Share on Facebook

Main News Page

ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸ਼ਲਾਘਾਯੋਗ
-: ਭਾਈ ਪੰਥਪ੍ਰੀਤ ਸਿੰਘ

- ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਸਲਾਹ ਸ਼ਾਲਾਘਾਯੋਗ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਆਪਣੀਆਂ ਸੰਪ੍ਰਦਾਵਾਂ ਭੰਗ ਕਰਕੇ ਇੱਕ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ

- ਸਿੱਖ ਇਤਿਹਾਸ ਵਿਗਾੜਨ ਦਾ ਮੂਲ ਸਰੋਤ ਸੂਰਜ ਪ੍ਰਕਾਸ਼ ਅਤੇ ਡੇਰੇਦਾਰਾਂ ਵੱਲੋਂ ਸੁਣਾਈਆਂ ਜਾਂਦੀਆਂ ਮਿਥਿਹਾਸਕ ਕਹਾਣੀਆਂ

ਸੰਗਤ ਮੰਡੀ, 2 ਦਸੰਬਰ (ਕਿਰਪਾਲ ਸਿੰਘ ਬਠਿੰਡਾ): ਦੇਸ਼ ਦੀ ਵੰਡ ਸਦਕਾ ਸਿੱਖ ਕੌਮ ਤੋਂ ਵਿਛੋੜੇ ਗਏ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘੇ ਲਈ ਭਾਰਤ-ਪਾਕਸਤਾਨ ਦੋਵਾਂ ਸਰਕਾਰਾਂ ਵੱਲੋਂ ਕੀਤੀ ਸ਼ੁਰੂਆਤ ਸ਼ਲਾਘਾਯੋਗ ਹੈ। ਲਾਂਘੇ ਦੀ ਸ਼ੁਰੂਆਤ, ਵੰਡ ਉਪ੍ਰੰਤ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਚੱਲ ਰਹੇ ਟਕਰਾ ਤੇ ਤਣਾਅ ਪੂਰਬਕ ਮਹੌਲ ਨੂੰ ਘਟਾਉਣ ਅਤੇ ਸ਼ਾਂਤੀ, ਆਪਸੀ ਪਿਆਰ ਤੇ ਸਦਭਾਵਨਾ ਵਾਲੇ ਮਹੌਲ ’ਚ ਤਬਦੀਲ ਕਰਨ ਅਤੇ ਵਪਾਰ ਦੀਆਂ ਸੰਭਾਵਨਾਵਾਂ ਵਧਣ ਕਾਰਨ ਦੋਵਾਂ ਦੇਸ਼ਾਂ ਦੀ ਤਰੱਕੀ ਦੀ ਵੀ ਸ਼ੁਰੂਆਤ ਸਿੱਧ ਹੋਵੇਗੀ। ਇਹ ਸ਼ਬਦ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਗਰਿਮਤ ਸਮਾਗਮ ਵਿੱਚ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ। ਉਨ੍ਹਾਂ ਕਿਹਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਕਾਰਤਮਿਕ ਪਹੁੰਣ ਅਪਨਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਖਾਸ ਕਰਕੇ ਪਾਕਸਤਾਨ ਦੀ ਸਰਕਾਰ ਅਤੇ ਇਸ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਕਰਤਾਰਪੁਰ ਲਾਂਘਾ ਦੇਣ ਲਈ ਪਹਿਲ ਕੀਤੀ ਅਤੇ ਉਦਘਾਟਨੀ ਸਮਾਰੋਹ ਨੂੰ ਸਿਆਸਤ ਤੋਂ ਮੁਕਤ ਰੱਖ ਕੇ ਆਪਸੀ ਪਿਆਰ, ਸਦਭਾਵਨਾ ਅਤੇ ਰੁਹਾਨੀਅਤ ਦਾ ਸੰਦੇਸ਼ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਅਕਾਲੀ ਦਲ ਬਣਾਉਣ ਦੀ ਬਾਬਾ ਸੇਵਾ ਸਿੰਘ ਰਾਮਪੁਰਖੇੜ੍ਹਾ ਵੱਲੋਂ ਦਿੱਤੀ ਸਲਾਹ ਸ਼ਾਲਾਘਾਯੋਗ ਹੈ ਪਰ ਸਲਾਹ ਦੇਣ ਵਾਲੇ ਇਸ ਸਲਾਹ ਨੂੰ ਆਪਣੀਆਂ ਸੰਪ੍ਰਦਾਵਾਂ ਭੰਗ ਕਰਕੇ ਇੱਕ ਸਿੱਖ ਰਹਿਤ ਮਰਿਯਾਦਾ ਲਾਗੂ ਕਰਨ ਲਈ ਵੀ ਸਹਿਮਤ ਹੋਣ ਕਿਉਂਕਿ ਕੌਮ ਵਿੱਚ ਵੰਡੀਆਂ ਪੈਣ ਦਾ ਮੁੱਖ ਕਾਰਨ ਵੱਖ ਵੱਖ ਸੰਪ੍ਰਦਾਵਾਂ ਵੱਲੋਂ ਆਪਣੇ ਡੇਰਿਆਂ ਵਿੱਚ ਲਾਗੂ ਕੀਤੀ ਵੱਖ ਵੱਖ ਰਹਿਤ ਮਰਿਆਦਾ ਹੈ ਜਿਸ ਨੇ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਦੇ ਬਾਟੇ ਅਤੇ ਲੰਗਰ ’ਚ ਜਾਤੀ ਅਧਾਰ ’ਤੇ ਭਾਂਡੇ ਵੰਡ ਕੇ ‘ਇਕਾ ਬਾਣੀ, ਇਕੁ ਗੁਰੁ ; ਇਕੋ ਸਬਦੁ ਵੀਚਾਰਿ ॥’ (ਮ: 3/646) ਅਤੇ ‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥1॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ ਰਹਾਉ ॥’ (ਮ: 3/1128) ਦੇ ਸਿਧਾਂਤ ਤੋਂ ਥਿੜਕਾ ਕੇ ਕੌਮ ਨੂੰ ਅਨੇਕਾਂ ਸੰਪ੍ਰਦਾਵਾਂ, ਜਥਿਆਂ ਅਤੇ ਜਾਤਾਂ ਪਾਤਾਂ ਵਿੱਚ ਵੰਡ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਸਿੱਖ ਇਤਿਹਾਸ ਵਿਗਾੜਨ ਦਾ ਮੂਲ ਸਰੋਤ ਵੀ ਗੁਰਬਿਲਾਸ ਪਾ:6, ਸੂਰਜ ਪ੍ਰਕਾਸ਼, ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਸਿੱਖ ਇਤਿਹਾਸ (ਹਿੰਦੀ) ਅਤੇ ਇਨ੍ਹਾਂ ਦੇ ਅਧਾਰ ’ਤੇ ਡੇਰੇਦਾਰਾਂ ਵੱਲੋਂ ਸੁਣਾਈਆਂ ਜਾਂਦੀਆਂ ਮਿਥਿਹਾਸਕ ਕਹਾਣੀਆਂ ਹਨ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਹਰਦੀਪ ਸਿੰਘ ਖਿਆਲੀਵਾਲਾ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਨ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਗੁਰਪ੍ਰੀਤ ਸਿੰਘ ਕਾਲ਼ਾਬੂਲ਼ਾ, ਭਾਈ ਰਣਜੀਤ ਸਿੰਘ ਵਾੜਾ ਦਰਾਕਾ, ਭਾਈ ਅਵਤਾਰ ਸਿੰਘ ਲੋਪੋ, ਭਾਈ ਪਰਗਟ ਸਿੰਘ ਮੁਦਕੀ, ਭਾਈ ਸੁਦਾਗਰ ਸਿੰਘ ਭਦੌੜ, ਭਾਈ ਗੁਰਭਾਗ ਸਿੰਘ ਮਰੂੜ ਆਦਿਕ ਹੋਰ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।

ਇਸੇ ਦੌਰਾਨ ਗੁਰਮਤਿ ਸੇਵਾ ਲਹਿਰ ਦੇ ਸਕੱਤਰ ਭਾਈ ਜਗਤਾਰ ਸਿੰਘ ਨੇ ਸੰਸਥਾ ਦਾ ਛਿਮਾਹੀ ਲੇਖਾ ਜੋਖਾ ਸਟੇਜ ਤੋਂ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ। ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਤਕਰੀਬਨ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲੱਗ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰਮਤਿ ਸੇਵਾ ਲਹਿਰ ਦਾ ਤ੍ਰੈਮਾਸਕ ਪੱਤਰ ‘ਗੁਰਮਤਿ ਬਿਬੇਕ’ ਵੱਡੀ ਗਿਣਤੀ ਵਿੱਚ ਬੁੱਕ ਕੀਤਾ ਗਿਆ ਜਿਸ ਵਿੱਚ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top