Share on Facebook

Main News Page

ਸਿੱਖ ਰਹਤ ਮਰਯਾਦਾ 1931-1945 ਦੇ ਵਿਚਾਰਨਯੋਗ ਪਹਿਲੂ - ਭਾਗ ਤੀਜਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਲੜ੍ਹੀ ਜੋੜਨ ਲਈ ਪੜੋ : ਭਾਗ ਪਹਿਲਾ; ਭਾਗ ਦੂਜਾ

ਗ. ਖਰੜੇ ਨੂੰ ਸੰਨ 1936 ਵਿੱਚ ਪ੍ਰਵਾਨਗੀ ਮਿਲ਼ ਗਈ:

1 ਅਕਤੂਬਰ, 1932 ਨੂੰ, ਦੋ ਵਾਰ ਕੀਤੀਆਂ ਮਨ ਮਰਜ਼ੀ ਦੀਆਂ ਤਬਦੀਲੀਆਂ ਸਮੇਤ, ਸਿੱਖ ਰਹਿਤ ਮਰਯਾਦਾ ਦਾ ਬਣਾਇਆ ਖਰੜਾ ਪ੍ਰੋ: ਤੇਜਾ ਸਿੰਘ ਕਨਵੀਨਰ ਵਲੋਂ ਆਪਣੇ ਹਸਤਾਖਰਾਂ ਨਾਲ਼ ਮੁੜ ਸ਼੍ਰੋ: ਕਮੁਟੀ ਨੂੰ ਸੌਪ ਦਿੱਤਾ ਦਿੱਤਾ ਗਿਆ। ਲਗਭਗ ਚਾਰ ਸਾਲ ਖਰੜੇ ਵਿੱਚ ਹੋਰ ਤਬਦੀਲੀਆਂ ਹੁੰਦੀਆਂ ਰਹੀਆਂ ਕਿਉਂਕਿ ਬਾਹਰੋਂ ਆਏ ਸੁਝਾਵਾਂ ਵਿੱਚੋਂ ਕੁੱਝ ਨੂੰ ਤਾਂ ਜ਼ਰੂਰ ਮੰਨ ਲਿਆ ਹੋਵੇਗਾ। ਪ੍ਰਵਾਨਗੀ ਦੇਣ ਵਾਲ਼ੀਆਂ ਸੰਸਥਾਵਾਂ ਦੇ ਨਾਂ ਉੱਪਰ ਆ ਚੁੱਕੇ ਹਨ। ਖਰੜਾ ਹੁਣ ਪ੍ਰਵਾਨਤ ਮਰਯਾਦਾ ਦਾ ਕਿਤਾਬਚਾ ਬਣ ਚੁੱਕਾ ਸੀ।

ਘ. 9 ਸਾਲਾਂ ਪਿੱਛੋਂ, ਬਣੀ ਮਰਯਾਦਾ ਵਿੱਚ, ਮੁੜ ਤਬਦੀਲੀਆਂ ਕੀਤੀਆਂ, ਇੱਕ ਹੋਰ ਤੀਜੀ ਨਵੀਂ ਕਮੇਟੀ ਬਣੀ:

ਸੰਨ 1945 ਵਿੱਚ ਸ਼੍ਰੋ. ਕਮੇਟੀ ਨੇ ਬਣੀ ਮਰਯਾਦਾ ਨੂੰ ਇੱਕ ਹੋਰ ਸਲਾਹਕਾਰ ਕਮੇਟੀ ਦੇ ਹਵਾਲੇ ਕੀਤਾ। ਇਸ ਧਾਰਮਿਕ ਸਲਾਹਕਾਰ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਹੋਏ

