Share on Facebook

Main News Page

ਅਮਰੀਕਾ ਵਿੱਚ ਡੇਰਾਵਾਦ 
-: ਬਲਰਾਜ ਸਿੰਘ ਸਪੋਕਨ
070918

ਹਿੰਦੋਸਤਾਨ ਦੀ ਸਰਕਾਰ ਨੇ ਪਹਿਲੀ ਵਾਰ ਜਦੋਂ "ਰਾਅ" ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਤਾਂ ਉਸ ਦੇ ਪਹਿਲੇ ਪੰਜ ਮੈਂਬਰਾਂ ਵਿੱਚੋਂ ਇਕ ਸਨ ਹਰਭਜਨ ਸਿੰਘ ਜੋਗੀ ਸੀ। ਉਹ ਜੋਗੀ ਜਿਸ ਬਾਰੇ ਇਹ ਧਾਰਨਾ ਪ੍ਰਚੱਲਿਤ ਕੀਤੀ ਗਈ ਹੈ ਕਿ ਉਸ ਨੇ ਲੱਖਾਂ ਦੇ ਹਿਸਾਬ ਨਾਲ ਅਮਰੀਕਨ ਗੋਰਿਆਂ ਨੂੰ ਗੁਰੂ ਦੇ ਲੜ ਲਾਇਆ । ਹਰਭਜਨ ਸਿੰਘ ਯੋਗੀ ਨੂੰ 1968 ਦੇ ਆਸ ਪਾਸ ਅਮਰੀਕਾ ਵਿੱਚ ਫਿੱਟ ਕੀਤਾ ਗਿਆ । ਜਿਸ ਯੋਗ ਮਤ ਨੂੰ ਗੁਰਬਾਣੀ ਪੈਰ ਪੈਰ 'ਤੇ ਨਕਾਰਦੀ ਹੈ ਉਸੇ ਨੁ ਹਰਭਜਨ ਯੋਗੀ ਨੇ ਗੁਰਮਤਿ ਬਣਾ ਕੇ ਖੂਬ ਪ੍ਰਚਾਰਿਆ । ਜਿਵੇਂ ਗੋਰੇ ਅੰਗਰੇਜਾ ਨੇ ਕੁਝ ਫੌਜੀ ਸਿੱਖਾਂ ਨੂੰ ਸੰਤ ਬਣਾ ਕੇ ਪੰਜਾਬ ਵਿਚ ਡੇਰਾਬਾਦ ਸਥਾਪਤ ਕੀਤਾ ਉਸੇ ਤਰਾਂ ਭਾਰਤੀ ਕਾਲੇ ਅੰਗਰੇਜਾਂ ਨੇ ਹਰਭਜਨ ਸਿੰਘ ਨੂੰ ਯੋਗੀ ਬਣਾ ਅਮਰੀਕਾ ਵਿੱਚ ਡੇਰਾਬਾਦ ਦੀ ਜੜ ਲਾਈ । ਹਰਭਜਨ ਸਿੰਘ ਨੇ ਯੋਗਮਤ ਦੇ ਛੁਣਛਣੇ ਨਾਲ ਗੋਰਿਆ ਨੂੰ ਖੂਬ ਨਚਾਇਆ । ਯੋਗੀ ਨੇ ਸਾਰੀ ਉਮਰ ਸਿੱਖੀ ਦੀ ਮੋਹਰ ਹੇਠ ਬ੍ਰਾਹਮਣੀ ਮਤ ਦਾ ਪ੍ਰਚਾਰ ਕੀਤਾ । ਉਸ ਨੇ ਗੋਰੇ ਸਿੱਖ ਨਹੀਂ ਬਲਕਿ ਖਾਲਸਈ ਬਾਣੇ ਵਿਚ ਕਾਂਸ਼ੀ ਦੇ ਪੰਡਿਤ ਤਿਆਰ ਕੀਤੇ । ਜਿਨ੍ਹਾਂ ਯੋਗੀ ਦੇ ਮਰ ਜਾਣ ਉਪਰੰਤ ਉਸ ਦੀਆਂ ਅਸਥੀਆਂ ਵੀ ਹਰਦੁਆਰ ਜਾ ਕੇ ਜਲ ਪ੍ਰਵਾਹ ਕੀਤੀਆਂ ਅਤੇ ਸਾਰੇ ਸਨਾਤਨੀ ਰਸਮੋ ਰਿਵਾਜ ਕੀਤੇ ।

