Share on Facebook

Main News Page

ਕਬੀਰ ਦਾ 'ਨਰੂ' ਤੇ ਮੈਡੀਕਲ ਸਾਇੰਸ ਦਾ ਧੁੱੜਕੂ
-: ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ
29.07.19
gianiamritpalsingh@gmail.com

'ਕੀ ਮਨੁੱਖ ਮਰ ਜਾਏ ਤੇ ਸੱਚਮੁੱਚ ਕਿਸੇ ਕੰਮ ਨਹੀਂ ਆਉਂਦਾ? ਪਰ ਅੱਜ ਤਾਂ ਮਰਿਆ ਮਨੁੱਖ ਬਹੁਤ ਕੰਮ ਆਉਂਦਾ ਹੈ। ਅੱਖਾਂ, ਕਿਡਨੀਆਂ, ਦਿਲ, ਫੇਫੜੇ ਤੇ ਹੋਰ ਬਹੁਤ ਸਾਰੇ ਸਰੀਰ ਦੇ ਅੰਗ ਦੂਜੇ ਇਨਸਾਨ ਦੇ ਸਰੀਰ ਵਿਚ ਲਗਾਏ ਜਾਂਦੇ ਹਨ। ਕਿਤੇ ਕੋਈ ਮੈਡੀਕਲ ਸਾਇੰਸ ਦਾ ਵਿਦਿਆਰਥੀ ਇਸ ਗੱਲ ਨੂੰ ਝੂਠਾ ਨਾ ਸਾਬਤ ਕਰ ਦੇਵੇ ਕਿ 'ਨਰੂ ਮਰੈ ਨਰੁ ਕਾਮਿ ਨ ਆਵੈ॥' ਅੱਜ ਦੇ ਜ਼ਮਾਨੇ ਵਿਚ ਢੁੱਕਦਾ ਹੀ ਨਹੀਂ।' ਉਸ ਦਿਨ ਤਾਂ ਇਹੀ ਵੀਚਾਰਾਂ ਦੀ ਲੜੀ ਮਨ ਵਿਚ ਚਲਦੀ ਰਹੀ ਸੀ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਲੁਧਿਆਣਾ ਵਿਖੇ ਮੈਨੂੰ ਕਈ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਦੌਰਾਨ ਭਗਤ ਕਬੀਰ ਜੀ ਦਾ ਇੱਕ ਸ਼ਬਦ 'ਨਰੂ ਮਰੈ ਨਰੁ ਕਾਮਿ ਨ ਆਵੈ॥' (ਗੋਂਡ/ ਕਬੀਰ ਜੀ / ੮੭੦) ਲੜੀਵਾਰ ਵੀਚਾਰ ਵਿਚ ਆ ਗਿਆ। ਗੁਰਦੁਆਰਾ ਸਾਹਿਬ ਤੋਂ ਟੀ.ਵੀ. ਤੇ ਲਾਈਵ ਕਥਾ ਦਾ ਪ੍ਰਸਾਰਣ ਹੋਣ ਕਰਕੇ ਸੁਭਾਵਿਕ ਹੀ ਤਾਂਘ ਰਹਿੰਦੀ ਸੀ ਕਿ ਵੱਧ ਤੋਂ ਵੱਧ ਪ੍ਰਮਾਣੀਕ ਵੀਚਾਰਧਾਰਾ ਨਾਲ ਸਾਂਝ ਪਾਈ ਜਾਵੇ। ਇਸ ਸ਼ਬਦ ਦੀ ਕਥਾ ਤੋਂ ਇਕ ਦਿਨ ਪਹਿਲਾਂ ਹੀ ਮਨ ਵਿਚ ਇਹ ਵੀਚਾਰ ਘੰਟੀਆਂ ਮਾਰਨ ਲੱਗ ਪਿਆ ਕਿ ਮਨੁੱਖ ਮਰਨ ਤੋਂ ਬਾਅਦ ਕੰਮ ਆਉਂਦਾ ਹੈ ਕਿ ਨਹੀਂ?

ਬਹੁਤ ਸੋਚ ਸੋਚ ਕੇ ਇਹ ਵੀਚਾਰ ਕੀਤੀ ਕਿ ਇੱਥੇ 'ਨਰੂ' ਦਾ ਅਰਥ ਮਨੁੱਖ ਨਹੀਂ ਬਲਕਿ ਮਨੁੱਖਤਾ ਹੈ। ਕਥਾ ਵਿਚ ਅਰਥ ਇਸ ਤਰ੍ਹਾਂ ਕੀਤੇ ਕਿ ਮਨੁੱਖ ਦੇ ਅੰਦਰੋਂ ਮਨੁੱਖਤਾ ਮਰ ਜਾਏ ਤਾਂ ਮਨੁੱਖ ਕਿਸੇ ਕੰਮ ਦਾ ਨਹੀਂ ਪਰ ਜੇ ਪਸ਼ੂ ਮਰ ਜਾਏ ਤਾਂ ਕਈ ਕੰਮ ਸੰਵਾਰ ਦਿੰਦਾ ਹੈ। ਉਸ ਦਿਨ ਦੀ ਟੀ.ਵੀ. ਉੱਤੇ ਲਾਈਵ ਕਥਾ ਤੋਂ ਬਾਅਦ ਇਹ ਵੀਚਾਰ ਇੰਨਾ ਪ੍ਰਚੱਲਿਤ ਹੋ ਗਿਆ ਕਿ ਅੱਜ ਜਦੋਂ ਮੈਂ ਇਹ ਅਰਥ ਹੋਰ ਚੋਟੀ ਦੇ ਵਿਦਵਾਨਾਂ ਪਾਸੋਂ ਸੁਣਦਾ ਹਾਂ ਕਿ ਇਹ ਸਾਡੀ ਕੀਤੀ ਹੋਈ ਖੋਜ ਹੈ ਤਾਂ ਮਨ ਵਿਚ ਹੀ ਮੁਸਕਰਾ ਉੱਠਦਾ ਹਾਂ। ਹੁਣ ਤਾਂ ਸਾਇੰਸ ਤੋਂ ਪ੍ਰਭਾਵਿਤ ਹੋ ਕੇ ਇਸ ਤਰ੍ਹਾਂ ਦੇ ਹੋਰ ਵੀ ਕਈ ਅਰਥ ਪ੍ਰਚੱਲਿਤ ਹੋ ਰਹੇ ਹਨ।

