Share on Facebook

Main News Page

ਦਿਵਾਲੀ ਦੀ ਤਾਰੀਖ ਸਬੰਧੀ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਮ ਇਕ ਖ਼ੱਤ
-: ਸਰਵਜੀਤ ਸਿੰਘ ਸੈਕਰਾਮੈਂਟੋ
031118

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।

ਵਿਸ਼ਾ:- ਦਿਵਾਲੀ ਦੀ ਤਾਰੀਖ
ਤਾਰੀਖ:- 19 ਕੱਤਕ ਨਾਨਕਸ਼ਾਹੀ ਸੰਮਤ 550 (2 ਨਵੰਬਰ 2018 ਈ:)

ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ ਕਿ ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਵਿੱਚ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ, “ਭੁਲਣ ਅੰਦਿਰ ਸਭੁ ਕੋ ਅਭੁਲ ਗੁਰੂ ਕਰਤਾਰ’ ਮਹਾਂਵਾਕ ਅਨੁਸਾਰ ਬੰਦਾ ਖਿਣ-ਖਿਣ ਭੁੱਲਣਹਾਰ ਹੈ ਅਤੇ ਅੰਕਾਂ ਦੇ ਇਸ ਹਿਸਾਬ ਕਿਤਾਬ ਵਿੱਚ ਛਪਾਈ ਸਮੇਂ ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”, ਨੂੰ ਮੁੱਖ ਰੱਖ ਕੇ 15 ਜੁਲਾਈ 2017 ਦਿਨ ਸ਼ਨਿਚਰਵਾਰ ਨੂੰ ਸਿਆਟਲ ਵਿਖੇ ਹੋਏ ਸੈਮੀਨਾਰ ਵਿੱਚ ਤੁਹਾਡੇ ਹਿਸਾਬ-ਕਿਤਾਬ ਵਿਚ ਹੋਈਆਂ ਕੁਝ ਅਹਿਮ ਭੁੱਲਾ ਵੱਲ ਧਿਆਨ ਦਿਵਾਇਆ ਗਿਆ ਸੀ। ਪਰ, ਆਪ ਜੀ ਨੇ ਕੋਈ ਉਸਾਰੂ ਹੁੰਗਾਰਾ ਨਹੀਂ  ਭਰਿਆ। ਖੈਰ, ਆਪਣੇ ਲਿਖੇ ਸ਼ਬਦਾਂ ਤੇ ਤੁਸੀਂ ਖ਼ੁਦ ਅਮਲ ਕਰਨਾ ਹੈ ਜਾਂ ਨਹੀਂ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਖੈਰ, ਇਸ ਪੱਤਰ ਰਾਹੀ ਤੁਹਾਡੇ ਵੱਲੋਂ ਕੀਤੀ ਗਈ ਇਕ ਹੋਰ ਬਹੁਤ ਹੀ ਅਹਿਮ ਗਲਤੀ ਵੱਲ, ਤੁਹਾਡੇ ਸਮੇਤ ਸਮੂਹ ਸੰਗਤਾਂ ਦਾ ਧਿਆਨ ਦਿਵਾ ਰਿਹਾ ਹਾਂ। ਇਹ ਗਲਤੀ ਹੈ ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ।

