ਗੁਰਬਾਣੀ ਕਾਵਿ ਭਾਸ਼ਾ ਵਿਚ ਹੈ, ਇਸ ਲਈ ਅੱਖਰੀ ਅਰਥਾਂ ਤੋਂ ਅੱਗੇ
ਭਾਵ ਅਰਥ ਸਮਝਣਾ ਜਰੂਰੀ ਹੈ। ਗੁਰਬਾਣੀ ਵਿੱਚੋਂ ਕੁੱਝ ਪ੍ਰਮਾਣ ਲੈ ਕੇ ਸਮਝਦੇ ਹਾਂ।
੧.
ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ।।
ਪੰਨਾ ੩੮੧
ਘਰ ਦੀ ਬਿੱਲੀ ਨੇ ਹੋਰ ਸਿਖਿਆ ਲੈ ਲਈ ਹੈ, ਚੂਹੇ ਨੂੰ ਵੇਖ ਕੇ ਡਰਦੀ ਹੈ। ਇਸ ਦਾ ਭਾਵ
ਗੁਰੂ ਦੀ ਸਿਖਿਆ ਰਾਹੀਂ ਲਾਲਚੀ ਬਿਰਤੀ ਬਦਲ ਗਈ ਹੈ ਹੁਣ ਪਦਾਰਥ ਰੂਪੀ ਚੂਹੇ ਦਾ ਲਾਲਚ
ਕਰਨ ਤੋਂ ਸੰਗਦੀ ਹੈ।
੨. ਦੁਰਗਾ ਕੋਟਿ ਜਾ ਕੈ ਮਰਦਨੁ ਕਰੈ।।
ਪੰਨਾਂ ੧੧੬੨
ਕਰੋੜਾਂ ਹੀ ਦੁਰਗਾ ਜਿਸ ਮਾਲਕ ਦੀ ਮਾਲਸ਼ ਕਰਦੀਆਂ ਹਨ। ਜੇ ਅਖਰੀ ਅਰਥ 'ਤੇ ਰੁਕ ਤੇ ਲੱਗੇਗਾ
ਜਿਵੇ ਮਾਲਕ ਡੇਰੇਦਾਰਾਂ ਦੀ ਤਰ੍ਹਾਂ ਮਾਲਸ਼ ਕਰਵਾਉਂਦਾ ਹੈ। ਕੀ ਪ੍ਰਮਾਤਮਾ ਦੀ ਮਾਲਸ਼ ਹੋ
ਸਕਦੀ ਹੈ? ਪਰਮੇਸ਼ਵਰ ਕੋਈ ਵਿਅਕਤੀ ਨਹੀਂ ਸ਼ਕਤੀ ਹੈ ਸੋ ਸ਼ਕਤੀ ਦੀ ਮਾਲਸ਼ ਨਹੀਂ ਹੋ ਸਕਦੀ।
ਇਸ ਦਾ ਭਾਵ ਹੈ ਕਿ ਵਾਹਿਗੁਰੂ ਪ੍ਰਮਾਤਮਾ ਮਹਾਨ ਹੈ, ਦੁਰਗਾ ਪ੍ਰਮਾਤਮਾ ਮੁਕਾਬਲੇ ਤੁੱਛ
ਹੈ।
2 ਰਹਾਉ ਵਾਲੀ ਪੰਗਤੀ ਸ਼ਬਦ ਦਾ ਕੇਦਰੀ ਭਾਵ ਹੁੰਦਾ ਹੈ, ਬਾਕੀ
ਪੰਗਤੀਆਂ ਰਹਾਉ ਵਾਲੇ ਪਦ ਦੀ ਵਿਆਖਿਆ ਕਰਦੀਆਂ ਹਨ।
3 ਇਕ ਪੰਕਤੀ ਦੇ ਅਰਥ ਪੂਰੇ ਸ਼ਬਦ ਦੇ ਪ੍ਰਕਰਣ ਮੁਤਾਬਕ ਹੁੰਦਾ ਹੈ ਅਤੇ ਪੂਰੇ ਸ਼ਬਦ ਦਾ ਅਰਥ
ਗੁਰਬਾਣੀ ਦੇ ਪੂਰੇ ਗੁਰਮਤਿ ਫਲਸਫੇ ਮੁਤਾਬਕ ਹੁੰਦਾ ਹੈ_ ਜਿਵੇ ਕਿ ਗੁਰਬਾਣੀ ਵਿੱਚ ਇਹ
ਬਚਨ ਆਉਦਾ ਹੈ --
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ
ਲਾਗੈ ਕਾਈ ।। ਪੰਨਾਂ ੯੩੮
ਹੁਣ ਜੇ ਇਸ ਪੰਗਤੀ ਦੇ ਅਜਾਦ ਅਰਥ ਕਰਾਂਗੇ ਤਾਂ ਲੱਗੇਗਾ ਕਿ