ਜਥੇਦਾਰ ਮੋਹਨ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ, ਭਾਈ ਅੱਛਰ ਸਿੱੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਪ੍ਰੋ: ਤੇਜਾ ਸਿੰਘ ਐੱਮ. ਏ. ਖ਼ਾਲਸਾ ਕਾਲਜ ਅੰਮ੍ਰਿਤਸਰ ਕਨਵੀਨਰ, ਸ੍ਰ: ਗੰਗਾ ਸਿੰਘ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਗਿਆਨੀ ਲਾਲ ਸਿੰਘ ਐੱਮ. ਏ. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਪ੍ਰੋ: ਸ਼ੇਰ ਸਿੰਘ ਐੱਮ. ਐੱਸ ਸੀ. ਸਰਕਾਰੀ ਕਾਲਜ ਲੁਧਿਆਣਾ, ਬਾਵਾ ਪ੍ਰੇਮ ਸਿੰਘ ਹੋਤੀ ਇਤਿਹਾਸਕਾਰ ਅਤੇ ਗਿਆਨੀ ਬਾਦਲ ਸਿੰਘ ਇੰਚਾਰਜ ਸਿੱਖ ਮਿਸ਼ਨ ਹਾਪੜ।

ਨੋਟ: ਸੱਬ-ਕਮੇਟੀ ਦੇ ਕੇਵਲ 4 ਮੈਂਬਰ ਹੀ ਲਏ ਗਏ ਅਤੇ ਬਾਕੀ ਚਾਰ ਮੈਂਬਰ ਨਵੇਂ ਪਾਏ ਗਏ । ਨਵੇਂ ਮੈਂਬਰ- ਭਾਈ ਅੱਛਰ ਸਿੰਘ, ਗਿਆਨੀ ਲਾਲ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ ਅਤੇ ਗਿਆਨੀ ਬਾਦਲ ਸਿੰਘ । ਚੁਣੀ ਸੱਬ-ਕਮੇਟੀ ਨੂੰ ਨਵੀਆਂ ਬਣਾਈਆਂ ਕਮੇਟੀਆਂ ਤੋਂ ਬਾਹਰ ਰੱਖ ਕੇ ਇਸ ਕਮੇਟੀ ਦੀ ਨਿਰਾਦਰੀ ਦੇ ਨਾਲ਼ ਆਪ ਹੀ ਸ਼੍ਰੋ. ਕਮੇਟੀ ਨੇ ਇਸ ਨੂੰ ਕਈ ਵਾਰ ਰੱਦ ਕੀਤਾ।

ਙ. ਸੰਨ 1945 ਵਿੱਚ, ਸੰਨ 1936 ਵਾਲ਼ੀ ਪ੍ਰਵਾਨਤ ਮਰਯਾਦਾ ਵਿੱਚ) ਕੀ ਬਦਲਿਆ ਗਿਆ? ਕੁੱਝ ਤਬਦੀਲੀਆਂ ਇਉਂ ਕੀਤੀਆਂ ਗਈਆਂ:

1. ਸੰਨ 1936 ਵਾਲ਼ੀ ਮਰਯਾਦਾ ਵਿੱਚ ਪਾਠ ਦਾ ਭੋਗ (ਸੰਪੂਰਨਤਾ) ਮੁੰਦਾਵਣੀ ਪੜ੍ਹ ਕੇ ਸੀ। ਸੰਨ 1945 ਵਿੱਚ ਰਾਗਮਾਲ਼ਾ ਨੂੰ ਵੀ ਨਾਲ਼ ਜੋੜ ਦਿੱਤਾ ਗਿਆ ਅਤੇ ਇਸ ਨੂੰ ਪੜ੍ਹਨ ਜਾਂ ਨਾ ਪੜ੍ਹਨ ਦੀ ਖੁੱਲ੍ਹ ਵੀ ਦੇ ਦਿੱਤੀ ਗਈ। ਰਾਗਮਾਲ਼ਾ ਪ੍ਰਤੀ ਸਦਾ ਲਈ ਰੌਲ਼ਾ ਕਾਇਮ ਕਰ ਦਿੱਤਾ ਗਿਆ।