ਅੱਜ ਇਸ ਤਰ੍ਹਾਂ ਲਗਦਾ ਹੈ ਕਿ ਸਾਨੂੰ ਗੁਰਬਾਣੀ ਦੀ ਹਰ ਵੀਚਾਰ ਸੱਚੀ ਸਾਬਤ ਕਰਨ ਲਈ ਸਾਇੰਸ ਤੋਂ ਸਰਟੀਫਿਕੇਟ ਲੈਣਾ ਪੈ ਰਿਹਾ ਹੈ। ਸਾਡਾ ਭਰੋਸਾ ਨਹੀਂ ਰਿਹਾ ਕਿ ਗੁਰਬਾਣੀ ਦੀ ਵੀਚਾਰਧਾਰਾ ਸਦੀਵੀ ਸੱਚ ਹੈ। ਅਸੀਂ ਆਪ ਇੰਨੇ ਪਦਾਰਥਵਾਦੀ ਹੋ ਗਏ ਹਾਂ ਕਿ ਸਾਇੰਸ ਸਾਨੂੰ ਅੰਤਿਮ ਸੱਚ ਲੱਗ ਰਹੀ ਹੈ। ਇਸ ਲਈ ਹਰ ਵੀਚਾਰ ਕਰਨ ਲੱਗਿਆਂ ਸਾਇੰਸ ਨੂੰ ਵਿਚ ਘੁਸੇੜ ਲੈਂਦੇ ਹਾਂ। ਸੋਚਦੇ ਹਾਂ ਕਿ ਜੇ ਸਾਇੰਸ ਨੇ ਇਸ ਵੀਚਾਰ ਨੂੰ ਕੱਟ ਦਿੱਤਾ ਤਾਂ ਕਿਤੇ ਬਾਕੀ ਧਰਮ ਗ੍ਰੰਥਾਂ ਵਾਂਗ ਦੁਨੀਆਂ ਸਾਹਮਣੇ ਗੁਰਬਾਣੀ ਦੀ ਵੀਚਾਰਧਾਰਾ ਗਲਤ ਸਾਬਤ ਨਾ ਹੋ ਜਾਏ।

ਉਸ ਲਈ ਅਸੀਂ ਕੁੱਝ ਇਕ ਉਦਾਰਹਨਾਂ ਵੀ ਦੇ ਦਿੰਦੇ ਹਾਂ। ਬਾਈਬਲ ਵਿਚ ਲਿਖਿਆ ਹੈ ਕਿ ਧਰਤੀ ਚਪਟੀ ਹੈ ਪਰ ਸਾਇੰਸ ਨੇ ਸਾਬਤ ਕਰ ਦਿੱਤਾ ਕਿ ਧਰਤੀ ਗੋਲ ਹੈ। ਜਾਂ ਫਿਰ ਸੂਰਜ ਧਰਤੀ ਦੁਆਲੇ ਘੁੰਮ ਰਿਹਾ ਹੈ ਪਰ ਸਾਇੰਸ ਨੇ ਸਾਬਤ ਕਰ ਦਿੱਤਾ ਹੈ ਕਿ ਸੂਰਜ ਧਰਤੀ ਦੁਆਲੇ ਨਹੀਂ ਬਲਕਿ ਧਰਤੀ ਸੂਰਜ ਦੁਆਲੇ ਘੁੰਮ ਰਹੀ ਹੈ। ਇਸ ਤਰ੍ਹਾਂ ਦੁਨੀਆਂ ਦੇ ਸਾਹਮਣੇ ਬਾਈਬਲ ਝੂਠੀ ਸਾਬਤ ਹੋ ਗਈ। ਆਖਿਰਕਾਰ ਹੋਰ ਵੀ ਅਨੇਕਾਂ ਕਾਰਨਾਂ ਕਰਕੇ ਬਾਈਬਲ ਵਿਚ ਕਈ ਤਬਦੀਲੀਆਂ ਕਰਨੀਆਂ ਪਈਆਂ।

ਇਸ ਹਿਸਾਬ ਨਾਲ ਤਾਂ ਅੱਜ ਕੋਈ ਗੁਰਬਾਣੀ ਦੀ ਪੰਕਤੀ ਸੁਣਾ ਕੇ ਇਹ ਵੀ ਕਹਿ ਸਕਦਾ ਹੈ ਕਿ ਗੁਰਬਾਣੀ ਨੇ ਸ੍ਰਿਸਟੀ ਦੀ ਰਚਨਾ ਵਿਚ ਪੰਜ ਤੱਤਾਂ ਦੀ ਗੱਲ ਕੀਤੀ ਹੈ, ਜਿਵੇਂ 'ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥' (ਸੂਹੀ ਮਹਲਾ ੪ / ੭੩੬) ਪਰ ਅੱਜ ਸਾਇੰਸ ਨੇ ਅਨੇਕ ਤੱਤ ਲੱਭ ਲਏ ਹਨ। ਕਦੇ ਸਮਾਂ ਸੀ ਜਦੋਂ ਪਾਣੀ ਨੂੰ ਤੋੜਨ ਦਾ ਕੋਈ ਸਾਧਨ ਨਹੀਂ ਸੀ ਤਾਂ ਉਦੋਂ ਪਾਣੀ ਇੱਕ ਤੱਤ ਹੀ ਸੀ। ਹਵਾ ਨੂੰ ਨਿਖੇੜਣ ਦਾ ਸਾਧਨ ਨਹੀਂ ਸੀ ਤਾਂ ਹਵਾ ਵੀ ਇਕ ਤੱਤ ਹੀ ਸੀ। ਅੱਜ ਸਾਇੰਸ ਨੇ ਇਹਨਾਂ ਨੂੰ ਤੋੜਨ ਦੇ ਸਾਧਨ ਲੱਭ ਲਏ ਹਨ। ਹੁਣ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਪਾਣੀ ਤੱਤ ਨਹੀਂ, ਕੰਪਾਊਂਡ ਹੈ। ਇਹ ਦੋ ਤੱਤਾਂ ਨੂੰ ਮਿਲਾ ਕੇ ਬਣਿਆ ਹੈ, ਜਿਸ ਵਿਚ ਦੋ ਹਿੱਸੇ ਹਾਈਡ੍ਰੋਜਨ ਤੇ ਇਕ ਹਿੱਸਾ ਆਕਸੀਜਨ ਹੈ। ਇਸ ਦਾ ਫਾਰਮੂਲਾ H2O ਹੈ। ਹੁਣ ਪਾਣੀ ਤੱਤ ਨਹੀਂ ਰਿਹਾ, ਦੋ ਤੱਤਾਂ ਦਾ ਮਿਸ਼ਰਣ ਹੋ ਗਿਆ ਹੈ। ਮਿੱਟੀ ਇਕ ਤੱਤ ਨਹੀਂ, ਇਹ ਵੀ ਕਈ ਤਰ੍ਹਾਂ ਦੇ ਖਣਿਜ, ਅਬਰਕ ਆਦਿ ਕਈ ਤੱਤਾਂ ਨੂੰ ਮਿਲਾ ਕੇ ਬਣੀ ਹੋਈ ਹੈ। ਹਵਾ ਵੀ ਇਕ ਤੱਤ ਨਹੀਂ, ਇਹ ਵੀ ਹਾਈਡ੍ਰੋਜਨ, ਆਕਸੀਜਨ, ਨਾਈਟ੍ਰੋਜਨ ਆਦਿ ਕਈ ਤੱਤਾਂ ਦਾ ਸੁਮੇਲ ਹੈ।