ਕਰਨਲ ਨਿਸ਼ਾਨ ਜੀ, ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸੇ ਨੁਕਤੇ ਨੂੰ ਅਧਾਰ ਬਣਾ ਕੇ ਤੁਸੀਂ, ਆਉਣ ਵਾਲੇ 85 ਸਾਲਾਂ (2015 ਈ: ਤੋਂ 2100 ਈ:) ਦੀਆਂ ਤਾਰੀਖ਼ਾਂ, ਆਪਣੀ ਕਿਤਾਬ ਦੇ ਪੰਨਾ 79 ਤੇ ਦਰਜ ਕੀਤੀਆਂ ਹਨ। ਜਦੋਂ ਇਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਤੁਹਾਡੀਆਂ ਸਾਰੀਆਂ ਤਾਰੀਖ਼ਾਂ ਉਸ ਕਿਤਾਬ “Calendrical Tabulations 1900-2200” ਨਾਲ ਮੇਲ ਖਾਦੀਆਂ ਹਨ, ਜਿਸ ਬਾਰੇ ਆਪ ਜੀ ਨੇ ਜੁਲਾਈ 2018 ਈ: ਦੇ ਆਖਰੀ ਹਫ਼ਤੇ ਵੈਨਕੂਵਰ ਵਿਖੇ Canadian Sikh Study and Teaching Society ਵੱਲ ਕਰਵਾਏ ਗਏ ਸੈਮੀਨਾਰ ਵਿਚ ਕਿਹਾ ਸੀ, “ਮੈਂ ਹਾਲੇ ਤੱਕ ਇਹ ਕਿਤਾਬ ਨਹੀਂ ਵੇਖੀ”। ਚੰਗਾ ਹੁੰਦਾ ਜੇ ਆਪ ਜੀ “Calendrical Tabulations 1900-2200” ਤੋਂ ਨਕਲ ਕਰਨ ਤੋਂ ਪਹਿਲਾ ਪੁਜਾਰੀ ਵੱਲੋਂ ਬਣਾਇਆ ਸਿਧਾਂਤ ਵੀ ਪੜ੍ਹ-ਵਿਚਾਰ ਲੈਂਦੇ ਤਾਂ ਆਪ ਨੂੰ ਪਤਾ ਹੋਣਾ ਸੀ ਕਿ, ਕੱਤਕ ਦੀ ਹਰ ਮੱਸਿਆ ਨੂੰ ਦਿਵਾਲੀ ਨਹੀਂ ਹੁੰਦੀ।

