Share on Facebook

Main News Page

ਕਿਹੜੀ ਨੈਤਿਕ ਸਿੱਖਿਆ ਮਿਲਦੀ ਹੈ ਅਖੌਤੀ ਦਸਮ ਗ੍ਰੰਥ ਤੋਂ ?
-: ਮੱਖਣ ਸਿੰਘ ਪੁਰੇਵਾਲ,
ਸੰਪਾਦਕ ਸਿੱਖ ਮਾਰਗ

ਜਿਸ ਤਰ੍ਹਾਂ ਸਾਰੀ ਦੁਨੀਆ ਵਿੱਚ ਹੀ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਨੈਤਿਕ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਹਨ ਇਸੇ ਤਰ੍ਹਾਂ ਧਾਰਮਿਕ ਰਹਿਬਰ ਵੀ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦੇ ਹਨ। ਜੇ ਕਰ ਕੋਈ ਸਿੱਖਿਆ ਇਨਸਾਨੀਅਤ ਤੋਂ ਉਲਟ ਧੋਖੇ-ਫਰੇਬ ਅਤੇ ਛਲ-ਕਪਟ, ਵਾਲੀ ਹੋਵੇ ਤਾਂ ਉਸ ਨੂੰ ਚੰਗੀ ਨੈਤਿਕ ਸਿੱਖਿਆ ਨਹੀਂ ਕਿਹਾ ਜਾ ਸਕਦਾ।

ਅੱਜ ਦੇ ਇਸ ਲੇਖ ਵਿੱਚ ਮੈਂ ਦਸਮ ਗ੍ਰੰਥ ਦੀਆਂ ਸਿਰਫ ਦੋ ਕਹਾਣੀਆਂ ਬਾਰੇ ਵਿਚਾਰ ਕਰਨੀ ਹੈ ਕਿ ਸਾਨੂੰ ਇਹਨਾ ਤੋਂ ਕਿਹੜੀ ਨੈਤਿਕ ਸਿੱਖਿਆ ਮਿਲਦੀ ਹੈ? ਮੇਰੇ ਕੋਲ ਕੋਈ ਦੁਨਿਆਵੀ ਵਿੱਦਿਆ ਦੀ ਡਿਗਰੀ ਨਹੀਂ ਅਤੇ ਨਾ ਹੀ ਕੋਈ ਅਧਿਆਤਮਿਕਤਾ ਹੈ। ਮੈਂ ਤਾਂ ਇੰਡੀਆ ਪੰਜਾਬ ਦੇ ਇੱਕ ਪਿੰਡ ਵਿਚੋਂ ਹਲ ਵਾਹੁੰਦਾ, ਨੱਕੇ ਮੋੜਦਾ ਅਤੇ ਪਸ਼ੂ ਚਾਰਦਾ ਆਇਆ ਹਾਂ ਅਤੇ ਇੱਥੇ ਕਨੇਡਾ ਵਿੱਚ ਵੀ ਪਿਛਲੇ ਤਕਰੀਬਨ 42 ਸਾਲਾਂ ਤੋਂ ਮਜ਼ਦੂਰੀ ਕਰ ਰਿਹਾ ਹਾਂ। ਦਸਮ ਗ੍ਰੰਥ ਨੂੰ ਗੁਰੂ ਦੀ ਲਿਖਤ ਮੰਨਣ ਵਾਲਿਆਂ ਬਹੁਤਿਆਂ ਨੇ ਪੀ. ਐੱਚ. ਡੀ. ਡਿਗਰੀ ਕੀਤੀ ਹੋਈ ਹੈ ਅਤੇ ਕਈ ਹੋਰ ਵੀ ਕਰ ਰਹੇ ਹਨ। ਡੇਰਿਆਂ ਵਾਲੇ ਸਾਰੇ ਹੀ ਸਾਧ-ਸੰਤ ਅਥਵਾ ਕਥਿਤ ਮਹਾਂ-ਪੁਰਸ਼ ਅਤੇ ਹੋਰ ਵੀ ਜਿਹੜੇ ਕਈ ਆਪਣੇ ਆਪ ਨੂੰ ਅਧਿਆਤਮਿਕਵਾਦੀ ਸਮਝਦੇ ਹਨ। ਇਹ ਸਾਰੇ ਹੀ ਤਕਰੀਬਨ ਦਸਮ ਗ੍ਰੰਥ ਨੂੰ ਮੰਨਣ ਵਾਲੇ ਹਨ। ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਦੱਸਣ ਵਾਲੇ ਭੰਗ ਪੀਣੇ ਤਾਂ ਇਹੀ ਸਮਝਦੇ ਹਨ ਕਿ ਬਾਣੀ-ਬਾਣਾ ਸਿਰਫ ਸਾਡੇ ਕੋਲ ਹੀ ਹੈ, ਕਈ ਤਖ਼ਤਾਂ ਅਤੇ ਡੇਰਿਆਂ ਵਾਂਗ ਦਸਮ ਗ੍ਰੰਥ ਦਾ ਪਰਕਾਸ਼/ਹਨੇਰਾ ਵੀ ਗੁਰੂ ਗ੍ਰੰਥ ਦੇ ਨਾਲ ਹੀ ਕਰਦੇ ਹਨ। ਉਪਰ ਲਿਖੀਆਂ ਦੋ ਕਹਾਣੀਆਂ ਬਾਰੇ ਇਹਨਾ ਸਾਰਿਆਂ ਨੂੰ ਮੇਰੇ ਕੁੱਝ ਸਵਾਲ ਹਨ। ਜਵਾਬ ਤਾਂ ਭਾਵੇਂ ਕੋਈ ਵੀ ਦੇ ਸਕਦਾ ਹੈ ਪਰ ਇਹਨਾ ਤੋਂ ਪੁੱਛਣੇ ਤਾਂ ਜਰੂਰੀ ਬਣਦੇ ਹਨ।

