Share on Facebook

Main News Page

ਇਲੈਕਟਰੌਨਿਕ ਪੁਜਾਰੀ
-: ਬਲਰਾਜ ਸਿੰਘ ਸਪੋਕਨ
30 Jul 2018

ਅਜਕਲ ਹਰ ਪਾਸੇ ਪੁਜਾਰੀ ਦੇ ਚਰਚੇ ਚਲ ਰਹੇ ਹਨ । ਹਰ ਕੋਈ ਪੁਜਾਰੀ ਨੂੰ ਕੋਸ ਰਿਹਾ ਹੈ । ਇਕ ਪੁਜਾਰੀ ਦੂਸਰੇ ਪੁਜਾਰੀ ਨੂੰ ਤਾਹਨੇ ਮਿਹਣੇ ਮਾਰ ਰਿਹਾ ਹੈ । ਹਰ ਪੁਜਾਰੀ ਨੂੰ ਲਗ ਰਿਹਾ ਕਿ ਮੈਂ ਨਹੀਂ ! ਬਲਕਿ ਦੂਸਰਾ ਪੁਜਾਰੀ, ਅਸਲ ਪੁਜਾਰੀ ਹੈ । ਵੈਸੇ ਆਪ ਸਭ ਨੂੰ ਪਤਾ ਹੀ ਹੈ ਕੇ ਧਰਮ ਦੇ ਨਾਮ ਉਪਰ ਪੂਜਾ ਦਾ ਧਾਨ ਲੈਣ ਵਾਲੇ ਇਨਸਾਨ ਨੂੰ ਪੁਜਾਰੀ ਆਖਿਆ ਜਾਂਦਾ ਹੈ । ਸਮੇਂ ਦੀ ਬਦਲਦੀ ਰਫਤਾਰ ਦੇ ਨਾਲ ਨਾਲ ਪੁਜਾਰੀਬਾਦ ਦੀ ਰਫਤਾਰ ਵੀ ਬਦਲ ਰਹੀ ਹੈ । ਅਸੀਂ ਅਜ ਇਸ ਬਾਬਤ ਗਲਬਾਤ ਕਰਾਂਗੇ ।

ਜਿਸ ਵਖਤ ਗੁਰੂ ਨਾਨਕ ਪਾਤਸ਼ਾਹ ਦਾ ਇਸ ਜਹਾਨ ਉਪਰ ਆਗਮਨ ਹੋਇਆ, ਉਸ ਸਮੇਂ ਸਮਾਜ ਧਾਰਮਿਕ ਪੁਜਾਰੀ ਦੇ ਵਿਛਾਏ ਜਾਲ ਵਿਚ ਪੂਰੀ ਤਰਾਂ ਉਲਝ ਚੂਕਿਆ ਸੀ । ਪੁਜਾਰੀ ਨੇ ਮਨੁੱਖਤਾ ਦਾ ਧਾਰਮਿਕ ਸ਼ੋਸ਼ਣ ਇਸ ਕਦਰ ਕਰਿਆ ਹੋਇਆ ਸੀ ਕਿ ਧਰਮ ਦੇ ਖੇਤਰ ਵਿਚ ਦੇਸ਼ ਦੇ ਰਾਜੇ ਮਹਾਰਾਜੇ ਵੀ ਪੁਜਾਰੀ ਦੇ ਗੁਲਾਮ ਬਣ ਚੁਕੇ ਸਨ । ਸਮਾਜ ਵਿਚ ਕਈ ਕਿਸਮ ਦੇ ਭਗਵਾਨਾਂ ਦਾ ਬੋਲਬਾਲਾ ਸੀ । ਇਥੋਂ ਤੱਕ ਕਿ ਪੁਜਾਰੀ ਨੇ ਉਸ ਕਰਤੇ ਦੀ ਰਚਨਾ ਦੇ ਵੱਖ ਵੱਖ ਅੰਗਾਂ ਨੂੰ ਵੀ ਦੇਵਤੇ, ਭਾਵ ਭਗਵਾਨ ਬਣਾ ਧਰਿਆ ਸੀ । ਗੁਰਬਾਣੀ ਵੀ ਇਸ ਗਲ ਦੀ ਗਵਾਹੀ ਭਰਦੀ ਹੈ ।

ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥ ਗ.ਗ.ਸ. 473

ਪੁਜਾਰੀ ਨੇ ਅੰਨ ਪਾਣੀ ਅਗ ਇਥੋਂ ਤੱਕ ਕਿ ਲੂਣ ਨੂੰ ਵੀ ਦੇਵਤਾ ਭਾਵ ਰਬ ਬਣਾ ਧਰਿਆ ਸੀ । ਜਿਵੇਂ ਅਜਕਲ "ਅਪਗ੍ਰੇਡ ਪੁਜਾਰੀ" ਕੁਦਰਤ ਨੂੰ ਰਬ ਬਣਾ ਕੇ ਪ੍ਰਚਾਰਨ ਤੇ ਲੱਗੇ ਹੋਏ ਹਨ ।

ਪੁਜਾਰੀ ਕਹਿੰਦਾ ਸੀ ਤੁਸੀਂ ਮੈਨੂੰ ਦਾਨ ਕਰੋ, ਫਿਰ ਰੱਬ ਮੇਰੇ ਕਹਿਣ 'ਤੇ ਤੁਹਾਡਾ ਕਲਿਆਣ ਕਰੇਗਾ । ਤੁਸੀਂ ਆਪਣਾ ਪੈਸਾ ਟਕਾ, ਸੋਨਾ ਚਾਂਦੀ, ਧੰਨ ਦੌਲਤ, ਜ਼ਮੀਨ ਜਾਇਦਾਦ, ਇਥੋਂ ਤੱਕ ਕਿ ਆਪਣੀ ਪਤਨੀ ਦਾਨ ਕਰੋ, ਮੈਂ ਤੁਹਾਡੀ ਸਵਰਗਾਂ 'ਚ ਸੀਟ ਰਿਜ਼ਰਵ ਕਰਵਾ ਦਿਆਂਗਾ । ਧਾਰਮਿਕ ਪੁਜਾਰੀ ਦਾ ਸਾਰਾ ਦਾਰੋ - ਮਦਾਰ ਵਰ ਅਤੇ ਸਰਾਪ 'ਤੇ ਖੜਾ ਸੀ । ਉਸਦੀ ਜਿੰਦਗੀ ਦਾ ਗੁਜਰਾਨ ਪੂਜਾ ਦੇ ਧਾਨ ਤੇ ਚਲਦਾ ਸੀ । ਇਸ ਲਈ ਉਸਨੇ ਸਮਾਜ ਨੂੰ ਆਪਣੇ ਅਖੌਤੀ ਧਾਰਮਿਕ ਮਾਇਆ ਜਾਲ ਵਿਚ ਫਸਾ ਰਖਿਆ ਸੀ ।

ਦਸ ਗੁਰੂ ਜਾਮਿਆਂ ਨੇ ਆਪਣੇ ਜੀਵਣਕਾਲ ਦੌਰਾਨ ਇਸ ਧਾਰਮਿਕ ਲੁੱਟ ਦੇ ਖਿਲਾਫ ਸਮਾਜ ਨੂੰ ਜਾਗਰੁਕ ਕੀਤਾ । ਮਨੁੱਖਤਾ ਨੂੰ ਜਗਾਇਆ ਕਿ ਤੁਸੀਂ ਰਬ ਦੇ ਨਾਮ ਉਪਰ ਲੁੱਟੇ ਜਾ ਰਹੇ ਹੋ । ਰਬ ਕੋਈ ਅਜਿਹੀ ਸ਼ਕਤੀ ਜਾਂ ਬੰਦਾ ਨਹੀਂ ਜੋ ਸਿਰਫ ਪੁਜਾਰੀ ਦੇ ਚਲਾਇਆ ਹੀ ਚਲਦਾ ਹੈ । ਗੁਰੂ ਸਾਹਿਬਾਨ ਦੀਆਂ ਗਿਆਨ ਰੂਪੀ ਸਿਖਿਆਵਾਂ ਨੂੰ ਧਾਰਨ ਕਰਕੇ ਨਾਨਕ ਨਾਮ ਲੇਵਾ ਸਮਾਜ ਪੁਜਾਰੀ ਦੇ ਚੂੰਗਲ ਵਿਚੋਂ ਆਜ਼ਾਦ ਹੋ ਗਿਆ।

