ੍ਹ ਮਹਲਾ ਪ” ਦਾ ਆਉਣਾ ਇਹ ਜ਼ਾਹਰ ਕਰਦਾ ਹੈ ਕਿ ਇਹ ਮੂਲ ਮੰਤ੍ਰ ਦੇ ਸਿਰਲੇਖ ਹੇਠ 20 ਸਵਈਯੇ ਮਹਲਾ 5 ਦੇ, ਨਾਨਕ ਨਾਮ ਦੀ ਮੋਹਰ ਹੇਠ ਹੀ ਉਚਾਰਨ ਹੋਏ ਹਨ। ਦਰਅਸਲ ਭੱਟ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਮਹਲਾ 5ਵਾਂ ਨੇ ਭੱਟ ਬਾਣੀ ਮੂਲ ਮੂੰਤ੍ਰ ਦੇ ਸਿਧਾਂਤ ਉੱਪਰ ਖਰੀ ਉਤਰਦੀ ਹੋਣ ਦੀ ਪ੍ਰੋੜਤਾ ਕਰਦਿਆਂ, ਉਦੇਸ਼, ਵਿਸ਼ਾ, ਮੁਖਬੰਦ-ਭੂਮਿਕਾ ਦੇ ਰੂਪ ਵਿੱਚ ਸਪੱਸ਼ਟ ਕਰ ਦਿੱਤਾ ਹੈ।

ਸਾਰੀ ਬਾਣੀ ਦਾ ਸਿਰਲੇਖ ਮੂਲ ਸਿਧਾਂਤ, ਮੂਲ ਮੰਤ੍ਰ ਹੈ। ਮੂਲ ਮੰਤ੍ਰ ਅਵਤਾਰਵਾਦ, ਦੇਹਧਾਰੀਆਂ ਦੇ ਰੱਬ ਹੋਣ ਵਾਲੀ ਪਰੰਪਰਾ ਨੂੰ ਨਕਾਰਦਾ ਹੈ ਕਿਉਂਕਿ ਭੱਟ ਬਾਣੀ ਦਾ ਮੁਖਬੰਦ ਮਹਲਾ ਪੰਜਵਾਂ ਵੱਲੋਂ ਮੂਲ ਮੰਤ੍ਰ ਦੇ ਸਿਰਲੇਖ ਹੇਠ ਲਿਖਿਆ ਹੈ।ਇਸ ਲਈ ਇਹ ਗੱਲ ਆਪਣੇ ਆਪ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਭੱਟ ਸਾਹਿਬਾਨ ਵੱਲੋਂ ਉਚਾਰਣ ਸਵਈਯੇ ਵੀ ਮੂਲੋਂ ਹੀ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਜਾਲ ਨੂੰ ਅਸਵੀਕਾਰ ਕਰਦੇ ਭਾਵ ਨਕਾਰਦੇ ਹਨ ਅਤੇ ਸਾਰੇ ਸਵਈਯੇ ਅਕਾਲ ਪੁਰਖ ਦੀ ਉਸਤਤਿ ਬਿਆਨ ਕਰਦੇ ਗੁਰਮਤਿ ਸਿਧਾਂਤ ਨੂੰ ਸਮਰਪਿਤ ਹਨ ਅਤੇ ਮਨੁੱਖਤਾ ਨੂੰ ਸੱਚ ਨਾਲ ਜੁੜਨ ਲਈ ਪ੍ਰੇਰਨਾ ਸ੍ਰੋਤ ਹਨ।

ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਛੱਡ ਕੇ ਗੁਰਬਾਣੀ ਦੀ ਵਿਆਖਿਆ ਕਰਨੀ ਗੁਰਬਾਣੀ ਸਿਧਾਂਤ ਨਾਲ ਅਨਿਆਇ ਹੈ। ਜਿਹੜੇ ਸੱਜਣਾਂ ਦੇ ਕੁਝ ਇਤਰਾਜ਼ ਹਨ, ਉਨ੍ਹਾਂ ਦੇ ਇਤਰਾਜ਼ਯੋਗ ਪੱਖ ਨੂੰ ਉਸਾਰੂ ਸੋਚ ਵਜੋਂ ਲੈਣਾ ਚਾਹੀਦਾ ਹੈ ਕਿਉਂਕਿ ਇਹ ਪੱਖ ਹੀ ਸਾਨੂੰ ਗੁਰਬਾਣੀ ਸੱਚ ਵਿਚਲੀ ਡੂੰਘਿਆਈ ਨੂੰ ਜਾਨਣ ਲਈ ਪ੍ਰੇਰਨਾ ਸ੍ਰੋਤ ਬਣਦੇ ਹਨ।

ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਭੱਟ ਬਾਣੀ ਦੇ ਵਿਰੋਧੀਆਂ ਦਾ ਖਿਆਲ ਹੈ, ਗੁਰੂ ਸਾਹਿਬਾਨ ਦੀ ਉਸਤਤ ਕਰਨ ਵੇਲੇ ਕਹਿੰਦੇ ਹਨ ਕਿ ਰਾਘਵਾਂ ਦੀ ਬੰਸ ਵਿਚ ਸ਼ਰੋਮਣੀ ਰਾਜਾ ਦਸਰਥ ਦੇ ਘਰ ਪ੍ਰਗਟ ਹੋਏ ਆਪ ਰਾਮ ਚੰਦਰ ਹੋ। ਗੁਰੂ ਸਾਹਿਬਾਨ ਨੂੰ ਰਾਮਚੰਦਰ, ਜਨਕ ਆਦਿ ਰਾਜਿਆਂ ਦਾ ਦਰਜਾ ਦੇ ਕੇ ਨਿਵਾਜਣਾ ਗੁਰੂ ਸਾਹਿਬ ਦੀ ਸਖਤ ਨਿਰਾਦਰੀ ਹੈ।

ਦੁਆਪੁਰ ਜੁਗ ਕ੍ਰਿਸ਼ਨ ਮੁਰਾਰਿ ਦੇ ਸਿਰਲੇਖ ਹੇਠ “ਚੀਰ ਹਰਨ ਕਥਾ” ਦੇ ਕੇ ਆਪ ਲਿਖਦੇ ਹਨ - ਕੀ ਸਾਡੇ ਗੁਰੂ ਸਾਹਿਬਾਨ ਅਜਿਹੀ ਲੀਲਾ ਰਚਾ ਕੇ. . . . . . ?

ਗੁਰੂ ਨਾਨਕ! ਤੂੰ ਕ੍ਰਿਸ਼ਨ ਮੁਰਾਰੀ ਹੈ, ਤੂੰ ਦੁਆਪੁਰ ਜੁਗ ਵਿੱਚ ਇਹ ਕੌਤਕ ਕੀਤੇ। ਸੋਚੋ ਇਹ ਉਸਤਤਿ ਹੈ ਕਿ ਨਿੰਦਾ?

ਇਸ ਤਰ੍ਹਾਂ ਭੱਟ ਬਾਣੀ ਦੇ ਵਿਰੋਧੀ ਸੱਜਣਾਂ ਦੇ ਇਤਰਾਜ਼ ਦਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਹਵਾਲਾ ਦਿੱਤਾ ਹੈ ਕਿ ਭੱਟ ਬਾਣੀ ਦੇ ਵਿਰੋਧੀ ਸੱਜਣਾਂ ਦਾ ਇਹ ਇਤਰਾਜ਼ ਹੈ। ਇਤਰਾਜ਼ ਤਾਂ ਉਨ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਨ। ਇਹ ਟੂਕ ਮਾਤਰ ਦਿੱਤੇ ਹਨ। ਆਪਾਂ ਇਸ ਵਿਸਥਾਰ ਵਿੱਚ ਨਹੀਂ ਜਾਣਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਭੱਟ ਬਾਣੀ ਦੇ ਵਿਰੋਧੀ ਸੱਜਣਾਂ ਦੇ ਗੁਰਸਿਖੀ ਵਾਸਤੇ ਪਿਆਰ ਦੇ ਜਜ਼ਬੇ ਨੂੰ ਸਲਾਹੁਣਯੋਗ ਵੀ ਲਿਖਿਆ ਹੈ।