ਚਰਿਤ੍ਰੋ ਪਾਖਿਆਨ ਦੇ ਚਰਿੱਤ੍ਰ ਨੰ: 21 ਤੋਂ 23 ਵਿਚਲੀ ਅਨੂਪ ਕੌਰ ਅਥਵਾ ਨੂਪ ਕੁਅਰਿ ਦੀ ਕਹਾਣੀ ਨਾਲ ਸੰਬੰਧਿਤ ਕੁੱਝ ਸਵਾਲ:

1- ਕੀ ਇਹ ਕਹਾਣੀ ਦਸਵੇਂ ਗੁਰੂ ਦੀ ਆਪ ਬੀਤੀ ਹੈ ਜਾਂ ਨਹੀਂ? ਜੇ ਕਰ ਆਪ ਬੀਤੀ ਹੈ ਤਾਂ ਕੀ ਗੁਰੂ ਜੀ ਰਾਤ ਨੂੰ ਭੇਸ ਵਟਾ ਕੇ ਇੱਕ ਪਰਾਈ ਇਸਤਰੀ ਕੋਲ ਕੋਈ ਮੰਤਰ ਲੈਣ ਗਏ ਸਨ? ਕੀ ਗੁਰਬਾਣੀ ਕਿਸੇ ਅਜਿਹੇ ਮੰਤਰ ਦਾ ਜ਼ਿਕਰ ਕਰਦੀ ਹੈ ਜਿਹੜਾ ਕਿ ਗੁਰਬਾਣੀ ਵਿਚਲੇ 35 ਮਹਾਂ ਪੁਰਸ਼ਾਂ ਨੂੰ ਨਹੀਂ ਲੱਭਾ? ਉਹ ਕਿਹੜਾ ਖਾਸ ਮੰਤਰ ਸੀ ਜਿਹੜਾ ਕਿ ਗੁਰੂ ਜੀ ਲਈ ਬਹੁਤ ਲੋੜੀਂਦਾ ਸੀ ਅਤੇ ਉਸ ਤੋਂ ਬਿਨਾ ਗੁਰੂ ਜੀ ਦਾ ਸਰਨਾ ਨਹੀਂ ਸੀ? ਜੇ ਕਰ ਇਹ ਕਹਾਣੀ ਆਪ ਬੀਤੀ ਅਥਵਾ ਹੱਡ ਬੀਤੀ ਨਹੀਂ ਹੈ ਤਦ ਵੀ ਇਸ ਤੋਂ ਕੀ ਨੈਤਿਕ ਸਿੱਖਿਆ ਮਿਲਦੀ ਹੈ? ਕੀ ਕਿਸੇ ਪੁਰਸ਼ ਨੂੰ ਭੇਸ ਵਟਾ ਕੇ ਰਾਤ ਨੂੰ ਕਿਸੇ ਪਰਾਈ ਇਸਤਰੀ ਕੋਲ ਜਾਣਾ ਚਾਹੀਦਾ ਹੈ?