ਤਕਰੀਬਨ ਦੋ ਸੌ ਵਰ੍ਹੇ ਸਿੱਖ ਸਮਾਜ ਪੁਜਾਰੀ ਦੀ ਧਾਰਮਿਕ ਲੁੱਟ ਖਸੁੱਟ ਤੋਂ ਆਜ਼ਾਦ ਰਿਹਾ । ਫਿਰ ਪੁਜਾਰੀ ਨੇ ਆਪਣਾ ਪੁਰਾਣਾ ਸਰੂਪ ਬਦਲਣਾ ਸ਼ੁਰੂ ਕੀਤਾ । ਉਸ ਨੇ ਸਿਰ ਉਪਰ ਧਾਰਮਿਕ ਬੋਦੀ ਦੀ ਜਗਾ ਧਾਰਮਿਕ ਦਸਤਾਰ ਸਜਾ ਲਈ । ਸਰੀਰ 'ਤੇ ਲੰਬਾ ਸਫੈਦ ਚੋਲ੍ਹਾ ਪਾ ਲਿਆ । ਗਲੇ ਵਿੱਚ ਗੁਰਬਾਣੀ ਵਲੋਂ ਬਬਰਜਿਤ ਮਾਲਾ ਪਾ ਲਈਆਂ । ਹੁਣ ਉਸ ਨੇ ਭੋਲੇ ਭਾਲੇ ਸਿੱਖਾਂ ਨੂੰ ਸ਼ਰਧਾ ਦੇ ਨਾਮ ਉਪਰ ਲੁੱਟਣਾ ਸ਼ੁਰੂ ਕਰ ਦਿਤਾ । ਸਿੱਖ ਦਿਖ ਵਾਲੇ ਬਿਪਰ ਨੇ ਪ੍ਰਚਲਿਤ ਕੀਤਾ ਕਿ ਮੇਰੇ ਡੇਰੇ ਸੇਵਾ ਕੀਤੀ, ਸੰਪਟ ਪਾਠ ਅਤੇ ਆਖੰਡਪਾਠ ਕਰਵਾਏ ਹੀ ਗੁਰੂ ਨੂੰ ਪ੍ਰਵਾਨ ਹੋਣਗੇ । ਗਿਣਤੀਆਂ ਮਿਣਤੀਆਂ ਦੇ ਪਾਠ ਤੁਸੀਂ ਕਰੋ, ਅਰਦਾਸ ਮੈਂ ਕਰਾਂਗਾ । ਵਾਹਿਗੁਰੂ ਦੇ ਦਰ ਘਰ ਵਿਚ ਸਿਰਫ ਮੇਰੀ ਅਰਦਾਸ ਹੀ ਕਬੂਲ ਹੁੰਦੀ ਹੈ । ਇਸ ਤਰਾਂ ਤੁਹਾਡੀ ਬੰਦ ਖਲਾਸੀ ਹੋਵੇਗੀ । ਮੈਂ ਤੁਹਾਡੇ ਅਤੇ ਰੱਬ ਵਿਚਕਾਰ ਵਿਚੋਲਾ ਹਾਂ । ਤੁਸੀਂ ਮੇਰਾ ਘਰ ਭਰੋ, ਰੱਬ ਤੁਹਾਡਾ ਭਰੇਗਾ ।