ਦਾਸ ਅਨੁਸਾਰ ਜਜ਼ਬਾ ਇਸ ਕਰਕੇ ਸਲਾਹੁਣਯੋਗ ਹੈ ਕਿ ਭੱਟ ਬਾਣੀ ਦੀ ਕੀਤੀ ਗਈ ਪ੍ਰਚਲਿਤ ਵਿਆਖਿਆ ਅੰਦਰ ਉਹ ਨਾਨਕ ਪਾਤਸ਼ਾਹ ਦੀ ਤੁਲਨਾ ਕਿਸੇ ਅਜਿਹੇ ਕਿਸਮ ਦੇ ਅਵਤਾਰਵਾਦੀਆਂ, ਜਿਨ੍ਹਾਂ ਦੇ ਜੀਵਨ ਨਾਲ ਤਰ੍ਹਾਂ-ਤਰ੍ਹਾਂ ਦੀਆਂ ਜੀਵਨ ਪੱਖ ਤੋਂ ਹਾਰੀਆਂ ਹੋਈਆਂ ਘਟਨਾਵਾਂ ਜੁੜਦੀਆਂ ਹਨ, ਨਹੀਂ ਦੇਖਣਾ, ਸੁਣਨਾ ਚਾਹੁੰਦੇ, ਨਾ ਹੀ ਅਜਿਹਾ ਕੁਝ ਪ੍ਰਵਾਨ ਹੀ ਹੋ ਸਕਦਾ ਹੈ ਅਤੇ ਨਾ ਹੀ ਭੱਟ ਸਾਹਿਬਾਨ ਵੱਲੋਂ ਅਜਿਹਾ ਕੁਝ ਕਿਹਾ ਗਿਆ ਹੈ। ਇਹ ਗੱਲ ਭੱਟ ਸਾਹਿਬਾਨ ਦੀ ਆਪਣੀ ਰਚਨਾ ਦੇ ਹੀ ਵਿਰੁੱਧ ਹੈ। ਭੱਟ ਸਾਹਿਬਾਨ ਆਪਣੀ ਰਚਨਾ ਸਵਈਏ ਮਹਲੇ ਪੰਜਵੇਂ ਕੇ ਅੰਦਰ ਸੋਰਠੇ ਛੰਦ ਵਿੱਚ ਲਿਖਦੇ ਹਨ ਜੋ ਸੱਚ ਨੂੰ ਪ੍ਰਣਾਏ ਹੋਏ ਮਰਦ ਪੁਰਖ ਹਨ, ਉਹ ਆਪਣੀ ਮਿਸਾਲ ਆਪ ਹੀ ਹੁੰਦੇ ਹਨ ਭਾਵ ਉਨ੍ਹਾਂ ਨੂੰ ਕਿਸੇ ਕਰਮਕਾਂਡੀ (ਅਵਤਾਰਵਾਦੀ) ਨਾਲ ਨਹੀਂ ਤੋਲਿਆ ਜਾ ਸਕਦਾ ਹੈ। ਦੂਸਰੀ ਗੱਲ ਇਹ ਹੈ ਕਿ ਭੱਟ ਸਾਹਿਬਾਨ ਨੇ ਇਹ ਵੀ ਆਪਣੀ ਰਚਨਾ ਅੰਦਰ ਬਹੁਤ ਜਗ੍ਹਾ ਲਿਖਿਆ ਹੈ ‘ਕਰਤੇ ਦੀ ਤੁਲਨਾ ਕਿਸੇ (ਅਵਤਾਰਵਾਦੀ) ਨਾਲ ਵੀ ਨਹੀਂ ਹੋ ਸਕਦੀ’ ਜਿਵੇਂ:-

ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥
ਕਵਨ ਉਪਮਾ ਦੇਉ ਕਵਨ ਸੇਵਾ ਸਰੇਉ ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ ॥

(ਸਵਈਏ ਮਹਲੇ ਚਉਥੇ ਕੇ, ਪੰਨਾ 1398)