2. ਸੋ ਦਰੁ ਦੇ ਪਾਠ ਵਿੱਚ ਰਾਮਾਇਣ (ਅਖੌਤੀ ਦਸ਼ਮ ਗ੍ਰੰਥ ਦੇ ਰਾਮਾਵਤਾਰ ਦੇ ਬੰਦ ਨੰਬਰ 863 ਅਤੇ 864 ਪੰਨਾਂ 642) ਵਿੱਚੋਂ ਦੋ ਕੱਚੀਆਂ ਰਚਨਾਵਾਂ (ਪਾਇ ਗਹੇ ਜਬ ਤੇ---, ਅਤੇ ਸਗਲ ਦੁਆਰ ਕਉ----) ਹੋਰ ਜੋੜ ਦਿੱਤੀਆਂ ਗਈਆਂ। ਸਿੱਖਾਂ ਨੂੰ ਰਾਮਾਇਣ ਦਾ ਪਾਠ ਵੀ ਨਿੱਤ ਪੜ੍ਹਨ ਲਾ ਦਿੱਤਾ ਗਿਆ।

9. ਸਿੱਖ ਰਹਤ ਮਰਯਾਦਾ ਦੀਆਂ ਉੱਡ ਰਹੀਆਂ ਧੱਜੀਆਂ:

ਹੁਣ ਤੱਕ ਇਸ ਬਣੀ ਮਰਯਾਦਾ ਤੋਂ ਸੱਭ ਡੇਰੇ ਬਾਗ਼ੀ ਹਨ, ਜੋ ਆਪਣੀ ਆਪਣੀ ਮਰਯਾਦਾ ਬਣਾ ਕੇ ਧਾਰਮਿਕ ਕਾਰਜ ਚਲਾ ਰਹੇ ਹਨ। ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ (ਤਖ਼ਤ) ਪਟਨਾ ਅਤੇ ਗੁਰਦੁਆਰਾ (ਤਖ਼ਤ) ਹਜ਼ੂਰ ਸਾਹਿਬ ਇਸ ਮਰਯਾਦਾ ਤੋਂ ਬਾਗ਼ੀ ਹਨ। ਉਹ ਕਾਨੂੰਨ ਕੋਈ ਕਾਨੂੰਨ ਨਹੀਂ ਰਹਿ ਜਾਂਦਾ ਜਿਸ ਨੂੰ ਇੱਕ-ਸਾਰ ਲਾਗੂ ਨਾ ਕੀਤਾ ਜਾ ਸਕਦਾ ਹੋਵੇ, ਨਾਲ਼ੇ ਰਹਤ ਮਰਯਾਦਾ ਕਿਤਾਬਚੇ ਵਿੱਚ ਕਿਤੇ ਇਹ ਨਹੀਂ ਲਿਖਿਆ ਗਿਆ ਕਿ ਇਹ ਮਰਯਾਦਾ ਸਿੱਖਾਂ ਲਈ ਲਾਗੂ ਕੀਤੀ ਜਾਂਦੀ ਹੈ ਅਤੇ ਨਾ ਮੰਨਣ ਵਾਲ਼ਿਆਂ ਨੂੰ ਛੇਕਿਆ ਜਾਵੇਗਾ। ਰਹਤ ਮਰਯਾਦਾ ਬਣਾਉਣ ਵਾਲ਼ੇ ਹੀ ਇਸ ਤੋਂ ਬਾਗ਼ੀ ਹਨ।

10. ਰਹਤ ਮਰਯਾਦਾ ਨੇ ਮੰਨਿਆਂ ਕਿ ਬਾਣੀ ਦਸਾਂ ਗੁਰੂ ਪਾਤਿਸ਼ਾਹਾਂ ਨੇ ਲਿਖੀ ਹੈ:

ਬਾਣੀ ਕੇਵਲ 6 ਗੁਰੂ ਪਾਤਿਸ਼ਾਹਾਂ ਦੀ ਹੀ ਹੈ, ਜਿਸ ਨੂੰ ਦਸਵੇਂ ਗੁਰੂ ਜੀ ਨੇ ਪ੍ਰਵਾਨ ਕਰ ਕੇ ਗੁਰ-ਗੱਦੀ ਬਖ਼ਸ਼ੀ ਸੀ। ਪਰ ਰਹਤ ਮਰਯਾਦਾ ਨੇ ਦਸਾਂ ਪਾਤਿਸ਼ਾਹਾਂ ਦੀ ਬਾਣੀ ਲਿਖ ਕੇ ਚਾਰ ਗੁਰੂ ਪਾਤਿਸ਼ਾਹਾਂ ਦੇ ਨਾਂ ਉੱਤੇ ਨਕਲੀ ਬਾਣੀਆਂ ਹੋਂਦ ਵਿੱਚ ਆਉਣ ਲਈ ਰਾਹ ਪੱਧਰਾ ਕੀਤਾ ਹੋਇਆ ਹੈ। ਰਹਤ ਮਰਯਾਦਾ ਦੇ ਪੰਨਾਂ 19 ਉੱਤੇ ਗੁਰਬਾਣੀ ਦੀ ਕਥਾ ਮੱਦ ਨੰਬਰ (ੲ) ਵਿੱਚ ਲਿਖਿਆ ਹੈ- ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨੂਕੂਲ ਹੋਣ)-----------ਹੈ

11. ਯਾਰੀ ਜਾਂ ਜਾਰੀ:

ਰਹਤ ਮਰਯਾਦਾ ਕਹਿੰਦੀ ਹੈ ਕਿ ਸਿੱਖ ਯਾਰੀ ਨਾ ਕਰੇ (ਪੰਨਾਂ 20 ਮੱਦ (ਞ) ਜੋ ਗੁਰਮਤਿ ਅਨੁਕੂਲ ਨਹੀਂ ਹੈ। ਸਿੱਖ ਨੇ ਯਾਰੀ ਕਰਨੀ ਹੈ, ਪਰ ਜਾਰੀ ਨਹੀਂ ਕਰਨੀ। ਰੱਬ ਅਤੇ ਗੁਰੂ ਯਾਰ ਹਨ। ਇਹ ਜਾਰ ਨਹੀਂ ਹਨ।

12. ਮਰਯਾਦਾ ਵਾਰੇ ਰੌਲ਼ੇ ਦਾ ਸਥਾਈ ਹੱਲ ਕੀ ਹੈ?

ਮੌਜੂਦਾ ਰੂਪ ਵਿੱਚ ਰਹਤ ਮਰਯਾਦਾ ਰਾਹੀਂ ਨਿੱਤ-ਨੇਮ ਅਤੇ ਪਾਹੁਲ ਵਿੱਚ ਪਾਈਆਂ ਨਕਲੀ ਰਚਨਾਵਾਂ ਕੱਢੀਆਂ ਜਾਣ, ਤਾਂ ਜੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਤਕ ਹੀ ਸੀਮਤ ਹੋਇਆ ਜਾ ਸਕੇ ਕਿਉਂਕਿ ਗੁਰੂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਅਰਦਾਸਿ ਵਿੱਚੋਂ ਦੁਰਗਾ ਕੀ ਵਾਰ ਦੀ ਪਉੜੀ (ਪ੍ਰਿਥਮ ਭਗਉਤੀ ਵਾਲ਼ੀ) ਕੱਢ ਕੇ ਕੇਵਲ ਦਸਾਂ ਪਾਤਿਸ਼ਾਹੀਆਂ ਦੇ ਨਾਂ ਹੀ ਪਾਏ ਜਾਣ।

13. ਸਿੱਖ ਕਿੱਸ ਧਿਰ ਵਲ ਮਰਯਾਦਾ ਵਿੱਚ ਤਬਦੀਲੀ/ਸੋਧ ਲਈ ਵੇਖਣ?

