ਸਾਡੇ
ਸਮਾਜ ਦੇ ਵੱਖ ਵੱਖ ਖੇਤਰਾਂ ਚ’ ਵੱਡੀ ਗਿਣਤੀ ਵਿੱਚ ਸ੍ਰੋਤੇ ਦੇਖਣ ਨੂੰ ਮਿਲਦੇ ਹਨ, ਜਿਹਨਾਂ
ਵਿੱਚ ਰਾਜਸੀ, ਸੱਭਿਅਕ ਜਾਂ ਅਸੱਭਿਅਕ ਖੇਤਰ ਤੋਂ ਇਲਾਵਾ ਧਾਰਮਕ ਖੇਤਰ ਮੁੱਖ ਹਨ । ਮੁੱਕਦੀ
ਗੱਲ ਹਰੇਕ ਖੇਤਰ ਵਿੱਚ ਭੀੜ ਨੂੰ ਦੇਖ ਕੇ ਲੋਕਾਂ ਦੇ ਸੁਆਦ ਤੇ ਲਹਿਰ ਦਾ ਅੰਦਾਜ਼ਾ ਸਹਿਜੇ
ਲਗਾਇਆ ਜਾ ਸਕਦਾ ਹੈ, ਪਰ ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ
ਕਿ ਇਸ ਭੀੜ ਨੂੰ ਦੇਖ ਕੇ ਅਸੀਂ ਇਹ ਨਿਰਣਾ ਨਹੀਂ ਕਰ ਸਕਦੇ ਕਿ ਇਹ ਲਹਿਰ ਲੋਕ ਲਹਿਰ ਹੈ
ਜਾਂ ਫਿਰ ਕੰਨ ਰਸੀਆਂ ਦੀ ਭੀੜ ਹੈ । ਉਦਾਹਰਣ ਦੇ ਤੋਰ ਤੇ ਜਦੋਂ ਕੋਈ ਬਾਲੀਵੁੱਡ,
ਸੰਗੀਤ ਜਾਂ ਖੇਡ ਜਗਤ ਦੀ ਪ੍ਰਮੁੱਖ ਹਸਤੀ ਰਾਜਸੀ ਖੇਤਰ ਵਿੱਚ ਪੈਰ ਰੱਖਦੀ ਹੈ ਤਾਂ ਉਸ
ਨੂੰ ਦੇਖਣ-ਸੁਣਨ ਦੀਆਂ ਬੇਹਿਸਾਬੀ ਭੀੜ ਲੱਗ ਜਾਂਦੀ ਹੈ (ਮੌਜੂਦਾ ਸਮਾਂ ਵਿੱਚ ਇਹ ਰੋਜ਼ਾਨ
ਕਾਫੀ ਵੱਧ ਗਿਆ ਹੈ) ...ਪਰ ਇਸ ਭੀੜ ਨੂੰ ਦੇਖ ਕੇ ਜਿੱਤ ਹਾਰ ਦਾ ਅੰਦਾਜ਼ਾ ਨਹੀਂ ਲਗਾਇਆ
ਜਾ ਸਕਦਾ, ਕਈ ਵਾਰ ਤਾਂ ਇਹਨਾਂ ਉਮੀਦਵਾਰਾਂ ਦੀਆਂ ਜਮਾਨਤਾਂ ਤੱਕ ਜਬਤ ਹੁੰਦੀਆਂ ਦੇਖੀਆਂ
ਗਈਆਂ ਹਨ ।
ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥ ਸਾਕਤ ਗੀਤ
ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥
ਸੱਭਿਅਤਾ ਦੇ ਨਾਮ 'ਤੇ ਜਦੋਂ ਗੰਦੀ ਜਾਂ ਅਸ਼ਲੀਲ ਗਾਇੱਕੀ ਨੂੰ ਵੀ
ਜਦੋਂ ਕੋਈ ਗੀਤਕਾਰ ਸਮਾਜ ਸਾਹਮਣੇ ਪ੍ਰੋਸਦਾ ਹੈ ਤਾਂ ਇੱਕ ਵਾਰ ਭਾਂਵੇਂ ਓਹ ਗੀਤਕਾਰ ਭੀੜ
ਨੂੰ ਇਕੱਠੀ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ, ਪਰ ਸਿਰਫ ਕੁਝ ਚਿਰ ਮਗਰੋਂ ਹੀ ਸ੍ਰੋਤੇ
ਤਾਂ ਦੂਰ ਦੀ ਗੱਲ ਹੈ ਉਸਦੇ ਆਪਣੇ ਹੀ ਉਸ ਤੋਂ ਭੱਜਦੇ ਜਾਂ ਕੰਨੀਂ ਕਤਰਾਂਦੇ ਦੇਖੇ ਗਏ ਹਨ,
ਕਈ ਵਾਰ ਤਾਂ ਇਹ ਵੀ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਅਜਿਹੇ ਗਾਇੱਕ ਕੋਲ ਹਸਪਤਾਲ
ਵਿੱਚ ਇਲਾਜ ਜੋਗੇ ਪੈਸੇ ਨਹੀਂ ਜਾਂ ਓਹ ਗਾਇੱਕ ਦਾ ਅੰਤਿਮ ਸਮਾਂ ਦੁਖਦਾਈ ਰਿਹਾ ।
ਹੁਣ ਗੱਲ ਕਰਦੇ
ਹਾਂ ਧਾਰਮਿਕ ਖੇਤਰ ਦੇ ਸ੍ਰੋਤਿਆਂ ਦੀ.... ਧਾਰਮਿਕ
ਖੇਤਰ ਵਿੱਚ ਗੁਰਮਤਿ ਕਾਲਜਾਂ ਤੋਂ ਪੜ੍ਹੇ-ਲਿਖੇ ਗਿਆਨਵਾਨ ਪ੍ਰਚਾਰਕ ਜਿਥੇ ਵੱਖ ਵੱਖ ਤਰ੍ਹਾਂ
ਦੀਆਂ ਵੀਚਾਰਾਂ ਰੱਖ ਕੇ ਸੰਗਤ ਇੱਕਠੀ ਕਰਨ ਵਿੱਚ ਕਾਮਯਾਬੀ ਹਾਸਲ ਕਰ ਲੈਂਦੇ ਹਨ
ਉਥੇ ਇਸ ਖੇਤਰ ਵਿੱਚ ਬਿਨ੍ਹਾਂ ਕੋਈ ਵਿਦਅਕ ਯੋਗਤਾ ਦੇ ਝੋਲਾ ਛਾਪ ਬਕਤਾ ਵੀ ਪੜ੍ਹਿਆਂ
ਲਿਖਿਆਂ ਨਾਲੋਂ ਵੱਧ ਸੰਗਤ ਇਕੱਠੀ ਕਰਨ ਵਿੱਚ ਕਾਮਯਾਬੀ ਹਾਸਲ ਕਰ ਲੈਂਦੇ ਹਨ ... ਗੱਲ
ਸਿਰਫ ਇਹ ਹੈ ਕਿ ਉਹਨਾਂ ਬੋਲਣ ਦੀ ਕਲਾ ਸਿੱਖ ਲਈ ਪਰ ਗੁਰਮਤਿ ਵੀਚਾਰ ਤੋਂ ਸੱਖਣੇ,