ਯੋਗੀ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਾਏ । ਇਕ ਤਾਂ ਉਸ ਨੇ ਸਿੱਖਾਂ ਵਿੱਚ ਇੱਕ ਨਵੀਂ ਧੜੇਬੰਦੀ ਖੜੀ ਕੀਤੀ ਅਤੇ ਦੂਸਰਾ ਉਸ ਨੇ ਸੰਸਾਰ ਪੱਧਰ 'ਤੇ ਇਹ ਪ੍ਰਭਾਵ ਛੱਡਿਆ ਕੇ ਸਿੱਖ ਅਸਲ ਵਿਚ ਯੋਗਮਤੀਏ ਹਿੰਦੂ ਹੀ ਹਨ । ਭਾਰਤੀ ਨਿਜਾਮ ਨੇ ਵੀ ਯੋਗੀ ਰਾਂਹੀ ਦੋ ਪਹਿਲੂਆਂ 'ਤੇ ਕੰਮ ਕੀਤਾ, ਇੱਕ ਸਿੱਖਾਂ ਨੂੰ ਪਾੜਿਆ ਅਤੇ ਦੂਜਾ ਅਮਰੀਕਾ ਵਿੱਚ ਆਪਣਾ ਏਜੰਟ ਬਿਠਾ ਦਿੱਤਾ ।

ਯੋਗੀ ਤੋਂ ਬਾਅਦ ਰਾੜੇ ਵਾਲਿਆਂ ਅਤੇ ਨੰਦਸਰੀਆਂ ਨੇ ਵੀ ਆਪਣੇ ਪੈਰ ਅਮਰੀਕਾ ਦੀ ਧਰਤੀ ਉਪਰ ਪਸਾਰਨੇ ਸ਼ੁਰੂ ਕੀਤੇ । ਉਨ੍ਹਾਂ ਲਗਭਗ ਹਰ ਵੱਡੇ ਸ਼ਹਿਰ ਵਿਚ ਆਪਣਾ ਵਖਰਾ ਗੁਰੂਡੰਮ ਚਲਾਇਆ । ਉਨ੍ਹਾਂ ਭੋਲੇ ਭਾਲੇ ਸਿੱਖਾਂ ਦੀ ਹੱਕ ਸੱਚ ਦੀ ਕਮਾਈ ਨੂੰ ਇਹ ਆਖ ਕੇ ਵੇਖੋ ਜੀ ਵੱਡੇ ਮਹਾਂਪੁਰਸ਼ਾ "ਸੰਤਾ ਦੀ ਕਮਾਈ" ਬਹੁਤ ਸੀ । ਉਨ੍ਹਾਂ ਨੇ ਅਖੌਤੀ ਸਿਮਰਨ ਅਤੇ "ਸ਼ਰਧਾ" ਦੇ ਨਾਮ ਉਪਰ ਸਿੱਖ ਸਮਾਜ ਨੂੰ ਖੂਬ ਲੁਟਿਆ ਅਤੇ ਅੱਜ ਵੀ ਲੁੱਟ ਰਹੇ ਹਨ ।

1984 ਦਾ ਘੱਲੂਘਾਰਾ ਵਾਪਰਣ ਦੇ ਪਿਛੋਂ ਟਕਸਾਲ ਵੀ ਅਮਰੀਕਾ ਵਿਚ ਆਪਣਾ ਦਬਦਬਾ ਬਣਾ ਗਈ । ਉਨ੍ਹਾਂ ਪਹਿਲਾ ਸੰਗਤੀ ਗੁਰਦੁਆਰਿਆਂ ਰਾਂਹੀ ਦਾਖਲਾ ਲਿਆ ਫਿਰ ਹੌਲੀ ਹੌਲੀ ਆਪਣੇ ਵਖਰੇ ਡੇਰੇ ਬਣਾ ਲਏ । ਟਕਸਾਲ ਨੇ ਸਭ ਤੋਂ ਵੱਧ ਬਾਬਾ ਜਰਨੈਲ ਸਿੰਘ ਭਿੰਡਰਾਵਾਲੇ ਦਾ ਨਾਮ ਵਰਤਿਆ । ਉਨ੍ਹਾਂ ਸ਼ਹੀਦਾਂ ਦੇ ਨਾਮ ਉਪਰ ਮਾਇਆ ਇਕੱਠੀ ਕਰ ਕਰ ਕੇ ਆਪਣੇ ਰੰਗਲੇ ਮੁਨਾਰੇ ਖੜੇ ਕਰ ਲਏ । ਸਿੱਖ ਚੌਰਾਸੀ ਦੇ ਨਾਮ ਹੇਠ ਫਿਰ ਲੁਟੇ ਗਏ ।

