Khalsa News homepage

 

 Share on Facebook

Main News Page

ਬਲਦੇਵ ਸਿੰਘ ਪੱਠਲਾਵਾ ਸਬੰਧੀ ਕੁੱਝ ਗਲਤ ਖਬਰਾਂ ਅਤੇ ਝੂਠੀਆਂ ਅਫਵਾਹਾਂ ਬਾਰੇ
ਮੂਸੇਵਾਲਾ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵਿੱਰੁਧ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ

ਮੁੱਖ ਮੰਤਰੀ ਨੂੰ ਚਿੱਠੀ:

ਮਾਨਯੋਗ ਮੁੱਖ ਮੰਤਰੀ ਪੰਜਾਬ
ਕੈਪਟਨ ਅਮਰਿੰਦਰ ਸਿੰਘ ਜੀ,

ਅਸੀਂ ਸਾਰੇ ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਹਾਂ। ਪਿਛਲੇ ਦਿਨੀਂ ਸਾਡੇ ਪਿੰਡ ਦੇ ਬਲਦੇਵ ਸਿੰਘ ਜੀ ਦੀ ਦਿਲ ਦੇ ਦੌਰੇ ਨਾਲ ਹੋਈ। ਮੌਤ ਪਿਛੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਵੀ ਸੀ।

ਬਲਦੇਵ ਸਿੰਘ ਸਬੰਧੀ ਕੁੱਝ ਗਲਤ ਖਬਰਾਂ ਅਤੇ ਝੂਠੀਆਂ ਅਫਵਾਹਾਂ ਵੀ ਫ਼ੈਲੀਆਂ। ਇਨ੍ਹਾਂ ਝੂਠੀਆਂ ਖਬਰਾਂ ਵਿੱਚ ਕਿਹਾ ਗਿਆ ਕਿ ਬਲਦੇਵ ਸਿੰਘ ਨੂੰ ਆਪਣੀ ਬਿਮਾਰੀ ਬਾਰੇ ਪਤਾ ਸੀ ਅਤੇ ਉਸ ਨੇ ਜਾਣ ਬੁੱਝ ਕੇ ਇਸ ਗੱਲ ਨੂੰ ਲਕੋਇਆ। ਤੁਸੀਂ ਇਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਤੋਂ ਕਰ ਸਕਦੇ ਹੋ ਕਿ ਬਲਦੇਵ ਸਿੰਘ ਅੰਦਰ ਕਰੋਨਾ ਵਾਇਰਸ ਹੋਣ ਦਾ ਪਤਾ ਉਸ ਦੀ ਮੌਤ ਤੋਂ ਬਾਅਦ ਹੀ ਲੱਗਾ। ਇਹ ਵੀ ਸੱਚ ਹੈ ਕਿ ਬਲਦੇਵ ਸਿੰਘ ਨੂੰ ਕਿਸੇ ਨੇ ਅਲਿਹਦਗੀ 'ਚ ਰਹਿਣ ਬਾਰੇ ਨਹੀਂ ਕਿਹਾ ਸੀ।

ਪਰ ਬਲਦੇਵ ਸਿੰਘ ਬਾਰੇ ਝੂਠੀਆਂ ਖਬਰਾਂ ਹੁਣ ਅੰਤਰਰਾਸ਼ਟਰੀ ਮੀਡੀਏ ਵਿੱਚ ਵੀ ਪਹੁੰਚ ਚੁੱਕੀਆਂ ਨੇ। ਇਸ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ।

ਬਲ਼ਦੀ 'ਤੇ ਤੇਲ ਪਾਉਣ ਵਾਲੀ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਕੀਤੀ ਹੈ। ਸਿੱਧੂ ਮੂਸੇਵਾਲੇ ਨੇ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਫੈਲਾਉਣ ਵਾਸਤੇ ਨੂੰ ਦੋਸ਼ੀ ਗਰਦਾਨਿਆਂ ਇਕ ਗਾਣਾ ਗਾਇਆ ਹੈ। ਇਸ ਗਾਣੇ ਵਿੱਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ ਤੱਕ ਕਹਿ ਦਿੱਤਾ ਗਿਆ ਹੈ।

ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣ ਚਾਹੁੰਦਾ ਹਾਂ ਕਿ ਸਿੱਧੂ ਮੂਸੇਵਾਲੇ 'ਤੇ ਪਿਛਲੇ ਮਹੀਨੇ 2 ਫਰਵਰੀ ਨੂੰ ਮਾਨਸਾ ਦੇ ਸਦਰ ਠਾਣੇ 'ਚ ਹਿੰਸਾ ਭੜਕਾਉਣ ਵਾਸਤੇ ਪਰਚਾ ਹੋਇਆ। ਪੁਲਿਸ ਰਿਕਾਰਡ ਵਿੱਚ ਉਹ ਮੁਲਜ਼ਮ ਹੈ।

ਇਕ ਮੁਲਜ਼ਮ ਵਲੋਂ ਬਲਦੇਵ ਸਿੰਘ ਨੂੰ ਬਦਨਾਮ ਕਰਨ ਵਾਸਤੇ ਗਾਏ ਗਾਣੇ ਨੂੰ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਵਲੋਂ ਆਪਣੇ ਟਵਿੱਟਰ ਖਾਤੇ ਤੋਂ ਸਾਂਝਾ ਕੀਤਾ ਗਿਆ ਹੈ। ਪਿਛਲੇ ਦਿਨੀਂ ਦਿਨਕਰ ਗੁਪਤਾ ਜੀ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਬਦਨਾਮ ਕਰਨ ਵਾਲਾ ਬਿਆਨ ਵੀ ਦਿੱਤਾ ਸੀ। ਹੁਣ ਉਨ੍ਹਾਂ ਵਲੋਂ ਇਕ ਮਰ ਚੁੱਕੇ ਮਰੀਜ਼ ਨੂੰ ਬਦਨਾਮ ਕਰਨਾ ਸ਼ਰਮਨਾਕ ਹਰਕਤ ਹੈ।

