Share on Facebook

Main News Page

ਸਿੱਖ ਬਚਣ ਦੀ ਸੋਚੇ ਕਿ ਪੱਗ ਬਚਾਵੇ ? ਕਿ ਇਹ ਸੋਚੇ ਕਿ ਪੱਗ ਕਿਵੇਂ ਬਚਾਉਣੀ ਏ ?
-: ਹਰਜਿੰਦਰ ਸਿੰਘ 'ਸਭਰਾਅ'
੮ ਮਈ ੨੦੧੮

ਇੰਗਲੈਂਡ ਵਿਚ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਤੇ ਵਿਗੜੈਲ ਹਜੂਮ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ। ਅਜਿਹੀ ਘਿਨਾਉਣੀ ਹਰਕਤ ਅੱਤ ਘਟੀਆ ਕਰਤੂਤ ਹੈ। ਗੱਲ ਇਹ ਸਾਹਮਣੇ ਆ ਰਹੀ ਹੈ ਕਿ ਅਜਿਹੀ ਕਰਤੂਤ ਕਰਨ ਵਾਲੇ ਟੋਲੇ ਦੇ ਗਿਆਨੀ ਅਮਰੀਕ ਸਿੰਘ ਨਾਲ ਇਤਿਹਾਸ/ ਗੁਰਮਤ ਸਬੰਧੀ ਕੁਝ ਮਤਭੇਦ ਤੇ ਇਤਰਾਜ਼ ਸਨ। ਇਨ੍ਹਾਂ ਮਤਭੇਦਾਂ ਅਤੇ ਵਿਚਾਰਕ ਵਖਰੇਵਿਆਂ ਕਾਰਣ ਗੁਰਦੁਆਰੇ ਵਿਚ ਇਹ ਨਿੰਦਣਯੋਗ ਹਰਕਤ ਕੀਤੀ ਗੲੀ।

ਕੀ ਅਜਿਹੇ ਲੋਕਾਂ ਨੇ ਆਪਸੀ ਵਖਰੇਵੇਂ ਜਿਹੜੇ ਕਿ ਇਤਿਹਾਸ/ ਗੁਰਬਾਣੀ ਵਿਆਖਿਆ ਅਤੇ ਮਰਯਾਦਾ ਨੂੰ ਲੈ ਕੇ ਹਨ ਉਹ ਸਾਰੇ ਦੂਰ ਕਰ ਲਏ ਹਨ? ਕੀ ਇਤਿਹਾਸ ਦੇ ਨਾਂ 'ਤੇ ਲਿਖੀਆਂ ਗੁਰੂ ਨਿੰਦਾ ਕਰਨ ਵਾਲੀਆਂ ਸਾਖੀਆਂ ਅਤੇ ਪ੍ਰਮਾਣਾਂ ਪ੍ਰਤੀ ਕੋਈ ਲਿਖਤੀ ਅਤੇ ਵਿਧਾਨਕ ਸੇਧ ਸਿੱਖ ਜਗਤ ਨੂੰ ਦੇ ਦਿੱਤੀ ਹੈ? ਕੀ ਵੰਨ ਸੁਵੰਨੀਆਂ ਮਰਯਾਦਾਵਾਂ ਮੰਨਣ ਵਾਲੇ ਇਹ ਟੋਲੇ ਆਪ ਕਿਸੇ ਇਕ ਨਿਯਮ 'ਚ ਬੱਝ ਗੲੇ ਹਨ? ਕੀ ਗੁਰਮਤ ਸਬੰਧੀ ਇਨ੍ਹਾਂ ਸਭ ਧਿਰਾਂ ਦੀ ਵਿਆਖਿਆ ਦਾ ਪੱਧਰ ਅਤੇ ਤਰੀਕਾ ਕਿਸੇ ਤਾਲਮੇਲ 'ਚ ਆ ਗਿਆ ਹੈ?