ਆਓ ਵੇਖੀਏ ਕਿ ਦਿਵਾਲੀ ਕਦੋਂ ਮਨਾਈ ਜਾਂਦੀ ਹੈ।

ਚੰਦ ਦੇ ਕੈਲੰਡਰ ਵਿਚ ਮਹੀਨੇ ਨੂੰ ਦੋ ਤਰ੍ਹਾਂ ਗਿਣਿਆ ਜਾਂਦਾ ਹੈ ਮੱਸਿਆ ਤੋਂ ਮੱਸਿਆ ਜਿਸ ਨੂੰ ਅਮੰਤਾ ਕਹਿੰਦੇ ਹਨ ਅਤੇ ਪੁੰਨਿਆ ਤੋਂ ਪੁੰਨਿਆ ਜਿਸ ਨੂੰ ਪੂਰਨਮੰਤਾ ਕਹਿੰਦੇ ਹਨ। ਇਸ ਦੀ ਲੰਬਾਈ 29.53 ਦਿਨ ਮੰਨੀ ਗਈ ਹੈ। ਇਸ ਦੌਰਾਨ ਚੰਦ ਦੇ ਆਪਣੇ 30 ਦਿਨ ਹੁੰਦੇ ਹਨ, ਜਿਸ ਨੂੰ ਤਿੱਥ ਕਹਿੰਦੇ ਹਨ। ਇਕ ਤਿੱਥ 12° (360/30=12°)  ਦੇ ਬਰਾਬਰ ਹੁੰਦੀ ਹੈ। ਚੰਦ ਦੀ ਧਰਤੀ ਤੋਂ ਦੂਰੀ ਵੱਧਦੀ ਘੱਟਦੀ ਰਹਿੰਦੀ ਹੈ। ਜਦੋਂ ਚੰਦ ਧਰਤੀ ਦੇ ਨੇੜੇ ਹੁੰਦਾ ਹੈ ਤਾਂ 12° ਦਾ ਸਫਰ ਲੱਗ ਭੱਗ 20 ਘੰਟੇ ਵਿਚ ਅਤੇ ਜਦੋਂ ਚੰਦ ਧਰਤੀ ਦੇ ਤੋਂ ਦੂਰ ਹੁੰਦਾ ਹੈ ਤਾਂ ਇਹ ਸਫਰ ਲੱਗ ਭੱਗ 26 ਘੰਟੇ ਵਿਚ ਪੂਰਾ ਕਰਦਾ ਹੈ। ਚੰਦ ਦੀ ਅੱਜ ਕਿਹੜੀ ਤਿੱਥ ਹੈ? ਇਹ ਸਵੇਰ ਨੂੰ ਸੂਰਜ ਚੜਨ ਵੇਲੇ ਜੋ ਤਿੱਥ ਹੋਵੇਗੀ, ਉਹ ਹੀ ਅੱਜ ਦੀ ਤਿੱਥ ਗਿਣੀ ਜਾਵੇਗੀ। ਜਿਵੇ 7 ਨਵੰਬਰ (2018 ਈ:) ਦਿਨ ਬੁੱਧਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ ਕੱਤਕ ਦੀ ਮੱਸਿਆ ਹੈ। ਇਸ ਲਈ ਵੀਰਵਾਰ ਨੂੰ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ। ਬੁੱਧਵਾਰ ਦੀ ਰਾਤ ਨੂੰ ਦਿਵਾਲੀ ਭਾਵ ਲਛਮੀ ਦੀ ਪੂਜਾ ਕੀਤੀ ਜਾਵੇਗੀ। ਪਰ ਹਰ ਸਾਲ ਅਜੇਹਾ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕੇ ਪੁਜਾਰੀਆਂ ਵੱਲੋਂ ਬਣਾਏ ਗਏ ਵਿਧੀ ਵਿਧਾਨ ਮੁਤਾਬਕ ਦਿਵਾਲੀ ਦੀ ਰਾਤ ਨੂੰ, ਜਿਸ ਵੇਲੇ ਲਛਮੀ ਦੀ ਪੂਜਾ ਕੀਤੀ ਜਾਂਦੀ ਹੈ ਉਸ ਵੇਲੇ ਮੱਸਿਆ ਦੀ ਤਿੱਥ ਹੋਣੀ ਜਰੂਰੀ ਹੈ। ਜਰੂਰੀ ਨਹੀਂ  ਹੈ ਕਿ ਹਰ ਸਾਲ ਮੱਸਿਆ ਵਾਲੇ ਦਿਨ ਇਹ ਸਥਿਤੀ ਹੋਵੇ। ਜੇ ਅਜੇਹਾ ਨਹੀਂ ਹੈ ਤਾਂ ਦਿਵਾਲੀ ਕੱਤਕ ਦੀ ਚੌਦਸ ਨੂੰ ਮਨਾਈ ਜਾਵੇਗੀ।

ਜਿਵੇ ਇਸ ਸਾਲ, ਮੱਸਿਆ ਦੀ ਤਿੱਥ 6 ਨਵੰਬਰ ਦਿਨ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਮੇਂ ਮੁਤਾਬਕ, ਲੱਗ ਭਗ ਰਾਤ ਦੇ 10.27 ਵਜੇ ਆਰੰਭ ਹੋਵੇਗੀ। ਬੁੱਧਵਾਰ ਨੂੰ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਣ ਕਾਰਨ, ਬੁੱਧਵਾਰ ਨੂੰ ਮੱਸਿਆ ਹੋਵੇਗੀ। ਇਹ ਤਿੱਥ ਬੁੱਧਵਾਰ ਦੀ ਰਾਤ ਨੂੰ 9.32 ਵਜੇ ਖਤਮ ਹੋ ਜਾਵੇਗੀ। ਲਛਮੀ ਦੀ ਪੂਜਾ ਬੁੱਧਵਾਰ ਦੀ ਰਾਤ ਨੂੰ ਹੋਵੇਗੀ। ਇਸ ਲਈ ਇਥੇ ਤੁਹਾਡੇ ਵੱਲੋਂ ਦਰਜ ਕੀਤੀ ਗਈ ਤਾਰੀਖ 7 ਨਵੰਬਰ 2018 ਈ: ਠੀਕ ਹੈ।

