Share on Facebook

Main News Page

ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਕੀ ਸਿੱਖਿਆ ਤੇ ਪ੍ਰੇਰਣਾ ਮਿਲਦੀ ਹੈ ?
-: ਇੱਛਪਾਲ ਸਿੰਘ
060119

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥

ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਲਾਸਾਨੀ ਸ਼ਹਾਦਤ ਨੂੰ ਮੁੱਖ ਰਖਦੇ ਹੋਏ ਤਕਰੀਬਨ ਹਰ ਜਥੇਦਾਰ ਅਤੇ ਵਡੇ ਵਡੇ ਕੌਮ ਦੇ ਪ੍ਰਚਾਰਕ ਅਖਵਾਉਣ ਵਾਲਿਆਂ ਨੇ ਕੌਮ ਨੂੰ ਇਹੀ ਸੰਦੇਸ਼ ਦਿਤਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਘਟ ਤੋ ਘਟ ਦਸ ਪੰਦਰਾਂ ਮਿੰਟ ਸਿਮਰਨ ਕੀਤਾ ਜਾਏ। ਇਸ ਪ੍ਰਕਾਰ ਸ਼ਹੀਦੀ ਦਿਹਾੜਾ ਮਨਾਇਆ ਸਫਲ ਹੋ ਜਾਏਗਾ। ਪਰ ਇਨ੍ਹਾਂ ਲਾਸਾਨੀ ਸ਼ਹਾਦਤਾਂ ਵਿਚੋਂ ਸਿਖਿਆ ਕੀ ਮਿਲਦੀ ਹੈ? ਪ੍ਰੇਰਨਾ ਕੀ ਮਿਲਦੀ ਹੈ?ਅੱਜ ਸਾਡੀ ਕੌਮ ਦੇ ਅੰਦਰ ਜੋ ਦਰਦਨਾਕ ਹਾਲਾਤ ਪੈਦਾ ਕੀਤੇ ਗਏ ਨੇ ਇਨ੍ਹਾਂ ਹਾਲਾਤਾਂ ਵਿਚ ਸਾਡੀ ਜ਼ਿਮੇਵਾਰੀ ਕੀ ਬਣ ਜਾਂਦੀ ਹੈ? ਜਥੇਦਾਰਾਂ, ਪ੍ਰਚਾਰਕਾਂ, ਕੌਮ ਦਿਆਂ ਆਗੂਆਂ ਦੇ ਸੰਦੇਸ਼ ਵਿਚੋਂ ਇਹ ਸਭ ਗਾਇਬ ਸੀ।

ਖਿਆਲ ਕਰਿਓ! ਤਕਿਓ ਮਾਸੂਮ ਜਿੰਦਾਂ ਦੀ ਸ਼ਹਾਦਤ ਵਿਚੋਂ ਇਕ ਗਲ ਪਰਤਖ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਛੋਟੀਆਂ ਜਿੰਦਾਂ ਹੋਣ ਦੇ ਬਾਵਜੂਦ ਵੀ ਹੌਸਲੇ ਛੋਟੇ ਨਹੀਂ ਹੋਣ ਦਿਤੇ। ਦਾਦੀ ਮਾਂ ਦੀ ਗੋਦ ਵਿਚੋਂ ਪ੍ਰਾਪਤ ਹੋਈ ਗੁਰਬਾਣੀ ਦੀ ਸਿਖਿਆ ਕਿ

-“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਨਾ ਕਿਸੇ ਨੂੰ ਡਰਾਉਣਾਂ ਅਤੇ ਨਾਹੀ ਡਰਕੇ ਕਿਸੇ ਦੀ ਈਨ ਮੰਨਣੀ ਬਲਕਿ ਆਪਣੇ ਇਸ ਸਚੇ ਇਰਾਦੇ ਨੂੰ ਜ਼ਿੰਦਾ ਰਖਣ ਲਈ ਆਪਣੀ ਸ਼ਹਾਦਤ ਦੇਣੀ ਪਰਵਾਣ ਕਰ ਲੈਣੀ।
- ਕਿਸੇ ਲੋਭ ਲਾਲਚ ਵਿਚ ਆਪਣੇ ਸੱਚ ਦੇ ਆਸੂਲਾਂ ਨੂੰ ਨਹੀਂ ਛਡਣਾ।
- ਸਮੇਂ ਅਨੁਸਾਰ ਆਪਣੀ ਜ਼ਿਮੇਵਾਰੀ ਤੋਂ ਮੂੰਹ ਨਹੀਂ ਮੋੜਨਾ ਚਾਹੇ ਉਹ ਪਰਵਾਰਕ ਹੋਵੇ, ਸਮਾਜਕ ਹੋਵੇ, ਧਾਰਮਕ ਜਾਂ ਰਾਜਨੀਤਕ।