ੳ. ਕੀ ਸ਼੍ਰੋ. ਕਮੇਟੀ ਵਲ ਵੇਖਣ? ਬਿਲਕੁਲ ਨਹੀਂ। ਇਸ ਦਾ ਕਾਰਣ ਹੈ ਕਿ ਸ਼੍ਰੋ. ਕਮੇਟੀ ਤਾਂ ਪਹਿਲਾਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਅਖੌਤੀ ਦਸ਼ਮ ਗ੍ਰੰਥ ਨੂੰ ਰਹਤ ਮਰਯਾਦਾ ਦੀ ਕੀਰਤਨ ਵਾਲ਼ੀ ਮੱਦ (ੲ) ਵਿੱਚ ਸੋਧ ਕਰ ਕੇ ਮਾਨਤਾ ਦੇ ਚੁੱਕੀ ਹੈ। ਸੱਭ ਜਾਣਦੇ ਹਨ ਕਿ ਸ਼੍ਰੋ. ਕਮੇਟੀ ਨੂੰ ਆਰ.ਐੱਸ.ਐੱਸ ਦਾ ਮੈਂਬਰ ਮੁੱਖ ਸਕੱਤ੍ਰ ਬਣ ਕੇ ਚਲਾ ਰਿਹਾ ਹੈ ਜਿਸ ਦੀ ਤਨਖ਼ਾਹ ਅਤੇ ਰਿਹਾਇਸ਼ ਲਈ 3 ਲੱਖ 45 ਹਜ਼ਾਰ ਰੁਪਏ ਮਹੀਨਾ ਗੋਲ੍ਹਕ ਵਿੱਚੋਂ ਖ਼ਰਚੇ ਜਾ ਰਹੇ ਹਨ। ਗੁਰਦੁਆਰਾ ਐੱਕਟ ਵਿੱਚ ਅਜਿਹਾ ਕੋਈ ਅਹੁਦਾ ਹੀ ਨਹੀਂ ਹੈ। ਘਟਨਾ ਕ੍ਰਮ ਤੋਂ ਸਾਫ਼ ਹੈ ਕਿ ਸ਼੍ਰੋ. ਕਮੇਟੀ ਨੂੰ ਰਹਤ ਮਰਯਾਦਾ ਵਿੱਚ ਵਾਧੇ ਘਾਟੇ ਕਰਨ ਦਾ ਹੱਕ ਹੈ, ਪਰ ਸਿੱਖ ਕੌਮ ਦੇ ਹਿੱਤਾਂ ਲਈ ਉਹ ਅਜਿਹਾ ਨਹੀਂ ਕਰ ਸਕਦੀ ਕਿਉਂਕਿ ਉਸ ਦੇ ਹੱਥ ਬ੍ਰਾਹਮਣਵਾਦ ਨੇ ਬੰਨ੍ਹੇ ਹੋਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਕੀਤੀ ਬੇਅਦਵੀ ਵਿੱਚ ਵੀ ਸ਼੍ਰੋ. ਕਮੇਟੀ ਦੀ ਕਾਰਗੁਜ਼ਾਰੀ ਤੋਂ ਸੱਭ ਜਾਣਦੇ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਗਏ ਸ਼ਰਧਾਲੂਆਂ ਨੂੰ ਰਹਾਇਸ਼ ਵਾਲ਼ੇ ਕਮਰੇ ਸ਼੍ਰੋ. ਕਮੇਟੀ ਵਲੋਂ ਤਾਂ ਹੀ ਦਿੱਤੇ ਜਾਂਦੇ ਹਨ ਜੇ ਕਿਸੇ ਆਰ.ਐੱਸ.ਐੱਸ, ਮੈਂਬਰ ਦੀ ਸਿਫ਼ਾਰਸ਼ ਹੋਵੇ। ਸ਼੍ਰੋ. ਕਮੇਟੀ ਸਿੱਖੋਂ ਕਾ ਇਤਿਹਾਸਨਾਂ ਦੀ ਬ੍ਰਾਹਮਣਵਾਦੀ ਪੁਸਤਕ ਸੰਨ 1999 ਵਿੱਚ ਲਿਖ ਕੇ ਬ੍ਰਾਹਮਣਵਾਦ ਪ੍ਰਤੀ ਆਪਣੀ ਸ਼ਰਧਾ ਪਹਿਲਾਂ ਹੀ ਪ੍ਰਗਟ ਕਰ ਚੁੱਕੀ ਹੈ।