ਗੁਰਬਾਣੀ ਫੁਰਮਾਨ ਹੈ ਕਿ ਤੀਰਥਾਂ ਤੇ ਨਹਾਉਣ ਨਾਲ ਸੁਖ ਫਲ ਮਿਲਦਾ ਹੈ ਤੇ ਮਨ ਨੂੰ ਕੋਈ
ਮੈਲ ਨਹੀਂ ਲਗਦੀ ਇਸ ਇਕੱਲੀ ਪੰਗਤੀ ਦਾ ਅਰਥ ਸੁਨਾਉਣ ਨਾਲ ਅਨਰਥ ਹੋ ਜਾਵੇਗਾ
ਕਿਉਂਕਿ ਗੁਰਮਤਿ ਫਲਸਫਾ ਹੀ ਖੰਡਣ ਹੋ ਜਾਂਦਾ ਹੈ ਪਰ ਜਦੋ ਅਗਲੀ ਪੰਗਤੀ ਪੜਾਗੇਂ "ਗੋਰਖ
ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ।। " ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ
ਖਿਆਲ ਗੋਰਖ ਦੇ ਚੇਲੇ ਲੋਹਾਰੀਪਾ ਦਾ ਹੈ, ਗੁਰਮਤਿ ਦਾ ਨਹੀਂ। ਇਹ ਪੰਗਤੀ ਸਿਧ ਗੋਸਟਿ ਵਿਚ
ਹੈ।
ਗੁਰਬਾਣੀ ਦਾ ਇਕ ਹੋਰ ਪ੍ਰਮਾਣ ਲੈ ਲਈਏ।
"ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ।।
ਪੰਨਾਂ ੪੭੨
ਇਸ ਪੰਗਤੀ ਦੀ ਨਸ਼ਾ ਕਰਨ ਵਾਲੇ ਗਲਤ ਵਰਤੋਂ ਕਰਦੇ ਹਨ ਕਿ ਖਾਣਾ ਪੀਣਾ
ਤਾ ਪਵਿੱਤਰ ਹੀ ਹੈ, ਪਰ ਇਹ ਪੰਕਤੀ ਸੂਤਕ ਵਾਲੇ ਪ੍ਰਕਰਣ ਵਿਚ ਹੈ, ਇਸ ਤੋਂ ਪਹਿਲੀਆਂ ਦੋ
ਪੰਕਤੀਆਂ ਪੜੋ --
ਸਭੋ ਸੂਤਕ ਭਰਮੁ ਹੈ ਦੂਜੈ ਲਗੈ ਜਾਇ।। ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।।
ਇਸ ਦਾ ਭਾਵ ਹੈ ਕਿ ਸੂਤਕ ਨਿਰਾ ਹੀ ਭਰਮ ਹੈ ਕਿਉਂਕਿ ਜਨਮ ਤੇ ਮੌਤ
ਰੱਬੀ ਹੁਕਮ ਹੈ। ਘਰ ਦੇ ਵਿਚ ਬੱਚੇ ਦਾ ਜਨਮ ਹੋਣ ਨਾਲ ਜਾ ਕਿਸੇ ਪ੍ਰਾਣੀ ਦੀ ਮੌਤ ਨਾਲ ਘਰ
ਦਾ ਅੰਨ, ਪਾਣੀ ਭਿੱਟਿਆ ਨਹੀਂ ਜਾਦਾ, ਪਵਿੱਤਰ ਹੀ ਰਹਿੰਦਾ ਹੈ। ਇਹ ਨਹੀਂ ਕਿ ਘਰ
ਵਿਚ ਕਿਸੇ ਦੀ ਮੌਤ ਤੇ ਆਪਣੀ ਰਸੋਈ ਖਾਣਾ ਪਕਾਉਣਾ ਬੰਦ ਕਰ ਗੁਆਢੀਆਂ ਦੀ ਰਸੋਈ ਵਿਚ ਖਾਣਾ
ਬਣਾਉ। ਮਿਰਤਕ ਸ਼ਰੀਰ ਘਰ ਵਿਚ ਹੋਵੇ ਤਾਂ ਵੀ ਖਾਣਾ ਬਣਾਉਣਾ ਚਾਹੀਦਾ ਹੈ।
4
