Khalsa News homepage

 

 Share on Facebook

Main News Page

ਗਵਾਲੀਅਰ ਦੇ 'ਗੁਰਦੁਆਰਾ ਭਾਈ ਹਰਿਦਾਸ ਜੀ' ਨੂੰ 'ਸ਼੍ਰੀ ਕਾਲੀ ਦੇਵੀ ਭੈਰਉ ਜੀ ਮੰਦਰ' ਵਿੱਚ ਬਦਲ ਦਿੱਤਾ ਗਿਆ
-: ਗਿ. ਜਗਤਾਰ ਸਿੰਘ ਜਾਚਕ

11 ਦਸੰਬਰ, ਕੋਟਕਪੂਰਾ (ਗੁਰਿੰਦਰ ਸਿੰਘ) ਕੁਝ ਦਿਨਾਂ ਤੋਂ ਕਥਿਤ ਸਿੱਖ ਸੰਸਥਾਵਾਂ ਵੱਲੋਂ ਅਖਬਾਰਾਂ ਰਾਹੀਂ ਜਗਨਨਾਥਪੁਰੀ ਉੜੀਸਾ ਦੇ 'ਗੁਰਦੁਆਰਾ ਸਾਹਿਬ ਮੰਗੂ-ਮੱਠ' ਅਤੇ ਸਿਕਮ ਦੇ 'ਗੁਰਦੁਆਰਾ ਡਾਂਗਮਾਰ ਸਾਹਿਬ' ਦੇ ਢਾਹੁਣ ਦੀ ਨਿਖੇਧੀ ਤਾਂ ਕੀਤੀ ਜਾ ਰਹੀ ਹੈ । ਪ੍ਰੰਤੂ, ਹਰਿਦੁਆਰ ਦੇ 'ਗੁਰਦੁਆਰਾ ਗੋਦੜੀ ਸਾਹਿਬ' ਨੂੰ ਸਰਕਾਰੀ ਤੌਰ 'ਤੇ ਢਾਹੁਣ ਅਤੇ ਗਵਾਲੀਅਰ ਦੇ ਇਤਿਹਾਸਕ ਅਸਥਾਨ 'ਗੁਰਦੁਆਰਾ ਭਾਈ ਹਰਿਦਾਸ' ਨੂੰ 1984 ਵਿੱਚ ਹਿੰਦੂ ਹੁਜੂਮ ਵੱਲੋਂ ਉਥੋਂ ਦੇ ਸੇਵਾਦਾਰ ਨੂੰ ਕਤਲ ਕਰਕੇ 'ਸ੍ਰੀ ਕਾਲੀ ਦੇਵੀ ਭੈਰਉ ਜੀ ਮੰਦਰ' ਵਿੱਚ ਬਦਲਣ ਦੀਆਂ ਸਿੱਖ ਮਾਰੂ ਯਾਦਾਂ ਸਹਿਜੇ ਸਹਿਜੇ ਭੁੱਲਾਈ ਜਾ ਰਹੇ ਹਾਂ, ਜੋ ਸਾਡੀ ਅਣਖਹੀਨ ਗੁਲ਼ਾਮ ਮਾਨਸਿਕਤਾ ਦਾ ਪ੍ਰਗਟਾਵਾ ਹੀ ਕਹਿਆ ਜਾ ਸਕਦਾ ਹੈ ।

ਇਸ ਲਈ ਹੁਣ ਤਖ਼ਤ ਸਾਹਿਬਨਾਂ ਦੇ ਪੰਜੇ ਜਥੇਦਾਰਾਂ ਦਾ ਮੁੱਖ ਫ਼ਰਜ਼ ਬਣਦਾ ਹੈ ਕਿ ਉਹ ਮੀਟਿੰਗਾਂ ਕਰਨ ਦੀ ਥਾਂ ਆਪਣੇ ਆਪਣੇ ਇਲਾਕਿਆਂ ਵਿੱਚ ਢਾਹੇ ਤੇ ਮੰਦਰਾਂ ਵਿੱਚ ਬਦਲੇ ਹੋਏ ਗੁਰਦੁਆਰਾ ਸਾਹਿਬਾਨ ਨੂੰ ਉਨ੍ਹਾਂ ਥਾਵਾਂ 'ਤੇ ਦੁਬਾਰਾ ਉਸਾਰਨ ਤੇ ਮਨੂੰਵਾਦੀਆਂ ਤੋਂ ਅਜ਼ਾਦ ਕਰਾਉਣ ਲਈ ਜਥੇ ਲੈ ਕੇ ਤੁਰਨ । ਇਹ ਵਿਚਾਰ ਹਨ ਅੰਤਰਾਸ਼ਟਰੀ ਪ੍ਰਚਾਰਕ ਗਿ. ਜਗਤਾਰ ਸਿੰਘ ਦੇ, ਜਿਹੜੇ ਉਨ੍ਹਾਂ ਸਪੋਕਸਮੈਨ ਨੂੰ ਭੇਜੇ ਆਪਣੇ ਈਮੇਲ ਪ੍ਰੈਸਨੋਟ ਰਾਹੀਂ ਪ੍ਰਗਟ ਕੀਤੇ ।