2- ਇਸ ਕਹਾਣੀ ਦਾ ਪਾਤਰ ਸਾਧੂ ਵਾਲਾ ਭੇਸ ਉਤਾਰ ਕੇ ਵਡਮੁੱਲੇ ਵਸਤਰ ਪਹਿਨ ਕੇ ਉਸ ਇਸਤਰੀ ਦੀ ਸੇਜ ਤੇ ਬੈਠ ਗਿਆ ਸੀ। ਇਸੇ ਹੀ ਪਾਤਰ ਨੇ ਉਥੇ ਇਹ ਬਚਨ ਕਹੇ ਸਨ ਜਿਹੜੇ ਕਿ ਵਿਆਹ ਸ਼ਾਦੀ ਵੇਲੇ ਕਈ ਰਾਗੀ ਸਿੰਘ ਗੁਰਦੁਆਰਿਆਂ ਵਿੱਚ ਆਮ ਪੜ੍ਹਦੇ ਹਨ:

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥ ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥ ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥
੫੧॥

ਜੇ ਕਰ ਪਰਾਈ ਇਸਤ੍ਰੀ ਦੀ ਸੇਜਾ ਉਤੇ ਭੁੱਲ ਕੇ ਵੀ ਸੁਪਨੇ ਵਿੱਚ ਨਹੀਂ ਜਾਣਾ ਸੀ ਤਾਂ ਫਿਰ ਇਹ ਯਾਦ ਕਿਉਂ ਨਹੀਂ ਰੱਖਿਆ? ਫਿਰ ਕਿਉਂ ਇਹ ਪਾਤਰ (ਕਥਿਤ ਰਾਜਾ ਜਾਂ ਕਈਆਂ ਅਨੁਸਾਰ ਦਸਵਾਂ ਗੁਰੂ) ਮੰਤ੍ਰ ਲੈਣ ਦੇ ਬਹਾਨੇ ਭੇਸ ਬਦਲ ਕੇ ਪਰਾਈ ਇਸਤ੍ਰੀ ਦੀ ਸੇਜ ਤੇ ਜਾ ਬੈਠਾ ਸੀ?

3- ਇਸ ਕਹਾਣੀ ਦਾ ਪਾਤਰ ਆਪਣੀ ਜੁੱਤੀ ਅਤੇ ਪਾਮਰੀ ਛੱਡ ਕੇ ਉਸ ਇਸਤਰੀ ਦੇ ਘਰੋਂ ਭੱਜ ਗਿਆ ਸੀ ਜਦੋਂ ਉਸ ਨੇ ਚੋਰ-ਚੋਰ ਦਾ ਰੌਲਾ ਪਾਇਆ ਸੀ। ਫਿਰ ਇਹ ਝੂਠ ਬੋਲਣ ਲੱਗ ਪਿਆ ਕਿ ਮੇਰੀਆਂ ਇਹ ਚੀਜਾਂ ਕਿਸੇ ਨੇ ਚੋਰੀ ਕਰ ਲਈਆਂ ਹਨ। ਅਖੀਰ ਤੇ ਇਸ ਨੇ ਉਸ ਇਸਤਰੀ ਨਾਲ ਸਮਝੌਤਾ ਕਰ ਲਿਆ ਸੀ ਅਤੇ ਉਸ ਨੂੰ 20 ਹਜ਼ਾਰ ਟਕੇ ਛਿਮਾਹੀ ਦੇ ਦੇਣੇ ਮੰਨ ਗਿਆ ਸੀ। ਕੀ ਝੂਠ ਅਤੇ ਕਪਟ ਗੁਰਮਤਿ ਦੀ ਨੈਤਿਕ ਸਿੱਖਿਆ ਹੈ?

ਦੂਸਰੀ ਕਹਾਣੀ ਹੈ ਪੱਗਾਂ ਲਾ ਕੇ ਵੇਚਣ ਦੀ ਅਤੇ ਸਰੋਪੇ ਦੇਣ ਦੀ। ਇਹ ਕਹਾਣੀ 71 ਨੰ: ਦੇ ਚਲਿਤਰ ਵਿੱਚ ਦਰਜ ਹੈ।

ਪ੍ਰੋ: ਪਿਆਰਾ ਸਿੰਘ ਪਦਮ ਇਸ ਕਹਾਣੀ ਬਾਰੇ ਇਸ ਤਰ੍ਹਾਂ ਲਿਖਦੇ ਹਨ:

“ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ ਕਿਤੇ ਮਰਦਾਂ ਦੀ ਚੁਤਰਾਈ ਤੇ ਬੀਰਤਾ ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੁ ਸਾਹਿਬ ਨੇ ਕੁੱਝ ਆਪ -ਬੀਤੀਆ ਵੀ ਦਰਜ ਕੀਤੀਆ ਹਨ ਜੋ ਕਿ ਥਾਂ ਥਾਂ ਆਏ ਹਵਾਲਿਆ ਤੋ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ, ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ।

ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿਤੀਆਂ ਜਾਣ ਪਰੰਤੂ ਪੱਗਾਂ ਕਿਤੋਂ ਮਿਲੀਆਂ ਨਹੀਂ, ਕੁੱਝ ਸਿੱਖਾ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫ਼ੜ ਲਓ ਤੇ ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ ਸਮੇਂ ਵਿੱਚ ਹੀ ਅਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ ਤਰ੍ਹਾ ਉਨ੍ਹਾਂ ਉਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡਕੇ ਸਿਰੋਪਾਉ ਦਿਤੇ ਗਏ। ਇਹ ਘਟਨਾ ਗੁਰੁ ਸਾਹਿਬ ਨੇ ‘ਪੁਰਖ ਚਰਿਤਰ’ ਦੇ ਰੂਪ ਵਿੱਚ 71 ਨੰਬਰ 'ਤੇ ਦਰਜ ਕੀਤੀ ਹੈ।”

ਕੀ ਇਸ ਕਹਾਣੀ ਵਿੱਚ ਤੁਹਾਨੂੰ ਗੁਰਮਤਿ ਦੀ ਕੋਈ ਗੱਲ ਦਿਖਾਈ ਦਿੰਦੀ ਹੈ? ਮਲ-ਮੂਤਰ ਕਰਨਾ ਇੱਕ ਕੁਦਰਤੀ ਪ੍ਰਕਿਰਿਆ ਹੈ। ਇਹ ਸਭ ਤੁਰਦੇ ਫਿਰਦੇ ਜੀਵ ਜੰਤੂਆਂ ਵਿੱਚ ਹੁੰਦੀ ਹੈ। ਇੱਕ ਆਮ ਸਾਧਾਰਣ ਸੋਚਣੀ ਵਾਲੇ ਨੂੰ ਵੀ ਪਤਾ ਹੁੰਦਾ ਹੈ ਕਿ ਮਲ-ਮੂਤਰ ਉਠਣ ਬੈਠਣ ਵਾਲੀ ਜਗਾ ਤੋਂ ਕੁੱਝ ਦੂਰੀ ਤੇ ਕਰਨਾ ਹੁੰਦਾ ਹੈ। ਉਹ ਵੀ ਉਥੇ ਜਿਥੇ ਕਿ ਪਖਾਨੇ ਨਾ ਬਣੇ ਹੋਣ। ਚੰਗੇ ਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਇਹ ਪਖਾਨੇ ਹਰ ਘਰ ਵਿੱਚ ਬਣੇ ਹੋਏ ਹੁੰਦੇ ਹਨ। ਬਹੁਤਿਆਂ ਘਰਾਂ ਵਿੱਚ ਤਾਂ ਰਸੋਈ ਅਤੇ ਪਖਾਨਿਆਂ ਦੀ ਕੰਧ ਵੀ ਸਾਂਝੀ ਹੁੰਦੀ ਹੈ। ਵਿਦੇਸ਼ਾਂ ਵਿੱਚ ਬਣੇ ਸਾਰੇ ਗੁਰਦੁਆਰਿਆਂ ਵਿੱਚ ਵੀ ਇਹ ਪਖਾਨੇ/ਬਾਥਰੂਮ ਉਸੇ ਇੱਕ ਇਮਾਰਤ ਵਿੱਚ ਹੀ ਹੁੰਦੇ ਹਨ।