ਗੱਲਾਂ ਬਹੁਤ ਹਨ, ਪਰ ਮੁਖ ਗੱਲ ਇਹ ਹੈ ਕਿ ਇਹ ਲੋਕ ਜੋ ਪ੍ਰਚਾਰਕਾਂ ਦੀਆਂ ਪੱਗਾਂ ਲਾਹੁਣ/ ਕੇਸ ਪੁੱਟਣ ਅਤੇ ਜਾਨੋਂ ਮਾਰਣ ਤੱਕ ਚਲੇ ਜਾਂਦੇ ਹਨ ਕਿਸ ਪੱਖ ਤੋਂ ਸਿੱਖੀ ਦੀ ਸੇਵਾ ਕਮਾ ਰਹੇ ਹਨ? ਪੰਥ ਦੀ ਕਿਹੜੀ ਜਿੱਤ ਹੈ ਜਿਹੜੀ ਪ੍ਰਚਾਰਕਾਂ ਦੀਆਂ ਪੱਗਾਂ ਲਾਹੁਣ ਤੇ ਖੜੀ ਹੈ? ਕੀ ਆਤਮਕ ਅੰਧਰਾਤੇ ਦੇ ਸ਼ਿਕਾਰ ਅਜਿਹੀ ਕਾਰਵਾਈ ਕਰਨ ਵਾਲੇ ਲੋਕਾਂ ਨੂੰ ਬਹਾਦਰੀ ਤੇ ਗੁੰਡਾਗਰਦੀ ਵਿਚਲੇ ਫਰਕ ਨਜ਼ਰੀਂ ਵੀ ਪੈਣਗੇ? ਇਹ ਕ੍ਰੋਧ ਗ੍ਰਸਿਆ ਮਜਮਾ ਕਦੇ ਧੜੇ ਦੀ ਗੁਲਾਮੀ ਦੇ ਤੌਂਕ ਤੋਂ ਮੁਕਤ ਹੋ ਸਕੇਗਾ? ਨਹੀਂ ਕਦੀ ਨਹੀਂ!

ਇਹ ਪੰਥ ਸਿਪਾਹੀ ਨਹੀਂ ਹਨ। ਕਿਉਂਕਿ! ਪੰਥ ਦੇ ਸਿਪਾਹੀ ਗੰਦੀਆਂ ਗਾਲਾਂ ਕੱਢ ਕੇ ਸ਼ਬਦੀ ਬਲਾਤਕਾਰ ਨਹੀਂ ਕਰਦੇ। ਵੀਚਾਰਕ ਵਖਰੇਵਿਆਂ 'ਚ ਕਿਸੇ ਦੀ ਪੱਤ ਨਹੀਂ ਰੋਲਦੇ। ਪੱਗਾਂ ਉਛਾਲ ਕੇ ਵਾਲ ਨਹੀਂ ਪੁੱਟਦੇ। ਸੱਚੀ ਗੱਲ ਤਾਂ ਇਹ ਹੈ ਕਿ ਇਹ ਲੋਕ ਸਿੱਖੀ ਦੇ ਨਾਂ ਤੇ ਮੰਨੂ ਸਿਮ੍ਰਤੀ ਕਾਨੂੰਨ ਲਾਗੂ ਕਰਨ ਵਾਲੀ ਦਿਸ਼ਾ ਚ ਵਧ ਰਹੇ ਹਨ। ਪੱਗਾਂ ਕੇਸਾਂ ਤੋਂ ਅੱਗੇ ਜਾਨਾਂ ਲੈਣੀਆਂ ਉਹ ਵੀ ਇਸ ਕਰਕੇ ਕਿ ਇਹਦੇ ਸਿੱਖੀ ਸਬੰਧੀ ਵੀਚਾਰ ਸਾਡੇ ਮੁਤਾਬਕ ਕਿਉਂ ਨਹੀਂ। ਇਹ ਡੇਰੇਦਾਰਾਂ ਦੀ ਅਤੇ ਉਨ੍ਹਾਂ ਦੇ ਪਾਲ਼ੇ ਤੇ ਬੁਸ਼ਕਾਰੇ ਗਰੋਹਾਂ ਦੀ ਸਿੱਖ ਪੰਥ ਉਤੇ ਮੰਨੂਵਾਦ ਦੀ ਅਜਾਰੇਦਾਰੀ ਸਥਾਪਤ ਕਰਨ ਦੇ ਕਦਮ ਨੇ। ਇਹ ਲੋਕ ਹਰ ਉਸ ਗੱਲ ਨੂੰ ਕਰ ਕੇ ਵਿਖਾ ਦਿੰਦੇ ਹਨ ਜਿਹੜੀ ਘਿਨਾਉਣੀ ਗੱਲ ਬਿਪਰਵਾਦੀ ਨੀਤੀਘਾੜੇ ਸਿੱਖਾਂ ਬਾਰੇ ਕਰਦੇ ਹਨ।