ਇਕ ਪਾਸੇ ਇਸ ਮੁਸ਼ਕਲ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਕਾਰੀ ਸਾਡੇ ਪਿੰਡ ਲਈ ਦੇਵਤੇ ਬਣ ਕੇ ਕੰਮ ਕਰ ਰਹੇ ਨੇ। ਪਰ ਉੱਚ ਅਧਕਾਰੀ ਸਾਡੇ ਪਿੰਡ ਦੀ ਵਿਛੜੀ ਰੂਹ ਅਤੇ ਸਾਨੂੰ ਬਦਨਾਮ ਕਰ ਰਹੇ ਨੇ।

ਝੂਠੀਆਂ ਖਬਰਾਂ ਅਤੇ ਪੰਜਾਬ ਪੁਲਿਸ ਮੁੱਖੀ ਵਲੋਂ ਸਾਂਝੇ ਕੀਤੇ ਸਿੱਧੂ ਮੂਸੇਵਾਲੇ ਦੇ ਗਾਣੇ ਕਾਰਨ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹ ਸਾਡੇ ਸਾਰਿਆਂ ਲਈ ਮਾਨਸਿਕ ਤਸੀਹੇ ਵਾਂਗ ਹੈ।

ਸਾਡੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਲਦੇਵ ਸਿੰਘ ਬਾਰੇ ਛਪੀਆਂ ਝੂਠੀਆਂ ਖਬਰਾਂ ਦੀ ਨਿੰਦਾ ਕੀਤੀ ਜਾਵੇ ਅਤੇ ਸਪਸ਼ਟੀਕਰਨ ਦਿੱਤਾ ਜਾਵੇ। ਬਲਦੇਵ ਸਿੰਘ ਨੂੰ ਬਦਨਾਮ ਕਰਨ ਲਈ ਗਾਣਾ ਗਾਉਣ ਵਾਲੇ ਸਿੱਧੂ ਮੂਸੇਵਾਲੇ ਖਿਲਾਫ ਪਰਚਾ ਦਰਜ ਕੀਤਾ ਜਾਵੇ । ਉਸ ਦਾ ਗਾਣਾ ਯੂ ਟਿਊਬ ਤੋਂ ਹਟਾਇਆ ਜਾਵੇ।

ਨਾਲ ਹੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਤਾੜਣਾ ਕੀਤੀ ਜਾਵੇ ਅਤੇ ਟਵਿੱਟਰ ਤੋਂ ਗੀਤ ਦੇ ਸਾਂਝੇ ਕੀਤੇ ਲਿੰਕ ਨੂੰ ਡਲੀਟ ਕਰਵਾਇਆ ਜਾਵੇ।

ਜੇ ਇਹ ਕਦਮ ਨਾ ਚੁੱਕੇ ਗਏ ਤਾਂ ਬਲਦੇਵ ਸਿੰਘ ਅਤੇ ਸਾਡੇ ਪਿੰਡ ਦੀ ਬਦਨਾਮੀ ਦੇਖ ਕੇ ਆਵਦੀ ਬਦਨਾਮੀ ਦੇ ਘਰੋਂ ਕਿਸੇ ਕਰੋਨਾ ਸ਼ੱਕੀ ਮਰੀਜ਼ ਨੇ ਆਵਦੇ ਲੱਛਣ ਡਾਕਟਰਾਂ ਨਾਲ ਸਾਂਝੇ ਨਹੀਂ ਕਰਨੇ। ਕਰੋਨਾ ਮਰੀਜ਼ਾਂ ਦੀ ਬਦਨਾਮੀ ਦਾ ਡਰ ਇਸ ਬਿਮਾਰੀ ਨੂੰ ਖਤਰਨਾਕ ਤਰੀਕੇ ਨਾਲ ਫੈਲਾ ਸਕਦਾ ਹੈ।

ਕੀ ਦੇਸ਼ ਦੇ ਕਿਸੇ ਸੂਬੇ 'ਚ ਕਰੋਨਾ ਵਾਇਰਸ ਦੇ ਪਹਿਲੇ ਮਰੀਜ਼ਾਂ ਨੂੰ ਇਸ ਤਰ੍ਹਾਂ ਸਰਕਾਰੀ ਤੌਰ 'ਤੇ ਬਦਨਾਮ ਕਰਨ ਦੀ ਮੁਹਿੰਮ ਚੱਲੀ ਹੈ ? ਮਰੀਜ਼ਾਂ ਨੂੰ ਹਮਦਰਦੀ ਦੀ ਲੋੜ ਹੈ ਨਾ ਕਿ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੀ।

ਇਹ ਕਦਮ ਬਲਦੇਵ ਸਿੰਘ, ਉਸ ਦੇ ਪਰਿਵਾਰ, ਉਸ ਦੀਆਂ ਪੀੜੀਆਂ ਅਤੇ ਸਾਡੇ ਪਿੰਡ ਦਾ ਮਾਣ ਸਤਿਕਾਰ ਬਹਾਲ ਕਰਨ ਲਈ ਬਹੁਤ ਜ਼ਰੂਰੀ ਨੇ।

ਆਪ ਜੀ ਦਾ ਧੰਨਵਾਦੀ

ਦਸਤਖਤਾਂ ਵਾਲੇ ਪੇਜ ਦੀ ਫੋਟੋ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ-ਸੰਤ-ਬਾਬੇ,  ਸਿਰਫਿਰੇ ਧੂਤੇ, ਅਖੌਤੀ ਅਪਗ੍ਰੇਡ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top