ਅੱਜ ਸਾਡਾ ਦੁਖਾਂਤ ਇਹੀ ਹੈ ਕਿ ਅਸੀਂ ਸਾਰੇ ਹੀ ਆਪੋ ਆਪਣੀਆਂ ਜ਼ਿਮੇਵਾਰੀਆਂ ਤੌ ਮੂੰਹ ਮੋੜੀ ਬੈਠੇ ਹਾਂ। ਸਾਡੀਆਂ ਜ਼ਮੀਰਾਂ ਵਿਕ ਚੁਕੀਆਂ ਹਨ।ਸਾਡਾ ਕਿਰਦਾਰ ਵਿਕਾਊ ਹੋ ਚੁੱਕਾ ਹੈ। ਅਸੀਂ ਕਿਸੇ ਨੂੰ “ਭੈ” ਵੀ ਦੇਂਦੇ ਹਾਂ ਅਤੇ ਖੁਦ ਕਿਸੇ ਦੇ “ਭੈ” ਥਲੇ ਜੀਅ ਵੀ ਰਹੇ ਹਾਂ। ਅਸੀਂ ਦੋਗਲੇ ਕਿਰਦਾਰ ਦੇ ਮਾਲਕ ਹੋ ਗਏ ਹਾਂ। ਜਥੇਦਾਰਾਂ ਨੂੰ ਹੀ ਤਕੋ ਇਹ ਰਾਜਨੀਤਕ ਲੋਗਾਂ ਦੇ “ਭੈ” ਥਲੇ ਗੁਰਮਤ ਸਿਧਾਂਤਾਂ ਅਤੇ ਵਿਚਾਰਧਾਰਾ ਦਾ ਕਤਲ ਕਰਦੇ ਨਜ਼ਰੀ ਆਓੁਣਗੇ। ਇਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤਾ। ਰਾਜਨੀਤਕ ਲੋਗਾਂ ਦੇ “ਭੈ” ਥਲੇ ਹੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਵਾਲੇ ਪ੍ਰਚਾਰਕਾਂ ਦਾ ਵਿਰੋਧ ਵੀ ਕੀਤਾ। ਜੇ ਕਿਸੇ ਗੁਰਮੁਖ ਪਿਆਰੇ ਨੇ ਇਨ੍ਹਾਂ ਦੇ ਝੂਠ, ਫਰੇਬ ਅਤੇ ਧਕੇਸ਼ਾਹੀ ਵਿਰੁਧ ਆਵਾਜ਼ ਉਠਾਈ ਤਾ ਅਗੋ ਪੰਥ ਤੋ ਛੇਕਣ ਦੇ “ਭੈ” ਵੀ ਦਿਤੇ ਅਤੇ ਛੇਕਣ ਦੇ ਕੁਹਾੜੇ ਵੀ ਚਲਾਏ।