1997 ਦੇ ਆਸ ਪਾਸ ਮਾਨ ਸਿੰਘ ਪਿਹੋਵੇ ਵਾਲੇ ਦੀ ਅਮਰੀਕਾ ਵਿੱਚ ਪੂਰੀ ਤੁਤੀ ਬੋਲਦੀ ਸੀ । ਮਾਨ ਸਿੰਘ ਦੇ ਸਮਾਗਮਾਂ ਵਿੱਚ ਰਿਕਾਡਤੋੜ ਇਕੱਠ ਹੁੰਦਾ ਸੀ । ਬਾਬਾ ਕਥਾ ਬੜੇ ਝੁਜਾਰੂ ਅੰਦਾਜ਼ ਵਿੱਚ ਕਰਿਆ ਕਰਦਾ ਸੀ। ਬਾਬਾ ਜਦੋਂ ਬੀਰ ਰਸੀ ਅੰਦਾਜ ਵਿੱਚ ਬੋਲਦਾ ਬੋਲਦਾ ਸਟੇਜ 'ਤੇ ਹੱਥ ਮਾਰਦਾ ਹੁੰਦਾ ਸੀ ਤਾਂ ਦਿਵਾਨ ਵਿਚ ਬੈਠੀ ਸੰਗਤ ਦੇ ਇਕ ਵਾਰੀ ਤਾਂ ਦਿਲ ਧੜਕ ਜਾਂਦੇ ਸਨ । ਇਕ ਬਾਬੇ ਦੀ ਕਥਾ ਜੋਸ਼ੀਲੀ ਦੂਜਾ ਸਿੱਖਾਂ ਦਾ ਸੁਭਾਆ ਖਾੜਕੂ ! ਫਿਰ ਕੀ ਸੀ, ਵਹੀਰਾਂ ਘੱਤ ਤੁਰ ਪਏ ਸਾਧ ਪਿਛੇ। ਬਹੁਤੇ ਸਿੱਖ ਤਾਂ ਬਾਬੇ ਨੁ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਵੀ ਆਖਣ ਲਗ ਪਏ ਸਨ । ਅਵਤਾਰੀ ਬਾਬੇ ਦਾ ਸਿੱਖ ਸਮਾਜ ਵਿੱਚ ਉੱਚੀਆਂ ਉਡਾਰੀਆਂ ਮਾਰਦਾ ਜਹਾਜ ਉਦੋਂ ਕਰੈਸ਼ ਹੋ ਗਿਆ, ਜਦੋਂ ਬਾਬਾ ਆਪਣੀਆ ਹੀ ਸ਼ਰਧਾਲੂ ਬੀਬੀਆਂ ਦੀਆਂ ਛਾਤੀਆਂ ਦੇ ਨਾਪ ਲੈਂਦਾ ਫੜਿਆ ਗਿਆ । ਬਸ ਫਿਰ ਹੋ ਗਿਆ ਬਾਬੇ ਦਾ ਗੁਰਦੁਆਰਿਆਂ ਵਿੱਚ ਦਾਖਲਾ ਬੰਦ । ਅਜਕਲ ਮਾਨ ਸਿੰਘ ਪਿਹੋਵੇ ਦਾ ਇਕ ਡੇਰਾ ਸੈਕਰਾਮੇਂਟੋ ਕੈਲੀਫੋਰਨੀਆ ਵਿਚ ਚਲ ਰਿਹਾ ਹੈ ।

ਦਲਜੀਤ ਸਿੰਘ ਨਾਮੀ ਇਕ ਸਾਧ ਨੇ "ਸ਼ਿਕਾਗੋ" ਵਿੱਚ ਇੱਕ ਡੇਰਾ ਖੋਲ ਕੇ ਲੰਬਾ ਸਮਾ ਸੰਗਤ ਦਾ ਸ਼ੋਸ਼ਣ ਕੀਤਾ । ਸਾਡੀ ਕੌਮ ਦੇ ਸਭ ਤਖਤਾਂ ਦੇ ਪੂਜਾਰੀ ਉਸਦਾ ਪਾਣੀ ਭਰਦੇ ਰਹੇ । ਇਹ ਬਾਬਾ ਵੀ ਇਕ ਵਾਰ ਆਪਣੀ ਇਕ ਸੇਵਕ ਔਰਤ ਨੁੰ ਬਾਣੀ ਦੀ ਸੰਥਿਆ ਦਿੰਦਾ ਮੋਟਲ ਦੇ ਇਕ ਕਮਰੇ ਵਿੱਚ ਫੜਿਆ ਗਿਆ । ਆਪਣੇ ਡੇਰੇ ਨੂੰ ਅੱਗ ਲਾ ਕੇ ਸਾੜਣ ਅਤੇ ਲੋਕਾਂ ਨਾਲ ਧੋਖਾਧੜੀ ਕਰਣ ਦੇ ਦੋਸ਼ ਹੇਠ ਬਾਬਾ ਜੇਲ਼ ਯਾਤਰਾ ਵੀ ਕਰ ਚੂਕਿਆ ਹੈ ।