ਅ. ਕੀ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਵਲ ਮਰਯਾਦਾ ਵਿੱਚ ਤਬਦੀਲੀ ਲਈ ਦੇਖਣ?

ਸ਼ਾਇਦ ਨਹੀਂ। ਇਹ ਸੇਵਾਦਾਰ ਤਾਂ ਸ਼੍ਰੋ. ਕਮੇਟੀ ਦੇ ਮੁਲਾਜ਼ਮ ਹਨ ਜੋ ਉਸ ਦੇ ਹੁਕਮਾਂ ਤੋਂ ਬਾਹਰ ਨਹੀਂ ਜਾ ਸਕਦੇ। ਬ੍ਰਾਹਮਣਵਾਦੀ ਹੁਕਮਾਂ ਨਾਲ਼ ਕਿਸੇ ਸਮੇਂ ਵੀ ਇਨ੍ਹਾਂ ਨੂੰ ਬਦਲਿਆ ਜਾਂ ਹਟਾਇਆ ਜਾ ਸਕਦਾ ਹੈ। ਦੋ ਤਖ਼ਤਾਂ ਦੇ ਸੇਵਾਦਾਰ ਤਾਂ ਪਹਿਲਾਂ ਹੀ ਅਖੌਤੀ ਦਸ਼ਮ ਗ੍ਰੰਥ ਦੇ ਪੁਜਾਰੀ ਬਣ ਚੁੱਕੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪ੍ਰਕਾਸ਼ ਕਰ ਰਹੇ ਹਨ। ਸ਼੍ਰੀ ਅਕਾਲ ਬੁੰਗੇ ਦੇ ਜਥੇਦਾਰ ਵਲੋਂ ਸੋਸ਼ਲ ਮੀਡੀਏ ਰਾਹੀਂ ਸਿਪਾਹੀ ਬਣਨ ਲਈ ਦਸ਼ਮ ਗ੍ਰੰਥ ਨੂੰ ਪੜ੍ਹਨਾ ਜ਼ਰੂਰੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਸਭ ਦੀ ਕਾਰਗੁਜ਼ਾਰੀ ਪਿਛਲੇ ਬੀਤੇ ਸਮੇਂ ਸੌਦਾ ਸਾਧ ਦੇ ਮਾਮਲੇ ਅਤੇ ਕੌਮ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਛੇਕਣ ਦੇ ਮਾਮਲੇ ਵਿੱਚ ਸਿੱਖ ਕੌਮ ਦੇਖ ਚੁੱਕੀ ਹੈ।

ੲ. ਫਿਰ ਸਿੱਖ ਕਿੱਸ ਵਲ ਵੇਖਣ ਕਿ ਮੌਜੂਦਾ ਰਹਤ ਮਰਯਾਦਾ ਵਿੱਚ ਸੋਧ ਹੋ ਜਾਵੇ ਅਤੇ ਸਿੱਖ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ ਜੁੜ ਸਕਣ?

