- ਇੰਝ ਜਾਪਿਆ ਜਿਵੇਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਨਹੀਂ ਬਲਕਿ
ਮਲਿਕ ਭਾਗੋ ਦਾ ਹੋਵੇ
- ਪੰਜ ਪਿਆਰਿਆਂ ਤੋਂ ਕੇਕ ਤੱਕ ਕਟਵਾ ਲਏ
- ਲੰਗਰ ਵਿੱਚ Menu ਵੀ ਮਲਿਕ ਭਾਗੋ ਦੇ ਬ੍ਰਹਮ ਭੋਜ ਦਾ ਰਿਹਾ
ਸਿੱਖ ਨੇ ਆਪਣੇ ਅਮੀਰ ਤੇ ਬਹੁਮੁੱਲੇ ਵਿਰਸੇ ਨੂੰ ਸੰਭਾਲਣ ਲਈ ਜਿਥੇ ਸਦਾ ਯਤਨਸ਼ੀਲ ਰਹਿਣਾ
ਹੈ ਉਥੇ ਇਹਨਾਂ ਸਾਕਿਆਂ, ਜਨਮ ਦਿਹਾੜੇ, ਸ਼ਹੀਦੀ ਦਿਵਸ ਤੇ ਸ਼ਤਾਬਦੀਆਂ ਨੂੰ ਵੀ ਮਨਾਉਣ ਦਾ
ਉਦਮ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਆਪਣੇ ਪੁਰਖਿਆਂ ਨੂੰ ਯਾਦ ਕਰਨ ਨਾਲ ਉਹਨਾਂ
ਦੇ ਉਪਦੇਸ਼ਾਂ ਅਤੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬੱਲ, ਤਾਕਤ ਤੇ ਉਦਮ ਮਿਲਦਾ ਹੈ ।
ਗੁਰਬਾਣੀ ਫੁਰਮਾਨ ਹੈ "ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥"
ਸਾਡੇ ਸਿੱਖਾਂ ਵਿੱਚ ਗੁਰੂ ਦੇ ਪ੍ਰਤੀ ਪਿਆਰ ਤੇ ਉਤਸ਼ਾਹ ਜਿਥੇ ਕੁੱਟ
ਕੁੱਟ ਭਰਿਆ ਪਿਆ ਹੈ ਉਥੇ ਸ਼ਰਧਾ ਤੇ ਸੇਵਾ ਦੀ ਵੀ ਕਿਸੇ ਪਾਸਿਓਂ ਕਮੀਂ ਨਜ਼ਰੀ ਨਹੀਂ ਪੈਂਦੀ
। ਭੁੱਖਿਆਂ ਨੂੰ ਲੰਗਰ ਤੇ ਅਨਾਜ ਤੋਂ ਲੈ ਕੇ ਆਪਣਾ ਆਪ ਨਿਛਾਵਰ ਕਰਨ ਤੋਂ ਵੀ ਇਸ ਕੌਮ ਦੇ
ਸੂਰਮੇ ਪਿਛੇ ਨਹੀਂ ਹਟੇ । ਭਾਈ ਤਾਰੂ ਸਿੰਘ ਜੀ ਦੀ ਜੀਵਨੀ ਸਾਡੇ ਸਾਹਮਣੇ ਪ੍ਰਤੱਖ ਮਿਸਾਲ