ਇਧਰੋ-ਉਧਰੋਂ ਸੁਣੇ- ਸੁਣਾਏ ਟੋਟਕੇ, ਮਨਘੜਤ ਕਹਾਣੀਆਂ ਤੇ ਲੱਛੇਦਾਰ ਗੱਲਾਂ ਨਾਲ ਸੰਗਤ
ਨੂੰ ਕੀਲ੍ਹ ਲਿਆ ਤੇ ਭੀੜ ਇਕੱਠੀ ਕਰਨ ਵਿੱਚ ਕਾਮਯਾਬੀ ਹਾਸਲ ਕਰ ਕੇ ਪੜ੍ਹਿਆਂ ਲਿਖਿਆਂ
ਨੂੰ ਵੀ ਮਾਤ ਪਾ ਲਈ ਤੇ ਸਾਡੇ ਸ੍ਰੋਤੇ ਵੈਸੇ ਹੀ ਚਿਕਨੀਆਂ ਚੋਪੜੀਆਂ ਗੱਲਾਂ ਦੇ ਸ਼ੌਕੀਨ
ਹੁੰਦੇ ਹਨ । ਇੱਕ ਗੱਲ ਬੜੀ ਦਿਲਚਸਪ ਦੇਖਣ ਨੂੰ ਮਿਲਦੀ ਹੈ ਕਿ
ਇਸ ਭੀੜ ਚੋਂ ਬਥੇਰੇ ਸ਼ਰੋਤੇ ਦੋਹਾਂ ਪੱਖਾਂ ਨੂੰ ਹੀ ਸੁਣ ਕੇ ਮੰਤਰ ਮੁਗਧ ਹੁੰਦੇ ਅਕਸਰ
ਦੇਖੇ ਗਏ ਹਨ ।
ਗੱਲ ਕੀ... ਸ੍ਰੋਤਿਆਂ ਨੇ ਆਪਣੇ ਮਾਨਸਿਕ ਪੱਧਰ ਉੱਚਾ ਨਹੀਂ
ਚੁੱਕਿਆ, ਗੁਰਮਤਿ ਵੀਚਾਰਾਂ ਤੋਂ ਇਲਾਵਾ ਲੱਛੇਦਾਰ ਕਹਾਣੀਆਂ ਤਾਂ ਬੜੀਆਂ ਸੁਣ ਲਈਆਂ,
ਕੀਰਤਨ ਦੀਆਂ ਧੁੰਨਾਂ ਤੇ ਸਿਮਰਨ ਲੜੀਆਂ ਚ' ਵੀ ਸਮਾਧੀਆਂ ਲਾ ਲਈਆਂ ਪਰ ਗੁਰਮਤਿ ਦੀ
ਵੀਚਾਰ ਨੂੰ ਜੀਵਨ ਤੇ ਹਿਰਦੇ ਵਿੱਚ ਨਹੀਂ ਵਸਾਇਆ, ਇਸੇ ਲਈ ਇਹ ਸਭ ਕੁਝ ਕੰਨ ਰੱਸ ਬਣ ਕੇ
ਰਹਿ ਗਿਆ ।
ਸੋ ਆਓ ! ਆਪਾਂ ਸਾਰੇ ਆਪਣੀ ਬੁੱਧੀ ਦੇ ਰਾਹ ਖੋਲ੍ਹ ਕੇ ਚੰਗੇ
ਸ੍ਰੋਤਾ ਬਣਨ ਦਾ ਯਤਨ ਕਰਦਿਆਂ ਝੂਠ-ਸੱਚ, ਗੁਰਮਤਿ-ਦੁਰਮਤਿ, ਇਤਿਹਾਸ-ਮਿਥਿਹਾਸ ਨੂੰ
ਨਿਖੇੜਣ ਦੀ ਜੁਗਤੀ ਸਿਖਦਿਆਂ ਬੁਲਾਰਿਆਂ ਨੂੰ ਜੋ ਮਰਜ਼ੀ ਬੋਲਣ ਦੀ ਖੁੱਲ੍ਹ ਨਾ ਦੇਈਏ ਸਗੋਂ
ਗੱਪੀ ਪ੍ਰਚਾਰਕਾਂ ਦੀਆਂ ਦੁਕਾਨਾਂ ਨੂੰ ਬੰਦ ਕਰਨ ਵੱਲ ਹੰਭਲਾ ਮਾਰੀਏ ।