ਗੁਰ ਕੀ ਬਾਣੀ ਗੁਰ ਤੇ ਜਾਤੀ ਦੇ ਸਿਧਾਂਤ ਮੁਤਾਬਕ
ਗੁਰੂ ਦੀ ਬਾਣੀ ਗੁਰੂ ਤੋ ਹੀ ਸਮਝੀ ਜਾ ਸਕਦੀ ਹੈ ਭਾਵ ਗੁਰਬਾਣੀ ਆਪਣੀ ਚਾਬੀ ਆਪ ਹੈ,
ਗੁਰਬਾਣੀ ਦੇ ਭਾਵ ਅਰਥ ਗੁਰਬਾਣੀ ਵਿੱਚੋਂ ਹੀ ਮਿਲਦੇ ਹਨ। ਗੁਰਬਾਣੀ ਆਪਣੀ ਵਿਆਖਿਆ ਆਪ
ਹੈ। ਜਦੋ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਵਿੱਚੋਂ ਸਮਝਾਂਗੇ ਤਾਂ ਸਮਝ ਪਵੇਗੀ। ਜਿਵੇ ਕਿ
ਭੂਤ ਪ੍ਰੇਤ, ਕਾਮਧੇਨ, ਪਾਰਜਾਤੁ, ਦਰਗਾਹ, ਭਵਸਾਗਰ, ਨਰਕ ਸੁਰਗ, ਸਾਧੂ, ਸੰਤ, ਆਦਿ ਦੇ
ਅਰਥ ਗੁਰਬਾਣੀ ਵਿੱਚੋਂ ਹੀ ਸਮਝਣੇ ਹਨ ਕਿਉਂਕਿ ਗੁਰਬਾਣੀ ਨੇ ਇੰਨਾ ਲਫਜਾਂ ਨੂੰ ਨਵੇਂ ਅਰਥ
ਦਿੱਤੇ ਹਨ। ਗੁਰਬਾਣੀ ਦੀ ਸਨਾਤਨੀ ਵਿਆਖਿਆ ਕਰਨ ਵਾਲਿਆ ਨੇ ਗੁਰਮਤਿ ਦਾ ਬਹੁਤ ਵੱਡਾ
ਨੁਕਸਾਨ ਕੀਤਾ ਹੈ। ਪੰਕਤੀ ਗੁਰਬਾਣੀ ਵਿੱਚੋਂ ਲੈ ਕੇ ਅਰਥ ਜੋ ਪੁਜਾਰੀ ਵਾਦ ਨੇ ਪ੍ਰਚਲਤ
ਕੀਤੇ ਹਨ ਉਹੀ ਕਰੀ ਜਾਣੇ। ਜਿਸ ਤਰ੍ਹਾਂ ਕਾਮਧੇਨ ਜਾ ਪਾਰਜਾਤੁ ਕਿਸੇ ਉਪਰਲੇ ਅਖੌਤੀ ਸਵਰਗ
ਵਿਚ ਨਹੀਂ।
ਪਾਰਜਾਤੁ ਇਹ ਹਰਿ ਕੋ ਨਾਮ।।
ਕਾਮਧੇਨ ਹਰਿ ਹਰਿ ਗੁਣ ਗਾਮ।। ਪੰਨਾਂ 264
ਭਾਵ ਪਰਮੇਸ਼ਰ ਦੀ ਯਾਦ, ਪਰਮਾਤਮਾ ਦੇ ਗੁਣ ਗਾਉਣੇ ਹੀ ਪਾਰਜਾਤੁ, ਤੇ
ਕਾਮਧੇਨ ਹੈ ਭਾਵ ਪ੍ਰਮੇਸ਼ਵਰ ਹੀ ਇਛਾਪੂਰਕ ਸ਼ਕਤੀ ਹੈ। ਵਾਹਿਗੁਰੂ ਜੀ ਤੋਂ ਬਿਨਾਂ ਕੋਈ
ਵੱਖਰਾ ਕਾਮਧੇਨ ਜਾ ਪਾਰਜਾਤੁ ਨਹੀਂ । ਸਾਡੇ ਲਈ
ਓਅੰ ਸਾਧ ਸਤਿਗੁਰ ਨਮਸਕਾਰੰ।।
ਪੰਨਾਂ 250
ਉਤਮ ਸਲੋਕ ਸਾਧ ਕੇ ਬਚਨ।।
ਮੁਤਾਬਕ ਸਾਧੂ ਸਤਿਗੁਰ ਹੈ ਨਾ ਕਿ ਘਰ ਬਾਰ ਛਡ ਕੇ, ਲਗੋਟ ਬੰਨ ਕੇ
ਸਿਰ ਵਿਚ ਸੁਆਹ ਪਾ ਕੇ, ਧੂਣਾ ਲਾਈ ਬੈਠਾ ਕੋਈ ਬੂਬਨਾ ਪਾਖੰਡੀ।
ਸਤਿਗੁਰੂ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ।।