ਅੱਜੇ ਕਲ ਦੀ ਹੀ ਗਲ ਹੈ, “ਸਫਰੇ ਸ਼ਹਾਦਤ” ਦੇ ਪ੍ਰੋਗਰਾਮਾ ਵਿਚ ਕੀਰਤਨੀਏ “ਭਾਈ ਮੰਨਿਦਰ ਸਿੰਘ ਜੀ” ਸ੍ਰੀਨਗਰ ਵਾਲਿਆ ਨੇ ਜਦ ਆਪਣੀ ਇਕ ਕਵਿਤਾ ਵਿਚ ਧਾਰਮਕਿ ਅਤੇ ਰਾਜਨੀਤਕ ਲੋਗਾਂ ਦੇ ਝੂਠ,ਫਰੇਬ ਅਤੇ ਕੋਮ ਦੀ ਦੁਰਗਤੀ ਕਰਣ ਵਾਲੇ ਕਿਰਦਾਰ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਆਵਾਜ਼ ਨੂੰ ਵੀ ਬੰਦ ਕਰਣ ਦੇ ਆਦੇਸ਼ ਜਾਰੀ ਹੋ ਗਏ। ਇਵੇਂ ਮਹਿਸੂਸ ਹੋਇਆ ਕਿ ਜਿਸ ਪ੍ਰਕਾਰ ਛੋਟੇ ਸਾਹਿਬਜ਼ਾਦਿਆਂ ਦੀ ਸੱਚ ਰੂਪੀ ਆਵਾਜ਼ ਨੂੰ ਬੰਦ ਕਰਣ ਲਈ ਵਖਤ ਦੇ ਹਾਕਮਾਂ ਅਤੇ ਮੌਲਵੀਆਂ ਨੇ ਝੂਠੇ ਫ੍ਹਤਵੇ ਜਾਰੀ ਕਰ ਉਨ੍ਹਾਂ ਮਾਸੂਮ ਜਿੰਦਾਂ ਨੂੰ ਦੀਵਾਰਾਂ ਵਿਚ ਜ਼ਿੰਦਾ ਚਿਣ ਕੇ ਸ਼ਹੀਦ ਕਰ ਦਿਤਾ ਗਿਆ। ਇਸੇ ਪ੍ਰਕਾਰ ਅੱਜ ਰਾਜਨੀਤਕ ਲੋਗਾਂ ਦੀ ਸ਼ਹਿ ਤੇ ਅੱਜ ਦੇ (ਜਥੇਦਾਰਾ) ਮੌਲਵੀਆਂ ਨੇ ਸਰਹੰਦ ਦੀ ਉਸੇ ਧਰਤੀ ਤੇ ਝੂਠੇ ਫਤਵੇ ਜਾਰੀ ਕਰ ਅੱਜ ਫਿਰ ਸੱਚ ਦੀ ਆਵਾਜ਼ ਨੂੰ ਬੰਦ ਕਰਣ ਲਈ “ਖੂਨੀ ਦੀਵਾਰਾਂ” ਉਸਾਰਣ ਦੇ ਫਤਵੇ ਜਾਰੀ ਕਰ ਦਿਤੇ। ਅੱਜ ਫਿਰ “ਸੱਚ” ਨੂੰ ਸਰਹੰਦ ਦੀ ਧਰਤੀ ਤੇ ‘ਜ਼ਿਬ੍ਹਾ’ ਕੀਤਾ ਗਿਆ। ਪਰ ਕਿਤਨੀ ਅਜੀਬ ਗਲ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ “ਹਾ”ਦਾ ਨਾਹਰਾ ਤਾਂ ਕਿਸੇ ਮਲੇਰਕੋਟਲੇ ਨੇ ਬੁਲੰਦ ਕੀਤਾ ਸੀ। ਭਾਵੇ ਉਹ ਵੀ ਇਕ ਸਰਕਾਰੀ ਓਹਦੇਦਾਰ ਸੀ। ਪਰ ਅੱਜ ਸਰਹੰਦ ਦੀ ਧਰਤੀ ਤੇ “ਹਾ” ਦਾ ਨਹਾਰਾ ਮਾਰਨ ਲਈ ਕੋਈ ਨਹੀਂ ਆਇਆ। ਉਸੇ ਹੀ ਸਟੇਜ ਤੇ ਕਿਨੇ ਹੀ ਕੀਰਤਨੀਏ ਕੀਰਤਨ ਕਰਕੇ ਟੁਰਦੇ ਬਣੇ,ਪਰ ਕਿਸੇ ਨੇ ਵੀ ਸਟੇਜ ਤੇ ਇਸ ਗਲ ਦਾ ਵਿਰੋਧ ਨਹੀਂ ਜਤਾਇਆ ਕਿ “ਅੱਜ ਜੋ ਭਾਈ ਮੰਨਿਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੇ ਸਚੇ ਬੋਲਾਂ ਨੂੰ ਦਬਾਉਣ ਦੇ ਫੁਰਮਾਨ ਜਾਰੀ ਹੋਏ,ਅਸੀ ਇਸ ਧਕੇ ਸ਼ਾਹੀ ਦਾ ਵਿਰੋਧ ਕਰਦੇ ਹਾਂ”।

ਕਿਨੇ ਅਫਸੋਸ ਦੀ ਗਲ ਹੈ ਕਿ ਸਚੀ ਬਾਣੀ ਦਾ ਕੀਰਤਨ ਕਰਣ ਵਾਲੇ ਕੀਰਤਨੀਏ, “ਰਾਜੇ ਸੀਹ ਮੁਕਦਮ ਕੁਤੇ”ਗਾਉਣ ਵਾਲੇ, ਅੱਜ ਉਸੇ ਹੀ ਰਾਜੇ ਦੇ “ਭੈ” ਥਲੇ ਆਪਣੀਆਂ ਜ਼ਮੀਰਾਂ ਮਾਰ ਚੁਕੇ ਹਨ।ਕੀ ਪ੍ਰਚਾਰਕ ਤੇ ਕੀ ਗ੍ਰੰਥੀ ਸਿੰਘ ਅਖਵਾਉਣ ਵਾਲੇ ਸਭਨਾ ਨੇ ਗੁਰਬਾਣੀ ਨੂੰ ਇਕ ਧੰਧਾ ਬਣਾਕੇ ਰਖ ਦਿਤਾ ਹੈ। ਵਿਰਲੇ ਹੀ ਹਨ ਜਿਨ੍ਹਾਂ ਨੇ ਗੁਰਬਾਣੀ ਦੇ ਸੱਚ ਨੂੰ ਜੀਵਨ ਅੰਦਰ ਕਮਾਕੇ ਜੀਵਨ ਸਚਿਆਰਾ ਬਣਾਇਆ ਹੈ।ਉਨ੍ਹਾਂ ਦੀ ਜ਼ਮੀਰ ਨਾ ਵਿਕ ਸਕਦੀ ਹੈ ਅਤੇ ਨਾਹੀ ਉਹ ਸੱਚ ਕਹਿਣ ਤੋ ਸੰਕੋਚ ਕਰਦੇ ਹਨ।ਉਨ੍ਹਾਂ ਦਾ ਜੀਵਨ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬੋਲਾਂ ਨੂੰ ਸਮਰਪਤ ਹੁੰਦਾ ਹੈ:- ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥2॥

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੂਕਰ
ਇਛਪਾਲ ਸਿੰਘ “ਰਤਨ”


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top