Share on Facebook

Main News Page

ਦਾਸਤਾਂ ਦੋ ਸ਼ਹੀਦਾਂ ਦੀ !
-: ਤਰਲੋਚਨ ਸਿੰਘ ਦੁਪਾਲਪੁਰ
001-408-915-1268
tsdupalpuri@yahoo.com

ਅਣਖ ਤੇ ਸਵੈਮਾਣ ਦੀ ਬਹਾਲੀ ਲਈ ਲਹੂ-ਭਿੱਜਾ ਇਤਿਹਾਸ ਰਚਣ ਵਾਲੇ ਸ਼ਹੀਦ ਸੂਰਮਿਆਂ ਦੀ ਗਾਥਾ ਲਿਖਣ ਲੱਗਿਆਂ ਕਲਮ ਨੂੰ ਵੀ ਦੰਦਲ਼ਾਂ ਪੈਂਦੀਆਂ ਹਨ! ਦਿਲ ਕਰਦਾ ਹੈ ਕਿ ਸ਼ਹਾਦਤਾਂ ਦੀ ਇਬਾਰਤ ਲਿਖਣ ਲਈ, ਰਵਾਇਤੀ ਸ਼ਬਦ ਲਾਂਭੇ ਕਰਕੇ, ਸ਼ਹੀਦੀ ਮਾਰਗ ਦੀ ਪਾਵਨ ਧੂੜ ਵਿਚੋਂ ਸੁੱਚੇ ਮੋਤੀਆਂ ਜਿਹੇ ਅਣਛੋਹੇ ਸ਼ਬਦ ਲਿਆ ਕੇ, ਸਿਰਲੱਥ ਯੋਧਿਆਂ ਦ ਦਾਸਤਾਨ ਲਿਖੀ ਜਾਵੇ। ਬੇਸ਼ੱਕ ਸ਼ਹੀਦੀ ਦਾ ਸੰਕਲਪ ਇਸਲਾਮਿਕ ਪਰੰਪਰਾ ਦੀ ਗੋਦ ਵਿਚੋਂ ਆਇਆ ਹੈ ਪਰ ਸਿੱਖ ਧਰਮ ਨੇ ਸ਼ਹਾਦਤਾਂ ਦਾ ਇੱਕ ਅਦੁੱਤੀ ਇਤਿਹਾਸ ਸਿਰਜ ਕੇ ਦਿਖਾਇਆ ਕਿ ਪੱਤਝੜਾਂ ਭਾਵੇਂ ਜਿੰਨੀਆਂ ਮਰਜ਼ੀ ਜ਼ਾਲਮ ਹੋਣ, ਪਰ ਬਗ਼ਾਵਤ ਦੇ ਬੀਜ਼ ਉੱਗ ਹੀ ਪੈਂਦੇ ਨੇ। ਸ਼ਹੀਦ ਇਹ ਅਗਮ-ਨਿਗਮ ਦੀ ਗੱਲ ਜਾਣਦਾ ਹੁੰਦਾ ਹੈ ਕਿ ਪਤਝੜ ਦੇ ਹਰ ਉਦਾਸ ਬੁੱਲੇ ਵਿਚ ਬਹਾਰ ਦਾ ਸੁਨੇਹਾ ਵੀ ਲੁਕਿਆ ਹੁੰਦਾ ਹੈ। ਕਹਿੰਦੇ ਨੇ ਜਾਨ ਦੀ ਬਾਜ਼ੀ ਲਾਉਣ ਲੱਗਿਆਂ ਸ਼ਹੀਦ ਨੂੰ ਵਿਉਂਤਾਂ ਲੱਭਣ ਜਾਂ ਜਿਊਣ ਲਈ ਆਸਰੇ ਭਾਲਣ ਕੋਈ ਲੋੜ ਨਹੀਂ ਹੁੰਦੀ। ਉਹ ਮਿਸ਼ਨ ਪ੍ਰਤੀ ਨੱਕ ਦੇ ਸੇਧੇ ਤੁਰਿਆ ਜਾਂਦਾ ਹੈ।