ਸੰਨ 1869 ਈਸਵੀ ਤੱਕ 60 ਤੱਤ ਖੋਜੇ ਗਏ। ਪਿਛਲੀ ਸਦੀ ਦੇ ਅਖੀਰ ਤੱਕ ਇਹਨਾਂ ਦੀ ਗਿਣਤੀ 114 ਸੀ ਤੇ ਸੰਨ 2016 ਈਸਵੀ ਦੇ ਪਹਿਲੇ ਹਫ਼ਤੇ ਵਿਚ ਪ੍ਰਿਉਡਿਕ ਟੇਬਲ ਵਿਚ 4 ਤੱਤ ਹੋਰ ਸ਼ਾਮਲ ਹੋ ਗਏ ਹਨ। ਅੱਜ ਇਹਨਾਂ ਦੀ ਗਿਣਤੀ 118 ਹੈ ਅਤੇ ਇਹਨਾਂ ਵਿਸਤਾਰ ਅਜੇ ਵੀ ਜਾਰੀ ਹੈ। ਗੁਰਬਾਣੀ ਅਤੇ ਸਾਇੰਸ ਦੇ ਖੋਜੇ ਤੱਤਾਂ ਬਾਰੇ ਜ਼ਿਕਰ ਮੈਂ ਕਿਸੇ ਹੋਰ ਲੇਖ ਵਿਚ ਕਰਾਂਗਾ। ਹੁਣ ਜੇ ਕੋਈ ਮਨੁੱਖ ਇਹ ਕਹੇ ਕਿ ਗੁਰਬਾਣੀ ਤਾਂ 5 ਤੱਤ ਕਹਿ ਰਹੀ ਹੈ, ਇਸ ਲਈ ਗੁਰਬਾਣੀ ਦੀ ਵਿਚਾਰਧਾਰਾ ਗਲਤ ਸਾਬਤ ਹੋ ਗਈ ਹੈ ਤਾਂ ਇਹ ਉਸਦੀ ਅਗਿਆਨਤਾ ਹੈ। ਸਾਇੰਸ ਦੇ ਫ਼ਾਰਮੂਲੇ ਤਾਂ ਭਾਵੇਂ ਗਲਤ ਹੋ ਸਕਦੇ ਹਨ ਪਰ ਗੁਰਬਾਣੀ ਦੀ ਵੀਚਾਰਧਾਰਾ ਤ੍ਰੈ-ਕਾਲ ਸਤਿ ਹੈ।

ਯਾਦ ਰੱਖੋ ਕਿ ਧਰਮ ਤੇ ਸਾਇੰਸ ਦੋ ਅਲੱਗ-ਅਲੱਗ ਆਯਾਮ (Dimensions) ਹਨ, ਜਿਵੇਂ ਹਿਸਾਬ (Mathematics) ਤੇ ਕਵਿਤਾ (Poetry) । ਕਵਿਤਾ ਜਿੰਨੀ ਮਰਜ਼ੀ ਖ਼ੂਬਸੂਰਤ ਰਚੀ ਹੋਵੇ ਪਰ ਉਹ ਹਿਸਾਬ ਦੇ ਫਾਰਮੂਲਿਆਂ ਨੂੰ ਗਲਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਹਿਸਾਬ ਦੇ ਫਾਰਮੂਲੇ ਜਿੰਨੇ ਮਰਜ਼ੀ ਡੂੰਘੇ ਹੋਣ ਪਰ ਉਹ ਕਵਿਤਾ ਦੀ ਖ਼ੂਬਸੂਰਤੀ ਨੂੰ ਗਲਤ ਨਹੀਂ ਕਰ ਸਕਦੇ। ਦੋਵੇਂ ਟਰੇਨ ਦੀਆਂ ਲਾਈਨਾਂ ਦੀ ਤਰ੍ਹਾਂ ਇਕ ਦੂਜੇ ਦੇ ਨਾਲ ਨਾਲ ਤਾਂ ਚਲਦੇ ਹਨ ਪਰ ਇਕ ਦੂਜੇ ਨੂੰ ਬਿਲਕੁੱਲ ਵੀ ਨਹੀਂ ਕੱਟਦੇ। ਟਰੇਨ ਦੀਆਂ ਲਾਈਨਾਂ ਦੂਰੋਂ ਦੇਖਣ ਤੋਂ ਲਗਦਾ ਹੈ ਕਿ ਮਿਲ ਰਹੀਆਂ ਹਨ ਪਰ ਇਹ ਕਦੇ ਵੀ ਨਹੀਂ ਮਿਲਦੀਆਂ। ਇਹ ਸਾਡਾ ਭਰਮ ਹੈ ਕਿ ਧਰਮ ਤੇ ਸਾਇੰਸ ਮਿਲ ਜਾਣ ਪਰ ਇਹ ਕਦੇ ਵੀ ਨਹੀਂ ਹੋ ਸਕਦਾ। ਦੋਵੇਂ ਅਲੱਗ-ਅਲੱਗ ਆਯਾਮ ਹਨ।

