19 ਮਈ ਲੁਧਿਆਣਾ (ਮਨਦੀਪ ਸਿੰਘ) ਗੁਰੂ ਨਾਨਕ ਵਿਚਾਰਧਾਰਾ ਮੁਤਾਬਿਕ
ਦੇਹਧਾਰੀ ਗੁਰੂ ਦੀ ਅਗਵਾਈ ਵਿੱਚ ਅਕਾਰ ਦੇ ਪੁਜਾਰੀ ਬਣੇ ਲੋਕਾਂ ਨੂੰ ‘ਨਿਰੰਕਾਰੀ’
ਅਖਵਾਉਣ ਦਾ ਕੋਈ ਹੱਕ ਨਹੀਂ । ਨਿਰੰਕਾਰੀ ਤਾਂ ਕੇਵਲ ਓਹੀ ਹੁੰਦਾ ਹੈ, ਜਿਹੜਾ ਅਕਾਰ ਰਹਿਤ
ਸ਼ਬਦ-ਗੁਰੂ (ਗਿਆਨ-ਗੁਰੂ) ਦੀ ਅਗਵਾਈ ਵਿੱਚ ਦੁਚਿੱਤਾਪਨ ਛੱਡ ਕੇ ਅਕਾਰ ਰਹਿਤ ਅਕਾਲ ਪੁਰਖ
ਦੀ ਰਜ਼ਾ ਵਿੱਚ ਜੀਊਂਦਾ ਅਤੇ ਜ਼ਿੰਦਗੀ ਦਾ ਹਰੇਕ ਕਦਮ ਗੁਰਮਤਿ ਵੀਚਾਰਧਾਰਾ ਦੀ ਰੋਸ਼ਨੀ ਵਿੱਚ
ਪੁੱਟਦਾ ਹੈ ।
ਸ਼ਖ਼ਸੀ ਗੁਰੂ ਦੀ ਅਗਵਾਈ ਵਿੱਚ ਚੱਲਣ ਵਾਲੇ ਨਕਲੀ
ਨਿਰੰਕਾਰੀ ਮਿਸ਼ਨ ਦਿੱਲੀ ਵੱਲੋਂ ਸਰਬਸਾਂਝੀ ਗੁਰਬਾਣੀ ਅੰਦਰਲੇ ‘ਨਿਰੰਕਾਰੀ’ ਲਫ਼ਜ਼ ’ਤੇ
ਕੇਵਲ ਆਪਣਾ ਹੱਕ ਜਮਾਉਣਾ ਤੇ ਦਿੱਲੀ ਅਦਾਲਤ ਪਾਸੋਂ ਕਾਪੀ ਰਾਈਟ ਲੈਣਾ ਬਿਲਕੁਲ ਧੱਕੇਸ਼ਾਹੀ
ਹੈ । ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ
ਫ਼ਰਜ਼ ਹੈ ਕਿ ਉਹ ਇਸ ਅਦਾਲਤੀ ਅਨਿਆਂ ਤੇ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਕਨੂੰਨੀ ਕਾਰਵਾਈ ਕਰਨ
। ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ
ਉਨ੍ਹਾਂ 17 ਮਈ ਦੀ ਚੰਡੀਗੜ੍ਹ ਤੋਂ ਛਪਦੀ ਇੱਕ ਪੰਜਾਬੀ ਅਖ਼ਬਾਰ ਵਿੱਚ “ਨਿਰੰਕਾਰੀ ਦਰਬਾਰ
ਨੇ ‘ਨਿਰੰਕਾਰੀ’ ਸ਼ਬਦ ’ਤੇ ਕਾਪੀ ਰਾਈਟ ਦਾ ਹੱਕ ਮੰਗਿਆ” ਦੀ ਸੁਰਖੀ ਹੇਠ ਛਪੀ ਖ਼ਬਰ ਦੇ
ਪ੍ਰਤੀਕਰਮ ਵਜੋਂ ਕਹੇ ।
ਉਨ੍ਹਾਂ ਕਿਹਾ ਕਿ ਨਿਰੰਕਾਰੀ ਧਾਮ ਸੰਸਥਾ ਵੱਲੋਂ ਦਿੱਲੀ ਦੀ ਤੀਸ
