Share on Facebook

Main News Page

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥ 
-: ਗੁਰਪ੍ਰੀਤ ਸਿੰਘ, ਵਾਸ਼ਿੰਗਟਨ ਸਟੇਟ
091218

ਇੱਕ ਕਮਜ਼ੋਰ ਇਨਸਾਨ ਭਾਵ ਕਿ ਗਿਆਨ ਤੋਂ ਸੱਖਣਾ (ਅਗਿਆਨੀ) ਮਨ ਬਹੁਤ ਛੇਤੀ ਗੁੱਸਾ ਕਰਦਾ ਹੈ। ਅੱਜ, ਜੇ ਸਾਡੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਤਾਂ ਅਸੀਂ ਗਾਲ਼ੀ-ਗਲੌਚ ਕਰਦੇ ਹਾਂ, ਦਸਤਾਰ ਨੂੰ ਹੱਥ ਪਾਉਂਦੇ ਹਾਂ ਤੇ ਵੈਰ ਕਮਾਉਂਦੇ ਹਾਂ, ਕਿਉਂਕਿ ਕਾਲ਼ਾ, ਸਿਆਹ ਹੋਇਆ ਕਮਜ਼ੋਰ ਮਨ ਕੇਵਲ ਇਹੀ ਕੁਝ ਕਰ ਸਕਦਾ ਹੈ।

ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਦੇ ਵਿਚਾਰ ਵੀ ਨਹੀਂ ਮਿਲਦੇ ਸਨ, ਪਰ ਵਿਚਾਰ ਚਰਚਾ ਦੌਰਾਨ ਨਾ ਤਾਂ ਪ੍ਰਸ਼ਨ ਕਰਨ ਵਾਲਿਆਂ ਨੇ ਕੋਈ ਰੋਸ (ਗੁੱਸਾ) ਕੀਤਾ, ਤੇ ਨਾ ਹੀ ਉਹਨਾਂ ਜੋਗੀਆਂ ਨੂੰ ਪਹਾੜਾਂ ਦੀਆ ਕੰਦਰਾਂ ‘ਚੋਂ ਕੱਢ ਕੇ ਲਿਆਉਣ ਵਾਲੇ ਬਾਬੇ ਨਾਨਕ ਨੇ। ਹਾਲਾਂ ਕਿ ਇੱਥੇ ਗੱਲ ਦੋ ਵੱਖਰੇ ਮਤਾ ਦੀ ਹੋ ਰਹੀ ਹੈ!

ਹੁਣ ਮਨ ‘ਚ ਸਵਾਲ ਉੱਠਦਾ ਹੈ ਤੇ ਹੈਰਾਨਗੀ ਵੀ ਉਪਜਦੀ ਹੈ ਕਿ ਇੱਕੋ ਮਤ ਦੇ ਸਿੱਖਾਂ ਦੇ ਆਪਸ ਵਿੱਚ ਹੀ ਵਿਚਾਰ ਕਿਉਂ ਨਹੀਂ ਮਿਲਦੇ?

ਕੀ ਇਸ ਲਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਸੀਸ ਨਿਵਾ ਕੇ ਮੱਥਾ ਟੇਕਣ ਤੋਂ ਇਲਾਵਾ, ਅਸੀਂ ਗੁਰ-ਉਪਦੇਸ਼ ਨੂੰ ਸਮਝਣ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ? ਅਸੀਂ ਪਤਾ ਨਹੀਂ ਕਿਹੜੀ ਮਜਬੂਰੀ ਤਹਿਤ ਗੁਰੂ ਨਾਲ ਜੁੜਨ ਦੀ ਬਜਾਇ ਸੰਪਰਦਾਵਾਂ ਨਾਲ ਜੁੜਨਾ ਵਧੇਰੇ ਪਸੰਦ ਕਰਦੇ ਹਾਂ! ਬਿਪਰਵਾਦੀ ਸੰਪਰਦਾਵਾਂ ਵੱਲੋਂ ਚਲਾਏ ਰੰਗ-ਬਿਰੰਗੇ ਕਰਮ-ਕਾਂਡਾਂ ‘ਚ ਫਸ ਕੇ ਸਾਨੂੰ ਸੁੱਧ ਹੀ ਨਹੀਂ ਰਹੀ ਕਿ ਅਸੀਂ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਨਵੀ ਸਿਧਾਂਤਿਕ ਬੇਅਦਬੀ ਕਰਦੇ ਹਾਂ। ਕੂੜ ਤੇ ਵਿਭਚਾਰ ਨਾਲ ਭਰੇ ਅਨਮਤੀ ਗ੍ਰੰਥਾਂ ਵੱਲੋਂ ਪਾਈ ਦੁਬਿਧਾ ‘ਚ ਫਸ ਕੇ ਜਾਂ ਅੰਨੀ ਸ਼ਰਧਾਂ ‘ਚ ਭੁੱਤਰ ਕੇ ਅਸੀਂ ਆਪਣੇ ਅਸਲ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਉਂਗਲਾਂ ਚੁੱਕਣ ਲੱਗ ਪਏ ਹਾਂ ? ਕਿਉਂ ?