ਹੈ । ਅਜੌਕੇ ਸਮੇਂ ਵਿੱਚ ਭਾਰਤ ਦੇ ਵੱਖ ਵੱਖ ਸੂਬਿਆ ਚ' ਆਈਆਂ ਮੂਸੀਬਤਾਂ ਦੌਰਾਨ ਪੀੜ੍ਹਤਾਂ
ਨੂੰ ਹਰ ਪੱਖੋਂ ਮਦਦ ਕਰਦੇ ਕੌਮੀ ਪ੍ਰਵਾਣੇ ਬਿਨ੍ਹਾਂ ਕਿਸੇ ਜਾਤੀ/ਧਰਮ ਦੇ ਭਿੰਨ-ਭੇਦ ਤੋਂ
ਸੇਵਾ ਕਰਦੇ ਦੁਨੀਆ ਨੇ ਪ੍ਰਤੱਖ ਦੇਖੇ ।
ਗੁਰੂ ਸਾਹਿਬਾਨ ਨੇ ਸਾਨੂੰ ਸਮਾਜ ਦੀ ਭਲਾਈ ਲਈ ਸੇਵਾ, ਉਤਸ਼ਾਹ ਤੇ
ਆਪਾ ਵਾਰਣ ਤੋਂ ਇਲਾਵਾ ਗਿਆਨ ਦੀ ਵਰਤੋਂ ਕਰਨ ਦੀ ਵੀ ਸੋਝੀ ਬਖਸ਼ੀ ਹੈ । ਬਿਨ੍ਹਾਂ ਗਿਆਨ
ਤੇ ਅਕਲ ਦੀ ਵਰਤੋਂ ਤੋਂ ਬਿਨ੍ਹਾਂ ਨਿਰੀ-ਪੁਰੀ ਸ਼ਰਧਾ ਤੇ ਉਤਸ਼ਾਹ ਕੇਵਲ ਕਰਮਕਾਂਡ ਬਣ ਕੇ
ਰਹਿ ਜਾਂਦੀ ਹੈ । ਗੁਰਬਾਣੀ ਫੁਰਮਾਣ ਹੈ 'ਅਕਲੀ ਸਾਹਿਬੁ
ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿ ਕੂ ਬੁਝੀਐ ਅਕਲੀ ਕੀਚੈ ਦਾਨੁ ॥' ਭਾਵ ਕਿ
ਸਾਨੂੰ ਗੁਰਬਾਣੀ ਪੜ੍ਹਣ ਲੱਗਿਆਂ ਜਾਂ ਸੇਵਾ ਕਰਨ ਤੋਂ ਇਲਾਵਾ ਹਰੇਕ ਜੀਵਣ ਦੇ ਕਾਰ-ਵਿਹਾਰ
ਕਰਦਿਆਂ ਆਪਣੀ ਬੁੱਧੀ ਜਾਂ ਦਿਮਾਗ ਦੀ ਵਰਤੋਂ ਕਰਨੀਂ ਹੈ ਭਾਂਵੇ ਦੁਨਿਆਵੀ ਹੋਵੇ ਜਾਂ
ਧਾਰਮਿਕ । ਸੰਸਾਰੀ ਖੇਤਰ ਚ' ਤਾਂ ਹਰ ਕਿਸੇ ਨੂੰ ਬੁੱਧੀ ਦੀ
ਲੋੜ ਤੋਂ ਵੱਧ ਵਰਤੋਂ ਕਰਦੇ ਦੇਖਿਆ ਗਿਆ ਹੈ ਪਰ ਧਾਰਮਿਕ ਖੇਤਰ ਵਿੱਚ ਓਹ ਮਨੁੱਖ ਹੀ ਸ਼ਰਧਾ
ਦੇ ਨਾਮ ਹੇਠ ਅੰਨ੍ਹੇ ਹੋਏ ਦੇਖੇ ਗਏ ਹਨ ।
ਮੌਜੂਦਾ ਸਮੇਂ ਵੱਲ ਹੀ ਝਾਤ ਮਾਰ ਕੇ ਦੇਖ ਲਈਏ ਜਦੋਂ ਗੁਰੂ ਨਾਨਕ
ਸਾਹਿਬ ਜੀ ਦੇ 550ਵੀਂ ਪ੍ਰਕਾਸ਼ ਸ਼ਤਾਬਦੀ ਮਨਾਉਂਦਿਆਂ ਧਾਰਮਕ ਖੇਤਰ ਵੱਲ ਝਾਤ ਮਾਰੀ ਤਾਂ