ਹਜ਼ਾਰੀ ਅਦਾਲਤ ਵਿੱਚ ਐਸਾ ਦਾਅਵਾ ਕਰਨਾ ਬਿਲਕੁਲ ਗ਼ਲਤ ਹੈ ਕਿ
“ਨਿਰੰਕਾਰੀ’ ਨਾਂ ਤਾਂ ਭਾਵੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਿਆ ਹੈ, ਪਰ
ਸਾਡੇ ਤੋਂ ਬਿਨਾ ਕੋਈ ਹੋਰ ਇਸ ਦੀ ਵਿਆਖਿਆ ਨਹੀਂ ਕਰ ਸਕਿਆ । ਇਸ ਲਈ ‘ਨਿਰੰਕਾਰੀ’ ਸ਼ਬਦ
'ਤੇ ਸਾਡਾ ਹੱਕ ਹੈ ਤੇ ਸਾਡੇ ਤੋਂ ਬਿਨਾਂ ਕੋਈ ਹੋਰ ਇਸ ਦੀ ਵਰਤੋਂ ਨਹੀਂ ਕਰ ਸਕਦਾ”
। ਗ਼ਲਤ ਇਸ ਲਈ ਹੈ ਕਿ ਜੇ ਵਿਆਖਿਆ ਤੋਂ ਭਾਵਾਰਥ 'ਨਿਰੰਕਾਰੀ' ਲਫ਼ਜ਼ ਨੂੰ ਪ੍ਰੀਭਾਸ਼ਤ ਕਰਨਾ
ਹੈ ਜਾਂ ਕਿਸੇ ਵਿਅਕਤੀ ਵੱਲੋਂ ਨਿਰੰਕਾਰ ਵਿੱਚ ਲੀਨ ਹੋ ਕੇ ਜੀਊਣ ਤੋਂ ਹੈ, ਤਾਂ ਇਨਾਂ
ਦੋਵੇਂ ਪੱਖਾਂ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਜੂਦ ਹੈ ।
ਗੁਰਬਾਣੀ ਦੇ
26 ਸ਼ਬਦ ਐਸੇ ਹਨ, ਜਿਨ੍ਹਾਂ ਵਿੱਚ ਨਿਰੰਕਾਰੀ ਲਫ਼ਜ਼ ਨੂੰ ਪ੍ਰੀਭਾਸ਼ਤ ਕੀਤਾ ਗਿਆ ਹੈ । ਗੁਰੂ
ਨਾਨਕ ਦਰਬਾਰ ਦੇ ਹਜ਼ੂਰੀ ਭੱਟ ਭਾਈ ਭਿੱਖਾ ਜੀ ਦੀ ਐਸੀ ਪ੍ਰਮਾਣਿਕ ਗਵਾਹੀ ਵੀ ਅੰਕਤ ਹੈ ਕਿ
ਨਾਨਕ-ਜੋਤਿ ਸਾਰੇ ਗੁਰੂ ਸਾਹਿਬਾਨ ਸਦਾ ਹੀ ਨਿਰੰਕਾਰ ਦੇ ਦੇਸ ਵਿੱਚ ਵਸਦੇ ਰਹੇ । ਭਾਵ,
ਉਹ ਸਦਾ ਲਿਵਲੀਨ ਹੋ ਕੇ ਜੀਉਂਦੇ ਰਹੇ । ਜਿਵੇਂ ਗੁਰਵਾਕ ਹਨ “ਆਤਮੁ
ਚੀਨ੍ਹਿ ਭਏ ਨਿਰੰਕਾਰੀ ॥ {ਪੰਨਾ 415} ; ਰਖਿ ਰਖਿ
ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ {ਪੰਨਾ 685}
ਨਿਰੰਕਾਰ ਕੈ ਵਸੈ ਦੇਸਿ, ਹੁਕਮੁ ਬੁਝਿ ਬੀਚਾਰੁ ਪਾਵੈ ॥
{ਪੰਨਾ 1395} ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਅਤੇ ਗੁਰਬਾਣੀ ਦੇ ਹਜ਼ੂਰੀ
ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਰੱਬੀ-ਭੱਟ ਦੇ ਉਪਰੋਕਤ ਬਚਨ “ਨਿਰੰਕਾਰ ਕੈ ਵਸੈ ਦੇਸਿ”
’ਤੇ ਪ੍ਰਵਾਨਗੀ ਦੀ ਆਪਣੀ ਮੋਹਰ ਇਉਂ ਲਾਈ ਹੈ : ਸਬਦ ਸੁਰਤਿ
ਲਿਵਲੀਣੁ ਹੋਇ, ਨਿਰੰਕਾਰ ਸਚਖੰਡਿ ਨਿਵਾਸੀ। (ਵਾਰ ੨੫) ਉਨ੍ਹਾਂ ਤਾਂ ਇਥੋਂ ਤੱਕ
ਆਖਿਆ ਹੈ ਕਿ ਗੁਰੂ ਅਰਜਨ ਸਾਹਿਬ ਸ਼ਹੀਦੀ ਵੇਲੇ ਤੱਤੀ ਤਵੀ ਉੱਤੇ ਬੈਠੇ ਵੀ ਨਿਰੰਕਾਰ ਰੂਪ
ਦਰਿਆ ਵਿੱਚ ਇਉਂ ਲਿਵਲੀਨ ਰਹੇ, ਜਿਵੇਂ ਛੋਟੀ ਮੱਛੀ (ਪੂੰਗ) ਡੂੰਘੇ ਪਾਣੀ ਵਿੱਚ ।
ਗਿਆਨੀ ਜਾਚਕ ਜੀ ਨੇ ਇਹ ਵੀ ਦੱਸਿਆ ਕਿ ਗਿਆਨ ਗੁਰੂ ਦੇ ਰੂਪ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਮੰਨਦਿਆਂ ਨਿਰੰਕਾਰ ਦੀ ਉਪਾਸ਼ਨਾ ਕਰਨ ਦਾ ਉਪਦੇਸ਼ ਦੇਣ
ਵਾਲੀ ਅਸਲੀ ਨਿਰੰਕਾਰੀ ਸੰਸਥਾ ਸੀ ਰਾਵਲਪਿੰਡੀ ਦੇ ਬਾਬਾ ਦਿਆਲ ਜੀ ਵੱਲੋਂ 19ਵੀਂ ਸਦੀ
ਵਿੱਚ ਚਲਾਈ ਨਿਰੰਕਾਰੀ ਲਹਿਰ, ਜਿਸ ਦਾ ਹੁਣ ਮੁਖ ਕੇਂਦਰ ਹੈ ‘ਨਿਰੰਕਾਰੀ ਦਰਬਾਰ, 21
ਸੈਕਟਰ ਚੰਡੀਗੜ੍ਹ’ । ਦਿੱਲੀ ਵਾਲਿਆਂ ਦਾ ਜਿਹੜਾ ਵਿਅਕਤੀ
ਅਵਤਾਰ ਸਿੰਘ ਮੋਢੀ ਗੁਰੂ ਬਣਿਆ, ਉਹ ਤਾਂ ਰਾਵਲਪਿੰਡੀ ਦਰਬਾਰ ਵਿੱਚ ਸ਼ਰਾਬ ਪੀ ਕੇ ਕੀਰਤਨ
ਕਰਨ ਆ ਗਿਆ ਸੀ, ਜਿਸ ਕਾਰਣ ਉਸ ਨੂੰ ਧੱਕੇ ਮਾਰ ਕੇ ਦਰਬਾਰ ਵਿੱਚੋਂ ਬਾਹਰ ਕੱਢਿਆ ਗਿਆ ਸੀ
। ਇਸ ਗੁੱਸੇ ਵਿੱਚ ਉਸ ਨੇ ਆਪਣੇ ਵਰਗੇ ਸ਼ਰਾਬੀ ਕਬਾਬੀਆਂ ਦਾ ਇੱਕ ਹੋਰ ਵੱਖਰਾ ਟੋਲਾ ਬਣਾ
ਲਿਆ, ਜਿਸ ਨੂੰ ਸਰਕਾਰੀ ਸਹਾਇਤਾ ਦੇ ਬਲਬੋਤੇ ਅੱਜ-ਕੱਲ ਸੰਤ ਨਿਰੰਕਾਰੀ ਮੰਡਲ ਦਿੱਲੀ ਵਾਲੇ
ਕਰਕੇ ਜਾਣਿਆਂ ਜਾਂਦਾ ਹੈ ।