ਹਥਲੇ ਲੇਖ ਵਿਚ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਗੌਰਵ ਮਈ ਸਥਾਨ ਹਾਸਲ ਕਰਨ ਵਾਲ਼ੇ ਕੌਮ ਦੇ ਦੋ ਕੇਸਰੀ ਫੁੱਲਾਂ, ਜਿੰਦਾ-ਸੁੱਖਾ (ਭਾਈ ਹਰਜਿੰਦਰ ਸਿੰਘ ਤੇ ਭਾਰੀ ਸੁਖਦੇਵ ਸਿੰਘ) ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਂ ਬਿਆਨ ਕਰਦਾ ਦਾ ਯਤਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਸਾਲਾਨਾ ਬਰਸੀ ਹਰ ਸਾਲ ਨੌਂ ਅਕਤੂਬਰ ਨੂੰ ਮਨਾਈ ਜਾਂਦੀ ਹੈ। ਇਨ੍ਹਾਂ ਦੋਹਾਂ ਸੂਰਬੀਰਾਂ ਨੇ ਪੰਥ ਦੀ ਅਣਖ ਤੇ ਗ਼ੈਰਤ ਨੂੰ ਕਾਇਮ ਰੱਖਦਿਆਂ ਹੋਇਆ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਦਾ ਬਦਲਾ ਲਿਆ। ਪੰਜਾਬ ਤੋਂ ਸੈਂਕੜੇ ਮੀਲ ਦੂਰ ਜਾ ਕੇ ਪੂਨਾ (ਮਹਾਰਾਸ਼ਟਰ) ਵਿਖੇ ਜਨਰਲ ਵੈਦਿਆ ਦੀ ਜਾ ਖ਼ਬਰ ਲਈ। ਇਸੇ ਤਰ੍ਹਾਂ ਨਵੰਬਰ ਚੁਰਾਸੀ ਵਾਲੇ ਦਿੱਤੀ ਕਤਲੇਆਮ ਦੇ ਕੁੱਝ ਦੋਸ਼ੀਆਂ ਨੂੰ ਸੋਧ ਕੇ, ਦਿੱਤੀ ਦਾ ਤਖ਼ਤ ਹਿਲਾ ਕੇ ਰੱਖ ਦਿੱਤਾ ਸੀ। ਬੱਸ ਫਿਰ ਦਿੱਲੀ ਦੇ ਮਾਲਕਾਂ ਨੂੰ ਉਨ੍ਹਾਂ ਚਿਰ ਚੈਨ ਦੀ ਨੀਂਦ ਨਹੀਂ ਆਈ, ਜਿੰਨਾ ਭਾਈ ਜਿੰਦੇ ਤੇ ਭਾਈ ਸੁੱਖੇ ਦੇ ਗਲ਼ ਵਿਚ ਫਾਂਸੀ ਦਾ ਫੰਧਾ ਨਹੀਂ ਪੈ ਗਿਆ।