ਆਪਣਿਆਂ ਵਲੋਂ ਹੁੰਦੀ ਇਸ ਸ਼ਰਧਕ ਖੱਜਲ ਖੁਆਰੀ ਨੂੰ ਰੋਕਣ ਲਈ ਕੁਝ ਪੰਥ ਦਰਦੀ ਸੂਝਵਾਨ ਵਿਦਵਾਨ ਅੱਗੇ ਆਏ । ਉਨ੍ਹਾਂ ਮਿਸ਼ਨਰੀ ਕਾਲਜ ਖੋਲ੍ਹੇ ਤਾਂ ਜੋ ਗੁਰਮਤਿ ਦੀ ਸਹੀ ਜਾਣਕਾਰੀ ਸਿੱਖਾਂ ਦੇ ਘਰ ਗਰ ਪਹੁੰਚਾਈ ਜਾ ਸਕੇ। ਇਨ੍ਹਾਂ ਗੁਰਮਤਿ ਗਿਆਨ ਨਾਲ ਲਬਰੇਜ ਕਾਲਜਾਂ ਵਿਚੋਂ ਤੱਤ ਗੁਰਮਤਿ ਦੀ ਸਿਖਿਆ ਲੈ ਕੇ ਨਿਕਲੇ ਨੌਜਵਾਨ ਪ੍ਰਚਾਰਕਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਕੀ ਧਰਮਾਂ ਨਾਲੋਂ ਵਿਲੱਖਣ ਫਿਲਾਸਫੀ ਨੂੰ ਬੜੀ ਸ਼ਿਦਤ ਨਾਲ ਪ੍ਰਚਾਰਿਆ ਪ੍ਰਸਾਰਿਆ । ਇਨ੍ਹਾਂ ਪ੍ਰਚਾਰਕਾਂ ਦੇ ਨਾਲ ਨਾਲ ਕੁਝ ਹੋਰ ਗੁਰਬਾਣੀ ਦੇ ਰਸੀਏ, ਨਿਰੋਲ ਗੁਰਮਤਿ ਦੇ ਧਾਰਣੀ ਵਿਦਵਾਨ ਸੱਜਣਾਂ ਨੇ ਵੀ ਆਪਣਾ ਯੋਗਦਾਨ ਪਾਇਆ ਅਤੇ ਅੱਜ ਵੀ ਪਾ ਰਹੇ ਹਨ । ਗਿਆਨ ਦੀ ਉਠੀ ਇਸ ਹਨੇਰੀ ਨੂੰ ਵੇਖ ਕੇ "ਸ਼ਰਧਕ ਪੁਜਾਰੀ" ਦਾ ਤਖਤ ਫਿਰ ਹਿਲਿਆ। ਉਸ ਨੂੰ ਆਪਣੀ ਸਲਤਨਤ ਜੋ ਸ਼ਰਧਾ ਦੇ ਨਾਮ ਉਪਰ ਮਾਇਆ ਇਕੱਠੀ ਕਰਕੇ ਖੜੀ ਕੀਤੀ ਸੀ, ਤਬਾਹ ਹੁੰਦੀ ਨਜ਼ਰ ਆਉਣ ਲੱਗੀ ।