ਸੇਵਾ ਸਿੰਘ ਤਰਮਾਲੇ ਦੇ ਸੇਵਕਾਂ ਨੇ ਵੀ ਭੋਲੀ ਭਾਲੀ ਲੁਕਾਈ ਦਾ ਦਸਮ ਦੁਆਰ ਖੋਲਣ ਦੇ ਨਾਮ ਉਪਰ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿੱਚ ਡੇਰਾ ਖੋਲਿਆ ਸੀ, ਪਰ ਉਸਦਾ ਭੋਗ ਤਰਮਾਲੇ ਦੇ ਨਾਲ ਹੀ ਪੈ ਗਿਆ ।

ਮਰ ਚੁੱਕੇ ਸਾਧਾਂ ਨੂੰ ਯਾਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਕੀਰਨੇ ਪਾਉਣ ਵਾਲਾ ਬਲਵਿੰਦਰ ਸਿੰਘ ਕੁਰਾਲੀ ਨਾਮਕ ਸਾਧ ਵੀ ਕੈਲੀਫੋਰਨੀਆ ਦੇ ਡੈਲਹਾਈ ਸ਼ਹਿਰ ਵਿਚ ਆਪਣੀ ਦੁਕਾਨ ਖੋਲ ਕੇ ਬੈਠਾ ਹੈ । ਇਸ ਨੇ ਵੀ ਸੰਗਤ ਨੂੰ ਗਿਣਤੀਆਂ ਮਿਣਤੀਆਂ ਦੇ ਪਾਠਾਂ ਵਿੱਚ ਫਸਾਇਆ ਅਤੇ ਉਨ੍ਹਾਂ ਪਾਠਾ ਦੀ ਹਜੂਰ ਸਾਹਿਬ ਅਰਦਾਸ ਕਰਣ ਦੇ ਨਾਮ ਉਪਰ ਖੂਬ ਮਾਂਜਾ ਲਾਇਆ । ਆਪਣੇ ਡੇਰੇ ਵਿਚ ਪੰਜਾਬ ਤੋਂ ਕਿਰਤਨੀ ਸਿੰਘ ਮੰਗਵਾ ਕੇ ਉਨ੍ਹਾਂ 'ਤੇ ਤਸ਼ੱਦਤ ਕਰਣਾ ਅਤੇ ਉਨ੍ਹਾਂ ਤੋ ਮੁਫਤ ਸੇਵਾਵਾਂ ਲੈਣਾ ਵੀ ਇਸਦਾ ਧੰਦਾ ਹੈ । ਇਨ੍ਹਾਂ ਕਾਲੀਆਂ ਕਰਤੂਤਾਂ ਕਾਰਣ ਇਹ ਵੀ ਇਕ ਰਾਤ ਹਵਾਲਾਤ ਦੀ ਸੈਰ ਕਰ ਚੁਕਿਆ ਹੈ ।