ਸ਼ਹਾਦਤਾਂ ਦੀ ਕੇਸਰੀ ਬਗੀਚੀ ਦੇ ਸੁਨਹਿਰੀ ਫੁੱਲਾਂ ਦੀ ਚਮਕ ਨੂੰ, ਕੁੱਝ ਬਿਪਰਵਾਦੀ ਜਾਂ ਖੱਸੀ ਕਲਮਾਂ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਨਾਲ ਨੱਥੀ ਕਰ ਕਰਕੇ ਛੁਟਿਆਉਂਦੀਆਂ ਨੇ। ਪਰ ਭਾਈ ਜਿੰਦੇ -ਸੁੱਖੇ ਦੀ ਕਹਾਣੀ, ਇਹੋ ਜਿਹਾ ਕੂੜ-ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਫ਼ਰਵਰੀ 1961 ਵਿਚ ਪਿੰਡ ਗਦਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਮੇ ਭਾਈ ਹਰਜਿੰਦਰ ਸਿੰਘ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡੋਂ ਹੀ ਕੀਤੀ। ਗਹਿਰੀ ਮੰਡੀ ਤੋਂ ਮੈਟ੍ਰਿਕ ਅਤੇ ਬਾਰ੍ਹਵੀਂ ਜੰਡਿਆਲਾ ਗੁਰੂ ਤੋਂ ਕਰਨ ਉਪਰੰਤ ਉਦੋਂ ਉਹ ਖ਼ਾਲਸਾ ਕਾਲਜ ਸ਼੍ਰੀ ਅੰਮ੍ਰਿਤਸਰ ਵਿਚ ਬੀ. ਏ. (ਦੂਜਾ ਸਾਲ) ਕਰ ਰਹੇ ਸਨ, ਜਦੋਂ ਜੂਨ-ਚੁਰਾਸੀ ਵਾਲਾ ਘੱਲੂਘਾਰਾ ਵਾਪਰ ਗਿਆ। ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਭਾਰਤੀ ਫ਼ੌਜ ਨੇ ਗੋਲ਼ੀਆਂ-ਟੈਂਕਾਂ ਨਾਲ ਭੁੰਨ ਦਿੱਤਾ । ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ-ਨਾਲ ਚਾਲ਼ੀ ਦੇ ਲਗਭਗ ਹੋਰ ਗੁਰਧਾਮਾਂ ਵਿਚ ਕਤਲੇਆਮ ਮਚਾਈ ਅਤੇ ਬੇਹੁਰਮਤੀ ਕੀਤੀ। ਪਿੰਡਾਂ ਵਿਚ ਵੀ ਸਿੱਖ ਗੱਭਰੂਆਂ ਨੂੰ ਜ਼ੁਲਮ ਦਾ ਨਿਸ਼ਾਨਾ ਬਣਾਇਆ ਗਿਆ। ਤਿੰਨ ਤੋਂ ਦਸ ਜੂਨ (1984) ਦੌਰਾਨ ਵੱਖ ਵੱਖ ਪਿੰਡਾਂ ਥਾਵਾਂ ਤੋਂ ਸਿੰਘਾਂ ਦੇ ਜਥੇ ਗਰੁੱਪਾਂ ਦੀ ਸ਼ਕਲ ਵਿਚ ਸ਼੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾਉਂਦੇ। ਪਰ ਚੱਪੇ ਚੱਪੇ ਉੱਤੇ ਤਾਇਨਾਤ ਫ਼ੌਜੀ ਜਵਾਨ, ਇਨ੍ਹਾਂ ਜਥਿਆਂ ਉੱਪਰ ਅੰਨ੍ਹੇ ਵਾਹ ਫਾਇਰਿੰਗ ਕਰਕੇ, ਅਜਿਹੇ ਯਤਨਾਂ ਨੂੰ ਨਕਾਰਾ ਕਰ ਦਿੰਦੇ।

ਅਜਿਹੇ ਭੀਹਾਵਲੇ ਮਾਹੌਲ ਵਿਚ ਕਾਲਜ ਪੜ੍ਹਦੇ ਭਾਈ ਜਿੰਦੇ ਦੇ ਖ਼ੂਨ ਨੇ ਉਬਾਲ਼ਾ ਖਾਧਾ। ਪੜ੍ਹਾਈ ਵਿੱਚੇ ਛੱਡ ਕੇ ਇਹ ਸ਼੍ਰੀ ਦਰਬਾਰ ਸਾਹਿਬ ਵੱਲ ਜਾਂਦੇ ਜਥਿਆਂ ਵਿਚ ਸ਼ਾਮਲ ਹੁੰਦਾ ਪਰ ਥਾਂ-ਥਾਂ ਲੱਗੇ ਫ਼ੌਜੀ ਨਾਕੇ ਇਨ੍ਹਾਂ ਦੀ ਪੇਸ਼ ਨਾ ਜਾਣ ਦਿੰਦੇ। ਦੁਖੀ ਹਿਰਦਿਆਂ ਨਾਲ ਬੇ-ਵੱਸ ਹੋਏ ਕਚੀਚੀਆਂ ਵਟਦੇ ਘਰੀਂ ਆਣ ਪਰਤਦੇ। ਜਬੈ ਬਾਣ ਲਾਗਯੋ, ਤਬੈ ਰੋਸ ਜਾਗਿਓ ਅਨੁਸਾਰ ਭਾਈ ਜਿੰਦਾ ਘਰ ਨਹੀਂ ਰੁਕਿਆ। ਉਹ ਆਪਣੇ ਨਾਨਕੇ ਪਿੰਡ ਚੱਕ ਬਾਈ ਐੱਚ. ਸੀ. ਸ਼੍ਰੀ ਨਗਰ ਚਲਾ ਗਿਆ। ਇੱਥੇ ਹੀ ਦੋਹਾਂ ਨੇ ਸਿੱਖ ਕੌਮ ਦੀ ਹੋਈ ਬੇ ਪਤੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਮਨ ਹੀ ਮਨ ਦੋਹਾਂ ਗੱਭਰੂਆਂ ਨੇ, ਚਮਕੌਰ ਦੀ ਗੜ੍ਹ ਵਿਚ ਬਿਰਾਜਮਾਨ ਕਲਗ਼ੀਆਂ ਵਾਲ਼ੇ ਪਾਤਸ਼ਾਹ ਨਾਲ ਕੁੱਝ ਅਜਿਹੀ ਪ੍ਰਤਿੱਗਿਆ ਕੀਤੀ-