ਸ਼ਰਧਕ ਪੁਜਾਰੀ ਨੇ ਫਿਰ ਪਲਟੀ ਮਾਰ ਲਈ । ਉਸ ਨੇ ਸਭ ਤੋਂ ਪਹਿਲਾ ਆਪਣੀ ਧਾਰਮਿਕ ਦਸਤਾਰ ਬੰਨ੍ਹਣ ਦਾ ਸਟਾਈਲ ਬਦਲਿਆ । ਗਲ੍ਹੇ 'ਚੋਂ ਮਾਲਾ ਵਗੈਰਾ ਉਤਾਰ ਦਿਤੀਆਂ ਅਤੇ ਸਿੱਖਾਂ ਵਿਚ ਉਨ੍ਹਾਂ ਦਾ ਭਰਾ ਬਣ ਕੇ ਵਿਚਰਣ ਲੱਗਾ । ਹੁਣ ਉਹ ਤੱਤ ਗੁਰਮਤਿ ਦੇ ਪ੍ਰਚਾਰ ਦੀ ਨਕਲ ਕਰਕੇ ਉਸ ਨੂੰ ਆਪਣੇ ਢੰਗ ਨਾਲ ਪ੍ਰਚਾਰ ਰਿਹਾ ਹੈ । ਸ਼ਰਧਾ ਦੇ ਨਾਮ ਉਪਰ ਕਰੀ ਕਮਾਈ ਨਾਲ ਜੋ ਉਸਨੇ ਮਹਿਲ ਖੜੇ ਕੀਤੇ ਸਨ , ਉਨ੍ਹਾਂ ਦੀ ਦੇਖ ਰੇਖ ਅਤੇ ਆਪਣੀ ਲਗਜ਼ਰੀ ਲਾਈਫ , VIP ਕਲਚਰ ਨੂੰ ਬਰਕਰਾਰ ਰਖਣ ਲਈ ਉਸਨੇ ਇਨਕਮ ਦੇ ਸਾਧਨ ਵੀ ਬਦਲ ਲਏ ਹਨ । ਹੁਣ ਉਹ ਸਿਧੀ ਮਾਇਆ ਨਹੀਂ ਫੜਦੇ, ਸਗੋਂ ਆਪਣੇ ਬੈਂਕ ਅਕਾਉਂਟ ਪਬਲਿਕ ਕਰਦੇ ਹਨ। ਸ਼ੋਸ਼ਲ ਮੀਡੀਏ ਰਾਹੀਂ ਬੈਂਕ ਅਕਾਉਂਟ ਘਰ ਘਰ ਪਹੁੰਚਾਇਆ ਜਾ ਰਿਹਾ ਹੈ । ਅਜਕਲ ਪੂਜਾ ਦਾ ਧਾਨ ਇਲੈਕਟਰੋਨ ਮੀਡੀਏ ਦੁਆਰਾ ਇਕੱਠਾ ਕੀਤਾ ਜਾਂਦਾ ਹੈ। ਇੰਝ ਕਹਿ ਲਵੋ ਕੇ ਸ਼ਰਧਕ ਪੁਜਾਰੀ ਹੁਣ "ਇਲੈਕਟਰੌਨਿਕ ਪੁਜਾਰੀ" ਬਣ ਗਿਆ ਹੈ।

ਹੁਣ ਕੋਤਰੀਆਂ, ਆਖੰਡਪਾਠਾਂ, ਸੰਪਟਪਾਠਾਂ ਦੁਆਰਾ ਨਹੀਂ, ਬਲਕਿ" ਯੂ-ਟਿਊਬ" ਰਾਂਹੀ ਮੋਟੀ ਕਮਾਈ ਕੀਤੀ ਜਾਂਦੀ ਹੈ । ਪੁਜਾਰੀ ਹਰ ਦੂਜੇ ਤੀਜੇ ਮਹੀਨੇ ਕੋਈ ਨਾ ਕੋਈ ਬਿਨਾ ਲੋੜ ਤੋਂ ਵੀਡਿਓ ਤਿਆਰ ਕਰਦਾ ਹੈ । ਪਹਿਲਾਂ ਕੁੱਝ ਦਿਨ ਉਸ ਵੀਡਿਉ ਦਾ ਫਿਲਮਾਂ ਦੀ ਤਰਜ 'ਤੇ ਟਰੇਲਰ ਰੀਲੀਜ ਕੀਤਾ ਜਾਂਦਾ ਹੈ । ਟਰੇਲਰ ਦੀ ਡਬਿੰਗ ਇੰਨ ਬਿੰਨ ਫਿਲਮੀ ਤਰਜ 'ਤੇ ਹੁੰਦੀ ਹੈ । ਟਰੇਲਰ ਵਿੱਚ ਬੈਕ ਗਰਾਉਂਡ 'ਤੇ ਧਮਾਕੇਦਾਰ, ਵਿਯੋਗ ਮਈ ਜਾਂ ਵੀਰ ਰਸੀ ਮਿਊੋਜਿਕ ਵਜਾਇਆ ਜਾਂਦਾ ਹੈ । ਦਿਲ ਨੂੰ ਟੱਚ ਕਰਣ ਵਾਲੀਆਂ ਟਿਊਨਾਂ ਦੀ ਭਰਮਾਰ ਹੁੰਦੀ ਹੈ । ਟਰੇਲਰ ਦੀ ਪੂਰੀ ਤਰਾਂ ਨਾਟਕੀ ਢੰਗ ਨਾਲ ਐਡਟਿੰਗ ਕੀਤੀ ਜਾਂਦੀ ਹੈ । ਫਿਰ ਉਸ ਨੂੰ ਇਕ ਦੋ ਦਿਨ ਪਹਿਲਾ ਫਿਲਮਾਂ ਦੀ ਤਰਜ 'ਤੇ ਰੀਲੀਜ ਕੀਤਾ ਜਾਂਦਾ ਹੈ, ਤਾਂ ਜੋ ਸਿਖ ਸੰਗਤ ਦਾ ਧਾਰਮਿਕ ਮਾਨਸਿਕ ਸ਼ੋਸ਼ਣ ਕਰਣ ਲਈ ਉਨ੍ਹਾਂ ਦੀ ਉਤਸੁਕਤਾ ਵਧਾਈ ਜਾਵੇ । ਬਾਅਦ ਵਿਚ ਬਿਨਾ ਕਾਰਣ ਗੁਰਮਤਿ ਵਿਰੋਧੀ ਬਣਾਈ ਵੀਡੀਉ ਅਪਲੋਡ ਕੀਤੀ ਜਾਂਦੀ ।