ਆਓ ਹੁਣ ਤੁਹਾਡੇ ਵੱਲੋਂ ਦਰਜ ਕੀਤੀ ਗਈ 28 ਅਕਤੂਬਰ 2019 ਦੀ ਤਾਰੀਖ ਦੀ ਪੜਤਾਲ ਕਰੀਏ। (ਪੰਨਾ 79)

ਤੁਸੀਂ ਇਹ ਮੰਨ ਕੇ, ਕਿ ਦਿਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ। “Calendrical Tabulations 1900-2200” ਤੋਂ ਵੇਖ ਕੇ 28 ਅਕਤੂਬਰ 2019 ਈ: ਦੀ ਤਾਰੀਖ ਦਰਜ ਕਰ ਦਿੱਤੀ ਹੈ। ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇਹ ਤਾਰੀਖ ਗਲਤ ਪਾਈ ਗਈ। ਇਹ ਠੀਕ ਹੈ ਕਿ 28 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ ਸੂਰਜ ਚੜਨ ਵੇਲੇ ਮੱਸਿਆ ਦੀ ਤਿੱਥ ਹੋਵੇਗੀ ਅਤੇ ਅਗਲੇ ਦਿਨ ਭਾਵ ਮੰਗਲਵਾਰ ਦੇ ਸੂਰਜ ਚੜਨ ਵੇਲੇ ਤੱਕ ਮੱਸਿਆ ਹੀ ਗਿਣੀ ਜਾਵੇਗੀ। ਪਰ ਇਸ ਦਿਨ ਦਿਵਾਲੀ ਨਹੀਂ  ਹੋਵੇਗੀ। ਕਿਉਂਕਿ ਮੱਸਿਆ ਦੀ ਤਿੱਥ ਸੋਮਵਾਰ ਸਵੇਰੇ 9.08 ਵਜੇ ਖਤਮ ਹੋ ਜਾਵੇਗੀ। ਇਸ ਲਈ ਤੁਹਾਡੇ ਵੱਲੋਂ ਦਿੱਤੀ ਗਈ ਤਾਰੀਖ 28 ਅਕਤੂਬਰ ਨੂੰ ਸ਼ਾਮ ਵੇਲੇ ਜਦੋਂ ਪੂਜਾ ਕੀਤੀ ਜਾਣੀ ਹੈ, ਉਸ ਵੇਲੇ ਕੱਤਕ ਸੁਦੀ ਏਕਮ ਹੋਵੇਗੀ ਅਤੇ ਬ੍ਰਾਹਮਣ ਵੱਲੋਂ ਬਣਾਏ ਗਏ ਵਿਧੀ ਵਿਧਾਨ ਅਨੁਸਾਰ ਉਸ ਵੇਲੇ ਲਛਮੀ ਦੀ ਪੂਜਾ ਨਹੀਂ  ਕੀਤੀ ਜਾ ਸਕੇਗੀ। ਮੱਸਿਆ ਦੀ ਤਿੱਥ ਦਾ ਆਰੰਭ 27 ਅਕਤੂਬਰ 2019, ਦਿਨ ਐਤਵਾਰ ਨੂੰ ਦੁਪਹਿਰ ਵੇਲੇ (ਲੱਗ ਭੱਗ) 12.23 ਵਜੇ ਹੋਵੇਗਾ ਅਤੇ ਇਹ ਸੋਮਵਾਰ ਸਵੇਰੇ 9.08 (ਲੱਗ ਭੱਗ) ਖਤਮ ਹੋਵੇਗੀ। ਇਸ ਲਈ ਲਛਮੀ ਦੀ ਪੁਜਾ 27 ਅਕਤੂਬਰ, ਐਤਵਾਰ ਦੀ ਰਾਤ ਨੂੰ ਕੀਤੀ ਜਾਵੇਗੀ। ਤੁਹਾਡੇ ਵੱਲੋਂ “Calendrical Tabulations 1900-2200” ਤੋਂ ਵੇਖ ਕੇ ਲਿਖੀ ਗਈ 28 ਅਕਤੂਬਰ 2019 ਈ: ਗਲਤ ਹੈ। ਇਥੇ ਤਰ੍ਹਾਂ ਹੀ ਤੁਹਾਡੇ ਵੱਲੋਂ ਲਿਖੀ ਗਈ ਅਗਲੇ ਸਾਲ ਦੀ ਤਾਰੀਖ 15 ਨਵੰਬਰ 2020ਈ: ਵੀ, ਪੜਤਾਲ ਕਰਨ 'ਤੇ ਗਲਤ ਪਾਈ ਗਈ ਹੈ।