ਸਾਇੰਸ ਬਾਹਰੀ ਜਗਤ ਦੇ ਭੇਦ ਦਸਦੀ ਹੈ ਤੇ ਧਰਮ ਆਤਮਿਕ ਜੀਵਨ ਦੀ ਗੱਲ ਕਰਦਾ ਹੈ। ਸਾਇੰਸ ਪਦਾਰਥਾਂ ਰਾਹੀਂ ਮਿਲਣ ਵਾਲੇ ਸੁੱਖਾਂ ਦੀ ਗੱਲ ਕਰਦੀ ਹੈ ਤੇ ਧਰਮ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਅਨੰਦਿਤ ਹੋਣ ਦਾ ਸਿਧਾਂਤ ਸਮਝਾਉਂਦਾ ਹੈ। ਜੇਕਰ ਧਰਮ ਸਤਿ, ਸੰਤੋਖ, ਦਇਆ, ਧਰਮ, ਧੀਰਜ ਆਦਿ ਸ਼ੁਭ ਗੁਣਾਂ ਦੇ ਜਜ਼ਬਿਆਂ ਦੀ ਗੱਲ ਕਰਦਿਆਂ ਬਾਹਰੀ ਉਦਾਹਰਣ ਲੈਂਦਾ ਹੈ ਤਾਂ ਬਾਹਰੀ ਉਦਾਹਰਣ ਗਲਤ ਹੋਣ 'ਤੇ ਧਰਮ ਦਾ ਸਿਧਾਂਤ ਗਲਤ ਨਹੀਂ ਹੋ ਜਾਂਦਾ। ਉਦਾਹਰਣਾਂ ਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਧਰਮ ਦਾ ਸਿਧਾਂਤ ਕਦੇ ਵੀ ਨਹੀਂ ਬਦਲਦਾ।

ਜੇ ਅੱਜ ਸਾਇੰਸ ਦੇ ਸਿਧਾਤਾਂ ਨੇ ਬਾਈਬਲ ਨੂੰ ਗਲਤ ਸਾਬਤ ਕਰ ਦਿੱਤਾ ਹੈ ਤਾਂ ਇਹ ਸਾਇੰਸ ਨੇ ਆਪਣੇ ਆਪ ਨੂੰ ਹੀ ਗਲਤ ਸਾਬਤ ਕੀਤਾ ਹੈ ਕਿਉਂਕਿ ਉਸ ਜ਼ਮਾਨੇ ਵਿਚ ਜਿੱਥੇ ਤੱਕ ਸਾਇੰਸ ਦੀ ਖੋਜ ਪਹੁੰਚ ਚੁੱਕੀ ਸੀ, ਉਸ ਦੀ ਹੀ ਉਦਾਹਰਣ ਦਿੱਤੀ ਗਈ। ਉਹ ਉਸ ਜ਼ਮਾਨੇ ਦੀ ਸਾਇੰਸ ਦੀ ਖੋਜ ਸੀ। ਉਹ ਕੋਈ ਧਾਰਮਿਕ ਸਿਧਾਂਤ ਨਹੀਂ ਸਨ। ਜੇ ਅੱਜ ਸਾਇੰਸ ਦੀ ਨਵੀਂ ਖੋਜ ਨੇ ਆਪਣੀ ਪੁਰਾਣੀ ਖੋਜ ਨੂੰ ਰੱਦ ਕਰ ਦਿੱਤਾ ਤਾਂ ਇਸ ਨਾਲ ਸਿਰਫ਼ ਸਾਇੰਸ ਦੀ ਪੁਰਾਣੀ ਖੋਜ ਗਲਤ ਹੋਈ ਹੈ, ਧਰਮ ਦੇ ਸਿਧਾਂਤ ਨਹੀਂ। ਸਾਇੰਸ ਦੇ ਫਾਰਮੂਲੇ ਬਦਲਦੇ ਰਹਿੰਦੇ ਹਨ ਪਰ ਧਰਮ ਦੇ ਸਿਧਾਂਤ ਤ੍ਰੈ ਕਾਲ ਸਤਿ ਹਨ। ਕੱਲ ਨੂੰ ਜੇ ਸਾਇੰਸ ਆਪਣੀ ਅੱਜ ਦੀ ਖੋਜ ਵੀ ਗਲਤ ਕਰ ਦੇਵੇ ਤਾਂ ਫਿਰ ਅਸੀਂ ਕੀ ਕਰਾਂਗੇ?

ਧਰਮ ਇਕ ਅਲੱਗ ਆਯਾਮ ਹੈ, ਜਿਸ ਨੂੰ ਕਿਸੇ ਸਾਇੰਸ ਤੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ ਹੈ।

ਜਿਹੜੇ ਆਖਦੇ ਹਨ ਕਿ 'ਨਰੂ ਮਰੈ ਨਰੁ ਕਾਮਿ ਨ ਆਵੈ' ਦੇ ਅਰਥ ਜੇਕਰ ਇਹ ਕੀਤੇ ਗਏ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਤਾਂ ਸਾਇੰਸ ਦੀ ਕਸਵੱਟੀ 'ਤੇ ਪੂਰੇ ਨਹੀਂ ਉਤਰਨਗੇ ਕਿਉਂਕਿ ਹੁਣ ਤਾਂ ਮਨੁੱਖ ਮਰ ਜਾਏ ਤਾਂ ਬਹੁਤ ਕੰਮ ਆਉਂਦਾ ਹੈ। ਅੱਖਾਂ, ਕਿਡਨੀਆਂ, ਫੇਫੜੇ, ਦਿਲ, ਅੰਤੜੀਆਂ, ਹੱਡੀਆਂ ਤੇ ਚਮੜੀ ਵੀ ਕੰਮ ਆਉਂਦੀ ਹੈ।