ਕਾਰਣ ਸਾਫ ਤੇ ਸਪਸ਼ਟ ਹੈ ! ਕਿ ਇਸ ਤਰਾਂ ਕਰਣ ਨਾਲ "ਯੂ-ਟਿਊਬ" ਦੇ ਕਲਿਕ ਵਧਣਗੇ ਅਤੇ ਕਮਾਈ ਮੋਟੀ ਹੋਵੇਗੀ । ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਪੁਜਾਰੀ ਕਦੇ ਵੀ "ਯੂ -ਟਿਊਬ" ਸਬਸਕਰਾਈਬਰਾਂ ਦੀ ਨੁਮਾਇਸ਼ ਸ਼ੋਸਲ ਮੀਡੀਏ 'ਤੇ ਨਾ ਕਰਦਾ । ਇਸ ਗਲ ਦਾ ਪ੍ਰਚਾਰ ਕਰਣਾ ਕੇ ਸਾਡੇ ਲੱਖਾਂ ਦੇ ਹਿਸਾਬ ਨਾਲ ਸਬਸਕਰਾਈਵਰ ਹਨ । ਇਸ ਗਲ ਦੀ ਪੁਸ਼ਟੀ ਕਰਦਾ ਹੈ ਕੇ ਇਹ ਵੀ ਇਕ ਧਰਮ ਦੇ ਨਾਮ ਉਪਰ "ਇਲੈਕਟਰੋਨਿਕ ਧਾਰਮਿਕ" ਧੰਦਾ ਹੈ । ਇਸ ਧੰਦੇ ਨੂੰ ਅਸਮਾਨ ਦੀਆਂ ਬੁਲੰਦੀਆਂ 'ਤੇ ਪਹੁਚਾਉਣ ਲਈ ਅਜਕਲ "ਇਲੈਕਟਰੌਨਿਕ ਪੁਜਾਰੀ" ਗੁਰਮਤਿ ਵਿਰੋਧੀ ਬਿਆਨ, ਜਿਵੇਂ ਕਿ ਕੁਦਰਤ ਹੀ ਰਬ ਹੈ... ਵਗੈਰਾ ਦਾ ਪ੍ਰਚਾਰ ਕਰ ਰਿਹਾ, ਤਾਂ ਜੋ ਸਮਾਜ ਦਾ ਧਿਆਨ ਆਪਣੇ ਵਲ ਖਿਚਿਆ ਜਾ ਸਕੇ ਅਤੇ "ਯੂ-ਟਿਊਬ" ਕਲਿਕ ਵਧਾਏ ਜਾਣ ਸਕਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top