ਇਹ ਪ੍ਰਮਾਣ ਮੁਤਾਬਕ ਸਾਡੇ ਲਈ ਸੰਤ ਸਤਿਗੁਰੂ ਹੈ ਨਾ ਕਿ ਕੋਈ
ਡੇਰੇਦਾਰ। ਸੋ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਹੀ ਸਮਝਣੇ ਹਨ।
5 ਗੁਰਬਾਣੀ ਦਾ ਹਰ ਉਪਦੇਸ਼ ਆਪਣੇ ਲਈ ਸਮਝਣਾ ਹੈ :--
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ
ਸਗਲ ਜਹਾਨੈ ।। ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪ ਪਛਾਣੈ।। ਪੰਨਾਂ 647
ਇਸ ਪ੍ਰਮਾਣ ਮੁਤਾਬਕ ਭਾਵੇਂ ਮਹਾ ਪੁਰਖ ਕਿਸੇ ਨੂੰ ਸੰਬੋਧਨ ਕਰਕੇ
ਕੋਈ ਬਚਨ ਕਹਿੰਦੇ ਹਨ ਪਰ ਉਸ ਬਚਨ ਦੀ ਸਿਖਿਆ ਸਾਰੀ ਦੁਨੀਆਂ ਲਈ ਸਾਝੀ ਹੁੰਦੀ ਹੈ। ਗੁਰੂ
ਸਾਹਿਬ ਜੀ ਦਾ ਸਿੱਖ ਗੁਰੂ ਦੇ ਬਚਨ ਦਾ ਅਦਬ ਰਖਦਾ ਹੋਇਆ ਗੁਰੂ ਦੀ ਸਿਖਿਆ ਦੇ ਚਾਨਣ ਵਿਚ
ਆਪਣੇ ਆਪ ਨੂੰ ਪਛਾਣ ਦਾ ਹੈ। ਜਿਵੇਂ ਗੁਰਬਾਣੀ ਫੁਰਮਾਨ ਹੈ ਕਿ - - ਨਾਨਕ ਸਚੇ ਨਾਮ ਬਿਨੁ
ਕਿਆ ਟਿਕਾ ਕਿਆ ਤੁਗ।। ਪੰਨਾਂ ੪੬੭
ਇਹ ਬਚਨ ਭਾਵੇਂ ਟਿਕਾ ਲਾਉਣ ਵਾਲੇ, ਜਨੇਊ ਪਾਉਣ ਵਾਲੇ ਲਈ ਸੰਬੋਧਨ
ਕੀਤੇ ਗਏ ਹਨ ਕਿ ਸੱਚੇ ਗਿਆਨ ਤੋਂ ਬਿਨਾਂ ਇਹ ਟਿੱਕਾ ਤੇ ਜਨੇਊ ਕਿਆ ਹੈ ਭਾਵ ਨਹੀਂ ਪਰ ਇਸ
ਦੇ ਭਾਵ ਅਰਥ ਪੂਰੀ ਦੁਨੀਆ ਲਈ ਹਨ ਕਿ ਸੱਚੇ ਗਿਆਨ ਤੋਂ ਬਿਨਾਂ ਤਨ ਤੇ ਲਾਇਆ ਧਰਮ ਦਾ
ਲੇਬਲ ਕਿਸੇ ਕੰਮ ਨਹੀਂ। ਮੇਰੇ ਵਾਸਤੇ ਅਰਥ ਹਨ ਕਿ ਸੱਚੇ ਗਿਆਨ ਤੋਂ ਬਿਨਾਂ ਮੇਰੇ ਤਨ ਤੇ
ਪਹਿਨੀ ਕਿਰਪਾਨ ਤੇ ਬੰਨ੍ਹੀ ਹੋਈ ਪਗ ਕਿਆ ਹੈ।
ਧੋਤੀ ਖੋਲਿ ਵਿਛਾਏ ਹੇਠਿ।। ਗਰਧਪ ਵਾਂਗੂ
ਲਾਹੇ ਪੇਟਿ।। ਪੰਨਾਂ 201
ਇਹ ਬਚਨ ਉਨ੍ਹਾਂ ਬਾਬਿਆਂ ਲਈ ਵੀ ਹਨ ਜੋ ਪੈਸੇ ਇਕੱਠੇ ਕਰਨ ਲਈ ਪੰਦਰਾ ਵੀਹ ਘਰਾਂ ਦਾ ਖਾ