ਢੰਗ-ਤਰੀਕੇ ਦੇਖ ਕੇ ਇਹ ਸਹਿਜੇ ਹੀ ਅਨੁਮਾਨ ਲੱਗ ਗਿਆ ਹੈ ਕਿ ਅਸੀਂ ਇਹ ਸ਼ਤਾਬਦੀ ਵੀ ਪਿਛਲੇ
ਸਮਿਆਂ ਵਿੱਚ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਤਰ੍ਹਾਂ ਧਨ, ਧੂੜ ਤੇ ਧੱਕਿਆਂ ਵਿੱਚ ਰੋਲ ਕੇ
ਰੱਖ ਦਿੱਤੀ , ਬਿਨ੍ਹਾਂ ਕੋਈ ਸੁਚਾਰੂ ਪ੍ਰੋਗਰਾਮ ਤੇ ਨਿਸ਼ਾਨਾ ਮਿਥਿਆਂ ਸਿੱਖ ਸੰਗਤਾਂ ਨੇ
ਆਪਣਾ ਉਤਸ਼ਾਹ ਧਨ ਤੇ ਸ਼ਰਧਾ ਨੂੰ ਲੰਗਰਾਂ, ਫੇਰੀਆਂ ਤੇ ਯਾਤਰਾਵਾਂ ਵਿੱਚ ਵਿਅਰਥ ਗਵਾ ਲਿਆ
। ਸਾਡੇ ਲੀਡਰ, ਪ੍ਰਬੰਧਕਾਂ ਤੇ ਜਥੇਦਾਰ ਨੇ ਵੀ ਅੱਧੀ ਅੱਧੀ ਰਾਤ ਤੱਕ ਸੰਗਤਾਂ ਨੂੰ ਜਗਾ
ਕੇ ਉਹਨਾਂ ਦੇ ਅਰਾਮ ਤੇ ਨੀਂਦ ਦਾ ਮੁੱਲ ਸਿਰਫ ਚਾਹ, ਪਕੋੜੇ ਤੇ ਜਲੇਬੀਆਂ ਪਾਇਆ ਬਜਾਇ ਇਸ
ਦੇ ਕਿ ਗੁਰੂ ਨਾਨਕ ਦੀ ਸਿੱਖਿਆ ਤੋਂ ਜਾਣੂ ਕਰਵਾਇਆ ਜਾਂਦਾ ।
ਕੌਮ ਦੀਆਂ ਸਿਰਮੌਰ ਜਥੇਬੰਦੀਆਂ ਤੇ
ਜਥੇਦਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਕੋਈ ਸੁਚਾਰੂ ਸੇਧ ਦੇ ਕੇ ਕੌਮੀ ਟੀਚਾ ਦਿੰਦੇ ਪਰ
ਸ਼ਾਇਦ ਉਥੇ ਕਾਬਜ਼ ਲੋਕਾਂ ਦੀ ਕਾਬਲੀਅਤ ਇਸ ਪੱਧਰ ਦੀ ਨਾਂ ਹੋਵੇ ਜਾਂ ਸ਼ਾਇਦ ਉਹਨਾਂ ਦਾ
ਮੁੱਖ ਟੀਚਾ ਹੀ ਸੰਗਤ ਨੂੰ ਰੰਗ-ਤਮਾਸ਼ਿਆਂ ਚ' ਉਲਝਾ ਕੇ ਗੋਲਕਾਂ ਨੂੰ ਨੱਕੋ ਨੱਕ ਭਰਨਾਂ
ਹੋਵੇਗਾ । ਕਿਸੇ ਵਿਰਲੀ ਥਾਂ ਨੂੰ ਛੱਡ ਕੇ ਹਰ ਪਾਸੇ ਮਲਿਕ ਭਾਗੋ ਹੀ ਦਿਖਿਆ, ਕਈ