ਭੱਟ ਬਾਣੀ ਅੰਦਰ ਭੱਟ ਸਾਹਿਬਾਨ ਵੱਲੋਂ ਸਿਰਜਿਆ ਸੱਚ ਬਹੁਤ ਵੱਡਾ ਹੈ, ਜਿਸ ਨੂੰ ਲਫਜ਼ਾਂ ਅੰਦਰ ਬਿਆਨ ਕਰਨਾ ਮੇਰੇ ਲਈ ਵੀ ਛੋਟਾ ਮੂੰਹ ਵੱਡੀ ਗੱਲ ਕਹਿਣ ਦੇ ਬਰਾਬਰ ਹੈ। ਪਰ ਜੇਕਰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਵਿਚਾਰੀਏ ਤਾਂ ਕਿਧਰੇ ਵੀ ਭੱਟ ਸਵਈਏ ਬਾਣੀ ਅੰਦਰ ਭੱਟ ਸਾਹਿਬਾਨ ਵੱਲੋਂ ਨਾਨਕ ਪਾਤਸ਼ਾਹ ਜੀ ਦੀ ਤੁਲਨਾ ਰਾਮ, ਕ੍ਰਿਸ਼ਨ ਨਾਲ ਨਹੀਂ ਕੀਤੀ ਗਈ, ਪ੍ਰੰਤੂ ਵਿਆਖਿਆਕਾਰਾਂ ਵੱਲੋਂ ਵਿਆਖਿਆ ਜ਼ਰੂਰ ਕੁਝ ਅਜਿਹੀ ਕਿਸਮ ਦੀ ਕਰ ਦਿੱਤੀ ਗਈ ਹੈ ਜੋ ਇਤਰਾਜ਼ ਕਰਨ ਵਾਲਿਆਂ ਸਿੱਖਾਂ ਦੇ ਮਨਾਂ ਨੂੰ ਵਲੂੰਧਰਦੀ ਹੈ। ਸੱਚ ਇਹ ਹੈ ਕਿ ਭੱਟ ਸਾਹਿਬਾਨ ਨੇ ਆਪਣੀ ਰਚਨਾ ਅੰਦਰ ਅਵਤਾਰਵਾਦੀ ਦੇਹਧਾਰੀ ਪਰੰਪਰਾ ਦਾ ਪੂਰਨ ਤੌਰ ’ਤੇ ਬੜੇ ਜ਼ੋਰਦਾਰ ਸ਼ਬਦਾਂ ਅੰਦਰ ਖੰਡਨ ਕੀਤਾ ਹੈ।

ਦਰਅਸਲ ਅਸਲੀਅਤ ਇਹ ਹੈ ਕਿ ਭੱਟ ਸਾਹਿਬਾਨ ਵੱਲੋਂ ਗੁਰਮਤਿ ਸਿਧਾਂਤ ਦੀ ਸੂਝ ਨੂੰ ਸਮਝ ਕੇ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਉੱਪਰ ਥੀਸਿਸ (Thesis) ਭਾਵ ਖੋਜ ਪ੍ਰਬੰਧ ਲਿਖਿਆ ਗਿਆ ਹੈ, ਜਿਸ ਨੂੰ ਮਹਲਾ ਪੰਜਵਾਂ ਵੱਲੋਂ ਆਪ ਮੂਲ ਮੰਤ੍ਰ ਦੇ ਸਿਰਲੇਖ ਹੇਠ (ਭੱਟ ਸਵਈਏ ਗੁਰਮਤਿ ਦੇ ਮੂਲ ਸਿਧਾਂਤ ਉੱਪਰ ਖਰੇ ਉੱਤਰਦੇ ਹੋਣ ਕਰਕੇ ਆਪਣੀ ਕਲਮ ਨਾਲ ਮੁਖਬਾਕ-ਮੁਖਬੰਦ ਲਿਖ ਕੇ) ਪ੍ਰਵਾਨਗੀ ਦਿੱਤੀ ਹੈ। ਹੁਣ ਇਥੇ ਵਿਚਾਰਨਾ ਬਣਦਾ ਹੈ ਕਿ ਜਿਸ ਲਿਖਤ ਦਾ ਮੁਖਬੰਦ ਹੀ ਮਹਲਾ ਪੰਜਵਾਂ ਵੱਲੋਂ ਆਪ ਲਿਖ ਕੇ ਮੂਲ ਮੰਤ੍ਰ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਵਾਨਗੀ ਦਿੱਤੀ ਗਈ ਹੋਵੇ ਕੀ ਉਹ ਲਿਖਤ ਗੁਰਮਤਿ ਵਿਰੋਧੀ ਹੋ ਸਕਦੀ ਹੈ? ਹਰਗਿਜ਼ ਨਹੀਂ।