ਮੰਨ ਲਓ ਕਿ ਤੀਰਥ ਦੇ ਲਾਗੇ ਪਿਸ਼ਾਬ ਕਰਨ ਵਾਲੇ ਬਹੁਤੀ ਦੂਰ ਨਹੀਂ ਗਏ ਜਿਤਨੀ ਦੂਰ ਜਾਣਾ ਚਾਹੀਦਾ ਸੀ। ਕੀ ਉਥੇ ਕਿਸੇ ਹੰਦਬੰਦੀ ਦਾ ਕੋਈ ਨੋਟਿਸ ਲੱਗਾ ਹੋਇਆ ਸੀ ਕਿ ਪਿਸ਼ਾਬ ਇਸ ਹੱਦ ਤੋਂ ਲੰਘ ਕੇ ਕਰੋ? ਫਰਜ ਕਰੋ ਕਿ ਇਸ ਤਰ੍ਹਾਂ ਹੋਵੇਗਾ ਅਤੇ ਉਹਨਾ ਨੇ ਇਸ ਦੀ ਉਲੰਘਣਾ ਕੀਤੀ ਸੀ। ਕੀ ਫਿਰ ਵੀ ਇਸ ਤਰ੍ਹਾਂ ਜਲੀਲ ਕਰਨਾ ਜ਼ਾਇਜ਼ ਸੀ? ਕੀ ਉਹਨਾ ਨੂੰ ਵਾਰਨਿੰਗ ਨਹੀਂ ਦਿੱਤੀ ਜਾ ਸਕਦੀ ਸੀ? ਜਾਂ ਫਿਰ ਉਂਜ ਹੀ ਸਮਝਾਇਆ ਨਹੀਂ ਜਾ ਸਕਦਾ ਸੀ? ਬਹੁਤਿਆਂ ਨੇ ਇਹ ਗੱਲ ਨੋਟ ਕੀਤੀ ਹੋਵੇਗੀ ਕਿ ਕਈ ਲੋਕ ਪਬਲਿਕ ਵਾਸ਼ਰੂਮ ਵਰਤਦੇ ਸਮੇ ਪਿਸ਼ਾਬ ਕਰਨ ਤੋਂ ਬਾਅਦ ਪਾਣੀ ਛੱਡਣਾ ਭੁੱਲ ਜਾਂਦੇ ਹਨ ਜਾਂ ਉਂਜ ਹੀ ਲਗਰਜ਼ੀ ਕਰਕੇ ਨਹੀਂ ਛੱਡਦੇ। ਕੀ ਦੁਨੀਆ ਵਿੱਚ ਤੁਸੀਂ ਕੋਈ ਦੇਖਿਆ ਹੈ ਜਿਹੜਾ ਕਿ ਇਸ ਤਰ੍ਹਾਂ ਕਰਨ ਵਾਲਿਆਂ ਦੀ ਕੋਈ ਬੇਇਜ਼ਤੀ ਕਰੇ, ਉਹਨਾ ਦੇ ਕੋਈ ਜਬਰਦਸਤੀ ਕੱਪੜੇ ਲਾਹੇ? ਭਾਵ ਕਿ ਨੰਗੀ ਚਿੱਟੀ ਗੁੰਡਾ ਗਰਦੀ ਕਰੇ। ਕੀ ਗੁੰਡਾ ਗਰਦੀ ਕਰਨੀ ਧਰਮ ਹੁੰਦਾ ਹੈ? ਫਿਰ ਅਧਰਮ ਕੀ ਹੋਇਆ? ਕਿਹੜੀ ਨੈਤਿਕ ਸਿੱਖਿਆ ਇਸ ਸਾਖੀ ਤੋਂ ਮਿਲਦੀ ਹੈ?
ਇਸ ਗੱਲ ਦਾ ਮੈਨੂੰ ਨਹੀਂ ਪਤਾ ਕਿ ਇਹ ਕਹਾਣੀਆਂ ਗੁਰੂ ਜੀ ਦੀਆਂ ਹੱਡ ਬੀਤੀਆਂ ਹਨ ਜਾਂ ਨਹੀਂ। ਦਸਮ ਗ੍ਰੰਥ ਨੂੰ ਗੁਰੂ ਦੀ ਕ੍ਰਿਤ ਮੰਨਣ ਵਾਲੇ ਕਈ ਹੱਡ ਬੀਤੀਆਂ ਮੰਨਦੇ ਹਨ ਅਤੇ ਕਈ ਨਹੀਂ ਮੰਨਦੇ। ਇਹ ਦਸਮੇਂ ਗੁਰੂ ਦੀ ਕ੍ਰਿਤ ਹੈ ਜਾਂ ਕਿਸੇ ਹੋਰ ਗ੍ਰੰਥਾਂ ਦਾ ਉਲਥਾ ਹੈ ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਇਸ ਨੂੰ ਭਾਈ ਮਨੀ ਸਿੰਘ ਨਾਲ ਜੋੜੋ ਜਾਂ ਧਰਮ ਦੇ ਨਾਮ ਤੇ ਮਰਨ ਵਾਲੇ ਕਥਿਤ ਸ਼ਹੀਦਾਂ ਨਾਲ, ਇਸ ਨਾਲ ਵੀ ਮੇਰਾ ਕੋਈ ਵਾਸਤਾ ਨਹੀਂ ਹੈ। ਮੇਰੇ ਸਵਾਲ ਸਿਰਫ ਇਹਨਾ ਕਹਾਣੀਆਂ ਦੀਆਂ ਸਿੱਖਿਆਵਾਂ ਨਾਲ ਸੰਬੰਧਿਤ ਹਨ ਕਿ ਇਹਨਾ ਵਿਚੋਂ ਕਿਹੜੀ ਗੁਰਮਤਿ ਅਤੇ ਇਨਸਾਨੀਅਤ ਵਾਲੀ ਸਿੱਖਿਆ ਮਿਲਦੀ ਹੈ? ਜੇ ਕਰ ਕਿਸੇ ਕੋਲ ਕੋਈ ਜਵਾਬ ਹੈ ਤਾਂ ਜਰੂਰ ਦਿਓ।