ਸਿੱਖ ਵਿਰੋਧੀ ਤਾਕਤਾ ਇਹ ਭਲੀ ਭਾਂਤ ਜਾਣਦੀਆਂ ਹਨ ਕਿ ਸਿੱਖਾਂ ਦੇ ਜਿੰਨੇ ਜਿਆਦਾ ਰਾਜਨੀਤਕ ਦਲ ਹੋਣਗੇ ਉਤਨੀ ਜਿਆਦਾ ਉਨ੍ਹਾਂ ਦੀ ਰਾਜਸੀ ਤਾਕਤ ਵੰਡੀ ਜਾਏਗੀ । ਜਿੰਨੇ ਜਿਆਦਾ ਧਾਰਮਿਕ ਧੜੇ ਹੋਣਗੇ ਉਤਨੀ ਜ਼ਿਆਦਾ ਧਾਰਮਿਕਤਾ ਕਮਜ਼ੋਰ ਹੋਵੇਗੀ । ਪੰਥਿਕ ਕੌਮੀ ਸ਼ਕਤੀ ਨਿਘਾਰ ਵਲ ਜਾਏਗੀ । ਇਸ ਲਈ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਸਿੱਖਾਂ ਨੂੰ ਵੱਧ ਤੋ ਵੱਧ ਡੇਰਿਆਂ, ਟਕਸਾਲਾਂ, ਧੜਿਆਂ ਵਿੱਚ ਵੰਡਿਆ ਜਾਵੇ । ਉਨ੍ਹਾਂ ਦੀ ਇਸ ਖਵਾਇਸ਼ ਨੂੰ ਪੂਰਾ ਕਰਣ ਲਈ "ਪ੍ਰਮੇਸ਼ਰ ਦੁਆਰ " ਨਾਮੀ ਸੰਸਥਾ ਨੇ ਵੀ ਆਪਣਾ ਡੇਰਾ ਅਮਰੀਕਾ ਦੀ "ਮੈਰੀਲੈਂਡ" ਸਟੇਟ ਵਿਚ ਖੋਲ ਦਿਤਾ ਹੈ। ਜਿਵੇਂ ਬਾਕੀ ਡੇਰੇ ! ਕੋਈ ਸ਼ਰਧਾ ਦੇ ਨਾਮ ਉਪਰ, ਕੋਈ ਮਰ ਚੁਕੇ ਸਾਧਾਂ ਦੇ ਨਾਮ ਉਪਰ, ਕੋਈ ਸ਼ਹੀਦਾਂ ਦੇ ਨਾਮ ਉਪਰ, ਕੋਈ ਪਾਠਾ ਦੀਆਂ ਲੜੀਆ ਦੇ ਨਾਮ ਉਪਰ, ਕੋਈ ਦਸਮ ਦੁਆਰ ਖੋਲਣ ਦੇ ਨਾਮ ਉਪਰ ਆਪੋ ਆਪਣਾ ਸੌਦਾ ਵੇਚਦੇ ਹਨ, ਇਸੇ ਤਰਾਂ ਪ੍ਰਮੇਸ਼ਰ ਦੁਆਰੀਅੇ "ਕੁਦਰਤ ਵਾਲੇ ਰੱਬ" ਦੇ ਨਾਮ ਉਪਰ ਆਪਣਾ ਸੌਦਾ ਵੇਚਣਗੇ । ਸੌਦਾ ਝੂਠ ਦਾ ਵੇਚਣਗੇ, ਖੁਸ਼ ਸਰਕਾਰਾਂ ਨੂੰ ਕਰਣਗੇ । ਮਾਨਸਿਕ ਅਤੇ ਆਰਥਿਕ ਸ਼ੋਸ਼ਣ ਮਨੁੱਖਤਾ ਦਾ ਹੋਵੇਗਾ ।

ਗੁਰੂ ਪਾਤਸ਼ਾਹ ਦੇ ਸਮੇਂ ਵੀ ਵੱਖ ਵੱਖ ਕਿਸਮ ਦੇ ਧਾਰਮਿਕ ਪਾਖੰਡੀ ਲੋਕ ਆਪੋ ਆਪਣੀਆਂ ਦੁਕਾਨਾਂ ਉਪਰ ਧਾਰਮਿਕ ਝੂਠ ਰੂਪੀ ਸੌਦਾ ਵੇਚ ਰਹੇ ਸਨ । ਗੁਰੂ ਨਾਨਕ ਸਾਹਿਬ ਜੀ ਨੇ ਇਕ ਅਕਾਲ ਪੁਰਖ ਅਤੇ ਉਸਦੇ ਸਥਾਈ ਗੁਣਾਂ ਰੂਪੀ ਸੌਦਾ ਵੇਚ ਕੇ ਝੂਠ ਦੀਆਂ ਚਲ ਰਹੀਆਂ ਦੁਕਾਨਾਂ ਨੂੰ ਨਕਾਰਿਆ ਸੀ । ਪਰ ਅਜ ਫਿਰ ਕੁੱਝ ਲੋਕ ਬਾਬੇ ਨਾਨਕ ਦੇ ਸਚ ਰੂਪੀ ਸੌਦੇ ਦਾ ਨਾਮ ਵਰਤ ਕੇ ਆਪਣਾ ਝੂਠ ਰੂਪੀ ਸੌਦਾ ਵੇਚ ਰਹੇ ਹਨ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top