ਉਨਾਂ ਦੱਸਿਆ ਕਿ ਕਾਲੀ ਦੇਵੀ ਭਗਤ ਹਰੀ ਰਾਮ ਉਰਫ਼ 'ਹਰਿਦਾਸ' ਗਵਾਲੀਅਰ ਦੇ ਕਿਲੇ ਦਾ ਦਾਰੋਗਾ ਸੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਮਦ੍ਰਿਸ਼ਟੀ, ਸੂਰਬੀਰਤਾ ਤੇ ਸਚਿਆਰੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਗੁਰਸਿੱਖ ਬਣ ਗਿਆ । ਉਸ ਨੇ ਆਪਣੇ ਘਰ ਵਿੱਚਲੀ ਕਾਲੀ ਦੇਵੀ ਦੀ ਮੂਰਤੀ ਨੂੰ ਪੂਜਾ ਸਥਲ ਤੋਂ ਚੁੱਕ ਕੇ ਸੁੱਟਣ ਦੀ ਥਾਂ ਉਸ ਨੂੰ ਬੁੱਤ ਤਰਾਸ਼ੀ ਦੀ ਇੱਕ ਵਧੀਆ ਕਲਾਕ੍ਰਿਤੀ ਜਾਣਦਿਆਂ ਦੀਵਾਰ ਵਿੱਚ ਚਿਣ ਦਿੱਤਾ ਸੀ । ਭੱਟ ਵਹੀਆਂ ਮੁਤਾਬਿਕ ਜਦੋਂ ਛੇਵੇਂ ਸਤਿਗੁਰੂ 52 ਹਿੰਦੂ ਰਾਜਿਆ ਸਮੇਤ ਕਿਲੇ ਚੋਂ ਰਿਹਾ ਹੋ ਕੇ 'ਬੰਦੀ ਛੋੜ ਦਾਤਾ' ਅਖਵਾਏ, ਉਸ ਰਾਤ ਨੂੰ ਉਹ ਭਾਈ ਹਰਿਦਾਸ ਦੇ ਘਰ ਹੀ ਠਹਿਰੇ ਤੇ ਉਸ ਨੇ ਖੁਸ਼ੀ ਵਿੱਚ ਦੀਪਮਾਲਾ ਵੀ ਕੀਤੀ । ਇਸ ਤਰ੍ਹਾਂ ਭਾਈ ਹਰਿਦਾਸ ਦਾ ਇਤਿਹਾਸਕ ਘਰ ਗੁਰਦੁਆਰੇ ਵਿੱਚ ਬਦਲ ਗਿਆ । ਭਾਈ ਸੰਤ ਸਿੰਘ ਮਸਕੀਨ ਦੇ ਸਾਥੀ ਗਿ. ਹਰਿੰਦਰ ਸਿੰਘ ਅਲਵਰ ਤੇ ਹੋਰ ਕਈ ਗੁਰਮਤਿ ਪ੍ਰਚਾਰਕ ਇਸ ਅਸਥਾਨ ਵਿਖੇ ਗੁਰਬਾਣੀ ਵੀਚਾਰ ਵੀ ਕਰਦੇ ਰਹੇ । ਸੰਨ 1984 ਦੇ ਘਲੂਘਾਰੇ ਵੇਲੇ ਬਾਬਾ ਸੇਵਾ ਸਿੰਘ ਖਡੂਰ ਵਾਲਿਆਂ ਦਾ ਇੱਕ ਸਿੱੰਘ ਉਸ ਅਸਥਾਨ ਦੀ ਸੇਵਾ-ਸੰਭਾਲ ਕਰ ਰਿਹਾ ਸੀ, ਜਿਨ੍ਹਾਂ ਨੇ ਗੁਰਦੁਆਰੇ ਦੀ ਕਾਰ-ਸੇਵਾ ਕਰਦਿਆਂ ਪਿਛਵਾੜੇ ਦੀ ਥਾਂ ਖਰੀਦ ਕੇ ਚਾਰ ਦੀਵਾਰੀ ਵੀ ਕੀਤੀ ਹੋਈ ਸੀ । ਪਰ, ਹਿੰਦੂ ਖਰੂਦੀਆਂ ਨੇ ਉਸ ਸੇਵਾਦਾਰ ਦਾ ਕਤਲ ਕਰਕੇ ਗੁਰਦੁਆਰੇ ਦੇ ਗੇਟ ਤੇ 'ਸ੍ਰੀ ਕਾਲੀ ਦੇਵੀ ਭੈਰਉ ਜੀ ਮੰਦਰ' ਲਿਖ ਦਿੱਤਾ । ਬਾਬਾ ਸੇਵਾ ਸਿੰਘ ਹੁਰਾਂ ਨੇ ਇਸ ਨਜਾਇਜ਼ ਕਬਜੇ ਪ੍ਰਤੀ ਕਈ ਸਾਲ ਕਾਨੂੰਨੀ ਲੜਾਈ ਵੀ ਲੜੀ ਅਤੇ ਕੇਂਦਰ ਦੇ ਸਿੱਖ ਮੰਤਰੀਆਂ ਤਕ ਪਹੁੰਚ ਵੀ ਕੀਤੀ, ਪ੍ਰੰਤੂ ਕਿਸੇ ਨੇ ਨਹੀਂ ਸੁਣੀ ।