ਸਾਰਾ ਕੁੱਝ ਜਾਣਦੇ ਹੋਏ ਵੀ ਚੁੱਪ ਰਹਿਣ ਵਾਲੇ ਵੀ ਉਤਨੇ ਹੀ ਦੋਸ਼ੀ ਹੁੰਦੇ ਹਨ। ਜੇ ਕਰ ਮੈਂ ਗਲਤ ਹਾਂ ਅਤੇ ਤੁਸੀਂ ਸਾਰੇ ਠੀਕ ਹੋ ਅਤੇ ਇਹ ਕਹਾਣੀਆਂ ਤੁਹਾਡੇ ਧਰਮ ਮੁਤਾਬਕ ਸਿੱਖਿਆ ਦਾਇਕ ਹਨ ਤਾਂ ਮੈਂਨੂੰ ਤੁਹਾਡੇ ਅਜਿਹੇ ਕਿਸੇ ਧਰਮ ਦੀ ਕੋਈ ਲੋੜ ਨਹੀਂ ਹੈ। ਹੁਣ ਤੁਸੀਂ ਦੱਸੋ, ਮੈਨੂੰ ਤੁਸੀਂ ਆਪਣੇ ਧਰਮ ਵਿਚੋਂ ਬਾਹਰ ਕਦੋਂ ਕੱਢਣਾ ਹੈ? ਮੇਰਾ ਸਮਾਜਿਕ ਬਾਈਕਾਟ ਕਦੋਂ ਕਰਨਾ ਹੈ? ਜੇ ਕਰ ਤੁਸੀਂ ਸਾਰੇ ਹੀ ਲਗ ਭਗ ਦੋ ਕਰੋੜ ਸਿੱਖ ਅਜਿਹੀਆਂ ਕਹਾਣੀਆਂ ਨੂੰ ਧਰਮ ਦਾ ਹਿੱਸਾ ਮੰਨਦੇ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਨਸਾਨੀਅਤ ਤੋਂ ਗਿਰੇ ਹੋਏ ਕਪਟੀ, ਗੁੰਡੇ ਮਸ਼ਟੰਡਿਆਂ ਦਾ ਸਮੂਹ ਕਹਿਣ ਲਈ ਤਿਆਰ ਹਾਂ ਜਿਸ ਨੂੰ ਤੁਸੀਂ ਪੰਥ ਜਾਂ ਸਿੱਖ ਧਰਮ ਦਾ ਨਾਮ ਦਿੰਦੇ ਹੋ। ਸਦੀਆਂ ਤੋਂ ਹੀ ਤੁਸੀਂ ਝੂਠੇ, ਕਪਟੀ ਤੇ ਫਰੇਬੀ ਬਣ ਕੇ ਦੁਨੀਆ ਤੇ ਵਿਚਰ ਰਹੇ ਹੋ। ਗਿਣਤੀ ਦੇ ਥੋੜੇ ਜਿਹੇ ਸਿੱਖ ਜਿਹੜੇ ਅਸਲੀਅਤ ਨੂੰ ਸਮਝਦੇ ਹਨ, ਉਹਨਾ ਨੂੰ ਮੈਂ ਇਸ ਖੇਮੇ ਵਿੱਚ ਨਹੀਂ ਰੱਖਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top