ਆਉਂਦੇ ਹਨ ਤੇ ਖਾਣ ਤੋਂ ਬਾਅਦ ਮਾਇਆ ਦਾ ਲਿਫਾਫਾ ਵੀ ਲੈ ਆਉਦੇ ਹਨ ।
6 ਗੁਰਬਾਣੀ ਵਿੱਚ ਵਿਰੋਧਾਭਾਸ ਭਾਵ ਅੰਤਰ ਵਿਰੋਧ ਬਿਲਕੁੱਲ ਨਹੀਂ ।ਗੁਰਬਾਣੀ ਵਿੱਚ
ਵਿਰੋਧਾਭਾਸ ਕਿਤੇ ਨਹੀਂ, ਅਵਸਥਾ ਭੇਦ ਹੈ ਜਿਵੇਂ,
ਇਹੁ ਜਗੁ ਧੂਏ ਕਾ ਪਹਾਰ ।।ਤੈ ਸਾਚਾ
ਮਾਨਿਆ ਕਿਹ ਬਿਚਾਰਿ ।। ਪੰਨਾਂ ੧੧੮੭
ਇਹ ਉਪਦੇਸ਼ ਉਸ ਲਈ ਹੈ ਜਿਸ ਦੀ ਸੁਰਤ ਨਾਮ ਅਤੇ ਰੁਪ ਤੇ ਅਟਕ ਗਈ
ਹੈ।
ਸਚੇ ਤੇਰੇ ਖੰਡ ਸਚੇ ਬ੍ਰਹਮੰਡ।।
ਜਿਸਨੇ ਆਤਮ ਚਿੰਤਨ ਕਰਦੇ ਸਤਿ _ਚਿਤ _ਅਨੰਦ ਨੂੰ ਪਛਾਣ ਲਿਆ, ਉਸ
ਵਾਸਤੇ ਨਾਮ ਤੇ ਰੂਪ ਵੀ ਉਸੇ ਦਾ ਰੂਪ ਹੋ ਗਏ ਹਨ। ਗੁਰਬਾਣੀ ਵਿੱਚ ਅੰਤਰ ਵਿਰੋਧ ਕਿਤੇ ਨਹੀਂ,
ਸਾਡੀ ਸਮਝ ਵਿੱਚ ਫਰਕ ਹੋ ਸਕਦਾ ਹੈ। ਜਿਵੇਂ ਗੁਰੁ ਸਾਹਿਬ ਫੁਰਮਾਨ ਕਰਦੇ ਹਨ
ਪਾਪ ਕਰਹਿ ਪੰਚਾਂ ਕੇ ਬਸਿ ਰੇ।। ਤੀਰਥਿ
ਨਾਇ ਕਹਹਿ ਸਭਿ ਉਤਰੇ।। ਬਹੁਰਿ ਕਮਾਵਹਿ ਹੋਇ ਨਿਸੰਕ ।। ਜਮ ਪੁਰਿ ਬਾਂਧਿ ਖਰੇ ਕਾਲੰਕ।।
ਪੰਨਾਂ ੧੩੪੮
ਜਿਹੜੇ ਮਨੁੱਖ ਪੰਜਾਂ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ
ਕੇ ਪਾਪ ਕਰਮ ਕਰਦੇ ਹਨ, ਪਰ ਕਿਸੇ ਤੀਰਥ ਤੇ ਨਹਾ ਕੇ ਕਹਿ ਦਿੰਦੇ ਹਨ ਕਿ ਸਭ ਉਤਰ ਗਏ ਹਨ।
ਦੁਬਾਰਾ ਫਿਰ ਝਾਕਾ ਲਾਹ ਕੇ ਉਹੀ ਪਾਪ ਕਰੀ ਜਾਦੇ ਹਨ ਕਿਉਂਕਿ ਫਿਕਰ ਹੀ ਕੋਈ ਨਹੀਂ, ਜਦੋਂ
ਨਹਾ ਕੇ ਤਾ ਲਹਿ ਹੀ ਜਾਣੇ ਹਨ ਇਸ ਖਿਆਲ ਨੇ ਦੁਨੀਆ ਨੂੰ ਪਾਪੀ ਬਣਾ ਦਿੱਤਾ ਕਿ ਫੇਰ ਨਹਾ
ਆਵਾਂਗੇ ਨਹਾ ਕੇ ਤਾਂ ਪਾਪ ਲਹ ਜਾਂਦੇ ਹਨ। ਹੁਣ ਇਹ ਗਲ ਸਮਝੋ ਕਿ ਗੁਰੂ ਸਾਹਿਬ ਜੀ ਤਾਂ
ਕਹ ਰਹੇ ਹਨ ਕਿ ਇਹ ਖਿਆਲ ਬਹੁਤ ਮਾੜਾ ਹੈ ਕਿ ਨਹਾ ਕੇ ਪਾਪ ਲਹਿ ਜਾਦੇ ਹਨ ਜੇ ਕੋਈ ਕਿਸੇ