ਸੰਨ 2013 ਵਿੱਚ ਜਥੇਦਾਰ ਗਿਆਨੀ ਕੇਵਲ ਸਿੰਘ, ਦਾਸ (ਜਾਚਕ) ਤੇ ਭਾਈ ਦਲਜੀਤ ਸਿੰਘ ਨਿਓਡਾ ਵਿਸ਼ੇਸ਼ ਤੌਰ 'ਤੇ ਉਥੇ ਪਹੁੰਚੇ । ਉਥੋਂ ਦੀ ਸਿੰਘ ਸਭਾ ਤੇ ਕਾਰਸੇਵਾ ਦੇ ਸਿੰਘਾਂ ਤੋਂ ਸਾਰੀ ਗੱਲਬਾਤ ਸੁਣੀ, ਉਸ ਅਸਥਾਨ ਦੀ ਯਾਤ੍ਰਾ ਵੀ ਕੀਤੀ । ਪੁਜਾਰੀ ਪੰਤਿਡ ਨੂੰ ਵੀ ਮਿਲੇ । ਵਾਪਸੀ ਉਪਰੰਤ ਜਥੇਦਾਰ ਜੀ ਨੇ ਇਹ ਸਾਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸਉਂਪੀ । ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ । ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਐਸੇ ਇਤਿਹਾਸਕ ਗੁਰਸਥਾਨਾਂ ਨੂੰ ਅਜ਼ਾਦ ਕਰਵਾਉਣ ਤੇ ਨਵ-ਉਸਾਰੀ ਲਈ ਮਿਲ ਕੇ ਵੱਡਾ ਹੰਭਲਾ ਮਾਰਨ । ਜੇ ਹਿੰਦੂਆਂ ਵੱਲੋਂ ਮਿਥਿਹਾਸ ਦੇ ਸਹਾਰੇ ਸੈਂਕੜੇ ਸਾਲਾ ਪਿੱਛੋਂ ਇੱਕ ਬਾਬਰੀ ਮਸਜਦ ਨੂੰ ਕਾਨੂੰਨਨ 'ਰਾਮ ਮੰਦਰ' ਵਿੱਚ ਬਦਲਿਆ ਜਾ ਸਕਦਾ ਹੈ ਤਾਂ ਜੀਊਂਦੇ-ਜਾਗਦੇ ਇਤਿਹਾਸ ਦੇ ਸਹਾਰੇ ਧੱਕੇ ਨਾਲ ਬਣਾਏ ਮੰਦਰਾਂ ਨੂੰ ਗੁਰਦੁਆਰਿਆਂ ਵਿੱਚ ਕਿਉਂ ਨਹੀਂ ਬਦਲਿਆ ਜਾ ਸਕਦਾ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top