Share on Facebook

Main News Page

ਵੀਰਵਾਰ ਅਤੇ ਸਹਿਮੇ ਹੋਏ ਸਿੱਖ ! Thursday and Scared Sikhs !
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
031018

ਏਕਲਿਵ ਕੌਰ ਦੀਵਾਨ ਹਾਲ 'ਚ ਆਉਣ ਵਾਲੀ ਸੰਗਤ ਵੱਲ ਬੜੇ ਗਹੁ ਨਾਲ ਵੇਖ ਰਹੀ ਸੀ ਤੇ ਉਤਸੁਕਤਾ ਕਾਰਨ ਦਾਦਾ ਜੀ ਨੂੰ ਪੁੱਛ ਬੈਠੀ, "ਦਾਦਾ ਜੀ, ਆਉਣ ਵਾਲੀ ਸੰਗਤ ਵਿੱਚੋਂ ਕਈ ਜਣੇ ਗੁਰੂ ਸਾਹਿਬ ਜੀ ਮੁਹਰੇ ਪੀਲ਼ੇ ਰੰਗ ਦੀਆਂ ਚੀਜ਼ਾਂ ਰੱਖ ਕੇ ਫੱਟ ਹੀ ਵਾਪਸ ਬਾਹਰ ਕਿਉਂ ਤੁਰੇ ਜਾ ਰਹੇ ਹਨ?"

"ਪੁੱਤਰ ਅੱਜ ਵੀਰਵਾਰ ਹੈ ਨਾ! ਅੱਜ ਦੇ ਦਿਨ ਸਹਿਮੇ ਹੋਏ, ਵਹਿਮੀ ਸਿੱਖ ਅਜਿਹੇ ਕਰਮਕਾਂਡ ਕਰ ਕੇ ਗ੍ਰਹਾਂ ਨੂੰ ਖੁਸ਼ ਕਰਨ ਦਾ ਭਰਮ ਪਾਲ ਕੇ ਆਪਣੇ-ਆਪ ਨੂੰ ਕੁਝ ਸੁਰੱਖਿਅਤ ਮਹਿਸੂਸ ਕਰਦੇ ਹਨ।

ਹੂੰ.......ਪਰ ਦਾਦਾ ਜੀ, ਸਾਡੀ ਧਰਤੀ ਸਣੇ ਬਾਕੀ ਗ੍ਰਹਿ ਵੀ ਤਾਂ ਅਕਾਲ ਪੁਰਖ ਜੀ ਨੇ ਹੀ ਸਿਰਜੇ ਹਨ। ਸਿੱਖ ਤਾਂ ਵੈਸੇ ਵੀ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਦਾ ਹੈ, ਫਿਰ ਵਾਹਿਗੁਰੂ ਜੀ ਦੇ ਬਣਾਏ ਹੋਏ ਕਿਸੇ ਗ੍ਰਹਿ ਤੋਂ ਸਿੱਖ ਨੂੰ ਕਾਹਦਾ ਡਰ?

ਪੁੱਤਰ ਉਹੀ ਤਾਂ.........ਭਾਂਵੇ ਵੀਰਵਾਰ ਹੋਵੇ ਜਾਂ ਸਨਿੱਚਰਵਾਰ, ਅਜਿਹੇ ਸਿੱਖਾਂ ਨੂੰ ਮੰਦਿਰਾਂ ਵਿੱਚ ਵੀ ਸਿੱਖੀ ਦਾ ਜਲੂਸ ਕੱਢਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ।ਕਦੀ ਕਿਸੇ ਹਿੰਦੂ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹਦੇ ਵੇਖਿਆ ਹੈ? ਕਿਹੜਾ ਮੁਸਲਮਾਨ ਹੈ, ਜਿਹੜਾ ਮੰਦਿਰਾਂ 'ਚ ਟੱਲ ਖੜਕਾਉਣ ਜਾਂਦਾ ਹੈ? ਇਹ ਕੇਵਲ ਸਿੱਖ ਦੇ ਹਿੱਸੇ ਹੀ ਆਇਆ ਹੈ ਕਿ ਉਹ ਹਰ ਥਾਂ ਤੇ ਸੀਸ ਨਿਵਾ ਕੇ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦੇ ਰਿਹਾ ਹੈ।

ਦਾਦਾ ਜੀ, ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਧਰੇ ਵਾਕਈ ਇਹ ਸਿੱਖਿਆ ਮਿਲਦੀ ਹੈ ਕਿ ਪੀਲ਼ੇ ਰੰਗ ਦੀਆਂ ਵਸਤੂਆਂ ਨਾਲ ਕਿਸੇ ਖ਼ਾਸ ਗ੍ਰਹਿ ਨੂੰ ਖੁਸ਼ ਕੀਤਾ ਜਾ ਸਕਦਾ ਹੈ ਜਾਂ ਅਜਿਹਾ ਕੀਤਿਆਂ ਸਿੱਖ ਦਾ ਕੋਈ ਕਾਰਜ ਜਲਦੀ ਨੇਪਰੇ ਚੜ੍ਹ ਸਕਦਾ ਹੈ?