ਇਹ ਬੜੀ ਗਲਤ ਧਾਰਨਾ ਹੈ ਕਿ ਮਰਨ ਤੋਂ ਬਾਅਦ ਸਰੀਰ ਦੇ ਅੰਗ ਕੱਢ ਕੇ ਦਾਨ ਕੀਤੇ ਜਾ ਸਕਦੇ ਹਨ। ਮਰਨ ਉਪਰੰਤ ਚਮੜੀ ਅਤੇ ਅੱਖਾਂ ਦੇ ਕਾਰਨੀਆ ਤੋਂ ਬਿਨਾਂ ਹੋਰ ਕੁੱਝ ਵੀ ਕੰਮ ਨਹੀਂ ਆਉਂਦਾ, ਉਹ ਵੀ ਇਕ ਨਿਸ਼ਚਿਤ ਸਮੇਂ ਤੱਕ। ਕਾਰਨੀਆ ਵਿਚ ਲਹੂ ਵਹਿਣੀਆਂ (Blood Vessels) ਨਹੀਂ ਹੁੰਦੀਆਂ। ਪੂਰੀ ਅੱਖ ਵੀ ਨਹੀਂ ਕੱਢਣ ਦੀ ਲੋੜ ਨਹੀਂ ਹੁੰਦੀ, ਸਿਰਫ਼ ਆਈ ਬਾਲ ਕੱਢੀ ਜਾਂਦੀ ਹੈ ਜੋ ਕਿ ਮਰਨ ਤੋਂ ਬਾਅਦ 6 ਘੰਟੇ ਵਿਚ ਕੱਢਣੀ ਜ਼ਰੂਰੀ ਹੁੰਦੀ ਹੈ ਤੇ ਤਿੰਨ ਦਿਨਾਂ ਵਿਚ ਲਗਾਈ ਵੀ ਜਾਣੀ ਚਾਹੀਦੀ ਹੈ। ਇਸ ਵਿਚ ਵੀ ਰੇਬੀਜ਼, ਸਿਫਲਿਸ, ਹੈਪੇਟਾਈਟਸ ਜਾਂ ਏਡਜ਼ ਵਰਗੀਆਂ ਇੰਨਫੈਕਸ਼ਨਜ਼ ਵਾਲੀਆਂ ਬਿਮਾਰੀਆਂ ਵਾਲਿਆਂ ਦੀਆਂ ਅੱਖਾਂ ਨਹੀਂ ਲਗਾਈਆਂ ਜਾ ਸਕਦੀਆਂ। ਬਾਕੀ ਕੋਈ ਵੀ ਅੰਗ ਮਰਨ ਤੋਂ ਬਾਅਦ ਕੰਮ ਨਹੀਂ ਆਉਂਦਾ। ਉਸਨੂੰ ਸਰੀਰ ਦੇ ਜਿਉਂਦੇ ਹੀ ਕੱਢਣਾ ਪੈਂਦਾ ਹੈ ਅਤੇ ਨਿਸ਼ਚਿਤ ਸਮੇਂ ਦੇ ਅੰਦਰ ਹੀ ਲਗਾਉਣਾ ਪੈਂਦਾ ਹੈ।

ਜਿਵੇਂ ਮੈਡੀਕਲ ਸਾਇੰਸ ਦੀ ਦੁਨੀਆਂ ਵਿਚ 2 ਤਰ੍ਹਾਂ ਦੀ ਮੌਤ Clinical Death ਤੇ Biological Death ਮੰਨੀ ਗਈ ਹੈ, ਤਿਵੇਂ ਹੀ ਇਕ ਦਿਮਾਗੀ ਮੌਤ (Brain Death) ਵੀ ਮੰਨੀ ਗਈ ਹੈ। ਇਸ ਹਾਲਤ ਵਿਚ ਸਿਰਫ਼ ਦਿਮਾਗ ਨੂੰ ਸੱਟ ਵੱਜੀ ਹੁੰਦੀ ਹੈ, ਜਿਵੇਂ ਐਕਸੀਡੈਂਟ, ਬ੍ਰੇਨ ਟਿਊਮਰ ਜਾਂ ਲਕਵਾ ਆਦਿਕ। ਐਸੇ ਮਰੀਜ਼ਾਂ ਦਾ ਦਿਮਾਗ ਤਾਂ ਮਰ ਜਾਂਦਾ ਹੈ ਪਰ ਬਾਕੀ ਸਰੀਰ ਦੇ ਅੰਗ ਠੀਕ ਕੰਮ ਕਰਦੇ ਹਨ, ਜਿਵੇਂ ਦਿਲ ਦਾ ਧੜਕਣਾ ਆਦਿ। ਕੋਮਾ ਦੀ ਹਾਲਤ ਵਿਚ ਤਾਂ ਇਨਸਾਨ ਦੇ ਹੋਸ਼ ਆ ਜਾਣ ਦੇ ਮੌਕੇ ਹੁੰਦੇ ਹਨ ਪਰ ਦਿਮਾਗੀ ਮੌਤ ਵਿਚ ਨਹੀਂ। ਇਸ ਲਈ ਘਰ ਵਾਲਿਆਂ ਦੀ ਇੱਛਾ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਉਸ ਮਰੀਜ਼ ਦੇ ਅੰਗ ਕੱਢ ਕੇ ਲਿਸਟ ਮੁਤਾਬਕ ਪਹਿਲੇ ਉਡੀਕਵਾਨ ਨੂੰ ਅੰਗ ਲਗਾਏ ਜਾਂਦੇ ਹਨ। ਜੇ ਬਲੱਡ ਗਰੁੱਪ ਜਾਂ ਕੋਈ ਹੋਰ ਟੈਸਟ ਮੁਤਾਬਕ ਕੁੱਝ ਮੈਚ ਨਹੀਂ ਹੁੰਦਾ ਤਾਂ ਲਿਸਟ ਵਿਚ ਅਗਲੇ ਉਡੀਕਵਾਨ ਨੂੰ ਅੰਗ ਲਗਾਏ ਜਾਂਦੇ ਹਨ।