ਕੱਤਕ ਦੀ ਮੱਸਿਆ ਦਾ ਆਰੰਭ 14 ਨਵੰਬਰ 2020 ਈ: ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2.17 ਵਜੇ (ਲੱਗ ਭੱਗ) ਹੋਵੇਗਾ ਅਤੇ 15 ਨਵੰਬਰ 2020 ਨੂੰ ਐਤਵਾਰ ਸਵੇਰ 10.36 ਵਜੇ ਖਤਮ ਹੋਵੇਗੀ। ਮੱਸਿਆ ਗਿਣੀ ਐਤਵਾਰ ਨੂੰ ਹੀ ਜਾਵੇਗੀ, ਪਰ ਜਿਵੇ ਕਿ ਉਪਰ ਦੱਸਿਆ ਗਿਆ ਹੈ, ਦਿਵਾਲੀ 14 ਨਵੰਬਰ ਦਿਨ ਸ਼ਨਿਚਰਵਾਰ ਨੂੰ ਹੀ ਮਨਾਈ ਜਾਵੇਗੀ। ਕਿਉਂਕਿ ਐਤਵਾਰ ਸ਼ਾਮ ਨੂੰ ਤਾਂ ਕੱਤਕ ਸੁਦੀ ਏਕਮ ਹੋਵੇਗੀ। ਇਸ ਲਈ ਤੁਹਾਡੀ ਇਹ ਤਾਰੀਖ ਵੀ ਗਲਤ ਸਾਬਿਤ ਹੋਈ ਹੈ। ਪੜਤਾਲ ਕਰਨ ਤੇ 4 ਨਵੰਬਰ 2021 ਈ: ਦੀ ਤਾਰੀਖ ਸਹੀ ਪਾਈ ਗਈ ਹੈ। ਪਰ 28 ਅਕਤੂਬਰ 2022 ਈ: ਅਤੇ 13 ਨਵੰਬਰ 2023 ਈ: ਦੀ ਤਾਰੀਖ ਗਲਤ ਸਿੱਧ ਹੋਈ ਹੈ। ਇਸੇ ਤਰ੍ਹਾਂ ਹੀ ਬਾਕੀ ਤਾਰੀਖ਼ਾਂ ਦੀ ਪੜਤਾਲ ਵੀ ਕੀਤੀ ਜਾ ਸਕਦੀ ਹੈ।