ਸ਼ਾਇਦ ਇਸ ਲਈ ਕਿ ਸਾਨੂੰ ਵਾਦ- ਵਿਵਾਦ ਭਾਵ ਕਿ ਝਗੜੇ ਦਾ ਵਿਕਾਰੀ ਰਸ, ਗੁਰਬਾਣੀ ਦੇ ਰਸ ਨਾਲ਼ੋਂ ਜ਼ਿਆਦਾ ਭਾਉਂਦਾ ਹੈ। ਬਹਿਸਾਂ ਕਰ ਕਰ ਕੇ ਹੋਰਨਾਂ ਨੂੰ ਮੱਤਾਂ ਦਿੰਦਿਆਂ, ਲਗਦਾ ਹੈ ਕਿ ਸਾਨੂੰ ਨਿਰੀ ਚਰਚਾ ਕਰਨ ਦੀ ਆਦਤ ਹੀ ਪੈ ਗਈ ਹੈ:

ਕਤ ਝਖਿ ਝਖਿ, ਅਉਰਨ ਸਮਝਾਵਾ ? ਝਗਰੁ ਕੀਏ, ਝਗਰਉ ਹੀ ਪਾਵਾ॥( ਭ: ਕਬੀਰ/੩੪੧)

“ਜੇਹਾ ਬੀਜੈ, ਸੋ ਲੁਣੈ” ਦੇ ਕੁਦਰਤੀ ਨਿਯਮ ਸਦਕਾ ਜ਼ਹਿਰ ਬੀਜਾਂਗੇ ਤਾਂ ਜ਼ਹਿਰ ਹੀ ਪੀਣਾ ਪਵੇਗਾ। ਪੰਜਾਬੀ ਆਮ ਤੌਰ 'ਤੇ ਪੁਰਾਣੀ ਇੱਕ ਕਹਾਵਤ “ਪਹਿਲਾਂ ਆਪਣੀ ਪੀੜ੍ਹੀ ਥੱਲੇ ਤਾਂ ਸੋਟਾ ਫੇਰ ਲੈ” ਨੂੰ ਬਹੁਤ ਵਰਤਦੇ ਹਨ ਤੇ ਗੁਰੂ ਸਾਹਿਬ ਜੀ ਵੀ ਅਜਿਹਾ ਹੀ ਕੁਝ ਉਪਦੇਸ਼ ਕਰਦੇ ਹਨ:

ਰੋਸੁ ਨ ਕਾਹੂ ਸੰਗ ਕਰਹੁ; ਆਪਨ ਆਪੁ ਬੀਚਾਰਿ ॥ ਹੋਇ ਨਿਮਾਨਾ ਜਗਿ ਰਹਹੁ; ਨਾਨਕ, ਨਦਰੀ ਪਾਰਿ॥(ਮ:੫/੨੫੯)

ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਕਿਸੇ ਮਨੁੱਖ ਦਾ ਵਤੀਰਾ ਤਾਂ ਜ਼ਰੂਰ ਭੈੜਾ ਹੋ ਸਕਦਾ ਹੈ ਪਰ ਮੂਲ ਰੂਪ ਵਿੱਚ ਕੋਈ ਵੀ ਮਨੁੱਖ ਮਾੜਾ ਨਹੀਂ ਹੁੰਦਾ; (ਮੰਦਾ ਕਿਸ ਨੋ ਆਖੀਐ? ਜਾਂ ਤਿਸੁ ਬਿਨੁ ਕੋਈ ਨਾਹਿ॥ ਮ:੫/ ੧੩੮੧) ਸੋ, ਕਿਸੇ ਨੂੰ ਉਸਦੇ ਮਾੜੇ ਵਤੀਰੇ ਦਾ ਅਹਿਸਾਸ ਕਰਵਾਉਣ ਦੀ ਬਜਾਏ, ਉਸਦੀ ਸ਼ਖ਼ਸੀਅਤ èਤੇ ਵਾਰ ਕਰਨਾ ਗੁਰਮਤ ਅਨੁਸਾਰੀ ਨਹੀਂ ਹੈ। ਰੋਸ ਕਰਨ ਦੀ ਆਦਤ ਛੱਡਣ ‘ਚ ਗੁਰੂ ਨਾਨਕ ਪਾਤਸ਼ਾਹ ਦੇ ਇਹ ਅਨਮੋਲ ਬਚਨ ਬਹੁਤ ਲਾਭਕਾਰੀ ਸਾਬਤ ਹੋ ਸਕਦੇ ਹਨ:

ਮੰਦਾ ਕਿਸੈ ਨ ਆਖਿ, ਝਗੜਾ ਪਾਵਣਾ ॥ ਨਹ ਪਾਇ ਝਗੜਾ, ਸੁਆਮਿ ਸੇਤੀ; ਆਪਿ ਆਪੁ ਵਞਾਵਣਾ॥(ਮ:੧/੫੬੬)

ਸਭ ਤੋਂ ਜ਼ਰੂਰੀ! ਇਹ ਗੱਲ ਦਿਲ ‘ਚ ਵਸਾ ਲਈਏ ਕਿ ਜੇ ਪੂਰੇ ਮਨ ਨਾਲ (ਨੇਕ ਨੀਅਤ) ਇੱਕ ਗੁਰੂ; ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਾਂਗੇ ਤਾਂ ਵਿਚਾਰਾਂ ਦਾ ਵਖਰੇਵਾਂ ਹੋਵੇਗਾ ਹੀ ਨਹੀਂ, ਤੇ ਜੇ ਹੋਵੇਗਾ ਵੀ ਤਾਂ ਰੋਸ ਕਰਨ ਦੀ ਬਜਾਇ ਨਿਮਰਤਾ ਨਾਲ ਵਿੰਨ੍ਹਿਆ ਮਨ ਕੇਵਲ ਇਹੀ ਕਹੇਗਾ:

ਗੁਰਿ ਮਿਲਿਐ, ਸਭ ਮਤਿ ਬੁਧਿ ਹੋਇ॥ ਮਨਿ ਨਿਰਮਲਿ, ਵਸੈ ਸਚੁ ਸੋਇ॥ ( ਮ:੩/੧੫੭-੧੫੮)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top