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਅਜੀਤ-ਜੁਝਾਰ ਤੇਰੇ
ਟੁੱਭੀ ਮਾਰ ਕੇ ਸਰਸਾ ਦੇ ਰੋੜ੍ਹ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ! 
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।

ਝੋਰਾ ਕਰੀਂ ਨਾ ਕਿਲੇ ਅਨੰਦਪੁਰ ਦਾ,  ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। (ਸੰਤ ਰਾਮ ਉਦਾਸੀ)

ਪੰਥ ਦੀ ਆਨ ਤੇ ਸ਼ਾਨ ਨੂੰ ਮਲੀਆਮੇਟ ਕਰਨ ਲਈ ਚੜ੍ਹੀ ਆ ਰਹੀ ਬਿਪਰਵਾਦ ਦੀ ਸਰਸਾ ਨੂੰ ਠੱਲ੍ਹ ਪਾਉਣ ਲਈ ਭਾਈ ਜਿੰਦੇ ਦਾ ਸਾਥੀ ਬਣਿਆ ਭਾਈ ਸੁੱਖਾ ਰਾਜਸਥਾਨ ਦੇ ਜਿਲ੍ਹਾ ਗੰਗਾ ਨਗਰ (ਚੱਕ ਨੰ: ਗਿਆਰਾਂ) ਵਿਚ ਪੈਦਾ ਹੋਇਆ। ਜੂਨ ਚੁਰਾਸੀ ਦੇ ਘੱਲੂਘਾਰੇ ਵੇਲ਼ੇ ਇਹ ਐਮ. ਏ. ਇੰਗਲਿਸ਼ (ਦੂਜਾ ਸਾਲ) ਦਾ ਵਿਦਿਆਰਥੀ ਸੀ। ਦੋਹਾਂ ਦਾ ਮਿਲਾਪ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਿਆ। ਪੂਰੀ ਯੋਜਨਾਬੰਦੀ ਕਰਕੇ ਇਨ੍ਹਾਂ ਨੇ ਦਿੱਲੀ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾ ਲਿਆ। ਕਿਤੇ ਨਿਸ਼ਾਨੇ ਉੱਤੇ ਮਾਰ ਕਰਨ ਲਈ ਸਕੀਮਾਂ ਬਣਾਉਂਦਿਆਂ ਭਾਈ ਜਿੰਦਾ ਪੁਲਿਸ ਦੇ ਕਾਬੂ ਆ ਗਿਆ। ਪਰ ਸਤਿ-ਗੁਰੂ ਨੇ ਸ਼ਾਇਦ ਇਸ ਤੋਂ ਹਾਲੇ ਹੋਰ ਵਡਮੁੱਲੀ ਸੇਵਾ ਲੈਣੀ ਸੀ। ਕਿਸੇ ਜੁਗਤ ਨਾਲ ਇਹ ਜੇਲ੍ਹ ਚੋਂ ਫ਼ਰਾਰ ਹੋਣ ਚ ਕਾਮਯਾਬ ਹੋ ਗਿਆ।