ਮੌਜੂਦਾ ਹਾਲਾਤਾਂ ਵਿੱਚ ਸਿੱਖਾਂ ਨੂੰ ਆਪਣੇ ਆਪ ਵਲ ਵੇਖਣਾ ਸ਼ੁਰੂ ਕਰਨਾ ਪਵੇਗਾ। ਸਿੱਖ ਸੰਗਤਾਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾਲ਼ ਹੀ ਜੇ ਜੁੜਨ ਅਤੇ ਪਾਈਆਂ ਕੱਚੀਆਂ ਰਚਨਾਵਾਂ ਪੜ੍ਹਨੀਆਂ ਬੰਦ ਕਰ ਦੇਣ ਅਤੇ ਅਰਦਾਸਿ ਵਿੱਚ ਪਾਈ ਦੁਰਗਾ ਦੀ ਵਾਰ ਵਾਲ਼ੀ ਪਉੜੀ (ਪ੍ਰਿਥਮ ਭਗਉਤੀ----) ਪੜ੍ਹਨੀ ਬੰਦ ਕਰ ਦੇਣ {ਕੱਚੀਆਂ ਰਚਨਾਵਾਂ ਨੂੰ ਨਿੱਤ-ਨੇਮ ਵਿੱਚ ਜਾਂ ਅਰਦਾਸਿ ਵਿੱਚ ਪਵ੍ਹਨਾ ਕਿਸੇ ਗੁਰੂ ਪਾਤਿਸ਼ਾਹ ਦਾ ਹੁਕਮ ਨਹੀਂ ਹੈ} ਤਾਂ ਸਿੱਖੀ ਦੇ, ਬ੍ਰਾਹਮਣਵਾਦ ਦੀਆਂ ਮਾਰੀਆਂ ਗਈਆਂ ਸੱਟਾਂ ਤੋਂ ਬਣੇ, ਜ਼ਖ਼ਮ ਭਰ ਸਕਦੇ ਹਨ ਅਤੇ ਸਿੱਖੀ ਦਾ ਬਚਾਓ ਹੋ ਸਕਦਾ ਹੈ।

ਗੁਰਦੁਆਰਾ ਕਮੇਟੀਆਂ, ਪ੍ਰਚਾਰਕਾਂ, ਗ੍ਰੰਥੀ ਸਿੰਘਾਂ ਅਤੇ ਆਮ ਸਿੱਖ ਸੰਗਤਾਂ ਵਿੱਚ ਜਾਗਰੂਕਤਾ ਦੀ ਲੋੜ ਹੈ ਤਾਂ ਹੀ ਇਹ ਕਾਰਜ ਹੋ ਸਕਦਾ ਹੈ ਕਿਉਂਕਿ ਬ੍ਰਾਹਮਣਵਾਦ ਹਰ ਤਰ੍ਹਾਂ ਦੀ ਪੂਰੀ ਸ਼ਕਤੀ ਨਾਲ਼ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ੋਂ ਤੋੜ ਕੇ ਇੱਕ ਹੋਰ ਬਣਾਏ ਸ਼ਰੀਕ (ਅਖੌਤੀ ਦਸ਼ਮ ਗ੍ਰੰਥ) ਦੀ ਪੂਜਾ ਵਲ ਤੋਰਨ ਵਿੱਚ ਬਹੁਤ ਤੇਜ਼ੀ ਨਾਲ਼ ਅੱਗੇ ਵਧਦਾ ਜਾ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲ਼ਿਆਂ ਉੱਤੇ ਮਾਰੂ ਹਮਲੇ ਕਰਵਾਏ ਜਾ ਰਹੇ ਹਨ। ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਦੀਆਂ ਬਾਣੀਆਂ ਨੂੰ ਹੀ ਗੁਰੂ ਦਾ ਦਰਜਾ ਪ੍ਰਾਪਤ ਹੈ ਬਾਹਰਲੀ ਕਿਸੇ ਹੋਰ ਰਚਨਾ ਨੂੰ ਨਹੀਂ। ਦਸਵੇਂ ਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਈ ਕਿਸੇ ਰਚਨਾ ਨੂੰ ਗੁਰੂ ਤੁੱਲ ਕੋਈ ਮਾਨਤਾ ਨਹੀਂ ਦਿੱਤੀ, ਪਰ ਬਹੁ ਗਿਣਤੀ ਸਿੱਖ ਜ਼ਰੂਰ ਇਸ ਹੁਕਮ ਦੀ ਉਲੰਘਣਾ ਕਰ ਕੇ ਆਪਣੇ ਕੀਮਤੀ ਵਿਰਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾ ਰਹੇ ਹਨ।