ਇਸ ਦਾ ਭਾਵ ਇਹ ਕਿ ਸਾਰੇ ਮਨੁੱਖ ਚਾਹ ਕੇ ਵੀ ਮਰਨ ਤੋਂ ਬਾਅਦ ਆਪਣੇ ਅੰਗ ਦਾਨ ਨਹੀਂ ਕਰ ਸਕਦੇ। ਫਿਰ ਤਾਂ ਆਮ ਮਨੁੱਖ ਸੱਚਮੁੱਚ ਹੀ ਮਰ ਕੇ ਕੰਮ ਨਹੀਂ ਆਉਂਦਾ। 'ਨਰੂ ਮਰੈ ਨਰੁ ਕਾਮਿ ਨਾ ਆਵੈ॥' ਮੁਤਾਬਿਕ ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ ਵਾਲੀ ਵੀਚਾਰ ਸਾਇੰਸ ਦੇ ਉਲਟ ਕਿਵੇਂ ਹੋਈ? ਜੇ ਮਰਨ ਤੋਂ ਬਾਅਦ ਕਿਸੇ ਦੀ ਅੱਖ ਦਾ ਕਾਰਨੀਆ ਲੱਗ ਵੀ ਜਾਂਦਾ ਹੈ ਤਾਂ ਇਹ ਅਪਵਾਦ (Exceptional Case) ਹੈ, ਆਮ ਤੌਰ (General Case) 'ਤੇ ਐਸਾ ਨਹੀਂ ਹੁੰਦਾ। ਵੈਸੇ ਵੀ ਹੁਣ ਤਾਂ ਮਨੁੱਖੀ ਅੰਗ ਵੀ ਤਿਆਰ ਕੀਤੇ ਜਾਣ ਲੱਗ ਪਏ ਹਨ। ਖ਼ੈਰ ਮੈਡੀਕਲ ਸਾਇੰਸ ਦਾ ਵਿਸ਼ਾ ਬਹੁਤ ਲੰਮਾ ਹੈ, ਅਸੀਂ 'ਨਰੂ' ਸ਼ਬਦ ਨੂੰ ਸਮਝਣ ਦਾ ਜਤਨ ਕਰੀਏ।

'ਨ ਦੇਵ ਦਾਨਵਾ ਨਰਾ॥' (ਮ: ੧ / ੧੪੩) ਜੇਕਰ ਅਸੀਂ 'ਨਰੂ' ਦਾ ਅਰਥ ਖਿੱਚਾ-ਧੂਹੀ ਕਰਕੇ ਮਨੁੱਖਤਾ ਕਰ ਵੀ ਲੈਂਦੇ ਹਾਂ ਤਾਂ ਗੁਰਬਾਣੀ ਵਿਚ ਆਏ 'ਨਰਾ' ਦਾ ਕੀ ਅਰਥ ਹੋਵੇਗਾ?

'ਪਸੂ ਮਰੈ ਦਸ ਕਾਜ ਸਵਾਰੈ॥' (ਗੋਂਡ/ ਕਬੀਰ ਜੀ / ੮੭੦) ਵੀਚਾਰ ਅਧੀਨ ਸ਼ਬਦ ਵਿਚਲੀ ਤੁੱਕ ਵਿਚ 'ਪਸੂ' ਦਾ ਭਾਵ ਅਰਥ ਕੀ ਕੀਤਾ ਜਾਵੇਗਾ?

'ਹਾਡ ਜਲੇ ਜੈਸੇ ਲਕਰੀ ਕਾ ਤੂਲਾ॥ ਕੇਸ ਜਲੇ ਜੈਸੇ ਘਾਸ ਕਾ ਪੂਲਾ॥' (ਗੋਂਡ/ ਕਬੀਰ ਜੀ / ੮੭੦) ਵੀਚਾਰਾਧੀਨ ਸ਼ਬਦ ਮੁਤਾਬਿਕ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ ਤੇ ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ, ਇਹਨਾਂ ਦਾ ਭਾਵ ਅਰਥ ਕੀ ਬਣੇਗਾ? ਮੁੜ-ਘਿੜ ਕੇ ਅਸੀਂ ਫਿਰ ਸਰੀਰ ਦੇ ਸੜਨ ਦੀ ਵੀਚਾਰ ਸ਼ੁਰੂ ਕਰ ਦਿੰਦੇ ਹਾਂ।

ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ 'ਨਰੁ' ਦੀ ਜਗ੍ਹਾ 'ਨਰੂ' ਜਾਂ 'ਨਰਾ' ਲਫ਼ਜ਼ ਕਿਉਂ ਆਇਆ ਹੈ?

ਗੁਰਬਾਣੀ ਵਿਆਕਰਣ ਦੇ ਨੁਕਤਾ ਨਿਗਾਹ ਤੋਂ ਦੁਲੈਂਕੜ ਆਉਣ ਦੇ ਅਨੇਕ ਕਾਰਨ ਹਨ। ਇੱਥੇ ਅਸੀਂ ਸਿਰਫ਼ ਮੂਲਿਕ ਔਂਕੜ ਵਾਲੇ ਸ਼ਬਦਾਂ ਦੀ ਵੀਚਾਰ ਕਰਾਂਗੇ, ਕਿਉਂਕਿ 'ਨਰੁ' ਇਕ ਵਚਨ ਨਹੀਂ ਹੈ, ਬਲਕਿ ਇਹ ਸੰਸਕ੍ਰਿਤ ਤੋਂ ਆਪਣੀ ਮੂਲਿਕ ਔਂਕੜ ਨਾਲ ਲੈ ਕੇ ਆਇਆ ਹੈ। ਇਸ ਤਰ੍ਹਾਂ ਦੇ ਹੋਰ ਸ਼ਬਦ ਵੀ ਹਨ, ਜਿਵੇਂ ਸਸੁ, ਮਸੁ, ਵਿਸੁ, ਵਸਤੁ, ਜਿੰਦੁ, ਖਾਕੁ ਆਦਿ।