✍️ ਨੋਟ: ਸ. ਬਲਦੇਵ ਸਿੰਘ ਟੋਰਾਂਟੋ ਦੀ "ਗੁਰਮਤਿ ਗਿਆਨ ਦਾ ਚਾਨਣ - ਭੱਟਾਂ ਦੇ ਸਵੱਈਏ" ਲਿਖੀ ਪੁਸਤਕ ਹੇਠਾਂ 👇 ਦਿੱਤੇ Links 'ਤੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।

 ਭੱਟ ਬਾਣੀ (ਕਿਸ਼ਤ-01)   ਭੱਟ ਬਾਣੀ (ਕਿਸ਼ਤ-26)   ਭੱਟ ਬਾਣੀ (ਕਿਸ਼ਤ-51)
 ਭੱਟ ਬਾਣੀ (ਕਿਸ਼ਤ-02)   ਭੱਟ ਬਾਣੀ (ਕਿਸ਼ਤ-27)   ਭੱਟ ਬਾਣੀ (ਕਿਸ਼ਤ-52) 
 ਭੱਟ ਬਾਣੀ (ਕਿਸ਼ਤ-03)   ਭੱਟ ਬਾਣੀ (ਕਿਸ਼ਤ-28)   ਭੱਟ ਬਾਣੀ (ਕਿਸ਼ਤ-53) 
 ਭੱਟ ਬਾਣੀ (ਕਿਸ਼ਤ-04)   ਭੱਟ ਬਾਣੀ (ਕਿਸ਼ਤ-29)   ਭੱਟ ਬਾਣੀ (ਕਿਸ਼ਤ-54) 
 ਭੱਟ ਬਾਣੀ (ਕਿਸ਼ਤ-05)   ਭੱਟ ਬਾਣੀ (ਕਿਸ਼ਤ-30)   ਭੱਟ ਬਾਣੀ (ਕਿਸ਼ਤ-55) 
 ਭੱਟ ਬਾਣੀ (ਕਿਸ਼ਤ-06)   ਭੱਟ ਬਾਣੀ (ਕਿਸ਼ਤ-31)   ਭੱਟ ਬਾਣੀ (ਕਿਸ਼ਤ-56) 
 ਭੱਟ ਬਾਣੀ (ਕਿਸ਼ਤ-07)   ਭੱਟ ਬਾਣੀ (ਕਿਸ਼ਤ-32)   ਭੱਟ ਬਾਣੀ (ਕਿਸ਼ਤ-57) 
 ਭੱਟ ਬਾਣੀ (ਕਿਸ਼ਤ-08)   ਭੱਟ ਬਾਣੀ (ਕਿਸ਼ਤ-33)   ਭੱਟ ਬਾਣੀ (ਕਿਸ਼ਤ-58) 
 ਭੱਟ ਬਾਣੀ (ਕਿਸ਼ਤ-09)   ਭੱਟ ਬਾਣੀ (ਕਿਸ਼ਤ-34)   ਭੱਟ ਬਾਣੀ (ਕਿਸ਼ਤ-59) 
 ਭੱਟ ਬਾਣੀ (ਕਿਸ਼ਤ-10)   ਭੱਟ ਬਾਣੀ (ਕਿਸ਼ਤ-35)   ਭੱਟ ਬਾਣੀ (ਕਿਸ਼ਤ-60) 
 ਭੱਟ ਬਾਣੀ (ਕਿਸ਼ਤ-11)   ਭੱਟ ਬਾਣੀ (ਕਿਸ਼ਤ-36)   ਭੱਟ ਬਾਣੀ (ਕਿਸ਼ਤ-61) 