12. ਕੀ ਸਿੱਖ ਰਹਤ ਮਰਯਾਦਾ ਨੂੰ ਨਾ ਮੰਨਣਾ ਕੋਈ ਕਾਨੂੰਨੀ ਜਾਂ ਧਾਰਮਿਕ ਉਲੰਘਣਾ ਹੈ?

ਸਿੱਖ ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ ਨੂੰ ਨਾ ਮੰਨਣਾ ਅਤੇ ਪੜ੍ਹਨਾ ਕੋਈ ਕਾਨੂੰਨੀ ਅਤੇ ਧਾਰਮਿਕ ਉਲੰਘਣਾ ਨਹੀਂ ਹੈ ਸਗੋਂ ਅਜਿਹਾ ਕਰਨਾ ਦਸਵੇਂ ਪਾਤਿਸ਼ਾਹ ਜੀ ਦੇ ਹੁਕਮਾਂ ਨੂੰ ਮੰਨਣਾ ਹੀ ਹੈ। ਸਾਰੀ ਰਹਤ ਮਰਯਾਦਾ ਨੂੰ ਰੱਦ ਕਰਨਾ ਵੀ ਕੋਈ ਅਪਰਾਧ ਨਹੀਂ ਹੈ ਕਿਉਂਕਿ ਡੇਰੇ ਪਹਿਲਾਂ ਹੀ ਰੱਦ ਕਰੀ ਬੈਠੇ ਹਨ। ਕਿਸੇ ਗੁਰੂ ਪਾਤਿਸ਼ਾਹ ਦੀ ਇਹ ਹਦਾਇਤ ਨਹੀਂ ਕਿ ਸਿੱਖ ਬ੍ਰਾਹਮਣਵਾਦੀ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਨਿੱਤ-ਨੇਮ, ਅਰਦਾਸਿ ਆਦਿਕ ਵਿੱਚ ਵਰਤਣ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਹੈ ਕਿ ਇਸ ਤੋਂ ਬਾਹਰ ਵਲ ਝਾਕਣ ਦੀ ਕੋਈ ਲੋੜ ਨਹੀਂ ਪੈਂਦੀ। ਜੇ ਦਸਵੇਂ ਗੁਰੂ ਜੀ ਚਾਹੁੰਦੇ ਤਾਂ ਆਪ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜਵੇਂ ਗੁਰੂ ਜੀ ਦੇ ਬਣਾਏ ਨਿੱਤ-ਨੇਮ ਦੇ ਢਾਂਚੇ ਵਿੱਚ ਵਾਧਾ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਸੀ। ਇਹ ਗੱਲ ਸਿੱਖਾਂ ਨੂੰ ਹਜ਼ਮ ਕਰਨੀ ਚਾਹੀਦੀ ਹੈ। ਨਿੱਜੀ ਤੌਰ 'ਤੇ ਭਾਵੇਂ ਕੋਈ ਜਿਹੜਾ ਮਰਜ਼ੀ ਗ੍ਰੰਥ ਜਾਣਕਾਰੀ ਲਈ ਪੜ੍ਹੇ ਪਰ ਸੰਗਤ ਵਿੱਚ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਦਾ ਹੀ ਨਿੱਤ-ਨੇਮ, ਕੀਰਤਨ ਅਤੇ ਕਥਾ ਹੋਵੇ। ਲੋੜ ਅਨੁਸਾਰ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਸਿੰਘ ਦੀਆਂ ਗਰਮਤਿ ਅਨੁਸਾਰੀ ਰਚਨਾਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top