ਮੂਲਿਕ ਔਂਕੜ ਵਾਲੇ ਸ਼ਬਦਾਂ ਨਾਲ ਦੁਲੈਂਕੜ ਆਉਣ ਦਾ ਪਹਿਲਾ ਕਾਰਨ ਇਹ ਹੈ ਕਿ ਜਦੋਂ ਮੂਲਿਕ ਔਂਕੜ ਵਾਲੇ ਨਾਂਵ ਦੇ ਅੱਗੇ ਸੰਬੰਧਕੀ ਪਦ ਲੱਗਾ ਹੋਵੇ ਤਾਂ ਉਸਦੀ ਔਂਕੜ ਨਹੀਂ ਲੱਥਦੀ ਸਗੋਂ ਦੁਲੈਂਕੜ ਵਿਚ ਤਬਦੀਲ ਜਾਂਦੀ ਹੈ, ਜਿਵੇਂ: ਸਸੂ, ਜਿੰਦੂ, ਮਸੂ, ਵਿਸੂ, ਖਾਕੂ, ਵਸਤੂ, ਪਿਯੂ ਆਦਿ।

ਸਸੁ ਤੋਂ ਸਸੂ (ਅੱਗੇ 'ਤੇ' ਸੰਬੰਧਕੀ ਹੈ): ਸਸੂ ਤੇ ਪਿਰਿ ਕੀਨੀ ਵਾਖਿ॥ (ਆਸਾ ਮਹਲਾ ੫ / ੩੭੦)

ਜਿੰਦੁ ਤੋਂ ਜਿੰਦੂ (ਅੱਗੇ 'ਕੂੰ' ਸੰਬੰਧਕੀ ਹੈ): ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥ (ਸਲੋਕ ਸੇਖ ਫਰੀਦ ਕੇ / ੧੩੭੭)

ਮੂਲਿਕ ਔਂਕੜ ਵਾਲੇ ਸ਼ਬਦਾਂ ਨਾਲ ਦੁਲੈਂਕੜ ਆਉਣ ਦਾ ਦੂਜਾ ਕਾਰਨ ਇਹ ਹੈ ਕਿ ਜਦੋਂ ਮੂਲਿਕ ਔਂਕੜ ਵਾਲੇ ਨਾਂਵ ਦਾ ਅਰਥ ਸੰਬੰਧਕੀ ਤੇ ਕਾਰਕੀ ਅਰਥ ਨਿਕਲਦਾ ਹੋਵੇ ਤਾਂ ਵੀ ਉਸਦੀ ਔਂਕੜ ਨਹੀਂ ਲੱਥਦੀ ਸਗੋਂ ਦੁਲੈਂਕੜ ਵਿਚ ਤਬਦੀਲ ਜਾਂਦੀ ਹੈ, ਜਿਵੇਂ: ਮਾਊ ਪੀਊ, ਭਸੂ, ਖੇਹੂ ਆਦਿ।

ਮਾਉ ਪਿਉ ਤੋਂ ਮਾਊ ਪੀਊ (ਮਾਂ ਪਿਉ ਦੀ): ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ॥ (ਸਲੋਕੁ ਮ: ੧ / ੧੪੯)

ਭਸੁ ਤੋਂ ਭਸੂ (ਸੁਆਹ ਨਾਲ): ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ॥ (ਮਹਲਾ ੧ / ੧੨੪੦)

'ਨਰੂ ਮਰੈ ਨਰੁ ਕਾਮਿ ਨ ਆਵੈ॥' (ਗੋਂਡ/ ਕਬੀਰ ਜੀ / ੮੭੦) ਇਸ ਤੁੱਕ ਵਿਚ 'ਨਰੂ' ਦੇ ਨਾਲ ਨਾ ਤਾਂ ਕੋਈ ਸੰਬੰਧਕੀ ਪਦ ਆਇਆ ਹੈ ਅਤੇ ਨਾ ਹੀ ਇਸ ਤੋਂ ਕੋਈ ਸੰਬੰਧਕੀ ਤੇ ਕਾਰਕੀ ਅਰਥ ਨਿਕਲਦੇ ਹਨ। ਫਿਰ ਇੱਥੇ 'ਨਰੁ' ਤੋਂ 'ਨਰੂ' ਆਉਣ ਦਾ ਕੀ ਕਾਰਨ ਹੈ?

ਗੁਰਬਾਣੀ ਕਾਵਿ ਰੂਪ ਵਿਚ ਲਿਖੀ ਗਈ ਹੈ। ਕਾਵਿਕ ਤੌਰ 'ਤੇ ਮਾਤਰਾ ਪੂਰੀਆਂ ਕਰਨ ਲਈ ਜਾਂ ਤੁਕ ਦਾ ਵਜ਼ਨ ਪੂਰਾ ਕਰਨ ਲਈ ਕਿਸੇ ਸਵਰ ਨੂੰ ਲਘੂ ਜਾਂ ਦੀਰਘ ਕੀਤਾ ਜਾਂਦਾ ਹੈ। ਜਿਵੇਂ ਗੁਰਬਾਣੀ ਵਿਚ ਦੀਰਘ ਸਵਰ ਨੂੰ ਲਘੂ ਕਰਨ ਲਈ 'ਸੰਕਾ' ਨੂੰ 'ਸੰਕ' ਜਾਂ 'ਤਾਣਾ' ਨੂੰ 'ਤਾਣੁ' ਕੀਤਾ ਗਿਆ ਹੈ।

ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ॥ (ਸੂਹੀ ਛੰਤ ਮਹਲਾ ੫ / ੭੭੭)

ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ॥ (ਸਲੋਕ ਮ: ੧ / ੭੯੦)