ਪੰਜਾਬ ਪਿੰਡ ਪਿੰਡ ਵਿਚ ਡੇਰਾਵਾਦ/ ਦੇਹਧਾਰੀ ਗੁਰੂ ਡੰਮ੍ਹ/ ਅਤੇ ਹੋਰ ਪਤਾ ਨਹੀਂ ਕੀ ਕੁਝ ਹੈ। ਉਥੇ ਗੁਰਬਾਣੀ ਦੇ ਪ੍ਰਕਾਸ਼ ਸਾਧਾਂ ਦੀਆਂ ਮੜ੍ਹੀਆਂ ਤੇ ਵੀ ਹੁਂਦੇ ਨੇ ਤੇ ਭਾਂਤ ਸੁਭਾਂਤੀਆਂ ਮਰਯਾਦਾਵਾਂ ਲਾਗੂ ਨੇ। ਇਹ ਟੋਲਾ ਉਨ੍ਹਾਂ ਨੂੰ ਪੰਥ ਦਾ ਅੰਗ ਮੰਨਦੇ ਹੋਏ ਸਿਰੋਪਿਓ ਸਰੋਪੀ ਹੋ ਕੇ ਮਾਣ ਤਾਣ ਦਿਂਦੇ ਲੈਂਦੇ ਨੇ। ਪਰ ਪ੍ਰਚਾਰਕ ਦੀ ਕਿਸੇ ਨੁਕਤੇ ਦੀ ਵਿਆਖਿਆ ਕਾਰਣ ਜੁੰਡਿਓ ਜੁੰਡੀ ਹੋਣਗੇ। ਕਾਰਣ ਸਪੱਸ਼ਟ ਹੈ ਕਿ ਹਰ ਵੱਖਰਾ ਕੰਮ ਚਲਾਉਣ ਵਾਲਾ ਹਰ ਵਖਰੀ ਮਰਯਾਦਾ ਚਲਾਉਣ ਵਾਲਾ ਤੇ ਸ਼ਖਸ਼ੀ ਪੂਜਾ ਕਰਾਉਣ ਵਾਲਾ ਡਾਂਗ ਨਾਲ ਕਾਇਮ ਰੱਖਦਾ ਹੈ ਤੇ ਲੱਠਮਾਰਾਂ ਦਾ ਇਕੱਠ ਰੱਖਦਾ ਹੈ। ਉਸ ਤਾਕਤ ਸਾਹਵੇਂ ਏਕਤਾ ਹੋ ਜਾਂਦੀ ਹੈ ਤੇ ਪੰਥ ਦਾ ਸਾਰੇ ਲੱਠਮਾਰ ਅੰਗ ਬਣਾ ਲਏ ਜਾਂਦੇ ਹਨ। ਪਰ ਆਮ ਸਿੱਖ ਲੱਠਮਾਰਾਂ ਦੀ ਫੌਜ ਨਹੀਂ ਰੱਖ ਸਕਦਾ।