ਨਹੀਂ ਮੇਰੇ ਬੱਚੇ, ਗੁਰਬਾਣੀ ਤਾਂ ਸਗੋਂ ਸਿੱਖ ਨੂੰ ਅਜਿਹੇ ਕਰਮਕਾਂਡਾਂ ਤੋਂ ਕੋਹਾਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ। ਅਸਲ ਵਿੱਚ ਸਹਿਮੇ ਹੋਏ ਅਜਿਹੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਟੁੱਟੇ ਹੋਣ ਕਾਰਨ ਹੀ ਥਾਂ- ਥਾਂ ਭਟਕ ਰਹੇ ਹਨ। ਪੀਲ਼ੇ ਨਰਮ ਲੱਡੂਆਂ ਨਾਲ ਪੁਜਾਰੀ ਦੀ ਗੋਗੜ ਤਾਂ ਜ਼ਰੂਰ ਨਰਮ ਹੋ ਜਾਂਦੀ ਹੈ ਪਰ ਸਿੱਖ ਦੇ ਮਨ ਚ ਨਰਮਾਈ (ਨਿਮਰਤਾ/ ਸੋਝੀ) ਕੇਵਲ ਬਾਣੀ ਨੂੰ ਸਮਝਿਆਂ ਹੀ ਉਤਪੰਨ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਅਖੌਤੀ ਸੁੱਚੇ ਮੋਤੀ ਤੇ ਨਗ ਜੜੀਆਂ ਮੁੰਦਰੀਆਂ ਆਦਿ ਨਾਲ ਜੌਹਰੀਆਂ ਦਾ ਵਪਾਰ ਤਾਂ ਜ਼ਰੂਰ ਵੱਧਦਾ ਹੈ ਪਰ ਸਿੱਖ ਦਾ ਅਕਾਲ ਪੁਰਖ ਤੇ ਭਰੋਸਾ, ਮਨੋਬਲ ਅਤੇ ਆਤਮ-ਵਿਸ਼ਵਾਸ, ਗੁਰੂ ਦੀ ਬਾਣੀ ਨੂੰ ਅਮਲ ਚ ਲਿਆਇਆ ਹੀ ਵਧ ਸਕਦਾ ਹੈ

ਜੇ ਗੁਰਬਾਣੀ ਸਾਨੂੰ ਅਜਿਹੇ ਕਰਮਕਾਂਡਾਂ ਤੋਂ ਵਰਜਦੀ ਹੈ ਤਾਂ ਫਿਰ ਸਿੱਖ ਕਿਸ ਦੇ ਕਹਿਣ ਤੇ ਇਹ ਸਭ ਕੁਝ ਕਰਦੇ ਹਨ?

ਬੇਟਾ ਜੀ, ਦੁੱਖ ਦੀ ਗੱਲ ਹੈ ਪਰ ਇੰਞ ਜਾਪਦਾ ਹੈ ਕਿ ਅੱਜ ਦੇ ਸਿੱਖ ਦਾ ਭਰੋਸਾ, ਗੁਰੂ ਤੇ ਘੱਟ ਅਤੇ ਜੋਤਸ਼ੀਆਂ/ਪੰਡਿਤਾਂ ਉੁੱਤੇ ਜ਼ਿਆਦਾ ਹੈ। ਆਪਣੇ ਗੁਰੂ ਅਤੇ ਪ੍ਰਮਾਤਮਾ ਦੀ ਟੇਕ ਤੋਂ ਬਿਨਾ ਕਿਸੇ ਹੋਰ ਦੀ ਟੇਕ ਰੱਖਣਾ ਤਾਂ ਮਾਨੋ ਜਿਵੇਂ ਪਾਣੀ ਵਿੱਚ ਮਧਾਣੀ ਫੇਰਨ ਦੇ ਬਰਾਬਰ ਹੈ। ਗੁਰੂ ਜੀ ਇਸੇ ਲਈ ਤਾੜਨਾ ਕਰਦੇ ਹਨ: ਦੂਜੈ ਭਾਇ, ਸਦਾ ਦੁਖੁ ਹੈ; ਨਿਤ ਨੀਰੁ ਵਿਰੋਲੈ॥ (ਮ:੧/੯੫੫) ਪਾਣੀ ਰਿੜਕਣ ਦੇ ਭਰਮ ਜਾਲ ਵਿੱਚ ਫਸ ਗਏ ਸਿੱਖਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਪੈਂਦਾ ਤੇ ਨਾ ਹੀ ਉਹਨਾਂ ਦਾ ਪਖੰਡ ਕਦੀ ਮੁੱਕਦਾ ਹੈ, ਜਿਵੇਂ ਕਿ ਗੁਰੂ ਜੀ ਫ਼ੁਰਮਾਉਂਦੇ ਹਨ:

ਮੂਲੁ ਨ ਬੂਝਹਿ, ਸਾਚਿ ਨ ਰੀਝਹਿ; ਦੂਜੈ ਭਰਮਿ ਭੁਲਾਈ ਹੇ ॥ (ਮ:੧/੧੦੨੪)
ਮਨਮੁਖ, ਪਾਖੰਡੁ ਕਦੇ ਨ ਚੂਕੈ; ਦੂਜੈ ਭਾਇ ਦੁਖੁ ਪਾਏ ॥ (ਮ:੩/੧੨੫੯)

ਦਾਦਾ ਜੀ, ਜੇ ਅਸੀਂ ਗੁਰੂ ਦਾ ਉਪਦੇਸ਼ ਮੰਨਣਾ ਹੀ ਨਹੀਂ ਹੈ, ਤਾਂ ਫਿਰ ਰਸਮੀ ਤੌਰ ਤੇ ਗੁਰੂ ਜੀ ਅੱਗੇ ਮੱਥਾ ਟੇਕਣ ਦਾ ਕੀ ਫ਼ਾਇਦਾ? ਸਿੱਖ ਤਾਂ ਉਹੀ ਹੈ ਨਾ ਜਿਹੜਾ ਗੁਰੂ ਦਾ ਬਚਨ ਮੰਨੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮੂਰਤੀ ਵਾਂਗ ਮੱਥਾ ਟੇਕ ਕੇ ਆਪਣੇ ਆਪ ਨੂੰ ਧਰਮੀ ਸਮਝ ਲਵੇ?

ਸ਼ਾਬਾਸ਼ ਪੁੱਤਰ, ਸ਼ਾਬਾਸ਼! ਤੁਸੀਂ ਬਿਲਕੁਲ ਠੀਕ ਸਮਝਦੇ ਹੋ। ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਗੱਲ (ਉਪਦੇਸ਼) ਨਹੀਂ ਮੰਨਦੇ।ਗੁਰੂ ਗ੍ਰੰਥ ਸਾਹਿਬ ਜੀ ਤਾਂ ਗਿਆਨ ਦੀ ਜਗਦੀ ਜੋਤ ਨੇ, ਪਰ ਇਸ ਗਿਆਨ ਨਾਲ ਜੀਵਨ ਤਾਂ ਹੀ ਸੁਖਾਲ਼ਾ ਹੁੰਦਾ ਹੈ ਜੇਕਰ ਇਸਨੂੰ ਮਨ ਵਿੱਚ ਵਸਾ ਕੇ, (ਪਰਮਾਤਮਾ ਦੇ ਗੁਣ ਯਾਦ ਕਰ ਕੇ) ਵਿਕਾਰਾਂ ਨਾਲ ਨਿਰੰਤਰ ਲੜਨ ਦੀ ਘਾਲਣਾ ਘਾਲੀ ਜਾਵੇ, ਜਿਵੇਂ ਕਿ ਗੁਰ-ਵਾਕ ਹੈ:
ਗਿਆਨ ਰਤਨਿ ਮਨੁ ਮਾਜੀਐ; ਬਹੁੜਿ ਨ ਮੈਲਾ ਹੋਇ ॥ ਜਬ ਲਗੁ, ਸਾਹਿਬੁ ਮਨਿ ਵਸੈ; ਤਬ ਲਗੁ ਬਿਘਨੁ ਨ ਹੋਇ ॥ (ਮ:੧/੯੯੨)

ਅਜਿਹੀ ਖੇਲ ਪ੍ਰਭੂ ਨੂੰ ਪਿਆਰੀ ਲੱਗਦੀ ਹੈ (ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ਖੇਲ ਹਰਿ ਪਿਆਰੀ ॥ ਮ:੫/੧੧੮੫) ਤੇ ਆਪਾ ਸਵਾਰਨ ਵਾਲਿਆਂ ਨੂੰ ਰੱਬੀ ਮਿਹਰ ਸਦਕਾ ਬੰਦਗੀ ਦੀ ਦਾਤ ਪ੍ਰਾਪਤ ਹੁੰਦੀ ਹੈ। ((ਜਿਸ ਨੋ ਤੇਰੀ ਮਿਹਰ; ਸੁ ਤੇਰੀ ਬੰਦਿਗੀ ॥ਮ:੫/੯੬੧)

