ਬੱਚਾ ਜਨਮ ਤੋਂ ਹੀ ਆਪਣੇ ਮਾਪਿਆਂ ਨੂੰ ਪਹਿਲਾਂ ਸੁਣ ਕੇ, ਫਿਰ
ਬੋਲਣ ਦੇ ਕਾਬਲ ਬਣਦਾ ਹੈ। ਮਨੁੱਖ ਜਿਸ ਨੂੰ ਕਿ ਇਸ ਧਰਤੀ ਦਾ ਸਰਦਾਰ ਮੰਨਿਆਂ ਜਾਂਦਾ ਹੈ,
ਕੁਦਰਤ ਵੱਲੋਂ ਉਸਨੂੰ ਵੀ ਕੇਵਲ ਇੱਕ ਹੀ ਜੀਭ ਮਿਲੀ ਹੈ ਜਿਸ ਤੋਂ ਭਾਵ ਹੈ ਕਿ ਹੇ ਮਨੁੱਖ!
ਤੂੰ ਬੋਲ ਤਾਂ ਘੱਟ ਪਰ ਸੁਣਨ ਦੀ ਜ਼ਿਆਦਾ ਲੋੜ ਸਦਕਾ ਹੀ ਤੈਨੂੰ ਦੋ ਕੰਨਾਂ ਦੀ ਦਾਤ ਮਿਲੀ
ਹੈ।
“ਜਪੁ” ਬਾਣੀ ਵਿੱਚ ਵੀ ਗੁਰੂ ਨਾਨਕ ਜੀ ਨੇ “ਸੁਣਿਐ” ਦੀਆਂ
ਚਾਰ ਪਉੜੀਆਂ ਵਿੱਚ ਇਸੇ ਗੱਲ ਦਾ ਖੁਲਾਸਾ ਕੀਤਾ ਹੈ ਕਿ ਸੁਣਨ ਦੀ ਮਜ਼ਬੂਤ ਨੀਂਹ
'ਤੇ ਹੀ ਉੱਚੇ ਇਖ਼ਲਾਕ ਭਰਪੂਰ ਜੀਵਨ ਦਾ ਮਹੱਲ ਉਸਾਰਿਆ ਜਾ ਸਕਦਾ ਹੈ। ਇੱਥੋਂ ਤੱਕ ਕਿ
ਗੁਰੂ ਸਾਹਿਬ ਜੀ ਨੇ ਤਾੜਨਾ ਕੀਤੀ ਹੈ ਕਿ ਜਦ ਤੱਕ ਵੀ ਸਾਹਾਂ ਦੀ ਪੂੰਜੀ ਹੈ, ਗਿਆਨ ਦੀ
ਨਿਰੰਤਰ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ:
ਜਬ ਲਗੁ, ਦੁਨੀਆ ਰਹੀਐ ਨਾਨਕ; ਕਿਛੁ ਸੁਣੀਐ, ਕਿਛੁ ਕਹੀਐ
॥ (ਮ:੧/੬੬੦)
ਧਿਆਨ ਰੱਖੀਏ ਕਿ ਉਪਰੋਕਤ ਤੁਕ ਵਿੱਚ ਵੀ ਸੁਣਨ ਨੂੰ ਹੀ, ਪਹਿਲ ਦਿੱਤੀ ਗਈ ਹੈ ਪਰ ਅੱਜ ਹਰ
ਕੋਈ ਬੋਲ ਰਿਹਾ ਹੈ, ਤੇ ਸੁਨਣ ਵਾਲਾ ਕੋਈ ਵੀ ਨਹੀਂ ਹੈ। ਜੇ ਸੁਣਨ ਵਾਲਾ ਹੈ ਤਾਂ ਮੰਨਣ
ਵਾਲਾ ਨਹੀਂ, ਜੇ ਮੰਨਣ ਵਾਲਾ ਹੈ ਤਾਂ ਕੇਵਲ ਆਪਣੇ ਆਪ ‘ਚ ਹੀ ਸੀਮਿਤ ਰਹਿ ਕੇ “ਸਾਝ
ਕਰੀਜੈ, ਗੁਣਹ ਕੇਰੀ” ਦਾ ਉਪਦੇਸ਼ ਭੁੱਲ ਚੁੱਕਾ ਹੈ।
ਕੰਨ ਰਸ, ਅੱਖ ਰਸ, ਦਿਮਾਗ ਰਸ ਆਦਿ ਤੇ ਸ਼ੋਸਲ ਮੀਡੀਏ ਦੀ ਕਾਵਾਂ-ਰੌਲ਼ੀ ਅਤੇ ਆਪੋਧਾਪੀ
‘ਚ ਵਿਚਰਦਿਆਂ, ਅੱਜ ਸਾਨੂੰ ਲੋੜ ਹੈ ਕਿ ਆਪਣੇ ਮਨ ਨੂੰ ਗੁਰੂ ਸਾਹਿਬ ਜੀ ਦੇ ਇੰਨਾਂ ਬਚਨਾਂ
ਨਾਲ ਇੱਕ ਹਲੂਣਾ ਦੇਈਏ:
ਸੁਣਿ ਮਨ ਅੰਧੇ! ਕੁਤੇ ਕੂੜਿਆਰ ॥
ਬਿਨੁ ਬੋਲੇ, ਬੂਝੀਐ ਸਚਿਆਰ ॥ (ਮ:੧/੬੬੨)
ਆਉ! ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸੱਚ ਨੂੰ ਸੁਣ ਕੇ, ਮੰਨਣ ਦੀ
ਆਦਤ ਪਾਈਏ ਤਾਂ ਕਿ ਸਾਡੇ ਅੰਦਰ ਦਇਆ, ਨਿਮਰਤਾ, ਸੰਤੋਖ, ਸਹਿਨਸ਼ੀਲਤਾ ਆਦਿ ਰੱਬੀ ਗੁਣ
ਪੈਦਾ ਤੇ ਵਿਕਸਿਤ ਹੋ ਸਕਣ, ਜਿਵੇਂ ਕਿ ਗੁਰ ਵਾਕ ਹੈ:
ਮਤਿ ਵਿਚਿ ਰਤਨ, ਜਵਾਹਰ, ਮਾਣਿਕ; ਜੇ, ਇਕ ਗੁਰ ਕੀ ਸਿਖ ਸੁਣੀ
॥ (ਮ:੧-ਜਪੁ)