ਪੰਕਤੀ ਦੇ ਅਰਥ ਕਰਦਾ ਹੈ ਕਿ ਸਰੀਰਕ ਇਸ਼ਨਾਨ ਨਾਲ ਪਾਪ ਲਹ ਜਾਦੇ ਹਨ ਤਾਂ ਉਹ ਗੁਰਬਾਣੀ ਦੇ
ਸੱਚੇ ਗਿਆਨ ਤੋਂ ਅਨਜਾਣ ਹੈ। ਉਸ ਨੂੰ 'ਗੁਰਬਾਣੀ ਵਿੱਚ ਵਿਰੋਧਾਭਾਸ ਕਿਤੇ ਨਹੀਂ' ਨਿਯਮ
ਦੀ ਸੋਝੀ ਨਹੀਂ ਜਾ ਉਹ ਸੰਪਰਦਾਈ ਹਠ ਵਿਚ ਬੋਲਿਆ ਹੈ। ਇਕ ਪ੍ਰਮਾਣ ਹੋਰ ਲਉ
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ।।
ਸਦਾ ਕਾਇਮ ਰਹਿਣ ਵਾਲਾ ਪਰਮੇਸੁਰ ਹੀ ਸਾਰੇ ਮੋਜੂਦ ਹੈ ਦੂਜਾ ਕੋਈ
ਨਹੀਂ। ਹੁਣ ਇਹ ਨਹੀਂ ਹੋ ਸਕਦਾ ਕਿ ਪੂਰੀ ਗੁਰਬਾਣੀ ਵਿੱਚ ਕਿਸੇ ਦੂਜੇ ਦੀ ਹੋਂਦ ਨੂੰ
ਮੰਨਿਆਂ ਹੋਵੇ। ਇਹ ਨ ਸਮਝ ਲੈਣਾ ਕਿ ਸੋ ਦਰੁ ਦੀ ਪਾਊੜੀ ਵਿਚ ਗੁਰੂ ਸਾਹਿਬ ਜੀ ਨੇ ਕਿਸੇ
ਹੋਰ ਸ਼ਕਤੀ ਦੀ ਹੋਂਦ ਨੂੰ ਮੰਨਿਆ ਹੋਵੇ ਬਿਲਕੁੱਲ ਨਹੀਂ । ਬੜੇ ਮਿੱਠੇ, ਤੇ ਪਿਆਰੇ ਢੰਗ
ਨਾਲ ਬਹੁ--ਦੇਵਵਾਕ ਦੀ ਪੂਜਾ ਵਿੱਚੋਂ ਕੱਢਿਆ ਹੈ। ਜਿੰਨੀਆਂ ਸ਼ਕਤੀਆਂ ਮੰਨੂਵਾਦ ਨੇ
ਪ੍ਰਚੱਲਤ ਕੀਤੀਆਂ ਸਭ ਵਾਹਿਗੁਰੂ ਜੀ ਦਾ ਜਸ ਦਿਖਾਉਂਦੇ ਵਿਖਾ ਦਿੱਤੇ ਭਾਵ ਐ ਮਨੁੱਖ! ਸਭ
ਪ੍ਰਮੇਸ਼ਵਰ ਦੇ ਗੁਣ ਗਾਉਂਦੇ ਹਨ, ਤੂੰ ਵੀ ਉਸ ਮਾਲਕ ਦੇ ਗੁਣ ਗਾਇਆ ਕਰ, ਕਿਸੇ ਹੋਰ ਦੇ ਨਹੀਂ
।
ਕਿਸੇ ਪ੍ਰਚੱਲਤ ਖਿਆਲ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਪੁਜਾਰੀਵਾਦ
ਨੇ ਇਹ ਤਿੰਨ ਸ਼ਕਤੀਆ ਪ੍ਰਚੱਲਤ ਕੀਤੀਆਂ ਹਨ, ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।।
ਇਹ ਖਿਆਲ ਪ੍ਰਚੱਲਤ ਹੈ ਕਿ ਬ੍ਰਹਮਾ ਪਾਲਦਾ ਹੈ ਵਿਸ਼ਨੂੰ ਖਜਾਨਾ ਮੰਤਰੀ ਹੈ ਤੇ ਸਿਵਜੀ ਮੌਤ
ਦੇ ਵਰੰਟ ਕਢਦਾ ਹੈ, ਪਰ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਹਨ ਕਿ ਸਚ ਇਹ ਹੈ,