 ਭੱਟ ਬਾਣੀ (ਕਿਸ਼ਤ-12)   ਭੱਟ ਬਾਣੀ (ਕਿਸ਼ਤ-37)   ਭੱਟ ਬਾਣੀ (ਕਿਸ਼ਤ-62) 
 ਭੱਟ ਬਾਣੀ (ਕਿਸ਼ਤ-13)   ਭੱਟ ਬਾਣੀ (ਕਿਸ਼ਤ-38)   ਭੱਟ ਬਾਣੀ (ਕਿਸ਼ਤ-63) 
 ਭੱਟ ਬਾਣੀ (ਕਿਸ਼ਤ-14)   ਭੱਟ ਬਾਣੀ (ਕਿਸ਼ਤ-39)   ਭੱਟ ਬਾਣੀ (ਕਿਸ਼ਤ-64) 
 ਭੱਟ ਬਾਣੀ (ਕਿਸ਼ਤ-15)   ਭੱਟ ਬਾਣੀ (ਕਿਸ਼ਤ-40)   ਭੱਟ ਬਾਣੀ (ਕਿਸ਼ਤ-65) 
 ਭੱਟ ਬਾਣੀ (ਕਿਸ਼ਤ-16)   ਭੱਟ ਬਾਣੀ (ਕਿਸ਼ਤ-41)   ਭੱਟ ਬਾਣੀ (ਕਿਸ਼ਤ-66) 
 ਭੱਟ ਬਾਣੀ (ਕਿਸ਼ਤ-17)   ਭੱਟ ਬਾਣੀ (ਕਿਸ਼ਤ-42)   ਭੱਟ ਬਾਣੀ (ਕਿਸ਼ਤ-67) 
 ਭੱਟ ਬਾਣੀ (ਕਿਸ਼ਤ-18)   ਭੱਟ ਬਾਣੀ (ਕਿਸ਼ਤ-43)   ਭੱਟ ਬਾਣੀ (ਕਿਸ਼ਤ-68) 
 ਭੱਟ ਬਾਣੀ (ਕਿਸ਼ਤ-19)   ਭੱਟ ਬਾਣੀ (ਕਿਸ਼ਤ-44)   ਭੱਟ ਬਾਣੀ (ਕਿਸ਼ਤ-69) 
 ਭੱਟ ਬਾਣੀ (ਕਿਸ਼ਤ-20)   ਭੱਟ ਬਾਣੀ (ਕਿਸ਼ਤ-45)   ਭੱਟ ਬਾਣੀ (ਕਿਸ਼ਤ-70) 
 ਭੱਟ ਬਾਣੀ (ਕਿਸ਼ਤ-21)   ਭੱਟ ਬਾਣੀ (ਕਿਸ਼ਤ-46)   ਭੱਟ ਬਾਣੀ (ਕਿਸ਼ਤ-71) 
 ਭੱਟ ਬਾਣੀ (ਕਿਸ਼ਤ-22)   ਭੱਟ ਬਾਣੀ (ਕਿਸ਼ਤ-47)   ਭੱਟ ਬਾਣੀ (ਕਿਸ਼ਤ-72) 
 ਭੱਟ ਬਾਣੀ (ਕਿਸ਼ਤ-23)   ਭੱਟ ਬਾਣੀ (ਕਿਸ਼ਤ-48)   ਭੱਟ ਬਾਣੀ (ਕਿਸ਼ਤ-73) 
 ਭੱਟ ਬਾਣੀ (ਕਿਸ਼ਤ-24)   ਭੱਟ ਬਾਣੀ (ਕਿਸ਼ਤ-49)   
 ਭੱਟ ਬਾਣੀ (ਕਿਸ਼ਤ-25)   ਭੱਟ ਬਾਣੀ (ਕਿਸ਼ਤ-50)   

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top