Share on Facebook

Main News Page

ਮੈਨੂੰ ਤੇ ਭੌਰ ਨੂੰ ਚੰਦੂਮਾਜਰੇ ਸਾਹਮਣੇ ਸੁਖਬੀਰ ਨੇ ਕਿਹਾ, ਸੌਦਾ ਸਾਧ ਦੀ ਮਾਫ਼ੀ ਖਿਲਾਫ਼ ਚੁੱਪ ਰਹੋ
-: ਕਰਨੈਲ ਸਿੰਘ ਪੰਜੋਲੀ

- ਮੱਕੜ, ਢੀਂਡਸਾ ਗੁਰਬਚਨ ਸਿੰਘ ਖਿਲਾਫ਼ ਦੇਰੀ ਨਾਲ ਬੋਲੇ ਤਾਂਹੀਉਂ ਅਕਾਲੀ ਆਗੂ ਕੁਰਾਹੇ ਪਏ
- ਕਿਹਾ ਅਫਸੋਸ ਅਕਾਲੀਆਂ ਦੇ 14 ਵਿਧਾਇਕਾਂ ਚੋਂ ਇੱਕ ਵੀ ਅੰਮ੍ਰਿਤਧਾਰੀ ਨਹੀਂ

ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਗਰਮ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਜਿਸ ਵੇਲੇ ਸੌਦਾ ਸਾਧ ਨੂੰ ਮਾਫ਼ੀ ਦਿੱਤੇ ਜਾਣ ਤੇ ਰੌਲਾ ਪਿਆ ਸੀ ਤਾਂ ਸੁਖਬੀਰ ਬਾਦਲ ਨਾਲ ਹੋਈ ਮੀਟਿੰਗ ਵਿੱਚ ਸੁਖਦੇਵ ਸਿੰਘ ਭੌਰ ਅਤੇ ਚੰਦੂਮਾਜਰਾ ਨਾਲ ਉਹ ਖੁਦ ਵੀ ਮੌਜੂਦ ਸਨ, ਜਿੱਥੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਦੇ ਵਿਰੁੱਧ ਨਾ ਬੋਲੋ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਤੋਂ ਇਲਾਵਾ ਵੀ ਪਿਛਲੀ ਅਕਾਲੀ ਸਰਕਾਰ ਨੇ ਡੀਜੀਪੀ ਸੁਮੇਧ ਸੈਣੀ ਵਰਗੇ ਅਜਿਹੇ ਅਧਿਕਾਰੀ ਨੂੰ ਪੁਲਿਸ ਮੁਖੀ ਲਗਾ ਦਿੱਤਾ ਜਿਸਨੇ 1984 ਦੇ ਦੌਰਾਨ ਸਿੱਖਾਂ ਤੇ ਜ਼ੁਲਮ ਢਾਏ ਸਨ ਜਿਨ੍ਹਾਂ ਵਿੱਚੋਂ ਉਹ ਖੁਦ ਅਤੇ ਉਨ੍ਹਾਂ ਦੀ ਪਤਨੀ ਵੀ ਇਹ ਜ਼ੁਲਮ ਸਹਿ ਚੁੱਕੇ ਹਨ। ਪੰਜੋਲੀ ਅਨੁਸਾਰ ਅਕਾਲੀ ਦਲ ਦੇ ਇਹ ਲੜੀਵਾਰ ਗਲਤ ਫੈਸਲੇ ਹੀ ਉਸਨੂੰ ਆਪਣੇ ਅਸਲ ਮਕਸਦ ਤੋਂ ਭਟਕਾ ਕੇ ਨਿਘਾਰ ਵੱਲ ਲੈ ਗਏ ਤਾਂ ਹੀ ਅੱਜ ਇਹ ਹਾਲ ਹੋ ਚੁੱਕਿਆ ਹੈ।