ਯਾਦ ਰੱਖੀਏ ਕਿ ਜਿਵੇਂ ਪਾਣੀ ਨਾਲ ਚੁਲ਼ੀ ਕੀਤਿਆਂ ਮਨ ਨਹੀਂ ਧੁਪ( ਧੋਣਾ) ਸਕਦਾ ਤਿਵੇਂ ਹੀ ਕੇਵਲ ਮੱਥਾ ਟੇਕਿਆਂ ਅਤੇ ਥੋਥੇ ਕਰਮਕਾਂਡ ਕੀਤਿਆਂ ਗਿਆਨ ਵਾਲੀ ਬੁੱਧੀ ਵਿਕਸਤ ਨਹੀਂ ਹੁੰਦੀ ਭਾਵ ਕਿ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਕੋਰਾ ਹੀ ਰਹਿ ਜਾਂਦਾ ਹੈ।

ਏਕਲਿਵ ਕੌਰ, ਤੁਸੀਂ ਹਮੇਸ਼ਾ ਚੇਤੇ ਰੱਖਣਾ ਕਿ ਕੁਦਰਤ ਅਕਾਲ ਪੁਰਖ ਜੀ ਨੇ ਆਪ ਹੀ ਸਾਜੀ ਹੈ ਤੇ ਹਵਾ, ਪਾਣੀ, ਸੂਰਜ, ਚੰਦ੍ਰਮਾ ਤੇ ਸਾਰੇ ਗ੍ਰਹਿ ਆਦਿ, ਕਰਨਹਾਰ ਦੇ ਭਉ (ਹੁਕਮ) ਵਿੱਚ ਹਨ। ਜੇ ਮਨੁੱਖ ਦੇ ਮਨ ਦੀ ਕੋਈ ਬਿਰਥਾ (ਦੁੱਖ) ਹੋਵੇ ਤਾਂ ਗੁਰੂ ਅੱਗੇ ਜੋਦੜੀ (ਅਰਦਾਸ) ਕਰਨਾ ਲਾਭਦਾਇਕ ਹੈ, ਕਿਉੁਂਕਿ ਪ੍ਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ਤੇ ਉਹ ਆਪਣੀ ਪੈਦਾ ਕੀਤੀ ਜਿੰਦ ਦਾ ਦੁੱਖ-ਦਰਦ ਸੁਣਦਾ ਹੈ। ਗੁਰੂ ਅਰਜਨ ਦੇਵ ਜੀ ਦੇ ਪਿਆਰੇ ਬਚਨ, ਵੇਖੋ! ਮਨ ਨੂੰ ਕਿਂਵੇ ਹੌਸਲਾ ਪ੍ਰਦਾਨ ਕਰਦੇ ਹਨ:

ਜੀਅ ਕੀ ਬਿਰਥਾ ਸੋ ਸੁਣੇ; ਹਰਿ ਸੰਮ੍ਰਿਥ ਪੁਰਖੁ ਅਪਾਰੁ ॥ ਮਰਣਿ ਜੀਵਣਿ ਆਰਾਧਣਾ; ਸਭਨਾ ਕਾ ਆਧਾਰੁ ॥ (ਮ:੫/੧੩੭)

ਮੈਂ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝ ਗਈ ਹਾਂ। ਗੁਰੂ ਗ੍ਰੰਥ ਸਾਹਿਬ ਜੀ ਮੁਹਰੇ ਦਾਲਾਂ ਆਦਿ ਰੱਖ ਕੇ ਚੁੱਪ-ਚਪੀਤੇ ਭੱਜ ਜਾਣਾ ਯਕੀਨਨ ਹੀ ਕੋਈ ਸਿਆਣਪ ਵਾਲਾ ਕੰਮ ਨਹੀਂ ਹੈ। ਦਾਦਾ ਜੀ, ਮੈਂ ਅਹਿਦ (ਵਾਇਦਾ) ਕਰਦੀ ਹਾਂ ਕਿ ਮੈਂ ਕਦੀ ਵੀ ਹੋਰਨਾਂ ਵੱਲੋਂ ਫੈਲਾਏ ਜਾ ਰਹੇ ਭਰਮਾਂ ਵਿੱਚ ਨਹੀਂ ਪਵਾਂਗੀ ਤੇ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ, ਮਨੁੱਖਤਾ ਦੀ ਸੇਵਾ ਕਰਾਂਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top