ਇਸੇ ਤਰ੍ਹਾਂ ਹੀ ਕਾਵਿਕ ਤੌਰ 'ਤੇ ਮਾਤਰਾ ਪੂਰੀਆਂ ਕਰਨ ਜਾਂ ਤੁੱਕ ਦਾ ਵਜ਼ਨ ਪੂਰਾ ਕਰਨ ਲਈ ਕਿਸੇ ਸਵਰ ਨੂੰ ਲਘੂ ਤੋਂ ਦੀਰਘ ਵੀ ਕੀਤਾ ਜਾਂਦਾ ਹੈ, ਜਿਵੇਂ ਪਰਗਾਸੁ ਤੋਂ ਪਰਗਾਸਾ, ਹੁਕਮੁ ਤੋਂ ਹੁਕਮੈ, ਮਨਿ ਤੋਂ ਮੰਨਿ, ਤਨੁ ਤੋਂ ਤੰਨੁ, ਜਗਤ ਤੋਂ ਜਗਤ੍ਰ ਆਦਿ।

ਜਿਉ ਅੰਧਿਆਰੈ ਦੀਪਕੁ ਪਰਗਾਸਾ॥ (ਮਾਝ ਮਹਲਾ ੫ / ੧੦੦)

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਜਪੁ ਜੀ ਸਾਹਿਬ / ੧)

ਅਸਲ ਲਫ਼ਜ਼ 'ਹੁਕਮੁ' ਹੈ। 'ਅੰਦਰਿ' ਸੰਬੰਧਕੀ ਪਦ ਆਉਣ ਕਰਕੇ 'ਹੁਕਮੁ' ਦੀ ਔਂਕੜ ਲੱਥ ਜਾਣੀ ਸੀ ਤੇ ਇਸ ਨੇ 'ਹੁਕਮ' ਬਣ ਜਾਣਾ ਸੀ ਪਰ ਤੁੱਕ ਦਾ ਵਜ਼ਨ ਪੂਰਾ ਕਰਨ ਲਈ 'ਹੁਕਮ' ਨੂੰ ਦੀਰਘ ਸਵਰ ਬਣਾ ਕੇ 'ਹੁਕਮੈ' ਕਰ ਦਿੱਤਾ ਗਿਆ। ਜੇ 'ਹੁਕਮੈ' ਦਾ ਅਰਥ 'ਹੁਕਮ ਵਿਚ' ਹੁੰਦਾ ਤਾਂ 'ਅੰਦਰਿ' ਸੰਬੰਧਕੀ ਪਦ ਨਹੀਂ ਆਉਣਾ ਸੀ। 'ਅੰਦਰਿ' ਸੰਬੰਧਕੀ ਪਦ ਦੇ ਹੁੰਦਿਆਂ 'ਹੁਕਮੈ' ਆਉਣਾ ਕਾਵਿ-ਤੋਲ ਪੂਰਾ ਕਰਨ ਲਈ ਹੀ ਹੈ।

ਇਸੇ ਤਰ੍ਹਾਂ ਇੱਥੇ 'ਨਰੂ' ਦੀ ਦੁਲੈਂਕੜ ਦਾ ਵਿਆਕਰਣ ਨਾਲ ਕੋਈ ਸੰਬੰਧ ਨਹੀਂ ਹੈ ਸਗੋਂ ਇਸ ਦਾ ਸੰਬੰਧ ਕਾਵਿ-ਤੋਲ ਪੂਰਾ ਕਰਨ ਨਾਲ ਹੈ। 'ਨਰੁ' ਤੋਂ 'ਨਰੂ' ਦਾ ਅਰਥ ਵੀ ਮਨੁੱਖ ਹੀ ਹੈ, ਮਨੁੱਖਤਾ ਨਹੀਂ। ਗੁਰਬਾਣੀ ਵਿਚ ਆਈ ਤੁੱਕ 'ਨ ਦੇਵ ਦਾਨਵਾ ਨਰਾ॥' (ਮ: ੧ / ੧੪੩) ਵਿਚ 'ਨਰੁ' ਤੋਂ 'ਨਰਾ' ਕਾਫੀਯਹ ਰਦੀਫ਼ ਲਈ ਹੈ, ਇਸ ਦਾ ਅਰਥ ਵੀ ਮਨੁੱਖ ਹੀ ਹੈ। 'ਨਰੁ' ਤੋਂ 'ਨਰਾ' ਵੀ ਕਾਵਿ-ਚਾਲ ਸਾਂਵੀ ਕਰਨ ਲਈ ਹੀ ਹੈ।

ਇਸ ਲਈ 'ਨਰੂ' ਦਾ ਅਰਥ ਮਨੁੱਖਤਾ ਕਰਨਾ ਗਲਤ ਹੋਵੇਗਾ। ਇਸ ਦਾ ਅਰਥ ਮਨੁੱਖ ਹੀ ਹੈ। ਇਸ ਸ਼ਬਦ ਵਿਚ ਭਗਤ ਕਬੀਰ ਜੀ ਨੇ ਉਸ ਸਮੇਂ ਆਮ ਚੱਲ ਰਹੀ ਸਥਾਨਕ ਰੀਤੀ ਦੀ ਉਦਾਹਰਣ ਦਿੰਦਿਆਂ ਇਹ ਸਮਝਾਇਆ ਹੈ ਕਿ ਪ੍ਰਭੂ ਦੀ ਯਾਦ ਤੋਂ ਵਿਹੂਣਾ ਜਦੋਂ ਮਨੁੱਖ ਮਰਦਾ ਹੈ ਤਾਂ ਮਰ ਕੇ ਵੀ ਕਿਸੇ ਕੰਮ ਨਹੀਂ ਆਉਂਦਾ। ਐਸੇ ਮਨੁੱਖ ਨਾਲੋਂ ਪਸ਼ੂ ਹੀ ਚੰਗਾ ਹੈ ਜੋ ਮਰਨ ਤੋਂ ਬਾਅਦ ਵੀ ਕਈ ਕੰਮ ਸਵਾਰ ਦਿੰਦਾ ਹੈ। ਇਸ ਲਈ ਹੇ ਮਨੁੱਖ! ਮਰਨ ਵੇਲੇ ਪਛਤਾਉਣ ਨਾਲੋਂ ਜੀਉਂਦੇ ਜੀਅ ਹੀ ਸ਼ੁੱਭ ਕਰਮ ਕਰ ਕੇ ਮਨੁੱਖਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top