ਇਸ ਘਟਨਾ ਉਪਰੰਤ ਦੋਹਾਂ ਨੇ ਮਿਲ਼ ਕੇ, ਜੂਨ ਚੁਰਾਸੀ ਵੈਦਿਆ ਨੂੰ ਆਪਣਾ ਟਾਰਗੈਟ ਮਿੱਥ ਲਿਆ। ਇੱਥੇ ਇਹ ਯਾਦ ਕਰਾਇਆ ਜਾਂਦਾ ਹੈ ਕਿ ਇਸ ਫ਼ੌਜੀ ਜਰਨੈਲ ਨਾਲ ਸੁੱਖੇ-ਜਿੰਦੇ ਦੀ ਕੋਈ ਜਾਤੀ ਦੁਸ਼ਮਣੀ ਜਾਂ ਕੋਈ ਰੰਜਸ਼ ਨਹੀਂ ਸੀ। ਇਨ੍ਹਾਂ ਨੌਜਵਾਨਾਂ ਨੇ ਸਿਰਫ਼ ਖ਼ਾਲਸਾ ਪੰਥ ਦੀਆਂ ਚੱਲੀਆਂ ਆ ਰਹੀਆਂ ਪੁਰਾਤਨ ਪਰੰਪਰਾਵਾਂ ਦਾ ਪਾਲਣ ਕਰਦਿਆਂ ਜਨਰਲ ਵੈਦਿਆ ਨੂੰ ਨਿਸ਼ਾਨਾ ਬਣਾਇਆ। ਜੋ ਉਸ ਮੌਕੇ ਸੇਵਾ-ਮੁਕਤੀ ਉਪਰੰਤ ਪੂਨੇ ਰਹਿ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਸੁੱਖਾ-ਜਿੰਦਾ ਉਹਦੇ ਤੇ ਹਮਲਾਵਰ ਹੋਏ, ਉਸ ਸਮੇਂ ਉਸਦੇ ਅੰਗ-ਰੱਖਿਅਕ ਵੀ ਨਾਲ਼ੇ ਸਨ ਅਤੇ ਉਸ ਨੇ ਖ਼ੁਦ ਵੀ ਲੋਡਿਡ ਰਿਵਾਲਵਰ ਪਾਇਆ ਹੋਇਆ ਸੀ। ਪਰ ਤਦ ਵੀ ਭਾਈ ਸੁੱਖਾ-ਜਿੰਦਾ ਆਪਣੇ ਮਿਸ਼ਨ ਚ ਕਾਮਯਾਬ ਰਹੇ।

ਅਦਾਲਤੀ ਕਾਰਵਾਈ ਚਲਦਿਆਂ ਆਖ਼ਰ ਇੱਕੀ ਅਕਤੂਬਰ 1989 ਨੂੰ ਪੂਨਾ ਹਾਈ ਕੋਰਟ ਦੇ ਜੱਜ ਮਿਸਟਰ ਵੀ. ਐਲ. ਰੂਈਕਰ ਨੇ, ਇਨ੍ਹਾਂ ਦੋਹਾਂ ਸੂਰਮਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਫ਼ੈਸਲਾ ਸੁਣਾਉਣ ਵੇਲ਼ੇ ਜੱਜ ਦੀ ਆਵਾਜ਼ ਥਿੜਕ ਰਹੀ ਸੀ। ਪਰ ਅਦਾਲਤੀ ਅਮਲੇ ਮੁਤਾਬਿਕ ਦੋਵੇਂ ਸਿੰਘ ਮੁਸਕਰਾ ਕੇ ਜੱਜ ਨੂੰ ਕਹਿਣ ਲੱਗੇ-

...ਇਸ ਖ਼ੁਸ਼ੀ ਮੌਕੇ ਅਸੀਂ ਤੁਹਾਨੂੰ ਪਾਰਟੀ ਦੇਣਾ ਚਾਹੁੰਦੇ ਹਾਂ!