ਹਰ ਪ੍ਰਚਾਰਕ ਮਾਂਗਵੀਆਂ ਧਾੜਾਂ ਭਰਤੀ ਨਹੀਂ ਕਰ ਸਕਦਾ ਇਸ ਲਈ ਤਿਆਰ ਰਹੇ ਕਿ ਮੱਥਾ ਗੁਰੂ ਨੂੰ ਟੇਕੇ ਅਤੇ ਪੱਗ ਇਨ੍ਹਾਂ ਟੋਲਿਆਂ ਚੋਂ ਕਿਸੇ ਇਕ ਟੋਲੇ ਨੂੰ ਭੇਟ ਕਰ ਦੇਵੇ ਤੇ ਘਰੋਂ ਜੂੜਾ ਕਰਕੇ ਜਾਵੇ ਤੇ ਗੁਰਦਵਾਰਿਓਂ ਵਾਲ ਪੁਟਾ ਕੇ ਆਵੇ। ਕਿਉਂਕਿ ਥਾਂ ਥਾਂ ਬੈਠੇ ਇਨ੍ਹਾਂ ਟੋਲਿਆਂ ਤੇ ਇਨ੍ਹਾਂ ਦੇ ਆਕਾਵਾਂ ਨੂੰ 'ਤੇ ਸ਼ਰਮ ਆਉਣੀ ਹੀ ਨਹੀਂ। ਇਨ੍ਹਾਂ ਤਾਂ ਸਿੱਖਾਂ ਦੀਆਂ ਪੱਗਾਂ ਲਾਹ ਕੇ ਵਾਲ ਪੁਟ ਕੇ ਜੈਕਾਰੇ ਵੀ ਗਜਾਈ ਜਾਣੇ ਆਂ ਤੇ ਆਵਦੀਆਂ ਇਨ੍ਹਾਂ ਖੌਰੂ ਮੰਡਲੀਆਂ ਨੂੰ ਪੰਥ ਦੇ ਰਾਖੇ ਹੋਣ ਦਾ ਖਿਤਾਬ ਵੀ ਲੋਲੜ੍ਹ ਲੀਡਰਾਂ ਕੋਲੋਂ ਦਿਵਾ ਲੈਣਾ ਹੈ। ਸੋ ਸਿੱਖ ਬਚਣ ਦੀ ਸੋਚੇ ਕਿ ਪੱਗ ਬਚਾਵੇ? ਕਿ ਇਹ ਸੋਚੇ ਕਿ ਪੱਗ ਕਿਵੇਂ ਬਚਾਉਣੀ ਏ?

ਪੰਥਕ ਜਥੇਬੰਦੀਆਂ/ ਗੁਰਦੁਆਰਾ ਕਮੇਟੀਆਂ/ ਪੰਥ ਪ੍ਰਸਤ ਗੁਰਮਤ ਪ੍ਰੇਮੀ ਸਿੱਖ ਜ਼ਰੂਰ ਸੋਚਣ! ਆਪਣੀ ਉਮਰ ਦਾ ਵੱਡਾ ਹਿੱਸਾ ਸਿੱਖ ਸੰਗਤ ਵਿਚ ਗੁਰਮਤਿ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਜੇ ਇਨ੍ਹਾਂ ਲਈ ਪੰਥ ਦੋਖੀ ਹੋ ਸਕਦੇ ਨੇ ਤੇ ਉਨ੍ਹਾਂ ਨੂੰ ਮਾਰਣ ਤੇ ਜ਼ਲੀਲ ਕਰਨ ਲਈ ਇਹ ਟੋਲੇ ਗੁੰਡਾਗਰਦੀ ਦੀ ਹਰ ਹੱਦ ਪਾਰ ਕਰ ਸਕਦੇ ਨੇ ਤਾਂ ਆਮ ਸਿੱਖ ਤਾਂ ਬੱਸ ਕੜਾਹ ਪ੍ਰਸ਼ਾਦ ਦਾ ਕੁਣਕਾ ਲੈ ਕੇ ਤੁਰਦਾ ਬਣੇ ਕਿ ਨਹੀਂ?


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top