ਕਰਨਲ ਨਿਸ਼ਾਨ ਜੀ, ਦਿਵਾਲੀ ਦੀਆਂ ਤਾਰੀਖ਼ਾਂ ਸਬੰਧੀ ਕੁਝ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਹੈ। ਤੁਹਾਡੀ ਜਾਣਕਾਰੀ ਹਿੱਤ ਬੇਨਤੀ ਕੇ “Calendrical Tabulations 1900-2200” ਵਿੱਚ ਕੱਤਕ ਦੀ ਮੱਸਿਆ ਦੀਆਂ ਤਾਰੀਖ਼ਾਂ ਦਰਜ ਹੈ ਜੋ ਤੂਸੀਂ ਨਕਲ ਕੀਤੀਆਂ ਹੈ। ਉਹ ਦਿਵਾਲੀ ਦੀਆਂ ਤਾਰੀਖ ਨਹੀਂ ਹੈ। ਇਸ ਤੋਂ ਤੁਹਾਡਾ ਇਹ ਦਾਵਾ ਝੂਠਾ ਸਿੱਧ ਹੋਇਆ ਹੈ ਕਿ, “ਇਹ ਗਿਣਤ ਮੈਂ ਆਪ ਕੀਤੀ ਹੈ”। ਸਭ ਤੋਂ ਸੌਖੀ ਅਤੇ ਮੁੱਢਲੀ ਜਾਣਕਾਰੀ ਤੋਂ ਹੀ ਸੱਖਣੇ ਹੋਣ ਕਰਕੇ, ਆਪ ਨੇ ਦਿਵਾਲੀ ਦੀਆਂ ਗਲਤ ਤਾਰੀਖ਼ਾਂ ਦਰਜ ਕਰ ਦਿੱਤੀਆਂ ਹਨ ਅਜੇ ਤਾਂ ਹੋਰ ਵੀ ਗੁੰਝਲਾ ਹਨ, ਜਿਵੇ ਕਿ ਜੇ ਕੱਤਕ ਮੱਸਿਆ ਦੋ ਦਿਨ ਹੋਵੇ ਜਾਂ ਮੱਸਿਆ ਹੋਵੇ ਹੀ ਨਾਂ, ਤਾਂ ਲਛਮੀ ਦੀ ਪੂਜਾ ਕਦੋਂ ਹੋਵੇਗੀ?


ਕਰਨਲ ਨਿਸ਼ਾਨ ਜੀ, ਤੁਹਾਡੇ ਲਿਖੇ ਸ਼ਬਦਾਂ ਮੁਤਾਬਕ, “ਜੇ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਸ ਦੀ ਜਾਣਕਾਰੀ ਦਾਸ ਨੂੰ ਦੇਣ ਦੀ ਕਿਰਪਾਲਤਾ ਕਰਨੀ, ਦਾਸ ਧੰਨਵਾਦੀ ਹੋਵੇਗਾ”। (ਪੰਨਾ 17)

ਮੈਂ ਆਪਣਾ ਫਰਜ਼ ਸਮਝਦੇ ਹੋਏ ਕੁਝ ਹੋਰ ਤਰੁੱਟੀਆਂ ਨੂੰ ਤੁਹਾਡੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਣ ਆਪ ਜੀ ਦੀ ਮਰਜ਼ੀ ਹੈ ਕਿ ਆਪ ਨੇ ਦਿਵਾਲੀ ਦੀਆਂ ਗਲਤ ਤਾਰੀਖ਼ਾਂ ਅਤੇ ਹੋਰ ਬਹੁਤ ਸਾਰੀਆਂ ਗਲਤ ਤਾਰੀਖ਼ਾ, ਜੋ ਪਿਛਲੇ ਸਾਲ-ਸਵਾ ਸਾਲ ਤੋਂ ਤੁਹਾਡੇ ਧਿਆਨ ਵਿੱਚ ਲਿਆਦੀਆਂ ਗਈਆਂ ਹਨ, ਤੇ ਮੁੜ ਵਿਚਾਰ ਕਰਨੀ ਹੈ ਜਾਂ ਨਹੀਂ।

ਹਾਂ! ਜੇ ਕਰ ਆਪ ਜੀ ਦਾ ਕੋਈ ਸਵਾਲ ਜਾਂ ਸ਼ੰਕਾ ਹੋਇਆ ਤਾਂ ਲਿਖ ਭੇਜਣਾ ਤਾਂ ਜੋ ਉਸ 'ਤੇ ਵਿਚਾਰ ਕੀਤੀ ਜਾ ਸਕੇ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top