ਕਰਨੈਲ ਸਿੰਘ ਪੰਜੋਲੀ ਅਨੁਸਾਰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਖ ਏਜੰਡੇ ਤੋਂ ਭਟਕ ਚੁੱਕੀ ਹੈ ਜਿਸ ਨੂੰ ਕਿ ਠੀਕ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕੁੱਲ 14 ਵਿਧਾਇਕ ਹਨ ਜਿਨ੍ਹਾਂ ਵਿੱਚੋਂ ਇੱਕ ਵੀ ਅੰਮ੍ਰਿਤਧਾਰੀ ਨਹੀਂ ਹੈ ਜੋ ਕਿ ਬਹੁਤ ਵੱਡੀ ਨਮੋਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਕ ਕਾਂਗਰਸ ਪਾਰਟੀ ਜਿਸਨੂੰ ਕਿ ਅਕਾਲੀ ਦਲ ਵਾਲੇ ਦੁਸ਼ਮਣ ਜਮਾਤ ਕਹਿੰਦੇ ਹਨ, ਜਦੋਂ ਉਹ ਪਾਰਟੀ ਪੰਜਾਬ ਦੀ ਅਸੈਂਬਲੀ ਵਿੱਚ ਇਹ ਦੋਸ਼ ਲਗਾਵੇ ਕਿ ਅਕਾਲੀ ਦਲ ਕੋਲ ਇੱਕ ਵੀ ਅੰਮ੍ਰਿਤਧਾਰੀ ਵਿਧਾਇਕ ਨਹੀਂ ਹੈ ਤੇ ਸਾਡੇ ਕੋਲ ਕਈ ਅੰਮ੍ਰਿਤਧਾਰੀ ਵਿਧਾਇਕ ਹਨ ਤਾਂ ਇਹ ਗੱਲ ਅਕਾਲੀ ਦਲ ਨੂੰ ਵਿਚਾਰਨ ਦੀ ਲੋੜ ਹੈ ਕਿ ਇਹ ਲੋਕ ਕਿੱਥੋਂ ਤੁਰੇ ਸੀ ਤੇ ਅੱਜ ਕਿੱਥੇ ਪਹੁੰਚ ਚੁੱਕੇ ਹਨ। ਇਸ ਲਈ ਇਨ੍ਹਾਂ ਨੂੰ ਆਪਣੇ ਪੰਥਕ ਏਜੰਡੇ ਤੇ ਮੁੜ ਆਉਣਾ ਚਾਹੀਦਾ ਹੈ ਤਾਂ ਹੀ ਕੁਝ ਸੁਧਾਰ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਅਤੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਹਟਾਏ ਜਾਣ ਦੀ ਮੰਗ ਕਰਨ ਵਿੱਚ ਬਹੁਤ ਦੇਰ ਕਰ ਦਿੱਤੀ ਹੈ। ਇਹ ਮੰਗ ਉਨ੍ਹਾਂ ਨੂੰ ਬਹੁਤ ਦੇਰ ਪਹਿਲਾਂ ਕੌਰ ਕਮੇਟੀ ਦੀ ਮੀਟਿੰਗ ਵਿੱਚ ਕਰਨੀ ਚਾਹੀਦੀ ਸੀ ਤੇ ਜੇਕਰ ਇਹ ਪਹਿਲਾਂ ਹੋਇਆ ਹੁੰਦਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕੁਰਾਹੇ ਨਾ ਪੈਂਦੀ ਜਿਸ ਲਈ ਉਨ੍ਹਾਂ ਨੂੰ ਬੇਹੱਦ ਦੁੱਖ ਅਤੇ ਅਫਸੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਆਪਣੇ ਫਰਜ਼ ਅਦਾ ਕੀਤੇ ਹੁੰਦੇ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਕੁਝ ਹੋਰ ਹੋਣਾ ਸੀ।

ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਰਗਾ ਬੰਦਾ ਜੇਕਰ ਅਕਾਲ ਤਖ਼ਤ ਸਾਹਿਬ ਦੀ ਜੱਥੇਦਾਰੀ ਤੋਂ ਉਤਾਰ ਵੀ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਜਗ੍ਹਾ ਤੇ ਕੋਈ ਹੋਰ ਅਜਿਹਾ ਹੀ ਆ ਸਕਦਾ ਹੈ ਜੋ ਕਿ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਹੁਤ ਵੱਡਾ ਹੈ ਅਤੇ ਜਰੂਰਤ ਇਸ ਗੱਲ ਦੀ ਹੈ ਕਿ ਉਸ ਵੱਡੀ ਪਦਵੀ ਦੇ ਉਤੇ ਕੋਈ ਅਜਿਹੀ ਸ਼ਖਸੀਅਤ ਬਿਠਾਈ ਜਾਵੇ ਜਿਹੜਾ ਸਿੱਖ ਜ਼ਜਬਾਤਾਂ ਦੀ ਨਿਡਰਤਾ ਅਤੇ ਨਿਰਭੈਅਤਾ ਨਾਲ ਉਸ ਦੀ ਪਹਿਰੇਦਾਰੀ ਕਰ ਸਕੇ, ਜਵਾਬਦੇਹੀ ਕਰਾ ਸਕੇ। ਉਨ੍ਹਾਂ ਕਿਹਾ ਕਿ ਇਸ ਅਹੁਦੇ ਤੇ ਅਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਵਰਗੇ ਤਾਕਤਵਰ ਬੰਦੇ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਤਾਕਤ ਰੱਖਦਾ ਹੋਵੇ। ਨਹੀਂ ਤਾਂ ਇਹੋ ਕੁਝ ਹੁੰਦਾ ਰਹੇਗਾ ਜਿਸ ਕਾਰਨ ਸਿੱਖ ਪੰਥ ਨੂੰ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਵੇ।

ਪੰਜੋਲੀ ਨੇ ਕਿਹਾ ਕਿ ਬੇਅਦਬੀ ਕਾਂਡ ਨਾਲ ਸਬੰਧਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਕਮਿਸ਼ਨ ਦੀ ਰਿਪੋਰਟ ਦੀ ਸੇਲ ਲਾਉਣ ਦੀ ਬਜਾਏ ਕਿਸੇ ਗੁਰੂ ਘਰ ਵਿੱਚ ਜਾ ਕੇ ਬੇਅਦਬੀ ਮਾਮਲਿਆ ਦੀ ਜਿੰਮੇਵਾਰੀ ਕਬੂਲਦਿਆਂ ਆਪਣੀ ਭੁੱਲ ਬਖਸ਼ਾਉਣ ਲਈ ਅਰਦਾਸ ਕਰਨੀ ਚਾਹੀਦੀ ਸੀ ਜਦਕਿ ਇਨ੍ਹਾਂ ਨੇ ਅਜਿਹਾ ਕਰਨ ਦੀ ਬਜਾਇ ਵਿਧਾਨ ਸਭਾ ਦੇ ਬਾਹਰ ਇਹ ਸਾਰਾ ਸੀਨ ਪੈਦਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਚਾਹੀਦਾ ਸੀ ਕਿ ਪੰਜਾਬ ਵਿਧਾਨ ਸਭਾ ਅੰਦਰ ਜਾ ਕੇ ਆਪਣਾ ਪੱਖ ਰੱਖਦੇ ਨਾ ਕਿ ਉਥੋਂ ਭੱਜ ਜਾਂਦੇ।

ਕਰਨੈਲ ਸਿੰਘ ਪੰਜੋਲੀ ਅਨੁਸਾਰ ਇਹ ਲੋਕ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਤੇ ਭਰੋਸਾ ਨਹੀਂ ਹੈ ਜਿਸ ਲਈ ਇਨ੍ਹਾਂ ਨੂੰ ਅਸੈਂਬਲੀ ਅੰਦਰ ਆਪਣੀ ਮੰਗ ਦੁਹਰਾਉਣੀ ਚਾਹੀਦੀ ਸੀ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਤਲੇ ਫੂਕੇ ਜਾਣਾ ਬਹੁਤ ਛੋਟੀ ਗੱਲ ਹੈ ਜੋ ਕਿ ਇਨ੍ਹਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੈਤੋ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਐਮਰਜੈਂਸੀ ਦਾ ਮੋਰਚਾ ਅਤੇ ਕਰਨਾਲ ਦਾ ਮੋਰਚਾ ਵਰਗੇ ਵੱਡੇ ਮੋਰਚੇ ਲਾਏ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਜਮਾਤ ਨੂੰ ਪੁਤਲੇ ਫੂਕਣ ਵਰਗੀ ਕਾਰਵਾਈ ਸ਼ੋਭਾ ਨਹੀਂ ਦਿੰਦੀ ਜਿਸ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।

Source: http://www.globalpunjabtv.com


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top