ਜੱਜ ਦੇ ਕਮਰੇ ਅਤੇ ਅਤੇ ਜੇਲ੍ਹ ਵਿਚ ਜਾ ਕੇ, ਸੱਚਮੁੱਚ ਦੋਹਾਂ ਗੱਭਰੂਆਂ ਨੇ ਸਭ ਦਾ ਮੂੰਹ ਮਿੱਠਾ ਕਰਵਾਇਆ। ਜੇਲ੍ਹ ਦੇ ਹੋਰ ਕੈਦੀ ਫਾਂਸੀ ਸੁਣ ਕੇ ਦੁਖੀ ਅਤੇ ਗ਼ਮਗੀਨ ਹੋ ਗਏ, ਪਰ ਇਹ ਦੋਵੇਂ ਮੌਤ ਨੂੰ ਮਖ਼ੌਲ ਕਰ ਰਹੇ ਸਨ। ਕਿਹਾ ਜਾਂਦਾ ਹੈ ਕਿ ਜੱਜ ਰੂਈਕਰ ਨੇ ਪਹਿਲੀ ਵਾਰ ਕਿਸੇ ਕੈਦੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਜੱਜ ਨੇ ਬਾਅਦ ਵਿਚ ਪ੍ਰਾਈਵੇਟ ਤੌਰ ਤੇ ਇਹ ਸ਼ਬਦ ਕਹੇ ਸਨ-

...ਮੈਂ ਇਨ੍ਹਾਂ ਨੌਜਵਾਨਾ ਨੂੰ ਫਾਂਸੀ ਨਹੀਂ ਸੀ ਦੇਣਾ ਚਾਹੁੰਦਾ... ਪਰ ਮੈਂ ਮਜਬੂਰ ਸਾਂ। ਸੁੱਖਾ ਤੇ ਜਿੰਦਾ ਦੋਵੇਂ ਚੰਗੇ ਇਨਸਾਨ ਹਨ ਮੈਂ ਇਨ੍ਹਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ, ਮੈਂ ਅੱਜ ਤੱਕ ਅਜਿਹੇ ਬੰਦੇ ਨਹੀਂ ਦੇਖੇ। ਮੈਂ ਇਨ੍ਹਾਂ ਦੋਹਾਂ ਦੀਆਂ ਫ਼ੋਟੋਆਂ ਆਪਣੇ ਘਰ ਜ਼ਰੂਰ ਲਾਵਾਂਗਾ...।

ਫਾਂਸੀ ਤੋਂ ਕੁੱਠ ਦਿਨ ਪਹਿਲਾਂ ਭਾਈ ਜਿੰਦੇ ਅਤੇ ਭਾਈ ਸੁੱਖੇ ਨੇ ਆਪਣੇ ਘਰਦਿਆਂ ਨੂੰ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਹ ਨੌਂ ਅਕਤੂਬਰ (ਫਾਂਸੀ ਦੇਣ ਲਈ ਮੁਕੱਰਰ ਮਿਤੀ) ਦੀ ਸਵੇਰ ਹੋਣ ਤੱਕ, ਰਾਤ 10 ਤੋਂ 12 ਵਜੇ ਤੱਕ ਆਰਾਮ ਕਰਨਗੇ। ਬਾਰਾਂ ਵਜੇ ਇਸ਼ਨਾਨ ਸੋਧ ਕੇ ਤਿੰਨ ਵਜੇ ਤੱਕ ਪਾਠ ਕਰਨਗੇ। ਇਸ ਤੋਂ ਬਾਅਦ ਅੰਮ੍ਰਿਤ ਵੇਲੇ ਦਹੀਂ ਤੇ ਇੱਕ ਇੱਕ ਸੇਬ ਛਕਣਗੇ। ਫਿਰ ਅੰਤਿਮ ਅਰਦਾਸ ਅਤੇ ਕੀਰਤਨ ਸੋਹਿਲੇ ਦਾ ਪਾਠ ਕਰਕੇ, ਸਾਹਿਬ ਕਲਗ਼ੀਆਂ ਵਾਲ਼ੇ ਦੀ ਗੋਦ ਵਿਚ ਚਲੇ ਜਾਣਗੇ।