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ
ਫੁਰਮਾਣੁ।।
ਭਾਵ ਜਿਵੇਂ ਉਸ ਮਾਲਕ ਨੂੰ ਭਾਉਂਦਾ ਹੈ ਜਿਵੇਂ ਉਸ ਦਾ ਹੁਕਮ ਹੁੰਦਾ
ਹੈ ਉਸੇ ਤਰ੍ਹਾਂ ਹੀ ਹੁੰਦਾ ਹੈ ਉਸ ਮਾਲਕ ਦਾ ਹੀ ਹੁਕਮ ਚੱਲਦਾ ਹੈ ਤੇ ਸਾਰੇ ਸੰਸਾਰ ਦੀ
ਕਾਰ ਉਹ ਆਪ ਚਲਾਉਂਦਾ ਹੈ। ਸੋ ਇਸ ਸਿਧਾਂਤ ਨੂੰ ਸਮਝੋ, ਗੁਰਬਾਣੀ ਵਿੱਚ ਕਿਤੇ ਵਿਰੋਧਾਭਾਸ
ਨਹੀਂ ਸਾਰੀ ਗੁਰਬਾਣੀ ਵਿੱਚ ਇਕੋ ਗੁਰੂ ਹੈ ਭਾਵ ਇਕੋ ਸੱਚਾ ਗੁਰੂ ਸਿਧਾਂਤ ਹੈ।
ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵਿਚਾਰਿ।।
ਪੰਨਾਂ 646
7 ਇਕੁ ਸ਼ਬਦ ਦੇ ਕਿੰਨੇ ਹੀ ਅਰਥ ਹੁੰਦੇ ਹਨ :--
ਸ਼ਬਦ ਕੋਸ਼ ਅਨੁਸਾਰ ਇਕ ਸ਼ਬਦ ਦੇ ਕਿੰਨੇ ਹੀ ਅਰਥ ਹੁੰਦੇ ਹਨ ਪਰ
ਪ੍ਰਕਰਣ ਅਨੁਸਾਰ ਅਰਥ ਸਮਝਣਾ ਹੁੰਦਾ ਹੈ।
ਇਕੋ ਸ਼ਬਦ ਦੇ ਪ੍ਰਕਰਣ ਅਨੁਸਾਰ ਵਖ ਵਖ ਅਰਥ ਹੁੰਦੇ ਹਨ। ਗੁਰਬਾਣੀ
ਪ੍ਰਮਾਣ ਲਈਏ :--
ਪਸੂ ਮਿਲਹਿ ਚੰਗਿਆਈਆ ਖੜੁ ਖਾਵੇ
ਅੰਮ੍ਰਿਤੁ ਦੇਹਿ।। ਪੰਨਾਂ ੪੯੮
ਇਥੇ ਸ਼ਬਦ ਅੰਮ੍ਰਿਤ ਦਾ ਅਰਥ ਪ੍ਰਕਰਣ ਮੁਤਾਬਕ ਦੁੱਧ ਹੈ। ਪਸ਼ੂਆ ਨੂੰ ਸ਼ਬਾਸੇ ਜੋ ਘਾਹ ਪੱਠੇ
ਖਲ ਖਾ ਕੇ ਦੁੱਧ ਦਿੰਦੇ ਹਨ।
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ।। ਤਿਸੁ ਠਾਕੁਰ ਕਉ ਰਖੁ
ਮਨ ਮਾਹਿ ।। ਪੰਨਾਂ ੨੬੯
ਇਥੇ ਅੰਮ੍ਰਿਤ ਦਾ ਅਰਥ ਆਤਮਿਕ ਜੀਵਨ ਦੇਣ ਵਾਲੀ ਬਾਣੀ ਤੋਂ ਹੈ।
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ
ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀਂ ਬੂਝਹਿ ਕੋਇ ਨ
ਸੁਣੈ ਪੂਕਾਰਾ ॥ {ਪੰਨਾਂ 600}