ਵਾਰ ਤਾਂ ਇੰਝ ਮਹਿਸੂਸ ਹੋਇਆ ਕਿ ਅਸੀਂ ਨਾਨਕ ਸ਼ਤਾਬਦੀ ਨਹੀਂ ਸਗੋਂ ਮਲਿਕ ਭਾਗੋ ਦੀ ਸ਼ਤਾਬਦੀ
ਮਨਾ ਰਹੇ ਹੋਈਏ । ਹਰ ਥਾਂ ਓਹੀ ਸੁਆਦਲੇ ਪਕਵਾਨ, ਓਹੀ ਸ਼ਮਿਆਨੇ, ਬੱਤੀਆਂ ਤੇ ਅਮੀਰੀ ਦੇਖਣ
ਨੂੰ ਮਿਲੀ । ਹੋਰ ਤੇ ਹੋਰ ਗੁਰੂ ਨਾਨਕ ਦੇ ਨਾਮ ਦੇ ਕੇਕ ਤੱਕ ਕੱਟ ਲਏ । ਭਾਈ ਲਾਲੋ ਕਿਧਰੇ
ਵੀ ਲੱਭਦਿਆਂ ਨਾ ਲੱਭਾ ਸ਼ਾਇਦ ਓਹ ਕਿਸੇ ਕੋਨੇ ਤੇ ਬੈਠਾ ਇਹ ਨਜ਼ਾਰਾ ਦੇਖ ਕਹਿ ਰਿਹਾ ਹੋਏਗਾ
ਕਿ 'ਹੇ ਨਾਨਕ ! ਤੂੰ ਤੇ ਮੇਰੇ ਹੱਥੋਂ ਕੋਧਰੇ ਦੀ ਰੋਟੀ ਛੱਕ ਕੇ ਹੀ ਮੈਨੂੰ ਗਿਆਨ ਦੇ
ਲੱੜ ਲਾ ਗਿਆ ਪਰ ਅੱਜ ਤੇਰੇ ਸਿੱਖ 36 ਪ੍ਰਕਾਰ ਦੇ ਭੋਜਨ ਛੱਕ-ਛਕਾ ਕੇ ਵੀ ਵਹਿਮਾਂ ਭਰਮਾਂ,
ਕਰਮਕਾਂਡਾਂ ਤੇ ਮਨਮਤਿ ਦੇ ਪ੍ਰਭਾਵ ਹੇਠ ਦੱਬੇ ਪਏ ਹਨ ।'
ਸੋ ਆਓ ! ਗੁਰੂ ਦੀਆਂ ਸਿਖਿਆਵਾਂ ਨੂੰ ਪ੍ਰਮੁੱਖਤਾ ਦੇ ਕੇ ਆਪਣੀ
ਸ਼ਰਧਾ ਤੇ ਗਿਆਨ ਦਾ ਕੁੰਡਾ ਪਾ ਕੇ ਪੁਰਬ ਮਨਾਈਏ ਤਾਂ ਜੋ ਬਾਣੀ ਦੀਆਂ ਸਿਖਿਆਵਾਂ ਨੂੰ ਸਮਝ
ਕੇ ਜੀਵਨ ਵਿੱਚ ਗੁਰ ਉਪਦੇਸ਼ਾਂ ਰਾਂਹੀਂ ਮਹਿਕ ਲਿਆਂਦੀ ਸਕੇ । ਅਸੀਂ ਜਿਥੇ ਬਾਹਰੀ ਤੋਰ ਤੇ
ਸਿੱਖੀ ਸਰੂਪ ਵਿੱਚ ਵਿੱਚਰਦੇ ਹਾਂ ਉਥੇ ਕਰਮਾਂ ਕੇ ਵੀ ਸਿੱਖੀ ਬਣ ਜਾਈਏ ਤਾਂ ਜੋ ਸਾਡੀਆਂ
ਸ਼ਤਾਬਦੀਆਂ ਤੇ ਪੁਰਬ ਮਨਾਏ ਸਫਲ ਹੋ ਸਕਣ ।
ਕਬੀਰਾ ਜਹਾ ਗਿਆਨ ਤਹ ਧਰਮ ਹੈ ਜਹਾ ਝੂਠੁ
ਤਹ ਪਾਪ ॥
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