ਅੰਤ 9 ਅਕਤੂਬਰ 1992 ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੜਕੇ ਚਾਰ ਵਜੇ, ਫਾਂਸੀ ਦੇ ਤਖ਼ਤੇ ਤੇ ਚੜ੍ਹਕੇ ਦੋਵੇਂ ਸੂਰਮੇ ਸ਼ਹਾਦਤ ਦਾ ਜਾਮ ਪੀ ਗਏ। ਫਾਂਸੀ ਵਾਲ਼ੇ ਅਹਾਤੇ ਤੋਂ ਬਾਅਦ ਵਿਚ ਸੂਚਨਾਵਾਂ ਅਨੁਸਾਰ ਕਹਿੰਦੇ ਫਾਂਸੀ ਦਾ ਰੱਸਾ ਗਲ਼ ਵਿਚ ਪਾਉਣ ਵੇਲੇ ਦੋਹਾਂ ਦੇ ਚਿਹਰਿਆਂ ਉੱਪਰ ਇੱਕ ਅਨੋਖਾ ਹੀ ਜਲਾਲ ਡਲ੍ਹਕਾਂ ਮਾਰ ਰਿਹਾ ਸੀ। ਦੋਹਾਂ ਨੂੰ ਇਕੱਠਿਆਂ ਨੂੰ ਫਾਂਸੀ ਦਿੱਤੀ ਗਈ ਅਤੇ ਦੋਹਾਂ ਨੂੰ ਅੱਧੇ ਘੰਟੇ ਤੱਕ ਲਟਕਦੇ ਰੱਖਿਆ ਗਿਆ। ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਸਵਖਤੇ 6 ਵੱਜ ਕੇ 20 ਮਿੰਟ ਤੇ ਮੁੱਲਾਂ ਦਰਿਆ ਦੇ ਕੰਢੇ ਉੱਪਰ ਕਰ ਦਿੱਤਾ ਗਿਆ। ਦੋਹਾਂ ਦੇ ਪਿਤਾ, ਚਿਖਾ ਨੂੰ ਅਗਨੀ ਦਿਖਾਉਣ ਲਈ ਪਹੁੰਚੇ ਹੋਏ ਸਨ। ਸਿੱਖ ਰਹੁ-ਰੀਤ ਅਨੁਸਾਰ ਸੋਹਿਲੇ ਦਾ ਪਾਠ ਅਤੇ ਅਰਦਾਸ ਕਰਨ ਵਾਸਤੇ ਇੱਕ ਗ੍ਰੰਥੀ ਜੀ ਆਏ ਹੋਏ ਸਨ। ਸਮੇਂ ਦੀ ਸਰਕਾਰ ਇੰਨੀ ਭੈ-ਭੀਤ ਹੋਈ ਪਈ ਸੀ ਕਿ ਕਹਿੰਦੇ ਫਾਂਸੀ ਦੇਣ ਸਮੇਂ ਪੰਜ ਡਿਪਟੀ-ਪੁਲੀਸ ਕਮਿਸ਼ਨਰ, 10 ਸਹਾਇਕ-ਪੁਲੀਸ ਕਮਿਸ਼ਨਰ, 15 ਇੰਸਪੈਕਟਰ, 154 ਸਬ-ਇੰਸਪੈਕਟਰ ਅਤੇ 1274 ਹਥਿਆਰਬੰਦ ਸਿਪਾਹੀ ਤਾਇਨਾਤ ਕੀਤੀ ਗਏ ਸਨ। (ਪੁਲਿਸ ਕਮਿਸ਼ਨਰ ਬੀ. ਐਸ. ਮੋਹੀਤੋ ਦਾ ਬਿਆਨ- ਟਾਈਮਜ਼ ਆਫ਼ ਇੰਡੀਆ ਅਖ਼ਬਾਰ ਅਨੁਸਾਰ)