ਇਥੇ ਅੰਮ੍ਰਿਤ ਦਾ ਅਰਥ ਸ਼ੁਭ ਗੁਣ ਹੈ ਜੋ ਪੰਜ ਚੋਰ ਕਾਮ ਕ੍ਰੋਧ ਲੋਭ
ਮੋਹ ਹੰਕਾਰ ਲੁੱਟ ਰਹੇ ਹਨ।
ਇਕ ਹੋਰ ਪ੍ਰਮਾਣ ਲਉ :--
ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ
ਪਰਵਾਰੁ।। ਪੰਨਾਂ ੮
ਇਥੇ ਰਾਮ ਦਾ ਅਰਥ ਰਾਮਚੰਦਰ ਹੈ ਪ੍ਰਕਰਣ ਅਨੁਸਾਰ।
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ
ਰਾਮੁ ਵਸੈ ਮਨ ਮਾਹਿ ॥
ਇਸ ਪੰਕਤੀ ਵਿਚ ਅਰਥ ਸਰਬ ਵਿਆਪਕ ਰਾਮ ਹੈ ਭਾਵ ਵਾਹਿਗੁਰੂ ਪ੍ਰਮਾਤਮਾ ਜੀ ਹੈ।
ਹੋਰ ਪ੍ਰਮਾਣ ਲਉ :--
ਖਸਮ ਛੋਡਿ ਦੂਜੇ ਲਗੇ ਡੂਬੇ ਸੇ ਵਣਜਾਰਿਆ ।।
ਇਸ ਪੰਕਤੀ ਵਿਚ ਖਸਮ ਦਾ ਅਰਥ ਸਰਬ ਵਿਆਪਕ ਮਾਲਕ ਪਰਮੇਸ਼ਵਰ ਹੈ।
ਹੋਇਗਾ ਖਸਮੁ ਤ ਲੇਇਗਾ ਰਾਖਿ ।।
ਪੰਨਾਂ ੩੨੯
ਇਥੇ ਖਸਮ ਦਾ ਭਾਵ ਵਿਰੋਧੀ ਹੈ ਭਾਵ ਜੋ ਮੈਨੂੰ ਤੇਰੇ ਗੁਣ ਗਾਉਣ ਤੋ ਰੋਕਣ ਦੀ ਕੋਸ਼ਿਸ਼ ਕਰਦਾ
ਹੈ ਜੋ ਤੇਰਾ ਬਖਸ਼ਿਆ ਸਚ ਮੈਨੂੰ ਲੋਕਾਂ ਤਕ ਨਹੀਂ ਪਹੁੰਚਾਉਣ ਦੇਣਾ ਚਾਹੰਦੇ ਤਾਂ ਇਥੇ
ਕਬੀਰ ਸਾਹਿਬ ਜੀ ਮਹਾਰਾਜ ਮਾਲਕ ਪ੍ਰਮਾਤਮਾ ਤੇ ਭਰੋਸੇ ਨਾਲ ਕਹਿੰਦੇ ਹਨ ਕਿ ਜੇ ਕੋਈ ਮੇਰਾ
ਵਿਰੋਧ ਕਰੇਗਾ ਤਾਂ ਤੁਸੀਂ ਮੈਨੂੰ ਰਖ ਲਵੋਗੇ ਭਾਵ ਮੈਨੂੰ ਬਚਾ ਲਵੋਗੇ ਮੈਨੂੰ ਸਚ ਰਾਹ
ਤੋਂ ਭਟਕਣ ਨਹੀਂ ਦੇਵੋਗੇ। ਜੇ ਇਥੇ ਹੋਇਗਾ ਖਸਮ ਦੇ ਅਰਥ ਪ੍ਰਮਾਤਮਾ ਕਰਾਂਗੇ ਤਾਂ
ਲੱਗੇਗਾ ਕਿ ਕਬੀਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਦੀ ਹੋਂਦ ਤੇ ਸ਼ੰਕਾ ਹੈ ਜਦ ਕਿ ਉਹ ਤਾਂ
ਪ੍ਰਮਾਤਮਾ ਨਾਲ ਇਕ ਹੋ ਚੁੱਕੇ ਹਨ। ਉਹ ਤਾਂ ਕਹਿੰਦੇ ਹਨ...
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।।
ਸੋ ਅਰਥ ਪ੍ਰਕਰਣ ਅਨੁਸਾਰ ਹੁੰਦਾ ਹੈ।