ਜਿਹੜੇ ਸਿਕੰਦਰ ਵਾਂਗ ਜਿੱਤਾਂ ਜਿੱਤਣ ਦੀਆਂ ਉਮੰਗਾਂ ਨਾਲ ਭਰੇ ਹੁੰਦੇ ਨੇ, ਉਨ੍ਹਾਂ ਲਈ ਹਾਰ ਜਾਂ ਮੌਤ ਦਾ ਕੋਈ ਅਰਥ ਨਹੀਂ ਹੁੰਦਾ। ਡਿੱਕੇ-ਡੋਲੇ ਖਾਣ ਵਾਲ਼ੇ ਬੰਦੇ ਨੂੰ ਹਰ ਕੋਈ ਠਿੱਬੀ ਮਾਰ ਸਕਦਾ ਹੈ। ਪਰੰਤੂ ਸ਼ਹੀਦ, ਉੱਠਣ ਲਈ ਡਿਗਦੇ ਹਨ, ਟੱਕਰ ਲੈਣ ਲਈ ਪਿੱਛੇ ਹਟਦੇ ਹਨ ਅਤੇ ਜਾਗਣ ਲਈ ਸੌਂਦੇ ਹਨ। ਇਸਾਈ ਮੱਤ ਦਾ ਮੰਨਣਾ ਹੈ ਕਿ ਸ਼ਹੀਦ ਦਾ ਲਹੂ ਆਜ਼ਾਦੀ ਦੇ ਬੂਟੇ ਦਾ ਬੀਜ ਹੁੰਦਾ ਹੈ। ਇਸਲਾਮੀ ਸਭਿਅਤਾ ਵਿਚ ਵਿਦਵਾਨ ਦੀ ਕਲਮ ਦੀ ਸਿਆਹੀ, ਸ਼ਹੀਦਾਂ ਦੇ ਖ਼ੂਨ ਜਿੰਨੀ ਪਵਿੱਤਰ ਮੰਨੀ ਜਾਂਦੀ ਹੈ। ਸ਼ਹੀਦਾਂ ਦੀਆਂ ਬਰਸੀਆਂ, ਵੈਣ ਪਾਉਣ ਲਈ ਨਹੀਂ, ਸਗੋਂ ਪਿੱਛੇ ਰਹਿੰਦੇ ਵਾਰਸਾਂ ਵੱਲੋਂ ਸ਼ਹਾਦਤਾਂ ਲਈ ਲੋਏ ਲੋਏ ਅਗਲਾ ਸਫ਼ਰ ਕਰਨ ਦੀ ਪ੍ਰੇਰਨਾ ਲੈਣ ਵਾਸਤੇ ਮਨਾਈਆਂ ਜਾਂਦੀਆਂ ਹਨ।

ਵਿਰਾਸਤ ਤੋਂ ਮੂੰਹ ਮੋੜ ਲੈਣ ਵਾਲਿਆਂ ਦੀ ਦੁਰਦਸ਼ਾ ਦਰਸਾਉਂਦਾ ਇੱਕ ਨੀਤੀ-ਵਾਕ ਹੈ-ਜੇ ਤੁਸੀਂ ਅਤੀਤ ਵੱਲ ਪਿਸਤੌਲ ਦੀ ਗੋਲ਼ੀ ਚਲਾਉਗੇ, ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਤਬਾਹ ਕਰ ਸੁੱਟੇਗਾ।
ਜਿਸ ਖ਼ਿੱਤੇ ਚ ਵਸਦੀ ਕੌਮ ਦੇ ਦੋ ਨਾਇਕਾਂ ਦੀ ਉਕਤ ਦਾਸਤਾਂ ਬਿਆਨ ਕੀਤੀ ਗਈ ਹੈ, ਉਸ ਖ਼ਿੱਤੇ ਵਿਚਲੀ ਅਜੋਕੀ ਪੀੜ੍ਹੀ ਅਤੀਤ ਵੱਲ ਨੂੰ ਪਿਸਤੌਲ ਨਹੀਂ, ਤੋਪਾਂ ਬੀੜੀ ਬੈਠੀ ਹੈ!

ਬੇਪੱਤ ਹੋ ਜੋ ਤੁਰਨਗੇ, ਮੁੱਲ ਨਾ ਪਾਵੇ ਕੋ। ਪੱਤ ਗਵਾ ਕੇ ਜੀਣ ਮਰਨ ਜਹੰਨਮ ਢੋਅ
ਸ਼ਾਹਾਂ ਦੇ ਵੱਡ ਕਹਿਰ ਵੀ ਜਿੰਦ ਦੇ ਦੇਵਣ ਲੂਹ ਭੁੱਲੇ ਗਾ ਨਾ ਖ਼ਾਲਸਾ ਅੰਮ੍ਰਿਤ ਦੀ ਖ਼ੁਸ਼ਬੂ। (ਮਹਿਬੂਬ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top